ਦਵਾਈਆਂ ਮੰਗਦੀਆਂ ਹਨ ਧਿਆਨ – ਅੱਜ-ਕੱਲ੍ਹ ਆਮ ਹੀ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਲਾਇਲਾਜ਼ ਜਾਂ ਐਮਰਜੈਂਸੀ ਸਥਿਤੀ ’ਚ ਹੀ ਲੋਕ ਡਾਕਟਰ ਕੋਲ ਜਾ ਕੇ ਉਨ੍ਹਾਂ ਤੋਂ ਸਲਾਹ ਲੈਂਦੇ ਹਨ ਨਹੀਂ ਤਾਂ ਸਿਰ ਦਰਦ, ਪੇਟ ਦਰਦ, ਕਮਰ ਦਰਦ ਆਦਿ ਵਰਗੀਆਂ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਇਲਾਜ ਖੁਦ ਕਰ ਲੈਂਦੇ ਹਨ ਆਪਣੇ-ਆਪ ਹੀ ਕੈਮਿਸਟ ਕੋਲ ਜਾ ਕੇ ਦਵਾਈ ਖਰੀਦਣਾ, ਆਪਣੇ ਅਨੁਸਾਰ ਹੀ ਦਵਾਈਆਂ ਦੀਆਂ ਖੁਰਾਕਾਂ ਨੂੰ ਲੈਣਾ ਆਦਿ ਸ਼ੁਰੂ ਕਰਕੇ ਰੋਗ ਨੂੰ ਵਧਾ ਲੈਂਦੇ ਹਨ ਤੇ ਫਿਰ ਡਾਕਟਰ ਕੋਲ ਪਹੁੰਚਦੇ ਹਨ। ਖੁਦ ਦਾ ਇਲਾਜ ਨੁਕਸਾਨਦੇਹ ਹੀ ਹੋਇਆ ਕਰਦਾ ਹੈ, ਨਾਲ ਹੀ ਦਵਾਈ ਸਬੰਧੀ ਸਾਰੇ ਜ਼ਰੂਰੀ ਨਿਰਦੇਸ਼ਾਂ ਨੂੰ ਨਾ ਜਾਣਨ ਕਾਰਨ ਦਵਾਈਆਂ ਕਾਰਗਰ ਵੀ ਨਹੀਂ ਹੁੰਦੀਆਂ।
ਆਓ! ਦਵਾਈਆਂ ਨੂੰ ਖਰੀਦਣ ਤੋਂ ਲੈ ਕੇ ਵਰਤਣ ਤੱਕ ਦੀਆਂ ਜ਼ਰੂਰੀ ਜਾਣਕਾਰੀਆਂ ਨਾਲ ਰੂ-ਬ-ਰੂ ਹੋਈਏ
- ਦਵਾਈਆਂ ਨੂੰ ਖਰੀਦਦੇ ਸਮੇਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਸ ’ਤੇ ਛਪੀ ਐਕਸਪਾਇਰੀ ਡੇਟ ਨੂੰ ਦੇਖ ਲਓ ਜੇਕਰ ਦਵਾਈ ਐਕਸਪਾਇਰੀ ਡੇਟ ਪਾਰ ਕਰ ਚੁੱਕੀ ਹੈ ਜਾਂ ਇੱਕ ਮਹੀਨਾ ਹੀ ਬਾਕੀ ਹੈ ਤਾਂ ਉਸ ਦਵਾਈ ਨੂੰ ਕਦੇ ਵੀ ਨਾ ਖਰੀਦੋ ਉਹ ਜੇਕਰ ਕਿਸੇ ਕਾਰਨ ਹਾਨੀਕਾਰਕ ਵੀ ਨਹੀਂ ਹੋਵੇਗੀ ਤਾਂ ਕਾਮਯਾਬ ਵੀ ਨਹੀਂ ਹੋਵੇਗੀ।
- ਜਿਸ ਡਾਕਟਰ ਨੇ ਦਵਾਈਆਂ ਲਿਖੀਆਂ ਹਨ, ਖਰੀਦਣ ਤੋਂ ਬਾਅਦ ਵਰਤਣ ਤੋਂ ਪਹਿਲਾਂ ਉਨ੍ਹਾਂ ਨੂੰ ਜ਼ਰੂਰ ਹੀ ਦਿਖਾ ਲੈਣਾ ਚਾਹੀਦੈ ਇਸ ਨਾਲ ਤੁਹਾਨੂੰ ਵਿਸ਼ਵਾਸ ਹੋ ਜਾਵੇਗਾ ਕਿ ਦਵਾਈਆਂ ਉਹੀ ਹਨ, ਜੋ ਡਾਕਟਰ ਨੇ ਲਿਖੀਆਂ ਹਨ।
