Kanyakumari Tour

ਭਾਰਤ ਦੇ ਸਿਰੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਨੂੰ ਸ਼ਬਦਾਂ ’ਚ ਬਿਆਨ ਕਰ ਸਕਣਾ ਮੁਸ਼ਕਿਲ ਹੈ ਇੱਥੇ ਤਿੰਨ ਸਮੁੰਦਰਾਂ ਦੇ ਮੇਲ ਨਾਲ ਸੂਰਜ ਉਦੈ ਹੋਣ ਅਤੇ ਸੂਰਜ ਛਿਪਣ ਦਾ ਅਨੋਖਾ ਨਜ਼ਾਰਾ ਦੇਖਿਆ ਜਾ ਸਕਦਾ ਹੈ ਇੱਥੋਂ ਸ੍ਰੀਲੰਕਾ ਵੀ ਕਾਫੀ ਨੇੜੇ ਹੈ ਹਿੰਦ ਮਹਾਂਸਾਗਰ, ਬੰਗਾਲ ਦੀ ਖਾੜੀ ਅਤੇ ਪ੍ਰਸ਼ਾਂਤ ਮਹਾਂਸਾਗਰ ਭਾਵ ਤਿੰਨੋਂ ਅਲੱਗ-ਅਲੱਗ ਸਮੁੰਦਰਾਂ ਦਾ ਨਜ਼ਾਰਾ ਇਸ ਤੋਂ ਇਲਾਵਾ ਭਾਰਤ ’ਚ ਹੋਰ ਕਿਤੇ ਨਹੀਂ ਦੇਖਿਆ ਜਾ ਸਕਦਾ ਹੈ।

ਕੰਨਿਆਕੁਮਾਰੀ ਇੱਕ ਵਧੀਆ ਟੂਰਿਸਟ ਸਪਾੱਟ ਹੈ, ਜਿੱਥੇ ਸਾਰਿਆਂ ਨੂੰ ਉਨ੍ਹਾਂ ਦੇ ਟੇਸਟ ਅਨੁਸਾਰ ਕੁਝ ਨਾ ਕੁਝ ਜ਼ਰੂਰ ਮਿਲੇਗਾ ਇੱਥੇ ਤੁਸੀਂ ਹਿਲਸ, ਬੀਚ, ਨਦੀਆਂ ਵਗੈਰਾਂ ਦੀ ਕੁਦਰਤੀ ਖੂਬਸੂਰਤੀ ਨਾਲ ਤਾਮਿਲਨਾਡੂ ਦੇ ਕਲਚਰ ਟਰਡੀਸ਼ੰਸ, ਆਰਕੀਟੈਕਚਰ ਅਤੇ ਕੁਜੀਨ ਦਾ ਭਰਪੂਰ ਮਜ਼ਾ ਲੈ ਸਕਦੇ ਹੋ ਉਂਜ ਗੁਆਂਢੀ ਸੂਬਾ ਕੇਰਲ ਦਾ ਵੀ ਕਾਫੀ ਅਸਰ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ।

ਇਹ ਥਾਂ ਇੱਕ ਖਾੜੀ, ਇੱਕ ਸਮੁੰਦਰ ਅਤੇ ਇੱਕ ਮਹਾਂਸਾਗਰ ਦਾ ਮਿਲਣ ਬਿੰਦੂ ਹੈ ਇੱਥੇ ਆ ਕੇ ਹਰ ਵਿਅਕਤੀ ਨੂੰ ਕੁਦਰਤ ਦੇ ਅਨੰਤ ਸਵਰੂਪ ਦੇ ਦਰਸ਼ਨ ਹੁੰਦੇ ਹਨ ਤਿੰਨਾਂ ਸਮੁੰਦਰਾਂ ਦੇ ਮੇਲ ਦੀ ਵਜ੍ਹਾ ਨਾਲ ਇਹ ਥਾਂ ਧਾਰਮਿਕ ਨਜ਼ਰੀਏ ਨਾਲ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇਸ ਥਾਂ ਨੂੰ ‘ਅਲੈਕਜੈਂਡਰੀਆ ਆਫ ਈਸਟ’ ਦੀ ਸੰਗਿਆ ਨਾਲ ਵਿਦੇਸ਼ੀ ਸੈਲਾਨੀਆਂ ਨੇ ਨਵਾਜ਼ਿਆ ਹੈ ਇੱਥੇ ਪਹੁੰਚ ਕੇ ਲੱਗਦਾ ਹੈ ਮੰਨੋ ਪੂਰਬ ’ਚ ਸੱਭਿਅਤਾ ਦੀ ਸੁਰੂਆਤ ਇੱਥੋਂ ਹੀ ਹੋਈ ਹੋਵੇਗੀ ਅੰਗਰੇਜ਼ਾਂ ਨੇ ਇਸ ਥਾਂ ਨੂੰ ‘ਕੈਪ ਕੋਮੋਰਿਨ’ ਕਿਹਾ ਸੀ।

