ਵਧਦੇ ਹੋਏ ਬੱਚੇ ਨਾਲ ਕਿਵੇਂ ਆਈਏ ਪੇਸ਼? Growing child ਜੇਕਰ ਤੁਸੀਂ ਕਿਸੇ ਬੱਚੇ ਦੇ ਮਾਂ-ਬਾਪ ਨੂੰ ਮਿਲੋ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਬੱਚੇ ਬਾਰੇ ਪੁੱਛੋ ਤਾਂ ਯਕੀਨਨ ਉਨ੍ਹਾਂ ਦੀ ਹਰ ਸਮੱਸਿਆ ਉਨ੍ਹਾਂ ਦੇ ਬੱਚੇ ਬਾਰੇ ਹੀ ਹੋਵੇਗੀ ਇੱਥੋਂ ਤੱਕ ਕਿ ਕੁਝ ਮਾਵਾਂ ਤਾਂ ਆਪਣੇ ਬੱਚਿਆਂ ਨੂੰ ਸਕੂਲ ਭੇਜ ਕੇ ਸੁੱਖ ਦਾ ਸਾਹ ਲੈਂਦੀਆਂ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਿਆਂ ਨਾਲ ਉਨ੍ਹਾਂ ਦੇ ਸਾਰੇ ਕੰਮ ਅਧੂਰੇ ਰਹਿ ਜਾਂਦੇ ਹਨ ਅਤੇ ਬੱਚਿਆਂ ਦੀ ਆਪਸੀ ਲੜਾਈ ਦੇ ਚੱਲਦਿਆਂ ਉਹ ਆਪਣਾ ਕੋਈ ਵੀ ਕੰਮ ਨਹੀਂ ਕਰ ਸਕਦੀਆਂ
ਕਾਨਪੁਰ ਦੀ ਮਿਸੇਜ ਵਰਮਾ ਅਨੁਸਾਰ ‘ਇਹ ਦੋਵੇਂ ਮਿਲ ਕੇ ਤਾਂ ਪੂਰਾ ਘਰ ਸਿਰ ’ਤੇ ਚੁੱਕ ਲੈਂਦੇ ਹਨ’ ਕਈ ਵਾਰ ਤਾਂ ਭੈਣ-ਭਰਾ ਦੀ ਇਹ ਲੜਾਈ ਐਨੀ ਵਧ ਜਾਂਦੀ ਹੈ ਕਿ ਕਈ ਮਾਵਾਂ ਨੂੰ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਕੁੱਟਣਾ ਤੱਕ ਪੈਂਦਾ ਹੈ
Table of Contents
ਆਓ! ਜਾਣਦੇ ਹਾਂ ਕਿ ਬੱਚਿਆਂ ਦੀਆਂ ਅਜਿਹੀਆਂ ਹੀ ਕੁਝ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ:-
ਗੁੱਸੇ ਦਾ ਦੌਰਾ ਪੈਣ ’ਤੇ
ਕਦੇ ਵੀ ਜੇਕਰ ਤੁਹਾਨੂੰ ਬੱਚਾ ਗੁੱਸੇ ’ਚ ਦਿਸੇ ਤਾਂ ਉਸ ’ਤੇ ਹਮਦਰਦੀ ਦਿਖਾਉਣ ਦੀ ਬਜਾਏ ਉਸ ਨੂੰ ਥੋੜ੍ਹੀ ਦੇਰ ਉਵੇਂ ਹੀ ਛੱਡ ਦਿਓ ਬੱਚੇ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ ਬੱਚੇ ਨੂੰ ਮਨਾਉਣ ਲਈ ਉਸ ਦੀਆਂ ਬੇਵਜ੍ਹਾ ਮੰਗਾਂ ਨੂੰ ਪੂਰਾ ਨਾ ਕਰੋ ਬੱਚੇ ਨੂੰ ਏਕਾਂਤ ’ਚ ਕੁਝ ਦੇਰ ਛੱਡ ਦਿਓ ਅਤੇ ਫਿਰ ਥੋੜ੍ਹੀ ਦੇਰ ਬਾਅਦ ਉਸ ਦੇ ਗੁੱਸੇ ਦੇ ਸ਼ਾਂਤ ਹੋਣ ’ਤੇ ਉਸ ਨਾਲ ਗੱਲ ਕਰੋ