- ਸਿਰਪ, ਪੀਣ ਦੀ ਦਵਾਈ ਅਤੇ ਅੱਖ, ਕੰਨ ਆਦਿ ’ਚ ਪਾਉਣ ਵਾਲੇ ਡ੍ਰਾਪ ਨੂੰ ਖੋਲ੍ਹਣ ਤੋਂ ਪਹਿਲਾਂ ਅਤੇ ਇਸਤੇਮਾਲ ਕਰਨ ਤੋਂ ਪਹਿਲਾਂ ਹਰਵਾਰ ਚੰਗੀ ਤਰ੍ਹਾਂ ਜ਼ਰੂਰ ਹਿਲਾ ਲਓ ਇਨ੍ਹਾਂ ਦਵਾਈਆਂ ਨੂੰ ਇੱਕ ਵਾਰ ਖੋਲ੍ਹਣ ਤੋਂ ਬਾਅਦ ਜਦੋਂ ਤੱਕ ਖ਼ਤਮ ਨਾ ਹੋਣ, ਲਗਾਤਾਰ ਵਰਤਦੇ ਰਹੋ।
- ਕੁਝ ਲੋਕ ਸਿਰਪ ਅਤੇ ਡ੍ਰਾਪ ਦੀ ਵਰਤੋਂ ਸ਼ੁਰੂ ਕਰਕੇ ਦੋ-ਤਿੰਨ ਖੁਰਾਕਾਂ ’ਚ ਹੀ ਠੀਕ ਹੋ ਜਾਂਦੇ ਹਨ ਅਤੇ ਬਾਕੀ ਦਵਾਈਆਂ ਨੂੰ ਬਾਅਦ ਲਈ ਛੱਡ ਦਿੰਦੇ ਹਨ ਜਾਂ ਦੂਜੇ ਨੂੰ ਉਹੀ ਬਿਮਾਰੀ ਹੋਣ ’ਤੇ ਦੇਣਾ ਸ਼ੁਰੂ ਕਰ ਦਿੰਦੇ ਹਨ ਇਹ ਤਰੀਕਾ ਨੁਕਸਾਨਦੇਹ ਸਿੱਧ ਹੋ ਸਕਦਾ ਹੈ।
- ਦਵਾਈਆਂ ਨੂੰ ਹਮੇਸ਼ਾ ਠੰਢੀ ਅਤੇ ਹਨੇ੍ਹਰੇ ਵਾਲੀ ਥਾਂ ’ਤੇ ਰੱਖਣਾ ਚਾਹੀਦਾ ਹੈ ਧੁੱਪ, ਸੇਕ ਆਦਿ ਤੋਂ ਦਵਾਈਆਂ ਨੂੰ ਦੂਰ ਰੱਖਣਾ ਫਾਇਦੇਮੰਦ ਹੁੰਦਾ ਹੈ ।
- ਦਵਾਈਆਂ ਦੀ ਖੁਰਾਕ (ਡੋਜ਼) ਡਾਕਟਰ ਦੇ ਦੱਸੇ ਅਨੁਸਾਰ ਹੀ ਲੈਣੀ ਚਾਹੀਦੀ ਹੈ ਆਪਣੇ ਦਿਮਾਗ ਅਨੁਸਾਰ ਘੱਟ ਜਾਂ ਜ਼ਿਆਦਾ ਖੁਰਾਕ ਲੈਣਾ ਨੁਕਸਾਨਦੇਹ ਹੋ ਸਕਦਾ ਹੈ।
- ਜਿਹੜੀਆਂ ਦਵਾਈਆਂ ਨੂੰ ਡਾਕਟਰ ਜਿਸ ਪਦਾਰਥ (ਦੁੱਧ, ਜੂਸ, ਮੱਖਣ, ਸ਼ਹਿਦ, ਅਦਰਕ ਦੇ ਰਸ, ਪਾਣੀ ਜਾਂ ਹੋਰ ਪਦਾਰਥਾਂ) ਨਾਲ ਖਾਣ ਦੀ ਸਲਾਹ ਦੇਵੇ, ਉਸੇ ਦੇ ਨਾਲ ਖਾਣਾ ਚਾਹੀਦਾ ਹੈ ਇਸ ’ਚ ਆਪਣੀ ਮਰਜ਼ੀ ਨੂੰ ਸ਼ਾਮਲ ਕਰਨਾ ਹਿੱਤਕਰ ਨਹੀਂ ਹੁੰਦਾ।
