‘‘ਓਸ ਘਰ ਦੇਈਂ ਬਾਬਲਾ, ਜਿੱਥੇ ਲਿੱਪਣੇ ਨਾ ਪੈਣ ਬਨੇਰੇ’’ Punjabi virsa
ਜਿਵੇਂ ਕਿ ਇਸ ਲੇਖ ਦੇ ਨਾਂਅ ਤੋਂ ਹੀ ਭਲੀ-ਭਾਂਤ ਪਤਾ ਚੱਲਦਾ ਹੈ ਇੱਕ ਧੀ ਆਪਣੇ ਬਾਬਲ ਨੂੰ ਅਰਜੋਈ ਕਰਦੀ ਦੀ ਝਲਕ ਪੈਂਦੀ ਹੈ, ਤੇ ਨਾਲ ਦੀ ਨਾਲ ਹੀ ਪੁਰਾਤਨ ਪੰਜਾਬ ਦੀ ਉਹ ਪੁਰਾਣੀ ਤਸਵੀਰ ਵੀ ਅੱਖਾਂ ਅੱਗੇ ਹੂ-ਬ-ਹੂ ਘੁੰਮ ਜਾਂਦੀ ਹੈ, ਕਿ ਸਾਡੇ ਪੁਰਖਿਆਂ ਦੇ ਪੁਰਾਤਨ ਪੰਜਾਬ ਵਿਚ ਘਰ ਕੱਚੇ ਤੇ ਉਨ੍ਹਾਂ ਵਿਚ ਰਹਿਣ ਵਾਲੇ ਜ਼ੁਬਾਨਾਂ ਦੇ ਪੱਕੇ ਤੇ ਸੱਚੇ ਹੋਇਆ ਕਰਦੇ ਸਨ, ਇਨ੍ਹਾਂ ਘਰਾਂ ਦੀਆਂ ਨੀਹਾਂ ਚੌੜੀਆਂ ਹੁੰਦੀਆਂ ਸਨ ਤੇ ਇਹ ਘਰ ਅੰਦਰੋਂ ਠੰਢੇ ਹੁੰਦੇ ਸਨ ਬੇਸ਼ੱਕ ਬਹੁਤ ਘੱਟ ਟਾਵੇਂ-ਟਾਵੇਂ ਘਰ ਕਿਤੇ-ਕਿਤੇ ਪਿੰਡਾਂ ਵਿਚ ਪੱਕੇ ਵੀ ਸਨ ਪਰ ਸੀ ਬਹੁਤ ਘੱਟ ਘਰਾਂ ਨੂੰ ਸਵਾਣੀਆਂ ਲਿੱਪ-ਪੋਚ ਕੇ ਵਧੀਆ ਬਣਾ ਕੇ ਰੱਖਦੀਆਂ ਸਨ।
ਪਿੰਡੋਂ ਬਾਹਰਵਾਰ ਛੱਪੜਾਂ ਵਿਚੋਂ ਲੇਸਦਾਰ ਮਿੱਟੀ ਕੱਢ ਕੇ ਬਾਹਰ ਢੇਰ ਲਾ ਲੈਣੇ, ਜੇਕਰ ਛੱਪੜ ਸੁੱਕਿਆ ਹੋਣਾ ਤਾਂ ਓਹਦੇ ਵਿਚੋਂ ਵੱਡੇ-ਵੱਡੇ ਡਲ਼ੇ, ਜਿਨ੍ਹਾਂ ਨੂੰ ਗੁੰਮੇ ਵੀ ਕਿਹਾ ਜਾਂਦਾ ਸੀ, ਕਹੀਆਂ ਨਾਲ ਪੁੱਟ-ਪੁੱਟ ਕੇ ਛੱਪੜੋਂ ਬਾਹਰ ਢੇਰ ਲਾ ਲੈਣੇ, ਫਿਰ ਉਨ੍ਹਾਂ ਨੂੰ ਬੱਠਲ ਜਾਂ ਛੋਟੀਆਂ-ਛੋਟੀਆਂ ਟੋਕਰੀਆਂ ਵਿਚ ਪਾ ਕੇ ਘਰੀਂ ਢੋਹਣਾ ਘਰਾਂ ਦੇ ਵਿਚ ਘਾਣੀ ਬਣਾ ਕੇ ਓਹਦੇ ਵਿਚ ਪਾਣੀ, ਪਲੋਂ ਜਾਂ ਗਲੀ-ਸੜੀ ਤੂੜੀ ਰਲਾ ਕੇ ਉਹਨੂੰ ਪੈਰ ਮਾਰ-ਮਾਰ ਕੇ ਲੇਸਦਾਰ ਬਣਾ ਲੈਣਾ ਕਈ ਲੋਕਾਂ ਨੇ ਜਿਸ ਦਿਨ ਘਾਣੀ ਨਾਲ ਕੋਠਿਆਂ ਜਾਂ ਕੰਧਾਂ ਨੂੰ ਲਿੱਪਣਾ ਹੁੰਦਾ ਉਸ ਦਿਨ ਪੈਰ ਮਾਰ ਕੇ ਲੋੜ ਅਨੁਸਾਰ ਕਾਲਾ ਟਰੈਕਟਰ ਦਾ ਕੱਢਿਆ ਹੋਇਆ।
ਤੇਲ ਜਾਂ ਕਿਸੇ ਇੰਜਣ ਦੇ ਕੱਢੇ ਗਏ ਕਾਲੇ ਤੇਲ ਨੂੰ ਘਾਣੀ ’ਚ ਰਲਾ ਲੈਣਾ ਤਾਂ ਕਿ ਮਿੱਟੀ ਤਿਲ੍ਹਕਣੀ ਹੋ ਕੇ ਮੀਂਹ ਦਾ ਪਾਣੀ ਕੋਠੇ ਦੀ ਛੱਤ ਜਾਂ ਕੰਧ ਉੱਪਰੋਂ ਤਿਲ੍ਹਕਦਾ ਰਹੇ ਤੇ ਇਹ ਲੱਗੀ ਹੋਈ ਮਿੱਟੀ ਜ਼ਿਆਦਾ ਸਮੇਂ ਤੱਕ ਕੰਮ ਦੇਵੇ ਭਾਵ ਜਲਦੀ ਦੁਬਾਰਾ ਛੇਤੀ ਕੋਠਿਆਂ ਦੀਆਂ ਛੱਤਾਂ, ਕੰਧਾਂ ਜਾਂ ਕੰਧੋਲੀਆਂ ਆਦਿ ਨੂੰ ਲਿੱਪਣਾ ਨਾ ਪਵੇ। ਇਹ ਸਾਰਾ ਕੰਮ ਆਪਣੇ ਹੱਥੀਂ ਸਿਆਣੀਆਂ ਸਵਾਣੀਆਂ, ਨੂੰਹਾਂ ਅਤੇ ਕੁਆਰੀਆਂ ਧੀਆਂ-ਭੈਣਾਂ ਰਲ-ਮਿਲ ਕੇ ਕਰਿਆ ਕਰਦੀਆਂ ਸਨ ਇਸੇ ਕਰਕੇ ਹੀ ਇਹ ਉਪਰੋਕਤ ਅਖਾਣ ਹੋਂਦ ਵਿਚ ਆਇਆ ਕਿ ਬਾਬਲਾ ਤੇਰੇ ਘਰ ਤਾਂ ਅਸੀਂ ਇਹ ਕੰਮ ਕੀਤਾ ਹੀ ਹੈ ਕਿਤੇ ਅਗਲੇ ਘਰ ਵੀ ਇਹ ਕੰਮ ਨਾ ਕਰਨਾ ਪੈ ਜਾਵੇ ਭਾਵ ਕੱਚੇ ਘਰ ਦੇ ਵਿਚ ਮੈਨੂੰ ਨਾ ਵਿਆਹ ਦੇਵੀਂ ਕਿਤੇ ਇਹ ਨਾ ਹੋਵੇ ਕਿ ਪੇਕੀਂ ਵੀ ਤੇ ਸਹੁਰੀਂ ਵੀ ਮੈਂ ਕੰਧਾਂ ਕੰਧੋਲੀਆਂ ਤੇ ਕੋਠਿਆਂ ਦੀਆਂ ਛੱਤਾਂ ਲਿੱਪਦੀ-ਲਿੱਪਦੀ ਹੀ ਬੁੱਢੀ ਨਾ ਹੋ ਜਾਵਾਂ ਇਸ ਕਰਕੇ ਹੀ ਧੀ ਵੱਲੋਂ ਬਾਬਲ ਨੂੰ ਇਹ ਜੋਦੜੀ ਵਾਲਾ ਅਖਾਣ ਬਣਿਆ ਸੀ।
ਜਿੱਥੇ ਕੋਠਿਆਂ ਦੀਆਂ ਛੱਤਾਂ, ਕੰਧਾਂ-ਕੰਧੋਲੀਆਂ ਨੂੰ ਚਿੱਲ ਚੀਕਣੀ ਛੱਪੜਾਂ ਦੀ ਮਿੱਟੀ ਨਾਲ ਦਿੱਤੀ ਜਾਂਦੀ ਰਹੀ ਹੈ, ਉੱਥੇ ਚੌਂਕੇ-ਚੁੱਲ੍ਹੇ ਨੂੰ ਗੋਹਾ ਅਤੇ ਲਾਲ ਮਿੱਟੀ ਫੇਰਨ ਦਾ ਰਿਵਾਜ ਵੀ ਉਹਨਾਂ ਸਮਿਆਂ ਵਿਚ ਸਿਖਰਾਂ ’ਤੇ ਸੀ ਚੁੱਲ੍ਹੇ, ਹਾਰੀ-ਹਾਰੇ, ਚੁਰ ਆਦਿ ਨੂੰ ਪੋਚਾ ਫੇਰ ਕੇ ਚਿੱਟਾ-ਚਿੱਟਾ ਬਣਾ ਕੇ ਰੱਖਣਾ ਇਹ ਵੀ ਸਿਆਣੀਆਂ ਸਵਾਣੀਆਂ ਦੇ ਹਿੱਸੇ ਦਾ ਹੀ ਕੰਮ ਸੀ ਘਰਾਂ ਦੇ ਚੌਂਕੇ-ਚੁੱਲ੍ਹਿਆਂ ਵਿਚ ਬਹੁਤ ਹੀ ਸੁੱਚਮ ਰੱਖੀ ਜਾਂਦੀ ਰਹੀ ਹੈ ਨੰਗੇ ਪੈਰੀਂ ਚੌਂਕੇ ਵਿਚ ਆਉਣਾ, ਜਿਸ ਦੇ ਇੱਕ ਪਾਸੇ ਠੰਢੇ ਪਾਣੀ ਵਾਲੇ ਘੜਿਆਂ ਨੂੰ ਸਜਾ ਕੇ ਰੱਖਿਆ ਜਾਂਦਾ ਸੀ ਫਰਿੱਜਾਂ ਦੇ ਪਾਣੀ ਪੀਣ ਦਾ ਬਿਲਕੁਲ ਵੀ ਰਿਵਾਜ਼ ਨਹੀਂ ਸੀ।
ਘੜਿਆਂ ਉੱਪਰ ਗਿੱਲਾ ਕਰਕੇ ਕੱਪੜਾ ਜਾਂ ਗਿੱਲੀ ਟਾਟ ਵਾਲੀ ਬੋਰੀ ਚੰਗੀ ਤਰ੍ਹਾਂ ਧੋ ਕੇ, ਭਿਉਂ ਕੇ ਪਾ ਦੇਣੀ ਤਾਂ ਕਿ ਪਾਣੀ ਠੰਢਾ ਰਹੇ ਇਹ ਪਾਣੀ ਸਿਹਤ ਲਈ ਵੀ ਬਹੁਤ ਵਧੀਆ ਸੀ ਉਨ੍ਹਾਂ ਸਮਿਆਂ ਵਿਚ ਤਾਂ ਕੋਈ ਜ਼ਿਆਦਾ ਬਿਮਾਰੀਆਂ ਲੱਗਣ ਦਾ ਡਰ ਹੀ ਨਹੀਂ ਸੀ ਕਿਉਂਕਿ ਆਰਗੈਨਿਕ ਖੇਤੀ ਕਰਨ ਕਰਕੇ ਵਧੀਆ ਖੁਰਾਕ, ਖਾਲਸ ਦੁੱਧ ਪੀਣ ਕਰਕੇ ਕਦੇ ਵੀ ਕਿਸੇ ਨੂੰ ਕੋਈ ਭਿਆਨਕ ਬਿਮਾਰੀ ਲੱਗਦੀ ਹੀ ਨਹੀਂ ਸੀ। ਹਾਂ, ਕੋਈ ਸਿਰ ਦਰਦ, ਜ਼ੁਕਾਮ, ਨਜ਼ਲਾ, ਬੁਖਾਰ ਇਹ ਆਮ ਗੱਲਾਂ ਸਨ, ਜਿਸ ਨੂੰ ਵੀ ਇਹ ਸ਼ਿਕਾਇਤ ਹੋਣੀ ਤਾਂ ਮਲੱਠੀ, ਬਨਕਸ਼ਾ, ਵੱਡੀ ਇਲਾਇਚੀ ਆਦਿ ਨੂੰ ਰਗੜ ਕੇ ਹਰ ਸਿਆਣੀ ਸਵਾਣੀ ਘਰ ਵਿਚ ਰੱਖਦੀ ਤੇ ਲੋੜ ਪੈਣ ’ਤੇ ਇਹ ਦੇ ਦੇਣਾ ਤੇ ਸਭ ਕੁਝ ਠੀਕ ਜੇਕਰ ਕਿਸੇ ਛੋਟੇ ਬੱਚੇ ਨੂੰ ਕੋਈ ਮਾੜਾ-ਮੋਟਾ ਬੁਖਾਰ ਹੋਣਾ ਤਾਂ ਉਹਨੂੰ ਵੀ ਇਹ ਦੁਸ਼ਾਂਦਾ ਦੇ ਕੇ ਕਹਿਣਾ ਕਿ ਮਿੱਟੀ ’ਚ ਲਿਟੋ ਤਾਂ ਕਿ ਦੁਬਾਰਾ ਬੁਖਾਰ ਚੜ੍ਹੇ ਹੀ ਨਾ।
ਇਹ ਬਿਲਕੁਲ ਹਕੀਕੀ ਗੱਲਾਂ ਨੇ ਤੇ ਦਾਸ ਨੇ ਖੁਦ ਹੰਢਾਈਆਂ ਹਨ ਇਹ ਸਮੇਂ ਰਹੇ ਹਨ ਪੰਜਾਬ ਵਿੱਚ ਕੋਠਿਆਂ ਦੀਆਂ ਛੱਤਾਂ ਲਿੱਪਣ ਲਈ ਬਹੁਤ ਤਜ਼ਰਬੇ ਵਾਲੀ ਸਵਾਣੀ ਦੀ ਲੋੜ ਹੁੰਦੀ ਸੀ ਕਿਉਂਕਿ ਪਰਨਾਲੇ ਵਾਲੇ ਪਾਸੇ ਢਲਾਣ ਕਰਨ ਦੀ ਕਲਾ ਹਰ ਸਵਾਣੀ ਕੋਲ ਨਹੀਂ ਸੀ ਹੁੰਦੀ ਤਜ਼ਰਬੇ ਵਾਲੀ ਸਵਾਣੀ ਹੀ ਇਹ ਕਾਰਜ ਕਰਿਆ ਕਰਦੀ ਸੀ ਤੇ ਸਾਰੇ ਪਿੰਡ ਵਿੱਚ ਹੀ ਇਹੋ-ਜਿਹੇ ਸਮੇਂ ਉਸੇ ਸਵਾਣੀ ਨੂੰ ਬੁਲਾਇਆ ਜਾਂਦਾ ਰਿਹਾ ਹੈ। ਸੋ ਦੋਸਤੋ! ਓਹੀ ਗੱਲ ਹੈ ਕਿ ਸਮੇਂ-ਸਮੇਂ ਦੀ ਗੱਲ ਹੈ ਹੁਣ ਤਾਂ ਪਿੰਡਾਂ-ਸ਼ਹਿਰਾਂ ਵਿਚ ਕਿਧਰੇ ਕੱਚੇ ਘਰ ਹੀ ਨਹੀਂ ਰਹੇ ਹੁਣ ਇਹ ਗੱਲਾਂ ਸਭ ਬੀਤੇ ਦੀਆਂ ਹੋ ਕੇ ਰਹਿ ਗਈਆਂ ਹਨ ਪਰ ਇਹ ਸਭ ਸਮੇਂ ਦਾਸ ਨੇ ਵੇਖੇ ਤੇ ਹੰਢਾਏ ਹੋਏ ਹਨ ਇਸੇ ਲਈ ਆਪ ਸਭਨਾਂ ਨਾਲ ਇਹ ਗੱਲਾਂ ਸਾਂਝੀਆਂ ਕਰ ਲਈਦੀਆਂ ਹਨ।
ਜਸਵੀਰ ਸ਼ਰਮਾ, ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