ਰੋਗਾਂ ਨਾਲ ਲੜਨ ’ਚ ਖੁਦ ਸਮਰੱਥ ਹੈ ਮਨੁੱਖੀ ਸਰੀਰ -ਨੈਚੁਰੋਪੈਥੀ ਇਲਾਜ Naturopathy treatment
ਮਨੁੱਖੀ ਸਰੀਰ ਖੁਦ ਰੋਗਾਂ ਨਾਲ ਲੜਨ ’ਚ ਸਮਰੱਥ ਹੈ, ਪਰ ਇਸ ਦੇ ਲਈ ਕੁਦਰਤੀ ਵਸੀਲਿਆਂ ਨਾਲ ਨੇੜਤਾ ਜ਼ਰੂਰੀ ਹੈ ਨੈਚੁਰੋਪੈਥੀ ਇੱਕ ਅਜਿਹੀ ਪ੍ਰਾਚੀਨ ਇਲਾਜ ਪ੍ਰਣਾਲੀ ਹੈ ਜੋ ਸਰੀਰ ਦੀਆਂ ਆਪਣੀਆਂ ਇਲਾਜ ਪ੍ਰਕਿਰਿਆਵਾਂ ਨੂੰ ਹੁਲਾਰਾ ਦੇਣ ਲਈ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਦੀ ਹੈ ‘ਸੱਚੀ ਸਿਕਸ਼ਾ’ ਵੱਲੋਂ ਨੈਚੁਰੋਪੈਥੀ ਵਿਸ਼ੇ ’ਤੇ ਐੱਮਐੱਸਜੀ ਨੈਚੁਰੋਪੈਥੀ ਸੈਂਟਰ ਸਰਸਾ ਦੇ ਡਾਕਟਰ ਜਤਿੰਦਰ ਸਿੰਘ ਇੰਸਾਂ (ਬੀ.ਏ.ਐੱਮ.ਐੱਸ. (ਏੇ.ਐੱਮ.) ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ
ਡੇਰਾ ਸੱਚਾ ਸੌਦਾ ’ਚ ਸ਼ਾਹ ਸਤਿਨਾਮ ਜੀ ਮਲਟੀ ਸਪੈਸ਼ਲਿਟੀ ਹਸਪਤਾਲ ਇੱਕ ਕੁਦਰਤੀ ਇਲਾਜ ਹਸਪਤਾਲ ਹੈ ਇਹ ਹਸਪਤਾਲ ਕੁਦਰਤੀ ਇਲਾਜ ਅਤੇ ਪੰਚਕਰਮ ਵਰਗੀਆਂ ਕੁਦਰਤੀ ਇਲਾਜ ਪ੍ਰਣਾਲੀਆਂ ’ਚ ਮੁਹਾਰਤ ਰੱਖਦਾ ਹੈ ਇਸ ’ਚ ਇੰਡੋਰ ਦੀਆਂ ਸਾਰੀਆਂ ਸਹੂਲਤਾਂ ਉਪਲੱਬਧ ਹਨ ਅਤੇ 108 ਬੈੱਡ ਹਨ
ਗੱਲਬਾਤ ਦੌਰਾਨ ਡਾ. ਜਤਿੰਦਰ ਇੰਸਾਂ ਨੇ ਦੱਸਿਆ ਕਿ ਨੈਚੁਰੋਪੈਥੀ ਭਾਵ ਕੁਦਰਤੀ ਇਲਾਜ ਲਈ ਪੰਜ ਤੱਤਾਂ ਆਕਾਸ਼, ਪਾਣੀ, ਅੱਗ, ਹਵਾ ਅਤੇ ਧਰਤੀ ਨੂੰ ਆਧਾਰ ਮੰਨ ਕੇ ਇਲਾਜ ਪੂਰਾ ਕੀਤਾ ਜਾਂਦਾ ਹੈ ਇਸ ’ਚ ਆਹਾਰ ਅਤੇ ਇਨਸਾਨ ਦੀ ਜੀਵਨਸ਼ੈਲੀ ’ਚ ਬਦਲਾਅ ਬੜਾ ਅਹਿਮ ਵਿਸ਼ਾ ਹੈ ਉਨ੍ਹਾਂ ਦੱਸਿਆ ਕਿ ਨੈਚੁਰੋਪੈਥੀ ਅਤੇ ਭਾਰਤੀ ਪ੍ਰਾਚੀਨ ਦਰਸ਼ਨ ਅਨੁਸਾਰ, ਮਨੁੱਖੀ ਸਰੀਰ ਦੀ ਰਚਨਾ ਕੁਦਰਤ ਨੇ ਕੀਤੀ ਹੈ ਕੁਦਰਤ ਨੇ ਇਸ ਸ੍ਰਿਸ਼ਟੀ ਅਤੇ ਸਰੀਰ ਨੂੰ ਬਣਾਉਣ ਲਈ ਪੰਜ ਮਹਾਂਭੂਤਾਂ ਧਰਤੀ, ਪਾਣੀ, ਅੱਗ, ਹਵਾ ਅਤੇ ਆਕਾਸ਼ (ਆਕਾਸ਼ ਤੱਤ) ਦੀ ਵਰਤੋਂ ਕੀਤੀ ਹੈ ਇਹ ਤੱਤ ਸਿਰਫ ਪ੍ਰਤੀਕਾਤਮਕ ਨਹੀਂ, ਸਗੋਂ ਸਰੀਰ ਦੀ ਕਾਰਜਪ੍ਰਣਾਲੀ ’ਚ ਸਰਗਰਮ ਭੂਮਿਕਾ ਨਿਭਾਉਂਦੇ ਹਨ ਇਸ ਵਿਚ ਤਿੰਨ ਚੀਜ਼ਾਂ ਅਹਿਮ ਹੁੰਦੀਆਂ ਹਨ ਜਿਵੇਂ ਕਫ, ਵਾਤ ਅਤੇ ਪਿੱਤ
Table of Contents
ਆਓ, ਇਨ੍ਹਾਂ ਨੂੰ ਵਿਸਥਾਰ ਨਾਲ ਸਮਝਦੇ ਹਾਂ:-
ਕਫ, ਜੋ ਸਰੀਰ ਨੂੰ ਮਜ਼ਬੂਤੀ ਅਤੇ ਸਥਿਰਤਾ ਦਿੰਦਾ ਹੈ
ਡਾ. ਜਤਿੰਦਰ ਇੰਸਾਂ ਨੇ ਦੱਸਿਆ ਕਿ ਕਫ ਸਰੀਰ ਦੇ ਦਿਖਾਈ ਦੇਣ ਵਾਲੇ ਅਤੇ ਭੌਤਿਕ ਹਿੱਸਿਆਂ ਦੀ ਅਗਵਾਈ ਕਰਦਾ ਹੈ ਇਹ ਧਰਤੀ ਅਤੇ ਪਾਣੀ ਤੱਤ ਨਾਲ ਮਿਲ ਕੇ ਬਣਿਆ ਹੁੰਦਾ ਹੈ, ਜੋ ਸਰੀਰ ਦੀ ਚਮੜੀ, ਮਾਸਪੇਸ਼ੀਆਂ, ਹੱਡੀਆਂ, ਟਿਸ਼ੂਜ਼ ਆਦਿ ਨੂੰ ਬਣਾਉਂਦਾ ਹੈ ਕਫ ਨਾਲ ਸਰੀਰ ਨੂੰ ਮਜ਼ਬੂਤੀ, ਸਥਿਰਤਾ ਅਤੇ ਚਿਕਨਾਈ ਹਾਸਲ ਹੁੰਦੀ ਹੈ
ਵਾਤ, ਜੋ ਖੂਨ ਸੰਚਾਰ ਨੂੰ ਸੁਚਾਰੂ ਬਣਾਉਂਦਾ ਹੈ
ਵਾਤ ਹਵਾ ਅਤੇ ਆਕਾਸ਼ ਤੱਤ ਤੋਂ ਮਿਲ ਕੇ ਬਣਿਆ ਹੁੰਦਾ ਹੈ, ਜੋ ਸਾਡੇ ਸਰੀਰ ਦੀਆਂ ਗਤੀਵਿਧੀਆਂ ਅਤੇ ਗਤੀ ਨੂੰ ਕੰਟਰੋਲ ਕਰਦਾ ਹੈ ਸਰੀਰ ’ਚ ਸਾਹ ਲੈਣਾ, ਖੂਨ ਦਾ ਸੰਚਾਰ, ਸਰੀਰਕ ਗਤੀਵਿਧੀਆਂ, ਦਿਮਾਗੀ ਸੰਦੇਸ਼, ਭਾਵਨਾਵਾਂ ਅਤੇ ਵਿਚਾਰ ਸਾਰੇ ਵਾਤ ਰਾਹੀਂ ਹੀ ਕੰਟਰੋਲ ਕੀਤੇ ਜਾਂਦੇ ਹਨ ਇਹ ਸਰੀਰ ’ਚ ਲਚਕੀਲਾਪਣ ਅਤੇ ਗਤੀ ਲਿਆਉਂਦਾ ਹੈ