- ਡਾਕਟਰ ਵੱਲੋਂ ਜੋ ਦਵਾਈਆਂ ਖਾਣ ਦੇ ਨਿਯਮ ਨਿਰਦੇਸ਼ਿਤ ਕੀਤੇ ਗਏ ਹਨ ਜਿਵੇਂ ਖਾਣੇ ਤੋਂ ਪਹਿਲਾਂ, ਖਾਣੇ ਤੋਂ ਬਾਅਦ, ਖਾਣਾ ਖਾਣ ਤੋਂ ਇੱਕ ਘੰਟਾ ਬਾਅਦ, ਸਵੇਰੇ, ਦੁਪਹਿਰ, ਸ਼ਾਮ ਆਦਿ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ।
- ਡਾਕਟਰ ਵੱਲੋਂ ਜਿਸ ਦਵਾਈ ਨੂੰ ਜਿਸ ਸਮੇਂ ਖਾਣ ਲਈ ਦੱਸਿਆ ਜਾਂਦਾ ਹੈ, ਉਸਨੂੰ ਉਸੇ ਸਮੇਂ ਖਾਣਾ ਚਾਹੀਦਾ ਹੈ ਅੱਗੇ-ਪਿੱਛੇ ਖਾਣਾ ਦੇਰ ਨਾਲ ਲਾਭ ਪਹੁੰਚਾ ਸਕਦਾ ਹੈ।
- ਡਾਕਟਰ ਜਿਸ ਦਵਾਈ ਨੂੰ ਜਿੰਨਾ ਲੈਣ ਲਈ ਪ੍ਰਿਸਕਰਾਈਬ ਕਰਦੇ ਹਨ, ਓਨੀ ਹੀ ਲੈਣੀ ਚਾਹੀਦੀ ਹੈ ਕੁਝ ਲੋਕ ਤੀਹ ਗੋਲੀਆਂ ਦੀ ਥਾਂ ਦਸ ਗੋਲੀਆਂ ਨਾਲ ਹੀ ਕੰਮ ਚਲਾ ਲੈਣਾ ਚਾਹੁੰਦੇ ਹਨ ਜੋ ਸਹੀ ਨਹੀਂ ਹੁੰਦਾ।
- ਡਾਕਟਰ ਕੁਝ ਦਵਾਈ ਆਪਣੇ ਕਲੀਨਿਕ ਤੋਂ ਦਿੰਦੇ ਹਨ ਅਤੇ ਕੁਝ ਨੂੰ ਕੈਮਿਸਟ ਤੋਂ ਖਰੀਦਣ ਲਈ ਲਿਖ ਦਿੰਦੇ ਹਨ ਦਵਾਈਆਂ ਨੂੰ ਉਸੇ ਸਮੇਂ ਖਰੀਦ ਲੈਣਾ ਚਾਹੀਦਾ ਹੈ ਕੱਲ੍ਹ ’ਤੇ ਛੱਡਣਾ ਅਤੇ ਸਿਰਫ ਡਾਕਟਰ ਵੱਲੋਂ ਦਿੱਤੀ ਗਈ ਦਵਾਈ ਨੂੰ ਹੀ ਚਲਾਉਣਾ ਠੀਕ ਨਹੀਂ ਹੁੰਦਾ।
- ਦਵਾਈ ਵਰਤਦੇ ਸਮੇਂ ਦੱਸੇ ਗਏ ਪਰਹੇਜ਼ਾਂ, ਅਨੁਪਾਤ, ਸ਼ੇਅਰਿੰਗ ਆਦਿ ਦੇ ਜੋ ਵੀ ਨਿਰਦੇਸ਼ ਡਾਕਟਰ ਵੱਲੋਂ ਪ੍ਰਾਪਤ ਹੋਏ ਹੋਣ, ਉਨ੍ਹਾਂ ਦਾ ਪਾਲਣ ਜ਼ਰੂਰ ਹੀ ਕਰਨਾ ਚਾਹੀਦਾ ਹੈ।
- ਇੱਕ ਹੀ ਘਰ ਦੇ ਕਈ ਮੈਂਬਰਾਂ ਦੀਆਂ ਦਵਾਈਆਂ (ਜੇਕਰ ਕੋਈ ਹੋਵੇ ਤਾਂ) ਅਲੱਗ-ਅਲੱਗ ਰੱਖਣੀਆਂ ਚਾਹੀਦੀਆਂ ਹਨ ਜਿਸ ਨਾਲ ਇੱਕ ਦੀ ਦਵਾਈ ਦੂਜਾ ਨਾ ਖਾ ਲਵੇ ਨਾਲ ਹੀ ਦਵਾਈਆਂ ਨੂੰ ਛੋਟੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ ਨਹੀਂ ਤਾਂ ਬੱਚਾ ਉਨ੍ਹਾਂ ਨੂੰ ਖਾ ਸਕਦਾ ਹੈ ਤੇ ਤੁਸੀਂ ਮੁਸੀਬਤ ’ਚ ਵੀ ਫਸ ਸਕਦੇ ਹੋ।
-ਆਨੰਦ ਕੁਮਾਰ ਅਨੰਤ