ਬਾਲ ਕਹਾਣੀ ਮਾਂ ਦਾ ਪਿਆਰ
‘ਛੱਡ, ਇਹ ਬੱਚਾ ਮੇਰਾ ਹੈ’। ‘ਨਹੀਂ, ਇਹ ਬੱਚਾ ਮੇਰਾ ਹੈ’। ‘ਇਸ ਬੱਚੇ ਨੂੰ ਛੱਡ ਦੇ ਨਹੀਂ ਤਾਂ ਤੈਨੂੰ ਜਾਨ ਤੋਂ ਮਾਰ ਦਿਆਂਗੀ’। ‘ਤੂੰ ਝੂਠ ਬੋਲਦੀ ਹੈਂ ਬੱਚਾ ਮੇਰਾ ਹੈ’। ਚੰਦਾ ਅਤੇ ਤਾਰਾ ਨਾਮਕ ਬੱਕਰੀਆਂ ਦੀ ਲੜਾਈ ਬਹੁਤ ਵੱਧ ਗਈ ਇਸ ਗੱਲ ਦਾ ਫੈਸਲਾ ਹੋਣਾ ਔਖਾ ਸੀ ਕਿ ਬੱਚਾ ਦੋਵਾਂ ’ਚੋਂ ਕਿਸ ਦਾ ਹੈ? ਦੋਵੇਂ ਹੀ ਬੱਚੇ ’ਤੇ ਆਪਣਾ-ਆਪਣਾ ਹੱਕ ਜਮਾ ਰਹੀਆਂ ਸਨ ਹੁਣ ਇਹ ਫੈਸਲਾ ਹੋਵੇ ਤਾਂ ਕਿਵੇਂ? ਲੜਾਈ ਦੇਖਣ ਲਈ ਭੀੜ ਇਕੱਠੀ ਹੋ ਗਈ ਸੀ ਫਿਰ ਭੀੜ ’ਚੋਂ ਨਿੱਕਲਦੇ ਹੋਏ ਭਾਲੂ ਨੇ ਕਿਹਾ, ‘ਠਹਿਰੋ, ਤੁਹਾਡੇ ਲੜਨ ਨਾਲ ਇਸ ਗੱਲ ਦਾ ਫੈਸਲਾ ਨਹੀਂ ਹੋਵੇਗਾ ਕਿ ਬੱਚਾ ਕਿਸ ਦਾ ਹੈ’।
ਭਾਲੂ ਦੀ ਆਵਾਜ਼ ਸੁਣ ਕੇ ਦੋਵੇਂ ਬੱਕਰੀਆਂ ਰੁਕ ਗਈਆਂ ਉੱਥੇ ਖੜੇ੍ਹ ਸਾਰੇ ਜਾਨਵਰ ਭਾਲੂ ਵੱਲ ਦੇਖਣ ਲੱਗੇ, ਮੰਨੋ ਉਹ ਸਾਰੇ ਪੁੱਛਣਾ ਚਾਹੁੰਦੇ ਸਨ ਕਿ ਇਸ ਦਾ ਫੈਸਲਾ ਕਿਵੇਂ ਹੋਵੇਗਾ?। ਹਾਥੀ ਨੇ ਕਿਹਾ, ‘ਇਸਦਾ ਫੈਸਲਾ ਕਦੇ ਹੋ ਹੀ ਨਹੀਂ ਸਕਦਾ’। ‘ਹੋ ਸਕਦਾ ਹੈ’ ਭਾਲੂ ਬੋਲਿਆ ‘ਕਿਵੇਂ?’ ਦੋਵਾਂ ਬੱਕਰੀਆਂ ਨੇ ਹੈਰਾਨੀ ਨਾਲ ਭਾਲੂ ਵੱਲ ਦੇਖਦੇ ਹੋਏ ਪੁੱਛਿਆ ‘ਸਾਡੇ ਜੰਗਲ ’ਚ ਵਕੀਲ ਪੈਂਗੂਵਿਨ ਰਹਿੰਦਾ ਹੈ ਉਹ ਬਹੁਤ ਤਜ਼ਰਬੇਕਾਰ ਹੈ ਉਹ ਇਸ ਦਾ ਫੈਸਲਾ ਕਰ ਦੇਵੇਗਾ ਕਿ ਇਹ ਬੱਚਾ ਕਿਸ ਦਾ ਹੈ’ ਭਾਲੂ ਬੋਲਿਆ