ਤਿਰੁਵੰਤਪੁਰਮ ਦੇ ਬੇਹੱਦ ਨੇੜੇ ਹੋਣ ਕਾਰਨ ਆਮ ਹੀ ਸਮਝਿਆ ਜਾਂਦਾ ਹੈ ਕਿ ਇਹ ਸ਼ਹਿਰ ਕੇਰਲ ਸੂਬੇ ’ਚ ਸਥਿਤ ਹੈ, ਪਰ ਕੰਨਿਆਕੁਮਾਰੀ ਅਸਲ ’ਚ ਤਾਮਿਲਨਾਡੂ ਸੂਬੇ ਦਾ ਇੱਕ ਖਾਸ ਸੈਲਾਨੀ ਸਥਾਨ ਹੈ ਕੰਨਿਆਕੁਮਾਰੀ ਹਮੇਸ਼ਾ ਤੋਂ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਿਹਾ ਹੈ ਖਾਸ ਤੌਰ ’ਤੇ ਉੱਤਰ, ਪੱਛਮ ਅਤੇ ਪੂਰਬੀ ਭਾਰਤ ਦੇ ਲੋਕਾਂ ਨੂੰ ਦੇਸ਼ ਦੇ ਨਕਸ਼ੇ ਦਾ ਇਹ ਤਿੱਖਾ ਸਿਰਾ ਬਹੁਤ ਭਾਉਂਦਾ ਹੈ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ’ਚ ਸੈਲਾਨੀ ਇੱਥੇ ਆਉਂਦੇ ਹਨ ਹਰ ਸਾਲ ਕੰਨਿਆਕੁਮਾਰੀ ਪਹੁੰਚਣ ਵਾਲੇ ਦੇਸ਼ੀ-ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 20 ਤੋਂ 25 ਲੱਖ ਦੇ ਦਰਮਿਆਨ ਰਹਿੰਦੀ ਹੈ ਅਤੇ ਇਹ ਗਿਣਤੀ ਲਗਾਤਾਰ ਵਧਦੀ ਹੀ ਜਾ ਰਹੀ ਹੈ ਕੇਰਲ ਤੋਂ ਨੇੜੇ ਹੋਣ ਕਾਰਨ ਵੀ ਕੰਨਿਆਕੁਮਾਰੀ ਬਹੁਤ ਲੋਕ ਆਉਂਦੇ ਹਨ।

