ਭਾਗਾਂ ਭਰੀ ਆਈ ਜਨਵਰੀ, ਆਏ ਸੋਹਣੇ ਦਾਤਾਰ ਜੀ MSG Avtar Divas Bhandara
ਸਤਿਗੁਰੂ ਦਾ ਆਪਣੀਆਂ ਰੂਹਾਂ ਨਾਲ ਡੂੰਘਾ ਸਬੰਧ ਹੁੰਦਾ ਹੈ ਦੁਨੀਆਂ ’ਚ ਮਾਤਾ ਦਾ ਆਪਣੇ ਬੱਚਿਆਂ ਨਾਲ ਰਿਸ਼ਤਾ ਇੱਕ ਮਿਸਾਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਪਰ ਸਤਿਗੁਰੂ ਦਾ ਆਪਣੀਆਂ ਰੂਹਾਂ ਪ੍ਰਤੀ ਪਿਆਰ ਉਸ ਤੋਂ ਵੀ ਕਈ ਦਰਜ਼ੇ ਵਧ ਕੇ ਹੁੰਦਾ ਹੈ, ਜਿਸਨੂੰ ਉਹੀ ਜਾਣ ਸਕਦਾ ਹੈ ਜੋ ਉਸਦੀ ਸ਼ਰਨ ਨੂੰ ਪਾ ਲੈਂਦਾ ਹੈ, ਜਿਸ ਦੇ ਭਾਗ ਜਾਗ ਜਾਂਦੇ ਹਨ ਉਹ ਖੁਸ਼ਨਸੀਬ ਰੂਹਾਂ ਆਪਣੇ ਸਤਿਗੁਰੂ ਦੇ ਲਾਸਾਨੀ ਪਿਆਰ ’ਚ ਗੁਆਚੀਆਂ ਰਹਿੰਦੀਆਂ ਹਨ ਉਹ ਪਲ-ਪਲ ਆਪਣੇ ਪ੍ਰੀਤਮ ਪਿਆਰੇ ਦੇ ਦਰਸ਼-ਦੀਦਾਰ ਦਾ ਰਸਪਾਣ ਕਰਦੀਆਂ ਹਨ ਜਿਸ ਨਾਲ ਉਹ ਅਜਿਹੀਆਂ ਲੱਜ਼ਤਾਂ, ਅਜਿਹੇ ਨਜ਼ਾਰੇ ਮਾਣਦੀਆਂ ਹਨ
ਕਿ ਇੱਕ ਪਲ ਦਾ ਵਿਛੋੜਾ ਵੀ ਸਹਿ ਨਹੀਂ ਸਕਦੀਆਂ ਜਿਵੇਂ ਕਿ ਇੱਕ ਬੱਚਾ ਆਪਣੀ ਮਾਂ ਤੋਂ ਵਿੱਛੜ ਕੇ ਵਿਆਕੁਲ ਹੋ ਜਾਂਦਾ ਅਤੇ ਮਾਤਾ ਵੀ ਉਸਨੂੰ ਮਿਲਣ ਲਈ ਬੇਚੈਨ ਹੋ ਜਾਂਦੀ ਹੈ ਠੀਕ ਇਸੇ ਤਰ੍ਹਾਂ ਹੀ ਜਦੋਂ ਉਹ ਵਿਆਕੁਲ ਹੋਈਆਂ ਰੂਹਾਂ ਆਪਣੇ ਸਤਿਗੁਰੂ ਲਈ ਪੁਕਾਰ ਕਰਦੀਆਂ ਹਨ, ਤਾਂ ਉਹ ਦਿਆਲੂ ਦਾਤਾ ਆਪਣੀਆਂ ਰੂਹਾਂ ਦੀ ਪੁਕਾਰ ਸੁਣ ਕੇ ਬਿਨਾ ਦੇਰ ਕੀਤੇ ਦੌੜਿਆਂ ਆਉਂਦਾ ਹੈ ਆਪਣੇ ਸਤਿਗੁਰੂ, ਪ੍ਰੀਤਮ ਪਿਆਰੇ ਦੇ ਆਉਣ ਦਾ ਸੁਨੇਹਾ ਜਦੋਂ ਉਨ੍ਹਾਂ ਰੂਹਾਂ ਨੂੰ ਮਿਲਦਾ ਹੈ ਤਾਂ ਉਨ੍ਹਾਂ ਦਾ ਰੋਮ-ਰੋਮ ਰੂਹਾਨੀ ਪਿਆਰ ’ਚ ਮਹਿਕ ਉੱਠਦਾ ਹੈ ਉਹ ਖੁਸ਼ਨਸੀਬ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਖੁਸ਼ੀਆਂ ਭਰਿਆ ਇਹ ਸ਼ੁੱਭ ਸਮਾਚਾਰ, ਸ਼ੁੱਭ ਆਗਮਨ, ਸ਼ੁੱਭ ਜਨਵਰੀ ਦੇ ਮਹੀਨੇ ’ਚ ਜਦੋਂ ਰੂਹਾਂ ਨੂੰ ਮਿਲਿਆ, ਤਾਂ ਉਨ੍ਹਾਂ ਦੇ ਵਾਰੇ-ਨਿਆਰੇ ਹੋ ਗਏ