ਜੇਕਰ ਬੱਚਾ ਕੋਈ ਚੰਗਾ ਕੰਮ ਕਰਦਾ ਹੈ ਤਾਂ ਤੁਹਾਡੇ ਪਿਆਰ ਨੂੰ ਦਰਸਾਉਂਦਾ ਹੋਇਆ ਉਸ ਕੰਮ ਦਾ ਕੋਈ ਛੋਟਾ ਜਿਹਾ ਤੋਹਫਾ ਉਸ ਨੂੰ ਮਿਲਣਾ ਚਾਹੀਦਾ ਹੈ ਅਤੇ ਹਰ ਗਲਤ ਕੰਮ ਲਈ ਉਸ ਨੂੰ ਤੁਰੰਤ ਸਜ਼ਾ ਪਰ ਛੋਟੀ ਜਿਹੀ, ਮਿਲਣੀ ਚਾਹੀਦੀ ਹੈ ਜਿਸ ਨਾਲ ਉਸ ਨੂੰ ਚੰਗੇ-ਮਾੜੇ ਕੰਮ ਦੀ ਪਹਿਚਾਣ ਹੋਵੇ
ਭਰਾ-ਭੈਣ ਦੀ ਆਪਸੀ ਲੜਾਈ
ਜ਼ਰੂਰੀ ਨਹੀਂ ਕਿ ਇੱਕ ਹੀ ਮਾਂ-ਬਾਪ ਦੀ ਔਲਾਦ ਹੋਣ ਦਾ ਇਹ ਮਤਲਬ ਹੈ ਕਿ ਦੋਵਾਂ ਬੱਚਿਆਂ ਦੇ ਵਿਚਾਰ ਵੀ ਇੱਕ ਹੋਣ ਅਤੇ ਉਹ ਦੋਵੇਂ ਪਿਆਰ ਨਾਲ ਰਹਿਣ ਭੈਣ-ਭਰਾ ਹੋਣ ’ਤੇ ਵੀ ਬੱਚਿਆਂ ਦੇ ਸੁਭਾਅ ’ਚ ਫਰਕ ਹੁੰਦਾ ਹੀ ਹੈ ਪਹਿਲੀ ਗੱਲ ਤਾਂ ਮਾਂ-ਬਾਪ ਨੂੰ ਬੱਚਿਆਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਖੁਦ ਹੀ ਸੁਲਝਾਉਣ ਦੇਣਾ ਚਾਹੀਦਾ ਹੈ ਪਰ ਜੇਕਰ ਲੜਾਈ ’ਚ ਤੁਹਾਨੂੰ ਹਿੱਸਾ ਲੈਣਾ ਹੀ ਪੈ ਰਿਹਾ ਹੋਵੇ ਤਾਂ ਆਪਣਾ ਫੈਸਲਾ ਕਦੇ ਵੀ ਉਨ੍ਹਾਂ ’ਤੇ ਨਹੀਂ ਥੋਪਣਾ ਚਾਹੀਦਾ ਬੱਚਿਆਂ ਨੂੰ ਮਿਲ ਕੇ ਰਹਿਣ ਅਤੇ ਖਾਣ ਦਾ ਤਰੀਕਾ ਦੱਸੋ ਉਨ੍ਹਾਂ ਨੂੰ ਦੱਸੋ ਕਿ ਅੱਜ ਜੇਕਰ ਉਹ ਇਕੱਲੇ ਹਨ ਤਾਂ ਕੱਲ੍ਹ ਨੂੰ ਕੋਈ ਹੋਰ ਵੀ ਉਨ੍ਹਾਂ ਨਾਲ ਹੋ ਸਕਦਾ ਹੈ
ਖਾਣ-ਪੀਣ ਨਾਲ ਜੁੜੀਆਂ ਸਮੱਸਿਆਵਾਂ