ਇਸ ਤਰ੍ਹਾਂ ਪਿਆ ‘ਕੰਨਿਆਕੁਮਾਰੀ’ ਨਾਂਅ

ਕੰਨਿਆਕੁਮਾਰੀ ਦੱਖਣੀ ਭਾਰਤ ਦੇ ਮਹਾਨ ਸ਼ਾਸਕਾਂ ਚੋਲ, ਚੇਰ, ਪਾਂਡਿਆ ਦੇ ਅਧੀਨ ਰਿਹਾ ਹੈ ਇੱਥੋਂ ਦੇ ਸਮਾਰਕਾਂ ’ਤੇ ਇਨ੍ਹਾਂ ਸ਼ਾਸਕਾਂ ਦੀ ਛਾਪ ਸਪੱਸ਼ਟ ਦਿਖਾਈ ਦਿੰਦੀ ਹੈ ਪ੍ਰਾਚੀਨ ਕਾਲ ’ਚ ਭਾਰਤ ’ਤੇ ਸ਼ਾਸਨ ਕਰਨ ਵਾਲੇ ਰਾਜਾ ਭਰਤ ਕੋਲ ਅੱਠ ਪੁੱਤਰੀਆਂ ਅਤੇ ਇੱਕ ਪੁੱਤਰ ਸੀ ਭਰਤ ਨੇ ਆਪਣੇ ਸਾਮਰਾਜ ਨੂੰ ਨੌਂ ਹਿੱਸਿਆਂ ’ਚ ਵੰਡ ਕੇ ਆਪਣੀਆਂ ਸੰਤਾਨਾਂ ਨੂੰ ਦੇ ਦਿੱਤਾ ਦੱਖਣ ਦਾ ਹਿੱਸਾ ਉਸ ਦੀ ਪੁੱਤਰੀ ਕੁਮਾਰੀ ਨੂੰ ਮਿਲਿਆ ਕੁਮਾਰੀ ਨੇ ਦੱਖਣੀ ਭਾਰਤ ਦੇ ਇਸ ਹਿੱਸੇ ’ਤੇ ਕੁਸ਼ਲਤਾਪੂਰਵਕ ਸ਼ਾਸਨ ਕੀਤਾ ਕੁਮਾਰੀ ਯੁੱਧਕਲਾ ’ਚ ਬਹੁਤ ਨਿਪੁੰਨ ਸੀ ਉਸਨੇ ਮਹਾਦੈਂਤ ਬਾਨਾਸੁਰਨ ਨੂੰ ਮਾਰਿਆ ਸੀ ਇਸ ਨਾਲ ਉਸ ਦੀ ਲੋਕਪ੍ਰਿਅਤਾ ਦੂਰ-ਦੂਰ ਤੱਕ ਫੈਲ ਗਈ ਉਸਦੀ ਇਹ ਗੌਰਵਗਾਥਾ ਅਮਿੱਟ ਹੋ ਗਈ ਤੇ ਉਸਦੇ ਨਾਂਅ ’ਤੇ ਹੀ ਦੱਖਣੀ ਭਾਰਤ ਦੇ ਇਸ ਸਥਾਨ ਨੂੰ ਕੰਨਿਆਕੁਮਾਰੀ ਕਿਹਾ ਜਾਂਦਾ ਹੈ।

ਸੂਰਜ ਚੜ੍ਹਨਾ ਅਤੇ ਸੂਰਜ ਛਿਪਣਾ: ਕੰਨਿਆ ਕੁਮਾਰੀ ਆਪਣੇ ਸੂਰਜ ਚੜ੍ਹਨ ਦੇ ਦ੍ਰਿਸ਼ ਲਈ ਕਾਫੀ ਪ੍ਰਸਿੱਧ ਹੈ ਸਵੇੇਰੇ ਹਰ ਹੋਟਲ ਦੀ ਛੱਤ ’ਤੇ ਸੈਲਾਨੀਆਂ ਦੀ ਭੀੜ ਸੂਰਜ ਦੇ ਸਵਾਗਤ ਲਈ ਇਕੱਠੀ ਹੋ ਜਾਂਦੀ ਹੈ। ਸ਼ਾਮ ਨੂੰ ਅਰਬ ਸਾਗਰ ’ਚ ਡੁੱਬਦੇ ਸੂਰਜ ਨੂੰ ਦੇਖਣਾ ਵੀ ਯਾਦਗਾਰ ਹੁੰਦਾ ਹੈ ਉੱਤਰ ਵੱਲ ਕਰੀਬ ਦੋ-ਤਿੰਨ ਕਿੱਲੋਮੀਟਰ ਦੂਰ ਇੱਕ ਸਨਸੈੱਟ ਪੁਆਇੰਟ ਵੀ ਹੈ।

ਵਿਵੇਕਾਨਦ ਸਮਾਰਕ: ਸਮੁੰਦਰ ਦੇ ਵਿਚ ਸਥਿਤ ਇਸੇ ਥਾਂ ’ਤੇ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਧਰਮ ਮਹਾਂਸਭਾ ’ਚ ਜਾਣ ਤੋਂ ਪਹਿਲਾਂ ਧਿਆਨ ਲਾਇਆ ਸੀ ਕੰਢੇ ਤੋਂ ਸਰਕਾਰ ਵੱਲੋਂ ਚਲਾਈ ਜਾਣ ਵਾਲੀ ਫੈਰੀ ਨਾਲ ਬਹੁਤ ਘੱਟ ਕਿਰਾਏ ’ਚ ਤੁਸੀਂ ਇੱਥੇ ਜਾ ਕੇ ਆ ਸਕਦੇ ਹੋ ਇਸ ਸਥਾਨ ਨੂੰ ਵਿਵੇਕਾਨੰਦ ਰਾੱਕ ਮੈਮੋਰੀਅਲ ਕਮੇਟੀ ਨੇ 1970 ’ਚ ਸਵਾਮੀ ਵਿਵੇਕਾਨੰਦ ਪ੍ਰਤੀ ਸਨਮਾਨ ਪ੍ਰਗਟ ਕਰਨ ਲਈ ਬਣਵਾਇਆ ਸੀ ਇੱਥੋਂ ਸਮੁੰਦਰ ਦਾ ਸ਼ਾਨਦਾਰ ਨੀਲਾ ਨਜ਼ਾਰਾ ਨਜ਼ਰ ਆਉਂਦਾ ਹੈ ਇਸ ਦੇ ਕੋਲ ਇੱਕ ਦੂਜੀ ਚੱਟਾਨ ’ਤੇ ਤਮਿਲ ਦੇ ਸੰਤ ਕਵੀ ਤਿਰੂਵੱਲੁਵਰ ਦੀ 133 ਫੁੱਟ ਉੱਚੀ ਮੂਰਤੀ ਹੈ ਫੈਰੀ ’ਤੇ ਇੱਥੇ ਵੀ ਜਾਇਆ ਜਾ ਸਕਦਾ ਹੈ।

ਮਿਊਜ਼ੀਅਮ: ਗਾਂਧੀ ਸਮਾਰਕ ਦੇ ਸਾਹਮਣੇ ਸਰਕਾਰੀ ਮਿਊਜ਼ੀਅਮ ਹੈ ਜਿਸ ਵਿਚ ਇਸ ਪੂਰੇ ਖੇਤਰ ਤੋਂ ਇਕੱਠੇ ਕੀਤੇ ਪਾਸ਼ਾਣ, ਮੂਰਤੀਆਂ ਅਤੇ ਪੁਰਾਤੱਤਵਿਕ ਮਹੱਤਵ ਦੀਆਂ ਹੋਰ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਨੇੜੇ ਹੀ ਵਿਵੇਕਾਨੰਦ ਵਾਂਡਰਿੰਗ ਮੋਂਕ ਪ੍ਰਦਰਸ਼ਨੀ ਵੀ ਦੇਖੀ ਜਾ ਸਕਦੀ ਹੈ ਇੱਕ ਲਾਈਟ-ਹਾਊਸ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ।

ਸੈਂਟ ਜੇਵੀਅਰ ਚਰਚ: ਮੰਨਿਆ ਜਾਂਦਾ ਹੈ ਕਿ ਯੀਸ਼ੂ ਦੇ ਸ਼ਿਸ਼ ਸੈਂਟ ਥਾਮਸ ਇਸ ਥਾਂ ’ਤੇ ਆਏ ਸਨ ਫਿਰ 16ਵੀਂ ਸਦੀ ’ਚ ਇੱਥੇ ਸੇਂਟ ਜੇਵੀਅਰ ਆਏ ਜਿਨ੍ਹਾਂ ਦੀ ਯਾਦ ’ਚ ਇਹ ਖੂਬਸੂਰਤ ਚਰਚ ਬਣਵਾਇਆ ਗਿਆ।

