ਆਜ਼ਾਦੀ ਦੀ ਸਹਿਮੀ-ਸਹਿਮੀ ਦਾਸਤਾਂ -ਆਜ਼ਾਦੀ ਦਿਵਸ (15 ਅਗਸਤ)
ਸਦੀਆਂ ਤੋਂ ਭਾਰਤ ਅੰਗਰੇਜ਼ਾਂ ਦੀ ਦਾਸਤਾ ’ਚ ਸੀ, ਉਨ੍ਹਾਂ ਦੇ ਅੱਤਿਆਚਾਰ ਤੋਂ ਜਨ-ਜਨ ਪ੍ਰੇਸ਼ਾਨ ਸੀ ਖੁੱਲ੍ਹੇ ’ਚ ਸਾਹ ਲੈਣ ਨੂੰ ਬੇਚੈਨ ਭਾਰਤ ’ਚ ਆਜ਼ਾਦੀ ਦਾ ਪਹਿਲਾ ਬਿਗੁਲ 1857 ’ਚ ਵੱਜਿਆ ਪਰ ਕੁਝ ਕਾਰਨਾਂ ਕਾਰਨ ਅਸੀਂ ਗੁਲਾਮੀ ਦੇ ਬੰਧਨ ਤੋਂ ਮੁਕਤ ਨਹੀਂ ਹੋ ਸਕੇ
ਅਸਲ ’ਚ ਆਜ਼ਾਦੀ ਦਾ ਸੰਘਰਸ਼ ਉਦੋਂ ਜ਼ਿਆਦਾ ਹੋ ਗਿਆ ਜਦੋਂ ਬਾਲ ਗੰਗਾਧਰ ਤਿਲਕ ਨੇ ਕਿਹਾ ਕਿ ‘ਸਵਤੰਤਰਤਾ ਹਮਾਰਾ ਜਨਮਸਿੱਧ ਅਧਿਕਾਰ ਹੈ’ ਇਸੇ ਚਾਹਤ ’ਚ ਪਤਾ ਨਹੀਂ ਕਿੰਨੇ ਵੀਰਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਤਾਂ ਕਿ ਅੱਜ ਇੱਥੇ ਪੈਦਾ ਹੋਣ ਵਾਲਾ ਹਰ ਬੱਚਾ ਆਜ਼ਾਦ ਭਾਰਤ ਦੇ ਆਜ਼ਾਦ ਆਕਾਸ਼ ਦੇ ਹੇਠਾਂ ਆਪਣੀਆਂ ਅੱਖਾਂ ਖੋਲ੍ਹ ਸਕੇ!
ਪਤਾ ਨਹੀਂ ਕਿਹੋ ਜਿਹੇ ਲੋਕ ਸਨ ਜੋ ਆਪਣੇ ਸੁਆਰਥਾਂ ਨੂੰ ਛੱਡ ਚੱਲ ਪਏ ਆਜ਼ਾਦੀ ਦੀ ਉਸ ਡਗਰ ’ਤੇ, ਜਿਸ ਦਾ ਅੰਤ ਤਾਂ ਪਤਾ ਸੀ, ਪਰ ਰਸਤੇ ਦੀ ਦੂਰੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਸੀ ਪਰ ਉਨ੍ਹਾਂ ਬਹਾਦਰਾਂ ਨੇ ਇਸ ਗੱਲ ਦੀ ਪਰਵਾਹ ਨਾ ਕਰਦਿਆਂ ਸਿਰ ’ਤੇ ਕਫਨ ਬੰਨ੍ਹ ਨਿਕਲਣਾ ਪਸੰਦ ਕੀਤਾ ਅਤੇ ਇਸ ਤਰ੍ਹਾਂ ਕਾਰਵਾਂ ਵਧਦਾ ਰਿਹਾ ਅਤੇ ਮੰਜ਼ਿਲ ਇੱਕ ਦਿਨ 15 ਅਗਸਤ 1947 ਦੇ ਰੂਪ ’ਚ ਆ ਗਈ ਅਤੇ ਭਾਰਤ ਦੇਸ਼ ਆਜ਼ਾਦ ਹੋਇਆ ਅੰਗਰੇਜ਼ਾਂ ਤੋਂ ਹਾਸਲ ਕੀਤੀ ਇਹ ਆਜ਼ਾਦੀ ਅੱਜ ਸਾਨੂੰ ਸਕੂਨ ਦਾ ਅਹਿਸਾਸ ਦਿਵਾਉਂਦੀ ਹੈ, ਪਰ 14 ਅਗਸਤ ਤੋਂ ਲੈ ਕੇ ਅਗਲੇ ਕੁਝ ਹਫਤੇ ਉਸ ਸਮੇਂ ਦੇ ਲੋਕਾਂ ਨੇ ਕਿਵੇਂ ਜੀਏ, ਇਹ ਬਿਆਨ ਕਰ ਪਾਉਣਾ ਬਹੁਤ ਮੁਸ਼ਕਲ ਹੈ
ਦਰਅਸਲ ਆਜ਼ਾਦੀ ਦੀ ਉਸ ਹਵਾ ’ਚ ਰਾਜਨੀਤੀ ਇਸ ਕਦਰ ਘੁਲ ਗਈ ਸੀ ਕਿ ਅੰਗਰੇਜ਼ ਜਾਂਦੇ-ਜਾਂਦੇ ਵੀ ਹਿੰਦੁਸਤਾਨ ਨੂੰ ਦੋ ਹਿੱਸਿਆਂ ’ਚ ਵੰਡ ਗਏ, ਜਿਸ ’ਚੋਂ ਇੱਕ ਹੈ ਸਾਡਾ ਹਿੰਦੁਸਤਾਨ ਅਤੇ ਦੂਜਾ ਹੈ ਪਾਕਿਸਤਾਨ ਵਰਤਮਾਨ ’ਚ ਹਿੰਦੁਸਤਾਨ ਅਤੇ ਪਾਕਿਸਤਾਨ ’ਚ ਬਹੁਤ ਸਾਰੇ ਅਜਿਹੇ ਵਿਅਕਤੀ ਤੇ ਉਨ੍ਹਾਂ ਦੇ ਪਰਿਵਾਰ ਅੱਜ ਵੀ ਉਨ੍ਹਾਂ ਵੰਡ ਦੇ ਦਿਨਾਂ ਨੂੰ ਯਾਦ ਕਰਕੇ ਸਹਿਮ ਜਾਂਦੇ ਹਨ ਸੱਚੀ ਸ਼ਿਕਸ਼ਾ ਟੀਮ ਅਜਿਹੇ ਹੀ ਕੁਝ ਵਿਅਕਤੀਆਂ ਨਾਲ ਰੂਬਰੂ ਹੋਈ, ਜਿਨ੍ਹਾਂ ਨੇ ਉਨ੍ਹਾਂ ਹਾਲਾਤਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ
Table of Contents
ਵੰਡ ਦੀ ਗੱਲ ਮੰਨਣ ਨੂੰ ਹੀ ਤਿਆਰ ਨਹੀਂ ਸਨ ਸਾਡੇ ਬਜ਼ੁਰਗ
ਜਦੋਂ ਹਿੰਦੂ-ਮੁਸਲਿਮ ਦੇ ਨਾਂਅ ਤੋਂ ਭੜਕੀ ਅੱਗ ਦੀ ਚੰਗਿਆੜੀ ਸਾਡੇ ਪਿੰਡ ਖੰਗਰਾਂਵਾਲਾ ਜ਼ਿਲ੍ਹਾ ਲਾਹੌਰ ’ਚ ਪਹੁੰਚੀ ਤਾਂ ਸਾਨੂੰ ਪਤਾ ਚੱਲਿਆ ਕਿ ਦੇਸ਼ ਦੀ ਵੰਡ ਹੋ ਚੁੱਕੀ ਹੈ ਪਰ ਸਾਡੇ ਬਜ਼ੁਰਗ ਤੇਜ਼ਾ ਸਿੰਘ ਅਤੇ ਉਨ੍ਹਾਂ ਦੇ ਭਰਾ ਇਸ ਗੱਲ ਨੂੰ ਕਦੇ ਮੰਨਣ ਨੂੰ ਤਿਆਰ ਨਹੀਂ ਸਨ, ਕਿ ਕਿਸੇ ਦੇਸ਼ ਦਾ ਵੀ ਬਟਵਾਰਾ ਹੋ ਸਕਦਾ ਹੈ ਕਿਉਂਕਿ ਉਸ ਸਮੇਂ ਤੋਂ ਪਹਿਲਾਂ ਉੱਥੇ ਬਿਲਕੁਲ ਸ਼ਾਂਤ ਮਾਹੌਲ ਸੀ ਪਿੰਡ ’ਚ ਮੁਸਲਮਾਨਾਂ ਤੋਂ ਇਲਾਵਾ ਖੋਜੇ, ਸਿੱਖ ਅਤੇ ਜੱਟ ਭਾਈਚਾਰੇ ਦੇ ਲੋਕ ਆਪਸ ’ਚ ਮਿਲ-ਜੁਲ ਕੇ ਰਹਿੰਦੇ ਸਨ
ਕੰਗਨਪੁਰ (ਜ਼ਿਲ੍ਹਾ ਸਰਸਾ) ਨਿਵਾਸੀ 82 ਸਾਲ ਦੇ ਬਘੇਲ ਸਿੰਘ ਦੱਸਦੇ ਹਨ ਕਿ ਦੇਸ਼ ਦੀ ਵੰਡ ਦਾ ਦਰਦ ਬੜਾ ਗਹਿਰਾ ਹੈ ਮੈਂ ਉਸ ਸਮੇਂ 9 ਸਾਲ ਦਾ ਸੀ, ਪਰ ਜੋ ਕੁਝ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਉਸ ਨੂੰ ਮਹਿਸੂਸ ਕਰਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਬਘੇਲ ਸਿੰਘ ਪਿਤਾ ਤੇਜ਼ਾ ਸਿੰਘ ਕਾਰਪੈਂਟਰ ਦਾ ਕੰਮ ਕਰਦੇ ਸਨ, ਹਾਲਾਂਕਿ ਪਰਿਵਾਰ ਦੇ ਹੋਰ ਮੈਂਬਰ ਖੇਤੀਬਾੜੀ ਕਰਦੇ ਸਨ
ਉਸ ਦਿਨ ਪਿੰਡ ’ਚ ਹੋਏ ਵਿਵਾਦ ਤੋਂ ਬਾਅਦ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਪਰਿਵਾਰ ਵਾਲਿਆਂ ਨੂੰ ਨੇੜੇ ਦੇ ਪਿੰਡ ’ਚ ਆਪਣੇ ਸਰੀਕੇ (ਰਿਸ਼ਤੇਦਾਰਾਂ) ’ਚ ਛੱਡ ਦਿੰਦੇ ਹਾਂ, ਜਦ ਤੱਕ ਇਹ ਵਿਵਾਦ ਸ਼ਾਂਤ ਨਹੀਂ ਹੋ ਜਾਂਦਾ ਉਸ ਪਿੰਡ ’ਚ ਸਿੱਖ ਬਿਰਾਦਰੀ ਦੇ ਕਾਫ਼ੀ ਘਰ ਸਨ ਉਸ ਰਾਤ ਨੂੰ ਹੀ ਵਿਵਾਦ ਹੋਰ ਵਧ ਗਿਆ ਅਗਲੀ ਸਵੇਰ ਅਸੀਂ ਜਿਵੇਂ ਹੀ ਉਸ ਪਿੰਡ ’ਚ ਰਫਾ-ਹਾਜ਼ਤ ਲਈ ਬਾਹਰ ਨਿਕਲੇ ਤਾਂ ਮੁਸਲਿਮ ਲੜਕਿਆਂ ਦੀਆਂ ਟੋਲੀਆਂ ਨੇ ਹੱਲਾ ਬੋਲ ਦਿੱਤਾ ਅਜਿਹੇ ਸੰਕਟ ਭਰੇ ਹਾਲਾਤ ਬਣੇ ਕਿ ਉੱਥੋਂ ਸਿੱਧੇ ਹੀ ਪਰਿਵਾਰ ਜਾਨ ਬਚਾਉਂਦੇ ਹੋਏ ਉੱਥੋਂ ਬਾਰਡਰ ਵੱਲ ਰਵਾਨਾ ਹੋ ਗਏ ਵਾਪਸ ਘਰ ਜਾਣ ਦਾ ਮੌਕਾ ਹੀ ਨਹੀਂ ਮਿਲਿਆ ਏਨੇ ਸਾਲਾਂ ’ਚ ਜੋ ਕੁਝ ਵੀ ਧੰਨ ਕਮਾਇਆ ਸੀ, ਲਾਵਾਰਿਸ ਹਾਲਤ ’ਚ ਛੱਡ ਕੇ ਚੱਲਣ ਨੂੰ ਮਜ਼ਬੂਰ ਹੋ ਗਏ ਜਿਵੇਂ-ਜਿਵੇਂ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਪਤਾ ਚਲਦਾ ਗਿਆ, ਉਵੇਂ-ਉਵੇਂ ਲੋਕ ਇਕੱਠੇ ਹੁੰਦੇ ਗਏ ਅਤੇ ਕਰੀਬ ਦੋ ਕਿੱਲੋਮੀਟਰ ਲੰਬਾ ਕਾਫਲਾ ਤਿਆਰ ਹੋ ਗਿਆ ਘਰ ਦੀ ਆਰਥਿਕ ਹਾਲਤ ਉਨ੍ਹਾਂ ਦੀ ਠੀਕ ਨਹੀਂ ਸੀ, ਇਸ ਲਈ ਮੇਰੇ ਪਰਿਵਾਰ ਵਾਲੇ ਪੈਦਲ ਹੀ ਚੱਲ ਰਹੇ ਸਨ, ਬਾਕੀ ਕਈ ਧਨਾਢ ਪਰਿਵਾਰਾਂ ਦੇ ਕੋਲ ਆਪਣੀਆਂ ਬਲਦਗੱਡੀਆਂ ਸਨ, ਉਨ੍ਹਾਂ ’ਤੇ ਸਮਾਨ ਅਤੇ ਬਜ਼ੁਰਗ ਅਤੇ ਬੱਚਿਆਂ ਨੂੰ ਉੱਪਰ ਬਿਠਾ ਰੱਖਿਆ ਸੀ