ਪਿੱਤ, ਜੋ ਪਾਚਣ ਨੂੰ ਕੰਟਰੋਲ ਕਰਦਾ ਹੈ
ਇਹ ਅੱਗ ਤੱਤ ਤੋਂ ਬਣਿਆ ਹੈ, ਜੋ ਸਰੀਰ ਦੀ ਰੂਪਾਂਤਰਨ ਅਤੇ ਸਥਿਰਤਾ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ਸਰੀਰ ’ਚ ਪਾਚਣ, ਮੈਟਾਬੋਲਿਜ਼ਮ, ਤਾਪਮਾਨ ਕੰਟਰੋਲ ਅਤੇ ਕੋਸ਼ਿਕਾਵਾਂ ਦੀ ਊਰਜਾ ਸਭ ਪਿੱਤ ਦੇ ਕੰਟਰੋਲ ’ਚ ਹੁੰਦੇ ਹਨ ਦੱਸ ਦੇਈਏ ਕਿ ਸਰੀਰ ’ਚ ਲਗਭਗ 120 ਟ੍ਰਿਲੀਅਨ ਕੋਸ਼ਿਕਾਵਾਂ ਦੀ ਸਥਿਰਤਾ ਨੂੰ ਵੀ ਅੱਗ ਤੱਤ ਨਾਲ ਜੋੜਿਆ ਜਾਂਦਾ ਹੈ ਇਹ ਦਿਮਾਗ, ਸਪੱਸ਼ਟਤਾ ਅਤੇ ਰਸਾਇਣਿਕ ਸੰਤੁਲਨ ਬਣਾਈ ਰੱਖਣ ’ਚ ਸਹਾਇਕ ਹੈ
ਕੁਦਰਤ ਖੁਦ ਸਰੀਰ ਦੇ ਦੋਸ਼ਾਂ ਨੂੰ ਸੰਤੁਲਿਤ ਕਰਦੀ ਹੈ
ਡਾ. ਜਤਿੰਦਰ ਇੰਸਾਂ ਦੱਸਦੇ ਹਨ ਕਿ ਨੈਚੁਰੋਪੈਥੀ ਕੁਦਰਤ ਦੀ ਅਦਭੁੱਤ ਅਤੇ ਖੁਦ ਚੱਲਣ ਵਾਲੀ ਪ੍ਰਣਾਲੀ ਹੈ ਕੁਦਰਤ ਇਨਸਾਨ ਦੇ ਵਾਤ, ਪਿੱਤ, ਕਫ ਦੋਸ਼ਾਂ ਨੂੰ ਸੰਤੁਲਨ ’ਚ ਰੱਖਣ ਲਈ ਰੁੱਤ ਦੇ ਅਨੁਸਾਰ ਲੋੜੀਂਦੀ ਊਰਜਾ ਪੈਦਾ ਕਰਦੀ ਹੈ
ਗਰਮੀ ਅਨੁਸਾਰ ਵਧਦਾ ਹੈ ਪਿੱਤ ਦੋਸ਼
ਗਰਮੀ ਦੀ ਰੁੱਤ ’ਚ ਸਰੀਰ ’ਚ ਅੱਗ ਤੱਤ ਦਾ ਪ੍ਰਭਾਵ ਵਧਣ ਲੱਗਦਾ ਹੈ, ਜਿਸ ਨਾਲ ਜਲਣ, ਗਰਮੀ, ਚਿੜਚਿੜਾਪਣ ਵਰਗੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ ਪਰ ਕੁਦਰਤ ਨੇ ਇਸ ਦਾ ਹੱਲ ਖੁਦ ਹੀ ਕੱਢਿਆ ਹੈ ਜਿਵੇਂ ਤਰਬੂਜ, ਖਰਬੂਜਾ, ਖੀਰਾ, ਨਾਰੀਅਲ ਪਾਣੀ, ਬੇਲ ਆਦਿ ਫਲ ਸਰੀਰ ਨੂੰ ਠੰਢਕ ਦੇਣ ਵਾਲੇ ਹਨ ਇਨ੍ਹਾਂ ਦੀ ਵਰਤੋਂ ਨਾਲ ਪਿੱਤ ਦੋਸ਼ ਨੂੰ ਸੰਤੁਲਿਤ ਕੀਤਾ ਜਾ ਸਕਦਾ ਹੈ
ਸਰਦ ਮੌਸਮ ’ਚ ਕਫ ਦੋਸ਼ ਦਾ ਖ਼ਤਰਾ
ਸਰਦੀ ਦੀ ਰੁੱਤ ’ਚ ਸਰੀਰ ’ਚ ਕਫ ਦੀ ਸ਼ਿਕਾਇਤ ਵਧ ਜਾਂਦੀ ਹੈ, ਜਿਸ ਨਾਲ ਭਾਰੀਪਣ, ਜ਼ੁਕਾਮ, ਆਲਸ, ਜਮਾਅ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਣ ਲੱਗਦੀਆਂ ਹਨ ਪਰ ਕੁਦਰਤ ਨੇ ਇਸ ਮੌਸਮ ’ਚ ਵੀ ਬਚਾਅ ਲਈ ਕਈ ਅਜਿਹੀਆਂ ਚੀਜ਼ਾਂ ਇਨਸਾਨ ਨੂੰ ਦਿੱਤੀਆਂ ਹਨ ਜਿਸ ਨਾਲ ਬਿਹਤਰ ਤਰੀਕੇ ਨਾਲ ਬਚਾਅ ਹੋ ਸਕਦਾ ਹੈ ਜਿਵੇਂ ਤਿਲ, ਮੂੰਗਫਲੀ, ਸੁੱਕੇ ਮੇਵੇ, ਅਦਰਕ, ਹਲਦੀ, ਗੂੰਦ ਆਦਿ ਇਹ ਚੀਜ਼ਾਂ ਸਰੀਰ ਨੂੰ ਗਰਮੀ ਦਿੰਦੀਆਂ ਹਨ ਤੇ ਕਫ ਨੂੰ ਘੱਟ ਕਰਨ ’ਚ ਕਾਰਗਰ ਸਾਬਿਤ ਹੁੰਦੀਆਂ ਹਨ
ਕੁਦਰਤ ਜੋ ਦਿੰਦੀ ਹੈ, ਉਹੀ ਸਭ ਤੋਂ ਸ੍ਰੇਸ਼ਠ ਔਸ਼ਧੀ
ਸੂਰਜ ਦੀ ਗਰਮੀ ਸਰੀਰ ’ਚ ਊਰਜਾ, ਪਾਚਣ ਸ਼ਕਤੀ ਅਤੇ ਅਗਨੀ ਤੱਤ ਨੂੰ ਵਧਾਉਂਦੀ ਹੈ ਦੂਜੇ ਪਾਸੇ ਚੰਦਰਮਾ ਦੀ ਸੀਤਲਤਾ ਇਨਸਾਨ ਦੇੇ ਮਨ, ਵਿਚਾਰ ਅਤੇ ਨੀਂਦ ’ਚ ਸ਼ਾਂਤੀ ਲਿਆਉਂਦੀ ਹੈ ਇਹੀ ਕਾਰਨ ਹੈ ਕਿ ਚੰਦਰਗ੍ਰਹਿਣ ਅਤੇ ਪੁੰਨਿਆ ਦਾ ਪ੍ਰਭਾਵ ਇਨਸਾਨ ਦੀ ਮਾਨਸਿਕਤਾ ’ਤੇ ਪੈਂਦਾ ਹੈ
ਇਸ ਤਰ੍ਹਾਂ ਨੈਚੁਰੋਪੈਥੀ ਦਾ ਮੂਲ ਸਿਧਾਂਤ ਹੈ ਕਿ ਕੁਦਰਤ ਜੋ ਦਿੰਦੀ ਹੈ, ਉਹੀ ਸਭ ਤੋਂ ਸ੍ਰੇਸ਼ਠ ਔਸ਼ਧੀ ਹੈ