ਤਿਰੂਵੱਲੁਵਰ ਮੂਰਤੀ:- ਸਮੁੰਦਰੀ ਕੰਢੇ ਤੋਂ ਕੁਝ ਦੂਰੀ ’ਤੇ ਮੱਧ ’ਚ ਦੋ ਚੱਟਾਨਾਂ ਨਜ਼ਰ ਆਉਂਦੀਆਂ ਹਨ ਦੱਖਣੀ ਪੂਰਬ ’ਚ ਸਥਿਤ ਇਨ੍ਹਾਂ ਚੱਟਾਨਾਂ ’ਚੋਂ ਇੱਕ ਚੱਟਾਨ ’ਤੇ ਵਿਸ਼ਾਲ ਮੂਰਤੀ ਸੈਲਾਨੀਆਂ ਦਾ ਧਿਆਨ ਖਿੱਚਦੀ ਹੈ ਉਹ ਮੂਰਤੀ ਪ੍ਰਸਿੱਧ ਤਮਿਲ ਸੰਤ ਕਵੀ ਤਿਰੂਵੱਲੁਵਰ ਦੀ ਹੈ ਉਹ ਆਧੁਨਿਕ ਮੂਰਤੀਸ਼ਿਲਪ 5000 ਸ਼ਿਲਪਕਾਰਾਂ ਦੀ ਮਿਹਨਤ ਨਾਲ ਬਣ ਕੇ ਤਿਆਰ ਹੋਇਆ ਸੀ ਇਸ ਦੀ ਉੱਚਾਈ 133 ਫੁੱਟ ਹੈ, ਜੋ ਕਿ ਤਿਰੂਵੱਲੁਵਰ ਵੱਲੋਂ ਰਚਿਤ ਕਾਵਿ ਗ੍ਰੰਥ ਤਿਰੁਵਕੁਰਲ ਦੇ 133 ਅਧਿਆਇਆਂ ਦਾ ਪ੍ਰਤੀਕ ਹੈ।

ਘੁੰਮੋ ਥੋੜ੍ਹਾ ਆਸ-ਪਾਸ:- ਸਰਕੁਲਰ ਫੋਰਟ: ਕੰਨਿਆਕੁਮਾਰੀ ਤੋਂ 6-7 ਕਿੱਲੋਮੀਟਰ ਦੂਰ ਵੱਟਾਕੋਟਾਈ ਕਿਲ੍ਹਾ ਭਾਵ ਸਰਕੁਲਰ ਫੋਰਟ ਹੈ ਕਾਫੀ ਛੋਟਾ ਅਤੇ ਬਹੁਤ ਖੂਬਸੂਰਤ ਇਹ ਕਿਲ੍ਹਾ ਸਮੁੰਦਰ ਦੇ ਰਸਤਿਓਂ ਆਉਣ ਵਾਲੇ ਦੁਸ਼ਮਣਾਂ ’ਤੇ ਨਜ਼ਰ ਰੱਖਣ ਲਈ ਰਾਜਾ ਮਰਤਡ ਵਰਮਾ ਵੱਲੋਂ ਬਣਵਾਇਆ ਗਿਆ ਸੀ ਇਸ ਕਿਲੇ੍ਹ ਦੇ ਉੱਪਰ ਤੋਂ ਵੱਟਾਕੋਟਾਈ ਦਰਮਿਆਨ ਦੇ ਵਿਚਲਾ ਨਜ਼ਾਰਾ ਕਾਫੀ ਖੂਬਸੂਰਤ ਹੈ।

ਉਦੈਗਿਰੀ ਕਿਲ੍ਹਾ:- ਕੰਨਿਆਕੁਮਾਰੀ ਤੋਂ 34 ਕਿਮੀ. ਦੂਰ ਇਹ ਕਿਲ੍ਹਾ ਰਾਜਾ ਮਰਤਡ ਵਰਮਾ ਵੱਲੋਂ 1729-1758 ਈ: ਦੌਰਾਨ ਬਣਵਾਇਆ ਗਿਆ ਸੀ ਇਸੇ ਕਿਲ੍ਹੇ ’ਚ ਰਾਜੇ ਦੇ ਭਰੋਸੇਯੋਗ ਯੂਰਪੀਅਨ ਦੋਸਤ ਜਨਰਲ ਡੀ ਲਿਨੋਏ ਦੀ ਸਮਾਧੀ ਵੀ ਹੈ।