ਜਦੋਂ ਢੋਲ ਵਜਾਉਂਦੇ ਹੋਏ ਲੁੱਟਣ ਨੂੰ ਪਹੁੰਚੀ ਟੋਲੀ
ਬਘੇਲ ਸਿੰਘ ਦੱਸਦੇ ਹਨ ਕਿ ਨਫ਼ਰਤ ਦੀ ਅੱਗ ਤੋਂ ਬਚਾਉਂਦੇ-ਬਚਾਉਂਦੇ ਹੋਏ ਕਾਫਲਾ ਕਰੀਬ 30 ਕਿੱਲੋਮੀਟਰ ਅੱਗੇ ਵਧ ਚੁੱਕਿਆ ਸੀ ਪੂਰਾ ਰਸਤਾ ਬੜਾ ਡਰਾਵਨਾ ਸੀ, ਕਿਉਂਕਿ ਜੰਗਲ ’ਚੋਂ ਹੋ ਕੇ ਲੰਘ ਰਹੇ ਸੀ ਉਦੋਂ ਸਾਹਮਣੇ ਤੋਂ ਨੌਜਵਾਨਾਂ ਦੀ ਵੱਡੀ ਟੋਲੀ ਢੋਲ ਵਜਾਉਂਦੇ ਹੋਏ ਸਾਹਮਣੇ ਤੋਂ ਆਉਂਦੀ ਦਿਖਾਈ ਦਿੱਤੀ ਦਰਅਸਲ ਇਹ ਲੋਕ ਲੁੱਟਣ ਦੇ ਮਕਸਦ ਤੋਂ ਹੀ ਆਏ ਸਨ, ਪਰ ਸਾਡੇ ਕਾਫਲੇ ’ਚ ਕਈ ਰਈਸ ਪਰਿਵਾਰ ਵੀ ਨਾਲ ਸਨ, ਜੋ ਘੋੜੀਆਂ ’ਤੇ ਸਵਾਰ ਸਨ ਅਤੇ ਉਨ੍ਹਾਂ ਦੇ ਕੋਲ ਹਥਿਆਰ ਵੀ ਸਨ ਜਦੋਂ ਉਸ ਟੋਲੀ ਨੇ ਦੇਖਿਆ ਕਿ ਇਹ ਤਾਂ ਹਥਿਆਰ ਵੀ ਲਏ ਹੋਏ ਹਨ ਤਾਂ ਉਨ੍ਹਾਂ ਨੇ ਆਪਣੀ ਚਾਲ ਬਦਲ ਦਿੱਤੀ, ਕਿਉਂਕਿ ਉਨ੍ਹਾਂ ਦੇ ਕੋਲ ਸਿਰਫ਼ ਲਾਠੀਆਂ ਹੀ ਸਨ ਉਹ ਕਹਿਣ ਲੱਗੇ ਕਿ ਤੁਸੀਂ ਜਾ ਰਹੇ ਹੋ, ਇਸ ਲਈ ਭਾਈਆ ਨੂੰ ਰਾਮ-ਸਤਿ ਕਹਿਣ ਆਏ ਹਾਂ ਇਸ ਪ੍ਰਕਾਰ ਉੱਥੋਂ ਬਚ ਕੇ ਖੇਮਕਰਨ ਬਾਰਡਰ ’ਤੇ ਪਹੁੰਚੇ
8 ਦਿਨ ਪੈਦਲ ਚੱਲ ਕੇ ਬਾਰਡਰ ’ਤੇ ਪਹੁੰਚੇ
ਦੱਸਦੇ ਹਨ ਕਿ ਲਗਾਤਾਰ 8 ਦਿਨਾਂ ਤੱਕ ਕਾਫਲਾ ਚੱਲਦਾ ਰਿਹਾ, ਫਿਰ ਕਿਤੇ ਜਾ ਕੇ ਭਾਰਤ ਦੇ ਬਾਰਡਰ ’ਤੇ ਪਹੁੰਚਿਆ ਹਾਲਾਂਕਿ ਰਸਤੇ ’ਚ ਜਿੱਥੇ ਵੀ ਸ਼ਾਮ ਢਲਦੀ, ਉੱਥੇ ਆਸ-ਪਾਸ ’ਚ ਰਾਤ ਨੂੰ ਡੇਰਾ ਜਮਾ ਲੈਂਦੇ ਅਤੇ ਆਦਮੀ ਪੂਰੀ ਰਾਤ ਪਹਿਰਾ ਦਿੰਦੇ ਰਹਿੰਦੇ ਦਿਨਭਰ ਚੱਲਣ ਕਾਰਨ ਬਜ਼ੁਰਗ ਲੋਕਾਂ ਨੂੰ ਬਹੁਤ ਤਕਲੀਫ ਝੱਲਣੀ ਪੈਂਦੀ ਔਰਤਾਂ ਅਤੇ ਬੱਚਿਆਂ ਦੀ ਵੀ ਹਾਲਤ ਬਹੁਤ ਬੁਰੀ ਹੋ ਚੁੱਕੀ ਸੀ
ਬਾਰਸ਼ ਦੇ ਚੱਲਦੇ ਬਚੀਆਂ ਕਈ ਜਾਨਾਂ