ਫਿਰ ਦੋਵਾਂ ਬੱਕਰੀਆਂ ਨੇ ਇਕੱਠਿਆਂ ਕਿਹਾ, ‘ਭਾਲੂ ਭਾਈ, ਸਾਨੂੰ ਉਸ ਕੋਲ ਲੈ ਚੱਲੋ’ ਦੇਖਦੇ ਹੀ ਦੇਖਦੇ ਪੂਰੀ ਭੀੜ ਦੇ ਨਾਲ ਦੋਵੇਂ ਬੱਕਰੀਆਂ ਬੱਚੇ ਦੇ ਨਾਲ ਵਕੀਲ ਪੈਂਗੂਵਿਨ ਦੇ ਕੋਲ ਪਹੁੰਚ ਗਈਆਂ ਭਾਲੂ ਨੇ ਪੈਂਗੂਵਿਨ ਨੂੰ ਦੋਵਾਂ ਬੱਕਰੀਆਂ ਦੀ ਲੜਾਈ ਦੀ ਕਹਾਣੀ ਸੁਣਾਈ ਅਤੇ ਬੱਚੇ ਨੂੰ ਉਸਦੇ ਸਾਹਮਣੇ ਕਰ ਦਿੱਤਾ ਪੈਂਗਵਿਨ ਬੱਚੇ ਨੂੰ ਦੇਖ ਕੇ ਮੁਸਕਰਾਇਆ ਫਿਰ ਉਸਨੇ ਦੋਵਾਂ ਬੱਕਰੀਆਂ ਨੂੰ ਕਿਹਾ, ‘ਸੱਚ-ਸੱਚ ਦੱਸੋ ਕਿ ਇਹ ਬੱਚਾ ਕਿਸ ਦਾ ਹੈ?’ ‘ਬੱਚਾ ਮੇਰਾ ਹੈ’ ਦੋਵੇਂ ਬੱਕਰੀਆਂ ਇਕੱਠੀਆਂ ਬੋਲ ਪਈਆਂ।
ਦੋਵਾਂ ਬੱਕਰੀਆਂ ਦੀਆਂ ਗੱਲਾਂ ਸੁਣ ਕੇ ਵਕੀਲ ਪੈਂਗਵਿਨ ਦੁਵਿਧਾ ’ਚ ਪੈ ਗਿਆ ਉਸ ਲਈ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਗਿਆ ਕਿ ਬੱਚੇ ਦੀ ਮਾਂ ਕੌਣ ਹੈ ਫਿਰ ਕੁਝ ਦੇਰ ਤੱਕ ਸੋਚਣ ਤੋਂ ਬਾਅਦ ਪੈਂਗੂਵਿਨ ਨੇ ਮੁਸਕੁਰਾ ਕੇ ਕਿਹਾ ਕਿ ਮੈਂ ਤੁਹਾਡੇ ਦੋਵਾਂ ਦੀ ਪ੍ਰੀਖਿਆ ਲਵਾਂਗਾ ਇਹ ਬੱਚਾ ਵਿਚਕਾਰ ਰਹੇਗਾ ਤੁਸੀਂ ਦੋਵੇਂ ਇਸਦੇ ਦੋਵੇਂ ਪਾਸੇ ਖੜੀਆਂ ਹੋ ਜਾਓ ਫਿਰ ਮੇਰਾ ਸੰਕੇਤ ਮਿਲਣ ’ਤੇ ਤੁਹਾਡੇ ਦੋਵਾਂ ’ਚੋਂ ਜੋ ਵੀ ਪਹਿਲਾਂ ਬੱਚੇ ਨੂੰ ਚੁੱਕ ਕੇ ਗੋਦ ’ਚ ਲੈ ਲਵੇਗੀ, ਬੱਚਾ ਉਸੇ ਨੂੰ ਮਿਲੇਗਾ।
ਵਕੀਲ ਪੈਂਗੂਵਿਨ ਦੀ ਇਸ ਗੱਲ ’ਤੇ ਸਾਰੇ ਜਾਨਵਰਾਂ ਨੂੰ ਹੈਰਾਨੀ ਹੋਈ। ‘ਮੈਂ ਤਿੰਨ ਤੱਕ ਗਿਣਾਂਗਾ ਤਿੰਨ ਕਹਿੰਦੇ ਹੀ ਬੱਚੇ ਨੂੰ ਚੁੱਕ ਲੈਣਾ’ਇੱਕ, ਦੋ, ਤਿੰਨ ਕਹਿੰਦੇ ਹੀ ਦੋਵੇਂ ਬੱਕਰੀਆਂ ਉਸ ਬੱਚੇ ’ਤੇ ਟੁੱਟ ਪਈਆਂ ਇੱਕ ਨੇ ਬੱਚੇ ਦੇ ਪੈਰ ਫੜ ਲਏ ਅਤੇ ਦੂਜੀ ਨੇ ਹੱਥ ਹੁਣ ਕੀ ਸੀ ਦੋਵਾਂ ਦੀ ਖਿੱਚੋਤਾਣ ’ਚ ਬੱਚਾ ਰੋਣ ਲੱਗਾ ਦਰਦ ਦੇ ਮਾਰੇ ਉਸ ਦੀ ਜਾਨ ਨਿੱਕਲੀ ਜਾ ਰਹੀ ਸੀ ਉੱਥੇ ਖੜ੍ਹੇ ਸਾਰੇ ਜਾਨਵਰ ਹੈਰਾਨੀ ਨਾਲ ਦੇਖ ਰਹੇ ਸਨ ਤਾਂ ਚੰਦਾ ਬੱਕਰੀ ਰੁਕ ਗਈ ਤੇ ਰੋ ਪਈ ਤਾਰਾ ਬੱਕਰੀ ਨੇ ਬੱਚੇ ਨੂੰ ਫੜ ਲਿਆ ਉਸਦੀਆਂ ਅੱਖਾਂ ’ਚ ਹੰਝੂ ਨਹੀਂ ਸਨ ‘ਕਿਉਂ ਵਕੀਲ ਸਾਹਿਬ, ਹੁਣ ਤਾਂ ਤੁਹਾਨੂੰ ਇਹ ਵਿਸ਼ਵਾਸ ਹੋ ਗਿਆ ਨਾ ਕਿ ਇਹ ਬੱਚਾ ਮੇਰਾ ਹੀ ਹੈ’ ਤਾਰਾ ਬੱਕਰੀ ਨੇ ਪੁੱਛਿਆ।
‘ਨਹੀਂ, ਇਹ ਬੱਚਾ ਤੇਰਾ ਨਹੀਂ ਹੈ’ ਪੈਂਗੂਵਿਨ ਬੋਲਿਆ। ‘ਇਹ ਤੁਸੀਂ ਕੀ ਕਹਿ ਰਹੇ ਹੋ?’ ਤਾਰਾ ਚੀਕੀ। ਪੈਂਗੂਵਿਨ ਨੇ ਕਿਹਾ, ‘ਉਹੀ ਕਹਿ ਰਿਹਾ ਹਾਂ ਜੋ ਸੱਚਾਈ ਹੈ ਕੀ ਕੋਈ ਅਜਿਹੀ ਮਾਂ ਇਸ ਸੰਸਾਰ ’ਚ ਹੈ ਜੋ ਆਪਣੇ ਹੀ ਬੱਚੇ ਨੂੰ ਖਿੱਚ-ਖਿੱਚ ਕੇ ਟੁਕੜੇ-ਟੁਕੜੇ ਕਰਨ ਨੂੰ ਤਿਆਰ ਹੋ ਜਾਵੇ? ਭਰਾਵੋ, ਦੱਸੋ ਕਿ ਅੱਜ ਤੱਕ ਤੁਸੀਂ ਅਜਿਹੀ ਮਾਂ ਨੂੰ ਦੇਖਿਆ ਹੈ? ਬੱਚਾ ਦਰਦ ਨਾਲ ਚੀਕ ਰਿਹਾ ਸੀ ਪਰ ਤਾਰਾ ਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ ਕੁਝ ਦੇਰ ਤੱਕ ਬੱਚੇ ਨੂੰ ਪਾਉਣ ਲਈ ਚੰਦਾ ਕੋਸ਼ਿਸ਼ ਕਰਦੀ ਰਹੀ ਪਰ ਜਦੋਂ ਬੱਚਾ ਦਰਦ ਨਾਲ ਤੜਫਣ ਲੱਗਾ ਤਾਂ ਉਸ ਤੋਂ ਇਹ ਦੇਖਿਆ ਨਹੀਂ ਗਿਆ ਤੇ ਉਸਨੇ ਰੋਂਦੇ ਹੋਏ ਬੱਚੇ ਨੂੰ ਛੱਡ ਦਿੱਤਾ ਅਸਲ ’ਚ ਇਹੀ ਮਾਂ ਦੀ ਮਮਤਾ ਹੈ, ਭਾਵ ਬੱਚੇ ਦੀ ਅਸਲੀ ਮਾਂ ਚੰਦਾ ਬੱਕਰੀ ਹੀ ਹੈ’। ਜਾਨਵਰਾਂ ਦੀ ਭੀੜ ਵਕੀਲ ਪੈਂਗੂਵਿਨ ਦੇ ਇਸ ਫੈਸਲੇ ’ਤੇ ਹੈਰਾਨ ਸੀ ਤਾਰਾ ਬੱਕਰੀ ਦਾ ਸਿਰ ਸ਼ਰਮ ਨਾਲ ਝੁਕ ਗਿਆ ਉਸਨੇ ਚੁੱਪਚਾਪ ਬੱਚੇ ਨੂੰ ਚੰਦਾ ਬੱਕਰੀ ਨੂੰ ਸੌਂਪ ਦਿੱਤਾ।
-ਨਰਿੰਦਰ ਦੇਵਾਂਗਨ