ਅਹਿਸਾਸ-ਏ-ਕੰਨਿਆਕੁਮਾਰੀ:- ਕੰਨਿਆ ਕੁਮਾਰੀ ਜਾਓ ਤਾਂ ਦੋ-ਤਿੰਨ ਦਿਨ ਰਹਿ ਕੇ ਇੱਥੋਂ ਦੇ ਮਨਮੋਹਕ ਨਜ਼ਾਰਿਆਂ ਅਤੇ ਕਸਬੇਨੁਮਾ ਮਾਹੌਲ ਨੂੰ ਮਹਿਸੂਸ ਕਰੋ ਗਲੀਆਂ ’ਚ ਘੁੰਮੋ, ਸਥਾਨਕ ਲੋਕਾਂ ਅਤੇ ਉਨ੍ਹਾਂ ਦੇ ਰਹਿਣ-ਸਹਿਣ ਨੂੰ ਦੇਖੋ, ਦੱਖਣੀ ਭਾਰਤੀ ਭੋਜਨ ਦਾ ਅਨੰਦ ਲਓ ਅਤੇ ਖਰੀਦਦਾਰੀ ਕਰਨਾ ਚਾਹੋ ਤਾਂ ਸ਼ੰਖ, ਸਿਪ, ਕੌਡਿਆ ਆਦਿ ਨਾਲ ਬਣੇ ਸਸਤੇ ਤੇ ਸੁੰਦਰ ਸਾਮਾਨ ਖਰੀਦੋ ਇੱਥੋਂ ਵਾਪਸ ਆਉਣ ਤੋਂ ਬਾਅਦ ਇਹ ਮਲਾਲ ਨਾ ਰਹੇ ਕਿ ਕਾਸ਼! ਥੋੜ੍ਹਾ ਸਮਾਂ ਹੋਰ ਬਿਤਾਇਆ ਜਾਂਦਾ ਆਖਰ ਐਨੀ ਦੂਰ ਕੋਈ ਰੋਜ਼-ਰੋਜ਼ ਤਾਂ ਜਾਂਦਾ ਨਹੀਂ ਹੈ।

ਪਦਮਾਨਭਾਪੁਰਮ ਮਹਿਲ:- ਪਦਮਾਨਭਾਪੁਰਮ ਮਹਿਲ ਦੀਆਂ ਵਿਸ਼ਾਲ ਹਵੇਲੀਆਂ ਤ੍ਰਾਵਣਕੋਰ ਦੇ ਰਾਜੇ ਵੱਲੋਂ ਬਣਵਾਈਆਂ ਗਈਆਂ ਹਨ ਇਹ ਹਵੇਲੀਆਂ ਆਪਣੀ ਸੁੰਦਰਤਾ ਅਤੇ ਸਜਾਵਟ ਲਈ ਜਾਣੀਆਂ ਜਾਂਦੀਆਂ ਹਨ ਕੰਨਿਆਕੁਮਾਰੀ ਤੋਂ ਇਨ੍ਹਾਂ ਦੀ ਦੂਰੀ 45 ਕਿਮੀ. ਹੈ ਇਹ ਮਹਿਲ ਕੇਰਲ ਸਰਕਾਰ ਦੇ ਪੁਰਾਤੱਤਵ ਵਿਭਾਗ ਦੇ ਅਧੀਨ ਹੈ।

ਕੋਰਟਾਲਮ ਝਰਨਾ:- ਇਹ ਝਰਨਾ 167 ਮੀਟਰ ਉੱਚਾ ਹੈ ਇਸ ਝਰਨੇ ਦੇ ਪਾਣੀ ਨੂੰ ਔਸ਼ਧੀ ਗੁਣਾਂ ਨਾਲ ਯੁਕਤ ਮੰਨਿਆ ਜਾਂਦਾ ਹੈ ਇਹ ਕੰਨਿਆ ਕੁਮਾਰੀ ਤੋਂ 137 ਕਿਮੀ. ਦੂਰੀ ’ਤੇ ਸਥਿਤ ਹੈ।