ਬਘੇਲ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਿਨਾਂ ’ਚ ਬਾਰਸ਼ ਕਈ ਦਿਨਾਂ ਤੱਕ ਹੁੰਦੀ ਰਹੀ ਜਿਸ ਦੇ ਚੱਲਦਿਆਂ ਬਹੁਤ ਸਾਰੇ ਲੋਕਾਂ ਦੀ ਜਾਨਾਂ ਬਚ ਗਈਆਂ ਉਹ ਦੱਸਦੇ ਹਨ ਕਿ ਦੰਗਾਕਾਰੀ ਲੋਕਾਂ ਨੇ ਨਹਿਰਾਂ ਦੇ ਪੁਲਾਂ ’ਤੇ ਬੰਬ ਲਾਏ ਹੋਏ ਸਨ ਉਨ੍ਹਾਂ ਦਾ ਮਕਸਦ ਸੀ ਕਿ ਜਦੋਂ ਲੋਕਾਂ ਦਾ ਕਾਫਲਾ ਉੱਥੋਂ ਲੰਘੇਗਾ ਤਾਂ ਬੰਬ ਫੱਟਣ ਨਾਲ ਇਹ ਲੋਕ ਮਰ ਜਾਣਗੇ ਪਰ ਬਾਰਸ਼ ਦੇ ਚੱਲਦਿਆਂ ਉਹ ਬੰਬ ਭਿੱਜ ਗਏ ਅਤੇ ਫਟੇ ਨਹੀਂ ਕਾਫਲੇ ਦੇ ਲੋੋਕਾਂ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਿਆ ਤਾਂ ਰਸਤੇ ’ਚ ਜਿੰਨੀਆਂ ਵੀ ਨਹਿਰਾਂ ਆਈਆਂ, ਸਭ ਪੁਲ ਦੀ ਬਜਾਇ ਨਹਿਰਾਂ ਤੋਂ ਹੋ ਕੇ ਲੰਘੇ ਚੰਗੀ ਕਿਸਮਤ ਰਹੀ ਕਿ ਉਸ ਸਮੇਂ ਉਨ੍ਹਾਂ ਨਹਿਰਾਂ ’ਚ ਪਾਣੀ ਨਹੀਂ ਸੀ
ਕਾਫਿਲੇ ਤੋਂ ਅਲੱਗ ਹੋਏ ਤਾਂ ਗਵਾਉਣੀ ਪਈ ਜਾਨ
ਕਾਫਿਲੇ ਨੂੰ ਚੱਲਦੇ ਹੋਏ 7 ਦਿਨ ਹੋ ਚੁੱਕੇ ਸਨ ਜਿਵੇਂ ਹੀ ਸ਼ਾਮ ਹੋਈ ਤਾਂ ਬਾਰਡਰ ਦੇ ਨਜ਼ਦੀਕ ਜਾ ਪਹੁੰਚੇ ਪਰ ਵਿੱਚ ਦੀ ਇੱਕ ਮੁਸਲਿਮ ਪਿੰਡ ਪੈਂਦਾ ਸੀ, ਜਿਸ ਦੇ ਬਾਰੇ ’ਚ ਸੁਣਿਆ ਸੀ ਕਿ ਇੱਥੇ ਖੁੰਖਾਰ ਲੋਕ ਰਹਿੰਦੇ ਹਨ, ਜੋ ਮਾਂ-ਭੈਣਾਂ ਦੀ ਇੱਜ਼ਤਾਂ ਨਾਲ ਖੇਡਦੇ ਹਨ ਅਤੇ ਸਮਾਨ ਵੀ ਲੁੱਟ ਲੈਂਦੇ ਹਨ ਉਸ ਸ਼ਾਮ ਫੈਸਲਾ ਹੋਇਆ ਕਿ ਰਾਤ ਨੂੰ ਕਾਫਲਾ ਅੱਗੇ ਨਹੀਂ ਵਧੇਗਾ ਬਾਕੀ ਦਾ ਸਫਰ ਅਗਲੀ ਸਵੇਰ ਪੂਰਾ ਕਰਾਂਗੇ ਪਰ ਕਾਫਲੇ ’ਚੋਂ ਕੁਝ ਲੋਕ ਇਸ ਗੱਲ ’ਤੇ ਰਾਜੀ ਨਹੀਂ ਹੋਏ ਉਹ ਕਹਿਣ ਲੱਗੇ ਕਿ ਬਾਰਡਰ ਨਜ਼ਦੀਕ ਹੀ ਹੈ ਤਾਂ ਫਿਰ ਇੱਥੇ ਕਿਉਂ ਰੁਕਣਾ ਅਸੀਂ ਤਾਂ ਰਾਤ ਨੂੰ ਹੀ ਜਾਵਾਂਗੇ ਉਨ੍ਹਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਉਹ ਨਹੀਂ ਮੰਨੇ