ਉਹ ਆਪਣੇ ਸਤਿਗੁਰੂ ਦੇ ਪਾਕ-ਦੀਦਾਰ ਕਰਕੇ ਖਿੜ ਉੱਠੀਆਂ ਆਪਣੀਆਂ ਅਜਿਹੀਆਂ ਪਿਆਰੀਆਂ ਤੇ ਸੰਸਕਾਰੀ ਰੂਹਾਂ ਲਈ ਕੁੱਲ ਮਾਲਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਮਨੁੱਖ ਦੇ ਰੂਪ ’ਚ ਅਵਤਾਰ ਧਾਰ ਕੇ ਆ ਗਏ ਪੂਰੀ ਕਾਇਨਾਤ ਕੁੱਲ ਮਾਲਕ ਦੇ ਸ਼ੁੱਭ ਆਗਮਣ ਨਾਲ ਚਹਿਕ ਤੇ ਮਹਿਕ ਉੱਠੀ ਕੀ ਧਰਤੀ, ਕੀ ਅੰਬਰ ਭਾਵ ਪੂਰਾ ਆਲਮ ਹੀ ਉਸ ਅਜੀਬ ਮਸਤੀ ’ਚ ਝੂਮ ਉੱਠਿਆ ਪੱਤਾ-ਪੱਤਾ ਮਸਤੀ ਭਰੇ ਤਰਾਨੇ ਗਾ ਉੱਠਿਆ ਸਿਜਦੇ ’ਚ ਹਰ ਸ਼ੀਸ਼ ਨਤ-ਮਸਤਕ ਹੋ ਗਿਆ ਆਪਣੇ ਤਾਰਨਹਾਰ ਦਾਤਾ ਦੇ ਸਵਾਗਤ ’ਚ ਰੂਹਾਂ ਨੇ ਮੰਗਲ ਗੀਤ ਗਾਏ ਤੇ ਜਸ਼ਨ ਮਨਾਏ ਅਰਸ਼ਾਂ ਤੋਂ ਦੇਵ-ਫਰਿਸ਼ਤਿਆਂ ਨੇ ਫੁੱਲ ਵਰਸਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸ੍ਰਿਸ਼ਟੀ ਦਾ ਜ਼ੱਰਾ-ਜ਼ੱਰਾ ਰੂਹਾਨੀ ਪਿਆਰ ’ਚ ਚਮਕ ਉੱਠਿਆ ਅਜਿਹੇ ਮਹਾਨ ਸਤਿਗੁਰੂ ਦਾਤਾ ਦਾ ਧਰਤੀ ’ਤੇ ਆਉਣਾ ਅਤੇ ਉਸਦੇ ਦਰਸ਼-ਦੀਦਾਰ ਹਾਸਲ ਹੋਣਾ ਬੜੇ ਨਸੀਬਾਂ ਦੀ ਗੱਲ ਹੈ
Table of Contents
ਨੂਰ-ਏ-ਨਜ਼ਰ:

ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਸ੍ਰੀ ਜਲਾਲਆਣਾ ਸਾਹਿਬ, ਤਹਿਸੀਲ ਮੰਡੀ ਕਾਲਾਂਵਾਲੀ, ਜ਼ਿਲ੍ਹਾ ਸਰਸਾ (ਹਰਿਆਣਾ) ਦੇ ਰਹਿਣ ਵਾਲੇ ਸਨ ਆਪ ਜੀ ਨੇ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਆਸ ਕੌਰ ਜੀ ਦੀ ਪਵਿੱਤਰ ਕੁੱਖ ਤੋਂ 25 ਜਨਵਰੀ 1919 ਨੂੰ ਪਵਿੱਤਰ ਅਵਤਾਰ ਧਾਰਨ ਕਰਕੇ ਉਨ੍ਹਾਂ ਦੇ ਵਾਰੇ-ਨਿਆਰੇ ਕਰ ਦਿੱਤੇ ਉਨ੍ਹਾਂ ਦੀਆਂ ਖੁਸ਼ੀਆ ਦਾ ਕੋਈ ਠਿਕਾਣਾ ਨਹੀਂ ਸੀ ਹੋਵੇ ਵੀ ਕਿਵੇਂ, ਕਿਉਂਕਿ 18 ਸਾਲ ਉਨ੍ਹਾਂ ਨੂੰ ਇਸੇ ਉਡੀਕ ’ਚ ਲੰਘ ਗਏ ਸਨ ਐਨੇ ਸਾਲਾਂ ਤੋਂ ਬਾਅਦ ਜਿਸ ਮਾਂ-ਬਾਪ ਨੂੰ ਸੰਤਾਨ ਸੁਖ ਹਾਂਸਿਲ ਹੋਵੇ ਅਤੇ ਉਹ ਵੀ ਪੁੱਤਰ ਰਤਨ ਦੇ ਰੂਪ ’ਚ, ਉਨ੍ਹਾਂ ਦੀਆਂ ਖੁਸ਼ੀਆਂ ਸੰਭਾਲੀਆਂ ਨਹੀਂ ਸੰਭਲਦੀਆਂ