ਇਹ ਵੀ ਇੱਕ ਵੱਡੀ ਅਤੇ ਗੰਭੀਰ ਸਮੱਸਿਆ ਹੈ ਜਿਸ ਨਾਲ ਆਮ ਤੌਰ ’ਤੇ ਮਾਂ-ਬਾਪ ਜੂਝਦੇ ਨਜ਼ਰ ਆਉਂਦੇ ਹਨ ਖਾਣੇ ਦੇ ਟੇਬਲ ’ਤੇ ਬਣੇ ਖਾਣੇ ਤੋਂ ਦੂਰ ਭੱਜਦੇ ਬੱਚੇ ਜਾਂ ਉਨ੍ਹਾਂ ਚੀਜ਼ਾਂ ਨੂੰ ਦੇਖ ਕੇ ਨੱਕ ਮਰੋੜਦੇ ਹੋਏ ਬੱਚਿਆਂ ਨਾਲ ਮਾਂ-ਬਾਪ ਜ਼ਿਆਦਾਤਰ ਘਿਰੇ ਰਹਿੰਦੇ ਹਨ ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਕੁਝ ਖੁਆਉਣ ਦੀ ਕੋਸ਼ਿਸ਼ ਕਰੋ ਜੇਕਰ ਉਸ ਨਾਲ ਵੀ ਉਹ ਨਾ ਮੰਨਣ ਤਾਂ ਹਫਤੇ ’ਚ ਇੱਕ ਵਾਰ ਕੁਝ ਅਜਿਹਾ ਕਰੋ ਜਿਸ ਤੋਂ ਪ੍ਰੇਰਿਤ ਹੋ ਕੇ ਬੱਚਾ ਖਾਣੇ ਨੂੰ ਹੀਣ ਨਜ਼ਰ ਨਾਲ ਨਾ ਦੇਖੇ ਇਸ ਲਈ ਤੁਸੀਂ ਸ਼ਾਮ ਦੇ ਸਮੇਂ ਆਸ-ਪਾਸ ਦੇ ਬੱਚਿਆਂ ਦਾ ਛੋਟਾ ਜਿਹਾ ‘ਗੈੱਟ-ਟੂ-ਗੈਦਰ’ ਰੱਖੋ ਜਿਸ ਨਾਲ ਬੱਚੇ ਨੂੰ ਖਾਣੇ ਦੀ ਆਦਤ ਪਵੇਗੀ ਆਪਣੀ ਫਰਿੱਜ਼ ’ਚ ਕੁਝ ਨਾ ਕੁਝ ਅਜਿਹੀਆਂ ਚੀਜ਼ਾਂ ਹਮੇਸ਼ਾ ਰੱਖੋ ਜਿਸ ਨਾਲ ਬੱਚਾ ਭੁੱਖਾ ਨਾ ਰਹਿ ਸਕੇ
ਬੱਚਿਆਂ ਦੀ ਚੀਜ਼ਾਂ ਦੀ ਮੰਗ
ਅੱਜ-ਕੱਲ੍ਹ ਦੇ ਬੱਚੇ ਤਾਂ ਜਿਵੇਂ ਬਾਜ਼ਾਰ ’ਚ ਉਪਲੱਬਧ ਨਵੇਂ ਉਤਪਾਦਾਂ ਦੇ ਦੀਵਾਨੇ ਹੋ ਚੁੱਕੇ ਹਨ ਇੱਥੋਂ ਤੱਕ ਕਿ ਇਹ ਨਵੀਂ ਪੀੜ੍ਹੀ ਦੇ ਬੱਚੇ ਆਪਣੇ ਮਾਂ-ਬਾਪ ਨੂੰ ਕਿਸੇ ਕ੍ਰੇਡਿਟ ਕਾਰਡ ਤੋਂ ਘੱਟ ਨਹੀਂ ਸਮਝਦੇ ਅਜਿਹੇ ’ਚ ਇਹ ਸਮੱਸਿਆ ਮਾਂ-ਬਾਪ ਲਈ ਇੱਕ ਬੇਹੱਦ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ
ਮਾਂ-ਬਾਪ ਨੂੰ ਚਾਹੀਦਾ ਹੈ ਕਿ ਉਹ ਸਮਾਜ ’ਚ ਰਹਿ ਰਹੇ ਹੋਰ ਅਤਿਅੰਤ ਗਰੀਬ ਬੱਚਿਆਂ ਦੀ ਉਦਾਹਰਨ ਦੇਣ ਅਤੇ ਉਨ੍ਹਾਂ ਨੂੰ ਸਮਝਾਉਣ ਕਿ ਉਨ੍ਹਾਂ ਗਰੀਬ ਬੱਚਿਆਂ ਕੋਲ ਤਾਂ ਕੁਝ ਵੀ ਨਹੀਂ ਹੈ, ਤੇ ਫਿਰ ਵੀ ਉਹ ਵਿਚਾਰੇ ਮਿਹਨਤ ਨਾਲ ਕਮਾ ਰਹੇ ਹਨ, ਕੁਝ ਕਰ ਰਹੇ ਹਨ ਯਕੀਨ ਮੰਨੋ, ਇਸ ਉਦਾਹਰਨ ਨਾਲ ਤੁਹਾਡੇ ਬੱਚੇ ਦੇ ਕੋਮਲ ਹਿਰਦੇ ’ਤੇ ਜ਼ਰੂਰ ਅਸਰ ਪਵੇਗਾ ਨਾਲ ਹੀ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਦਾ ਹਵਾਲਾ ਦਿਓ ਅਤੇ ਉਨ੍ਹਾਂ ਨੂੰ ਦੱਸੋ ਕਿ ਹਰ ਮੰਗ ਨੂੰ ਪੂਰਾ ਕਰਨਾ ਤੁਹਾਡੇ ਲਈ ਸੌਖਾ ਨਹੀਂ ਪਰ ਫਿਰ ਵੀ ਕਦੇ-ਕਦੇ ਆਪਣੇ ਬਜਟ ’ਚੋਂ ਥੋੜ੍ਹਾ ਜਿਹਾ ਆਪਣੇ ਬੱਚੇ ’ਤੇ ਵੀ ਖਰਚ ਕਰੋ ਇਸ ਨਾਲ ਉਹ ਆਪਣੇ-ਆਪ ਨੂੰ ਅਣਗੌਲਿਆ ਨਹੀਂ ਸਮਝੇਗਾ
ਕਿਸ਼ੋਰ ਅਵਸਥਾ ਨਾਲ ਸਬੰਧਿਤ ਸਮੱਸਿਆਵਾਂ
ਜੇਕਰ ਤੁਹਾਡਾ ਬੱਚਾ ਵੀ ਉਮਰ ਦੇ ਇਸ ਪੜਾਅ ’ਚੋਂ ਲੰਘ ਰਿਹਾ ਹੈ ਤਾਂ ਤੁਹਾਨੂੰ ਕਾਫੀ ਅਲਰਟ ਰਹਿਣਾ ਪੈ ਸਕਦਾ ਹੈ ਨਾ ਕਹਿਣਾ ਕਦੇ-ਕਦੇ ਸਹੀ ਹੁੰਦਾ ਹੈ ਅਤੇ ਕਦੇ ਜ਼ਿਆਦਾ ਵਾਰ ‘ਨਾ’ ਕਹਿਣ ਨਾਲ ਉਨ੍ਹਾਂ ਦੇ ਉੱਪਰ ਇਸ ਦਾ ਉਲਟ ਅਸਰ ਪੈ ਸਕਦਾ ਹੈ ਵਧਦੇ ਹੋਏ ਬੱਚੇ ਆਪਣੇ ਆਸ-ਪਾਸ ਦੇ ਮਾਹੌਲ ’ਚ ਇੱਕ ‘ਰੋਲ ਮਾਡਲ’ ਲੱਭਦੇ ਹਨ, ਇਸ ਲਈ ਤੁਸੀਂ ਕੀ ਹੋ ਅਤੇ ਤੁਸੀਂ ਕੀ ਕਰਦੇ ਹੋ, ਇਸ ਦਾ ਉਨ੍ਹਾਂ ’ਤੇ ਹਰ ਤਰ੍ਹਾਂ ਅਸਰ ਪੈਂਦਾ ਹੈ ਆਪਣੀ ਜ਼ਿੰਦਗੀ ’ਚ ਆਈ ਤੇਜ਼ੀ ਨੂੰ ਥੋੜ੍ਹਾ ਜਿਹਾ ਘੱਟ ਕਰੋ ਅਤੇ ਕਿਸ਼ੋਰ ਬੱਚਿਆਂ ਦੇ ਨਾਲ ਘਰ ’ਚ ਕੁਝ ਸਮਾਂ ਬਿਤਾਓ
ਆਪਣੇ ਬੱਚਿਆਂ ਨੂੰ ਲੈ ਕੇ ਸੁਫਨੇ ਦੇਖਣਾ ਚੰਗੀ ਗੱਲ ਹੈ ਪਰ ਉਨ੍ਹਾਂ ’ਤੇ ਵਾਰ-ਵਾਰ ਉਸੇ ਗੱਲ ਨੂੰ ਲੈ ਕੇ ਜ਼ੋਰ ਪਾਉਣ ਨਾਲ, ਜਾਂ ਦੂਜਿਆਂ ਦੇ ਸਾਹਮਣੇ ਉਨ੍ਹਾਂ ਦਾ ਹਰ ਸਮੇਂ ਜ਼ਿਕਰ ਕਰਨ ਨਾਲ ਉਹ ਬੇਵਜ੍ਹਾ ਗੁੱਸਾ ਜਾਂ ਅਜਿਹੀਆਂ ਹੀ ਕਈ ਹੋਰ ਸਮੱਸਿਆਵਾਂ ਨਾਲ ਘਿਰ ਸਕਦੇ ਹਨ, ਇਸ ਲਈ ਆਪਣੇ ਬੱਚਿਆਂ ਲਈ ਚਿੰਤਾ ਕਰਨਾ ਛੱਡ ਕੇ ਉਨ੍ਹਾਂ ਨੂੰ ਦਿਓ ਇੱਕ ਅਜਿਹਾ ਕੱਲ੍ਹ ਜਿਸ ਦੀ ਖਵਾਹਿਸ਼ ਉਹ ਕਰਦੇ ਹੋਣ
-ਤਰੰਨੁਮ ਅਤਹਰ