ਕਦੋਂ ਜਾਈਏ:- ਇੱਥੇ ਸਾਲ ਭਰ ਗਰਮੀ ਰਹਿੰਦੀ ਹੈ, ਇਸ ਲਈ ਕਦੇ ਵੀ ਜਾਇਆ ਜਾ ਸਕਦਾ ਹੈ ਮੀਂਹ ’ਚ ਇੱਥੋਂ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ ਅਤੇ ਦਸੰਬਰ-ਜਨਵਰੀ ’ਚ ਵੀ ਏਅਰਕੰਡੀਸ਼ਨ ਦੀ ਜ਼ਰੂਰਤ ਪੈ ਸਕਦੀ ਹੈ।

ਕਿਵੇਂ ਪਹੁੰਚੀਏ:- ਦੇਸ਼ ਭਰ ਨਾਲ ਰੇਲ ਨਾਲ ਜੁੜਿਆ ਹੋਇਐ ਇਹ ਸ਼ਹਿਰ ਉਂਜ ਜ਼ਿਆਦਾਤਰ ਯਾਤਰੀ ਇੱਥੋਂ ਕਰੀਬ 80 ਕਿੱਲੋਮੀਟਰ ਦੂਰ ਤ੍ਰਿਵੇਂਦਰਮ ਤੱਕ ਸੁਪਰਫਾਸਟ ਗੱਡੀਆਂ ਰਾਹੀਂ ਆ ਕੇ ਫਿਰ ਇੱਥੋਂ ਲਈ ਟ੍ਰੇਨ, ਬੱਸ ਜਾਂ ਟੈਕਸੀ ਫੜਦੇ ਹਨ।

ਰੇਲ ਮਾਰਗ: ਕੰਨਿਆਕੁਮਾਰੀ ਰੇਲ ਮਾਰਗ ਰਾਹੀਂ ਜੰਮੂ, ਦਿੱਲੀ, ਮੁੰਬਈ, ਚੇਨੱਈ, ਮਦੁਰੈ, ਤਿਰੁਵੰਤਪੁਰਮ, ਐਰਨਾਕੁਲਮ ਨਾਲ ਜੁੜਿਆ ਹੈ ਦਿੱਲੀ ਤੋਂ ਇਹ ਯਾਤਰਾ 60 ਘੰਟੇ, ਜੰਮੂਤਵੀ ਤੋਂ 74 ਘੰਟੇ, ਮੁੰਬਈ ਤੋਂ 48 ਘੰਟੇ ਅਤੇ ਤਿਰੁਵੰਤਪੁਰਮ ਤੋਂ ਢਾਈ ਘੰਟੇ ਦੀ ਹੈ।

ਬੱਸ ਮਾਰਗ: ਤਿਰੁਵੰਤਪੁਰਮ, ਚੇਨੱਈ, ਮਦੁਰੈ, ਰਾਮੇਸ਼ਵਰਮ ਆਦਿ ਸ਼ਹਿਰਾਂ ਤੋਂ ਕੰਨਿਆਕੁਮਾਰੀ ਲਈ ਨਿਯਮਿਤ ਬੱਸ ਸੇਵਾ ਉਪਲੱਬਧ ਹੈ
ਹਵਾਈ ਮਾਰਗ: ਕੰਨਿਆ ਕੁਮਾਰੀ ਦੇ ਨੇੜੇ ਹਵਾਈ ਅੱਡਾ ਤਿਰੁਵੰਤਪੁਰਮ ਹੈ ਉੱਥੋਂ ਲਈ ਦਿੱਲੀ, ਮੁੰਬਈ, ਕੋਲਕਾਤਾ, ਮੁੰਬਈ ਤੋਂ ਸਿੱਧੀਆਂ ਉੱਡਾਨਾਂ ਹਨ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!