ਛੁੱਟੀਆਂ ’ਚ ਮਾਪਿਆਂ ਦੀ ਜ਼ਿੰਮੇਵਾਰੀ
ਗਰਮੀ ਦੀਆਂ ਛੁੱਟੀਆਂ ਆ ਗਈਆਂ ਹਨ ਛੁੱਟੀਆਂ ਦਾ ਮਤਲਬ ਮਸਤੀ ਨਾਲ ਹੈ ਅਰਥਾਤ ਬੱਚਿਆਂ ਲਈ ਢੇਰ ਸਾਰੀ ਮਸਤੀ ਲੈ ਕੇ ਆਉਂਦੀਆਂ ਹਨ ਇਹ ਛੁੱਟੀਆਂ ਪਰ ਬੱਚਿਆਂ ਲਈ ਅੱਜ-ਕੱਲ੍ਹ ਛੁੱਟੀਆਂ ਦੀ ਉਹ ਮਸਤੀ ਵਾਲੀ ਗੱਲ ਨਹੀਂ ਰਹੀ ਜੋ ਪਹਿਲਾਂ ਕਦੇ ਹੋਇਆ ਕਰਦੀ ਸੀ ਅੱਜ ਉਨ੍ਹਾਂ ਦੀ ਇਹ ਮਸਤੀ ਯੰਤਰਿਕ ਹੋ ਕੇ ਰਹਿ ਗਈ ਹੈ ਕਿਉਂਕਿ ਮੋਬਾਈਲ ਨੇ ਬੱਚਿਆਂ ਦੀ ਮਸਤੀ ਖੋਹ ਲਈ ਹੈ ਉਨ੍ਹਾਂ ਨੂੰ ਇਸ ਤੋਂ ਹੀ ਵਿਹਲ ਨਹੀਂ ਹੈ ਪਰ ਇਸ ’ਚ ਸਿਰਫ ਉਨ੍ਹਾਂ ਦਾ ਹੀ ਕਸੂਰ ਨਹੀਂ ਹੈ, ਇਸ ’ਚ ਮਾਂ-ਬਾਪ ਵੀ ਬਰਾਬਰ ਦੇ ਕਸੂਰਵਾਰ ਹਨ
ਮੀਡੀਆ ’ਚ ਇਸ ਬਾਰੇ ਕਈ ਵਾਰ ਰਿਪੋਰਟ ਪ੍ਰਕਾਸ਼ਿਤ ਹੋ ਚੁੱਕੀ ਹੈ, ਜਿਸ ਵਿਚ ਚਿਤਾਵਨੀ ਭਰੇ ਲਹਿਜ਼ੇ ’ਚ ਬੱਚਿਆਂ ਨੂੰ ਇਨ੍ਹਾਂ ਡਿਵਾਈਜਸਾਂ ਤੋਂ ਦੂਰ ਜਾਂ ਇਨ੍ਹਾਂ ਦੀ ਘੱਟ ਵਰਤੋਂ ਬਾਰੇ ਕਿਹਾ ਜਾਂਦਾ ਹੈ ਪਰ ਹਾਲੇ ਤੱਕ ਇਸ ਰੁਝਾਨ ’ਚ ਕੋਈ ਕਮੀ ਨਹੀਂ ਮਾਪੀ ਗਈ ਦਿਨੋਂ-ਦਿਨ ਇਸ ਦੀ ਵਰਤੋਂ ਵਧਦੀ ਜਾ ਰਹੀ ਹੈ ਇਸ ਦਾ ਅਸਰ ਬੱਚਿਆਂ ਦੀ ਸਿਹਤ ’ਤੇ ਪੈ ਰਿਹਾ ਹੈ ਇਸ ਨਾਲ ਜਿੱਥੇ ਬੱਚੇ ਸਿਹਤ ਪੱਖੋਂ ਕਮਜ਼ੋਰ ਹੁੰਦੇ ਜਾ ਰਹੇ ਹਨ, ਉੱਥੇ ਵਿਹਾਰਕ ਗਿਆਨ ਤੋਂ ਵੀ ਉਹ ਪਛੜਦੇ ਜਾ ਰਹੇ ਹਨ ਉਨ੍ਹਾਂ ’ਚ ਸਮਾਜਿਕ ਗਿਆਨ ਅਲੋਪ ਹੁੰਦਾ ਜਾ ਰਿਹਾ ਹੈ