ਅਗਲੀ ਸਵੇਰ ਜਦੋਂ ਕਾਫਲਾ ਉਸ ਪਿੰਡ ਦੇ ਕੋਲ ਪਹੁੰਚਿਆ ਤਾਂ ਉੱਥੋਂ ਦਾ ਮੰਜ਼ਰ ਦੇਖ ਕੇ ਸਭ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਰਸਤੇ ’ਚ ਆਦਮੀਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਸਾਰਾ ਸਮਾਨ ਖਿੱਲਰਿਆ ਹੋਇਆ ਸੀ ਅਤੇ ਵੱਡੀ ਗੱਲ ਉਨ੍ਹਾਂ ਦੇ ਨਾਲ ਜੋ ਲੜਕੀਆਂ ਅਤੇ ਔਰਤਾਂ ਸਨ, ਉਹ ਸਭ ਗਾਇਬ ਸਨ ਕੁਝ ਕੁ ਬਜ਼ੁਰਗ ਔਰਤਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ ਮੌਤ ਦਾ ਅਜਿਹਾ ਨਾਚ ਦੇਖ ਕੇ ਮਨ ਬਹੁਤ ਦੁਖੀ ਹੋਇਆ
ਵੰਡ ਤੋਂ ਪਹਿਲਾਂ ਈਮਾਨ ਦੇ ਧਨੀ ਸਨ ਲੋਕ
ਚਾਹੇ ਦੇਸ਼ ’ਚ ਵੰਡ ਦੇ ਨਾਂਅ ’ਤੇ ਕਿੰਨਾ ਵੀ ਸ਼ੋਰ-ਸ਼ਰਾਬਾ ਹੋਇਆ ਹੋਵੇ, ਪਰ ਅਸੀਂ ਨਿੱਤ ਦੀ ਭਾਂਤੀ 15 ਅਗਸਤ ਨੂੰ ਆਪਣੇ ਰੂਟੀਨ ਦੇ ਕੰਮ ’ਚ ਮਸ਼ਗੂਲ ਸਾਂ ਅਗਲੇ ਦਿਨ 34 ਚੱਕ ਦੇ ਨੰਬਰਦਾਰ ਨੇ ਮੇਰੇ ਪਿਤਾ ਜੀ ਨੂੰ ਦੱਸਿਆ ਕਿ ਦੇਸ਼ ’ਚ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ ਇਹ ਏਰੀਆ ਪਾਕਿਸਤਾਨ ਬਣਾ ਦਿੱਤਾ ਗਿਆ ਹੈ, ਇਸ ਲਈ ਤੁਹਾਨੂੰ ਹੁਣ ਇੱਥੋਂ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਇਹ ਸੁਣ ਕੇ ਸਾਡੇ ਪੈਰਾਂ ਹੇਠ ਤੋਂ ਜ਼ਮੀਨ ਨਿਕਲ ਗਈ ਕਿ ਅਜਿਹਾ ਭਲਾ ਕਿਵੇਂ ਹੋ ਸਕਦਾ ਹੈ ਉਹ ਰਾਤ ਸਾਡੇ ਲਈ ਕਿਆਮਤ ਦੀ ਰਾਤ ਸੀ, ਕਿਉਂਕਿ ਅਗਲੀ ਸਵੇਰ ਤਾਂ ਪਤਾ ਨਹੀਂ ਕਿਸ ਦਿਸ਼ਾ ’ਚ ਜਾਣਾ ਹੋਵੇਗਾ ਅੱਖਾਂ ’ਚ ਬੇਬਸੀ ਦੇ ਹੰਝੂ ਝਲਕਾਉਂਦੇ ਹੋਏ 90 ਸਾਲ ਦੇ ਗੁਰਬਚਨ ਸਿੰਘ ਕੰਬੋਜ ਨੇ ਆਜ਼ਾਦੀ ਦੇ ਨਾਂਅ ’ਤੇ ਮਿਲੇ ਜ਼ਖ਼ਮਾਂ ਨੂੰ ਸ਼ਬਦਾਂ ਦਾ ਰੂਪ ਦਿੰਦੇ ਹੋਏ ਆਪਣੀ ਖਾਮੋਸ਼ੀ ਤਾਂ ਤੋੜ ਦਿੱਤੀ, ਪਰ ਸੁਣਨ ਵਾਲਿਆਂ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ
ਪਾਕਿਸਤਾਨ ਦੇ ਅਲਫ ਉਨੀ ਕਟੋਰਾ ਪਿੰਡ ਨਾਲ ਸਬੰਧ ਰੱਖਣ ਵਾਲੇ ਗੁਰਬਚਨ ਸਿੰਘ ਵਰਤਮਾਨ ’ਚ ਸਰਸਾ ਜ਼ਿਲ੍ਹੇ ਦੇ ਕੰਗਨਪੁਰ ਪਿੰਡ ’ਚ ਰਹਿ ਰਹੇ ਹਨ ਉਨ੍ਹਾਂ ਦੱਸਿਆ ਕਿ ਦੇਸ਼ ਦੀ ਵੰਡ ਸਮੇਂ ਬੇਬਸੀ ਦੇ ਹੰਝੂ ਜੋ ਅਸੀਂ ਪੀਏ ਹਨ ਉਨ੍ਹਾਂ ਦਾ ਦਰਦ ਕੋਈ ਹੋਰ ਮਹਿਸੂਸ ਨਹੀਂ ਕਰ ਸਕਦਾ ਬਜ਼ੁਰਗ ਔਰਤਾਂ, ਛੋਟੇ-ਛੋਟੇ ਬੱਚੇ, ਜੋ ਚੱਲਣ ’ਚ ਵੀ ਸਮਰੱਥ ਨਹੀਂ ਸਨ, ਸਾਡੇ ਕਾਫਲੇ ਦੇ ਨਾਲ ਜਿਵੇਂ-ਤਿਵੇਂ ਖੁਦ ਨੂੰ ਖਿੱਚ ਰਹੇ ਸਨ ਰਸਤੇ ’ਚ ਨਾ ਕਿਤੇ ਪੀਣ ਨੂੰ ਪਾਣੀ ਸੀ, ਨਾ ਖਾਣ ਨੂੰ ਅਨਾਜ ਬਸ ਭੁੱਖੇ-ਪਿਆਸੇ ਇਸ ਆਸ ’ਚ ਚਲੇ ਜਾ ਰਹੇ ਸੀ ਕਿ ਸ਼ਾਇਦ ਆਜ਼ਾਦ ਭਾਰਤ ’ਚ ਸਾਨੂੰ ਉਹ ਸਭ ਕੁਝ ਮਿਲੇਗਾ ਜੋ ਪਿੱਛੇ ਛੱਡ ਕੇ ਜਾ ਰਹੇ ਹਾਂ ਪਰ ਇੱਥੇ ਆ ਕੇ ਵੀ ਮਾਯੂਸੀ ਹੀ ਹੱਥ ਲੱਗੀ ਉਦੋਂ ਲੋਕ ਇੱਕ-ਦੂਜੇ ਨੂੰ ਇਸ ਤਰ੍ਹਾਂ ਨੋਚ ਰਹੇ ਸਨ ਮੰਨੋ ਜਿਵੇਂ ਗਿੱਧ ਦੀ ਨਜ਼ਰ ਆਪਣੇ ਸ਼ਿਕਾਰ ’ਤੇ ਰਹਿੰਦੀ ਹੋਵੇ ਇਹ ਤਾਂ ਭਲਾ ਹੋਵੇ ਸਿੱਖ ਕੌਮ ਦਾ, ਜਿਨ੍ਹਾਂ ਨੇ ਲੰਗਰ ਲਾ ਕੇ ਭੁੱਖੇ ਲੋਕਾਂ ਨੂੰ ਜਿਉਣ ਦਾ ਆਸਰਾ ਦਿੱਤਾ
ਗੁਰਬਚਨ ਸਿੰਘ ਦੱਸਦੇ ਹਨ ਕਿ ਸਾਡੇ ਪਿੰਡ ’ਚ ਬਹੁਤ ਹੀ ਰਈਸ ਪਰਿਵਾਰ ਰਹਿੰਦੇ ਸਨ, ਅਸੀਂ ਉਨ੍ਹਾਂ ਦੀ ਜ਼ਮੀਨ ਜੋਤ ਕੇ ਗੁਜ਼ਾਰਾ ਕਰਦੇ ਸਾਂ, ਪਰ ਉਸ ਸਮੇਂ ਉੱਥੋਂ ਦੇ ਲੋਕਾਂ ’ਚ ਹਮੇਸ਼ਾ ਇਮਾਨਦਾਰੀ ਦਾ ਭਾਵ ਦੇਖਣ ਨੂੰ ਮਿਲਦਾ ਸੀ ਆਜ਼ਾਦ ਭਾਰਤ ਲਈ ਮਹਾਤਮਾ ਗਾਂਧੀ ਵਰਗੇ ਨੇਤਾਵਾਂ ਨੇ ਜੋ ਸੁਫਨੇ ਸੰਜੋਏ ਸਨ, ਉਹ ਬੇਮਾਨੀ ਜਿਹੀ ਨਜ਼ਰ ਆਉਂਦੇ ਹਨ ਕਿਉਂਕਿ ਸਾਡੇ ਮੁਲਕ ’ਚ ਬੇਈਮਾਨੀ ਅਤੇ ਠੱਗੀ-ਠੋਰੀ ਦਾ ਬਹੁਤ ਬੋਲਬਾਲਾ ਹੈ