ਦੇਖਣ ’ਚ ਆਉਂਦਾ ਹੈ ਕਿ ਹੁਣ ਉਨ੍ਹਾਂ ’ਚ ਪਰਿਵਾਰ ਨਾਲ ਮਿਲਜੁਲ ਕੇ ਰਹਿਣ ਦੀ ਉਹ ਭਾਵਨਾ ਨਹੀਂ ਰਹੀ ਜਿਸ ਦਾ ਕਿਸੇ ਜ਼ਮਾਨੇ ’ਚ ਖਾਸ ਮਹੱਤਵ ਹੋਇਆ ਕਰਦਾ ਸੀ ਚਲੋ ਗਰਮੀ ਦੀਆਂ ਇਨ੍ਹਾਂ ਛੁੱਟੀਆਂ ਨੂੰ ਹੀ ਲੈ ਲਈਏ, ਪਹਿਲਾਂ ਬੱਚੇ ਕਿੰਨੀ ਮਸਤੀ ਕਰਦੇ ਸਨ ਨਾਨਾ-ਨਾਨੀ, ਦਾਦਾ-ਦਾਦੀ ਦੇ ਘਰ ਜਾਣ ਦੀ ਇੱਕ ਵੱਖਰੀ ਹੀ ਖੁਸ਼ੀ ਹੋਇਆ ਕਰਦੀ ਸੀ ਛੁੱਟੀਆਂ ਦਾ ਨਾਂਅ ਸੁਣਦੇ ਹੀ ਆਪਣੇ ਵੱਡਿਆਂ ਨਾਲ ਮਸਤੀ ਮਾਰਨ ਦੇ ਸੁਫਨੇ ਸੱਜ ਜਾਂਦੇ ਉਨ੍ਹਾਂ ਦੇ ਨਾਲ ਹੱਸਦੇ-ਖੇਡਦੇ, ਕਹਾਣੀਆਂ ਸੁਣਦੇ ਖੇਤ-ਖਲਿਹਾਨਾਂ ’ਚ ਜਾਂਦੇ ਰੁੱਖਾਂ ਦੀ ਛਾਂ ਦਾ ਅਨੰਦ ਲੈਂਦੇ ਕੁਦਰਤ ਨੂੰ ਲੇੜਿਓਂ ਤੱਕਦੇ ਕਿੰਨੀ ਵੀ ਲੋਅ ਚੱਲੇ ਅਤੇ ਕਿੰਨੀ ਵੀ ਧੁੱਪ ਹੁੰਦੀ, ਟੋਲੀਆਂ ਬਣਾ ਕੇ ਖੇਡਦੇ ਕੀ ਮਜ਼ਾਲ ਕੋਈ ਬਿਮਾਰ ਹੋ ਜਾਂਦਾ ਜਾਂ ਕਿਸੇ ਨੂੰ ਗਰਮੀ ਆਦਿ ਦੀ ਪਰਵਾਹ ਹੁੰਦੀ ਪਰ ਅੱਜ ਇਹ ਸਭ ਗਾਇਬ ਹੋ ਗਿਆ ਹੈ
ਉਹੀ ਬਚਪਨ ਹੈ, ਉਹੀ ਕੋਮਲ ਮਨ ਹੈ ਪਰ ਨਹੀਂ ਹੈ ਤਾਂ ਬਚਪਨ ਦੀ ਉਹ ਮੌਜ-ਮਸਤੀ ਨਹੀਂ ਹੈ ਟੋਲੀਆਂ ਬਣਾ ਕੇ ਘੁੰਮਣ ਦੇ ਉਹ ਅੰਦਾਜ਼ ਨਹੀਂ ਹਨ ਉਹ ਮੇਲ-ਮਿਲਾਪ ਨਹੀਂ ਹੈ ਪਰ ਇਸ ਲਈ ਦੋਸ਼ੀ ਬੱਚੇ ਨਹੀਂ, ਉਨ੍ਹਾਂ ਦੇ ਵੱਡੇ ਹਨ ਕਿਉਂਕਿ ਬੱਚੇ ਤਾਂ ਉਹ ਸਿੱਖਦੇ ਹਨ, ਜੋ ਉਨ੍ਹਾਂ ਨੂੰ ਦਿਸਦਾ ਹੈ ਜਾਂ ਸਿਖਾਇਆ ਜਾਂਦਾ ਹੈ ਅਤੇ ਇਹੀ ਅੱਜ-ਕੱਲ੍ਹ ਹੋ ਰਿਹਾ ਹੈ ਵੱਡਿਆਂ ਕੋਲ ਆਪਣੇ ਬੱਚਿਆਂ ਲਈ ਟਾਈਮ ਹੀ ਕਿੱਥੇ ਹੈ? ਉਨ੍ਹਾਂ ਨੂੰ ਕੰਮ-ਧੰਦੇ ਤੋਂ ਹੀ ਵਿਹਲ ਨਹੀਂ ਹੈ ਬੱਚੇ ਕੀ ਕਰ ਰਹੇ ਹਨ ਅਤੇ ਕੀ ਨਹੀਂ, ਉਨ੍ਹਾਂ ਨੂੰ ਕੀ ਸਿਖਾਉਣਾ ਹੈ ਕੀ ਨਹੀਂ, ਇਸ ਸਭ ਦੀ ਵਿਹਲ ਹੀ ਕਿੱਥੇ ਹੈ? ਦਰਅਸਲ, ਛੁੱਟੀਆਂ ’ਚ ਬੱਚਿਆਂ ਦੇ ਨਾਲ-ਨਾਲ ਮਾਪਿਆਂ ਦੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ ਸਕੂਲਾਂ ’ਚ ਤਾਂ ਬੱਚੇ ਸਿੱਖਦੇ ਹੀ ਹਨ, ਪਰ ਛੁੱਟੀਆਂ ’ਚ ਜੇਕਰ ਮਾਪੇ ਬੱਚਿਆਂ ਨੂੰ ਕੁਝ ਨਵਾਂ ਅਤੇ ਬਿਹਤਰ ਸਿਖਾਉਣ ਦੀ ਧਾਰ ਲੈਣ, ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ
ਤਾਂ ਆਓ! ਜਾਣਦੇ ਹਾਂ ਇਨ੍ਹਾਂ ਛੁੱਟੀਆਂ ’ਚ ਮਾਪੇ ਆਪਣੀ ਜਿੰਮੇਵਾਰੀ ਨਾਲ ਬੱਚਿਆਂ ਨੂੰ ਕੀ-ਕੀ ਅਤੇ ਕਿਵੇਂ ਸਿਖਾ ਸਕਦੇ ਹਨ:-
- ਆਪਣੇ ਬੱਚਿਆਂ ਦੇ ਨਾਲ ਘੱਟੋ-ਘੱਟ ਦੋ ਵਾਰ ਖਾਣਾ ਜ਼ਰੂਰ ਖਾਓ ਉਨ੍ਹਾਂ ਨੂੰ ਕਿਸਾਨਾਂ ਦੇ ਮਹੱਤਵ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਬਾਰੇ ਦੱਸੋ ਅਤੇ ਉਨ੍ਹਾਂ ਨੂੰ ਦੱਸੋ ਕਿ ਆਪਣਾ ਖਾਣਾ ਬੇਕਾਰ ਨਾ ਕਰਨ
- ਖਾਣੇ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਪਲੇਟ ਖੁਦ ਧੋਣ ਦਿਓ ਇਸ ਤਰ੍ਹਾਂ ਦੇ ਕੰਮਾਂ ਨਾਲ ਬੱਚੇ ਮਿਹਨਤ ਦੀ ਕੀਮਤ ਸਮਝਣਗੇ
- ਉਨ੍ਹਾਂ ਨੂੰ ਆਪਣੇ ਨਾਲ ਖਾਣਾ ਬਣਾਉਣ ’ਚ ਮੱਦਦ ਕਰਨ ਦਿਓ ਉਨ੍ਹਾਂ ਨੂੰ ਉਨ੍ਹਾਂ ਲਈ ਸਬਜ਼ੀ ਜਾਂ ਫਿਰ ਸਲਾਦ ਬਣਾਉਣ ਦਿਓ
- ਤਿੰਨ ਗੁਆਂਢੀਆਂ ਦੇ ਘਰ ਜਾਓ ਉਨ੍ਹਾਂ ਬਾਰੇ ਜਾਣੋ ਅਤੇ ਨੇੜਤਾ ਵਧਾਓ
- ਦਾਦਾ-ਦਾਦੀ/ਨਾਨਾ-ਨਾਨੀ ਦੇ ਘਰ ਜਾਓ ਅਤੇ ਉਨ੍ਹਾਂ ਨੂੰ ਬੱਚਿਆਂ ਨਾਲ ਘੁਲਣ-ਮਿਲਣ ਦਿਓ ਉਨ੍ਹਾਂ ਦਾ ਪਿਆਰ ਅਤੇ ਭਾਵਨਾਤਮਕ ਸਹਾਰਾ ਤੁਹਾਡੇ ਬੱਚਿਆਂ ਲਈ ਬਹੁਤ ਜ਼ਰੂਰੀ ਹੈ ਉਨ੍ਹਾਂ ਨਾਲ ਫੋਟੋਆਂ ਖਿੱਚੋ
- ਉਨ੍ਹਾਂ ਨੂੰ ਆਪਣੇ ਕੰਮ ਕਰਨ ਦੀ ਜਗ੍ਹਾ ’ਤੇ ਲੈ ਕੇ ਜਾਓ, ਜਿਸ ਨਾਲ ਉਹ ਸਮਝ ਸਕਣ ਕਿ ਤੁਸੀਂ ਪਰਿਵਾਰ ਲਈ ਕਿੰਨੀ ਮਿਹਨਤ ਕਰਦੇ ਹੋ
- ਕਿਸੇ ਵੀ ਸਥਾਨਕ ਤਿਉਹਾਰ ਜਾਂ ਸਥਾਨਕ ਬਾਜ਼ਾਰ ਨੂੰ ਮਿਸ ਨਾ ਕਰੋ
- ਆਪਣੇ ਬੱਚਿਆਂ ਨੂੰ ਕਿਚਨ ਗਾਰਡਨ ਬਣਾਉਣ ਲਈ ਬੀਜ ਬੀਜਣ ਲਈ ਪ੍ਰੇਰਿਤ ਕਰੋ ਰੁੱਖ-ਬੂਟਿਆਂ ਬਾਰੇ ਜਾਣਕਾਰੀ ਹੋਣਾ ਵੀ ਤੁਹਾਡੇ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ
- ਆਪਣੇ ਬਚਪਨ ਅਤੇ ਆਪਣੇ ਪਰਿਵਾਰ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਦੱਸੋ
- ਆਪਣੇ ਬੱਚਿਆਂ ਨੂੰ ਬਾਹਰ ਜਾ ਕੇ ਖੇਡਣ ਦਿਓ, ਸੱਟ ਲੱਗਣ ਦਿਓ, ਗੰਦਾ ਹੋਣ ਦਿਓ ਕਦੇ-ਕਦੇ ਡਿੱਗਣਾ ਤੇ ਦਰਦ ਸਹਿਣਾ ਉਨ੍ਹਾਂ ਲਈ ਚੰਗਾ ਹੈ ਸੋਫੇ ਦੇ ਕੁਸ਼ਨ ਵਰਗੀ ਅਰਾਮਦਾਇਕ ਜ਼ਿੰਦਗੀ ਤੁਹਾਡੇ ਬੱਚਿਆਂ ਨੂੰ ਆਲਸੀ ਬਣਾ ਦੇਵੇਗੀ