ਅੰਗਰੇਜ਼ਾਂ ਦਾ ਖੌਫ ਹੀ ਨਿਆਂ ਦਾ ਆਧਾਰ ਸੀ
ਇੱਕ ਵਾਰ ਪਿੰਡ ’ਚ ਪਾਣੀ ਦੀ ਕਿੱਲਤ ਆ ਗਈ ਘਰ ’ਚ ਬਣੀ ਡਿੱਗੀ ’ਚ ਵੀ ਪਾਣੀ ਤਲੀ ਤੱਕ ਜਾ ਪਹੁੰਚਿਆ ਜਿਸ ’ਚ ਬਹੁਤ ਸਾਰੀਆਂ ਮੱਛੀਆਂ ਸਨ ਗੁਆਂਢੀ ਮੁਸਲਮਾਨ ਪਰਿਵਾਰ ਦੇ ਲੜਕਿਆਂ ਨੇ ਉਨ੍ਹਾਂ ਮੱਛੀਆਂ ਨੂੰ ਕੱਢ ਲਿਆ ਜਦੋਂ ਇਸ ਦਾ ਪਤਾ ਮੇਰੇ ਪਿਤਾ ਜੀ ਨੂੰ ਚੱਲਿਆ ਤਾਂ ਉਨ੍ਹਾਂ ਨੇ ਪੁਲਿਸ ’ਚ ਰਿਪੋਰਟ ਕਰਨ ਦੀ ਗੱਲ ਕਹੀ ਮਾਮਲਾ ਬੜਾ ਸੰਵੇਦਨਸ਼ੀਲ ਸੀ, ਹਿੰਦੂਆਂ ’ਚ ਪਾਣੀ ਦੀ ਪਵਿੱਤਰਤਾ ਬਹੁਤ ਮਾਇਨੇ ਰੱਖਦੀ ਸੀ ਇਸ ਗੱਲ ਨੂੰ ਲੈ ਕੇ ਪੂਰਾ ਮੁਸਲਿਮ ਪਰਿਵਾਰ ਸਾਡੇ ਦੁਵਾਰ ’ਤੇ ਆ ਕੇ ਬੱਚਿਆਂ ਦੀ ਗਲਤੀ ਕੀਤੀ ’ਤੇ ਮੁਆਫ਼ੀ ਮੰਗਣ ਲੱਗਿਆ ਉੱਧਰ ਅੰਗਰੇਜ਼ਾਂ ਦੇ ਰਾਜ ’ਚ ਪੀੜਤ ਦੀ ਪੁਕਾਰ ਸੁਣੀ ਜਾਂਦੀ ਸੀ, ਸਜ਼ਾ ਦੇ ਖੌਫ ਨਾਲ ਉਹ ਸਭ ਡਰ ਗਏ ਸਨ ਉਸ ਸਮੇਂ ਰਿਸ਼ਵਤ ਲੈਂਦਾ ਫੜਿਆ ਜਾਂਦਾ ਸੀ ਤਾਂ ਅੰਗਰੇਜ਼ ਉਸ ਨੂੰ ਸਖ਼ਤ ਸਜ਼ਾ ਦਿੰਦੇ ਸਨ ਪਰ ਸਾਡੇ ਆਜ਼ਾਦ ਦੇਸ਼ ’ਚ ਅੱਜ ਨਿਆਂ ਪਾਉਣ ਲਈ ਇਨਸਾਨ ਦਾ ਪੂਰਾ ਜੀਵਨ ਵੀ ਘੱਟ ਪੈ ਜਾਂਦਾ ਹੈ
ਜਦੋਂ ਪੂਰਾ ਪਿੰਡ ਹੀ ਅੱਗ ਦੀ ਭੇਂਟ ਚੜ੍ਹਾ ਦਿੱਤਾ ਸੀ ਦੱਸਦੇ ਹਨ ਕਿ ਉਸ ਦੌਰਾਨ ਮੌਤ ਦਾ ਬਹੁਤ ਭਿਆਨਕ ਮੰਜਰ ਹੋਇਆ ਸੀ ਨਜ਼ਦੀਕੀ ਪਿੰਡ ਸ਼ਾਹਪੁਰਾ ਨੂੰ ਉਸ ਦੌਰਾਨ ਅੱਗ ਲਾ ਦਿੱਤੀ ਗਈ ਇਸ ਪਿੰਡ ’ਚ ਜ਼ਿਆਦਾਤਰ ਹਿੰਦੂ ਲੋਕ ਹੀ ਰਹਿੰਦੇ ਸਨ ਉੱਥੇ ਲੋਕਾਂ ਨੂੰ ਜਿੰਦਾ ਸਾੜ ਦਿੱਤਾ ਗਿਆ, ਬਸ ਇੱਕ ਲੜਕੀ ਭਗਵਾਨੋ ਉੱਥੋਂ ਕਿਸੇ ਤਰ੍ਹਾਂ ਜਿੰਦਾ ਨਿਕਲ ਕੇ ਆਈ ਸੀ