- ਉਨ੍ਹਾਂ ਨੂੰ ਕੋਈ ਪਾਲਤੂ ਜਾਨਵਰ ਜਿਵੇਂ ਕੁੱਤਾ, ਬਿੱਲੀ, ਚਿੜੀ ਜਾਂ ਮੱਛੀ ਪਾਲਣ ਦਿਓ
- ਉਨ੍ਹਾਂ ਨੂੰ ਕੁਝ ਲੋਕ-ਗੀਤ ਸੁਣਾਓ
- ਆਪਣੇ ਬੱਚਿਆਂ ਲਈ ਰੰਗ-ਬਿਰੰਗੀਆਂ ਤਸਵੀਰਾਂ ਵਾਲੀਆਂ ਕਹਾਣੀਆਂ ਦੀਆਂ ਕੁਝ ਕਿਤਾਬਾਂ ਲੈ ਕੇ ਆਓ
- ਆਪਣੇ ਬੱਚਿਆਂ ਨੂੰ ਟੀ.ਵੀ., ਮੋਬਾਈਲ ਫੋਨ, ਕੰਪਿਊਟਰ ਅਤੇ ਇਲੈਕਟ੍ਰਾਨਿਕ ਗੈਜੇਟਸ ਤੋਂ ਦੂਰ ਰੱਖੋ ਇਨ੍ਹਾਂ ਸਭ ਲਈ ਤਾਂ ਉਨ੍ਹਾਂ ਦਾ ਪੂਰਾ ਜੀਵਨ ਪਿਆ ਹੈ
- ਉਨ੍ਹਾਂ ਨੂੰ ਚਾਕਲੇਟ, ਜੈਲੀ, ਕ੍ਰੀਮ ਕੇਕ, ਚਿਪਸ, ਗੈਸ ਵਾਲੇ ਪੀਣ ਵਾਲੇ ਪਦਾਰਥ ਅਤੇ ਪਫਸ ਵਰਗੇ ਬੇਕਰੀ ਪ੍ਰੋਡਕਟ ਅਤੇ ਸਮੋਸੇ ਵਰਗੇ ਤਲੇ ਹੋਏ ਖੁਰਾਕ ਪਦਾਰਥ ਦੇਣ ਤੋਂ ਬਚੋ
- ਆਪਣੇ ਬੱਚਿਆਂ ਦੀਆਂ ਅੱਖਾਂ ’ਚ ਦੇਖੋ ਅਤੇ ਈਸ਼ਵਰ ਦਾ ਧੰਨਵਾਦ ਕਰੋ ਕਿ ਉਨ੍ਹਾਂ ਨੇ ਐਨਾ ਵਧੀਆ ਤੋਹਫਾ ਤੁਹਾਨੂੰ ਦਿੱਤਾ ਹੁਣ ਤੋਂ ਆਉਣ ਵਾਲੇ ਕੁਝ ਸਾਲਾਂ ’ਚ ਉਹ ਨਵੀਆਂ ਉੱਚਾਈਆਂ ’ਤੇ ਹੋਣਗੇ
- ਮਾਪੇ ਹੋਣ ਦੇ ਨਾਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪਣਾ ਸਮਾਂ ਬੱਚਿਆਂ ਨੂੰ ਦਿਓ
ਇੱਥੇ ਲਿਖਿਆ ਇੱਕ-ਇੱਕ ਸ਼ਬਦ ਇਹ ਦੱਸ ਰਿਹਾ ਹੈ ਕਿ ਜਦੋਂ ਅਸੀਂ ਛੋਟੇ ਸੀ, ਤਾਂ ਇਹ ਸਭ ਗੱਲਾਂ ਸਾਡੀ ਜੀਵਨਸ਼ੈਲੀ ਦਾ ਹਿੱਸਾ ਸਨ, ਜਿਸਦੇ ਨਾਲ ਅਸੀਂ ਵੱਡੇ ਹੋਏ ਹਾਂ ਪਰ ਅੱਜ ਸਾਡੇ ਹੀ ਬੱਚੇ ਇਨ੍ਹਾਂ ਸਭ ਚੀਜ਼ਾਂ ਤੋਂ ਦੂਰ ਹਨ, ਜਿਸ ਦੀ ਵਜ੍ਹਾ ਅਸੀਂ ਖੁਦ ਹਾਂ