ਨੂਰਾਨੀ ਬਾਲ ਸਵਰੂਪ:
ਇਸ ਘੜੀ ਲਈ ਪੂਜਨੀਕ ਮਾਤਾ-ਪਿਤਾ ਜੀ ਨੇ 18 ਸਾਲਾਂ ਦੇ ਲੰਬੇ ਅਰਸੇ ਤੱਕ ਉਮੀਦ ਦਾ ਦਾਮਨ ਫੜੀ ਰੱਖਿਆ ਇਸ ਦੌਰਾਨ ਉਨ੍ਹਾਂ ਨੇ ਆਪਣੇ ਮਨ-ਮੰਦਰ ’ਚ ਅਲਖ ਜਗਾਈ ਰੱਖੀ ਭਜਨ-ਬੰਦਗੀ ’ਚ ਲੱਗੇ ਰਹੇ ਦੀਨ-ਦੁਖੀਆਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਦੇ ਰਹੇ ਕੋਈ ਵੀ ਸਾਧੂ-ਸੰਤ ਮਿਲਦਾ ਜਾ ਘਰ ਆਉਂਦਾ, ਉਹ ਉਸਦੀ ਵਧ-ਚੜ੍ਹ ਕੇ ਸੇਵਾ-ਪਾਣੀ ਕਰਦੇ ਇੱਕ ਵਾਰ ਇਸ ਤਰ੍ਹਾਂ ਹੀ ਪਿੰਡ ’ਚ ਇੱਕ ਸੱਚੇ ਫਕੀਰ ਬਾਬਾ ਦਾ ਆਉਣਾ ਹੋਇਆ ਪੂਜਨੀਕ ਮਾਤਾ ਜੀ ਨੇ ਉਸਦੀ ਖੂਬ ਸੇਵਾ ਕੀਤੀ ਪੂਜਨੀਕ ਮਾਤਾ ਜੀ ਨੂੰ ਉਸਦੀ ਸੇਵਾ ਤੋਂ ਅਸੀਮ ਸ਼ਾਂਤੀ, ਸੱਚੇ ਸੁੱਖ ਦੀ ਅਨੁਭੂਤੀ ਹੁੰਦੀ,
ਸੁਖ ਮਿਲਦਾ ਉਹ ਸਾਧੂ ਕਈ ਦਿਨਾਂ ਤੱਕ ਪਿੰਡ ’ਚ ਰਿਹਾ ਅਤੇ ਜਦੋਂ ਤੱਕ ਰਿਹਾ, ਪੂਜਨੀਕ ਮਾਤਾ ਜੀ ਦੇ ਘਰ ਤੋਂ ਹੀ ਭੋਜਨ ਪਾਣੀ ਉਸ ਨੂੰ ਦਿੱਤਾ ਜਾਂਦਾ ਜਿਸ ਦਿਨ ਉਨ੍ਹਾਂ ਦਾ ਜਾਣਾ ਹੋਇਆ, ਉਹ ਪੂਜਨੀਕ ਮਾਤਾ ਜੀ ਨੂੰ ਬੋਲੇ ਕਿ ਭਾਈ ਭਗਤੋ, ਤੁਹਾਡੀ ਸੇਵਾ ਭਾਵਨਾ ਤੋਂ ਮੈਂ ਬਹੁਤ ਖੁਸ਼ ਹਾਂ ਤੁਹਾਡਾ ਨੇਕ-ਪਾਕ ਹਿਰਦਾ ਤੇ ਸੱਚਾ ਭਗਤੀ-ਭਾਵ ਮਾਲਕ ਦੀ ਦਰਗਾਹ ’ਚ ਮਨਜ਼ੂਰ ਹੈ ਪੂਜਨੀਕ ਮਾਤਾ-ਪਿਤਾ ਜੀ ਨੂੰ ਜਦੋਂ ਵੀ ਕੋਈ ਅਜਿਹਾ ਸਾਧੂ-ਫਕੀਰ ਮਿਲਦਾ ਤਾਂ ਉਸ ਨਾਲ ਆਪਣੀ ਤੜਫ ਭਾਵ ਸੰਤਾਨ ਪ੍ਰਾਪਤੀ ਦੀ ਚਰਚਾ ਜ਼ਰੂਰ ਕਰਦੇ ਘਰ ’ਚ ਉਂਜ ਤਾਂ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਬਹੁਤ ਵੱਡਾ ਘਰਾਣਾ ਸੀ ਪਿਤਾ ਸਰਦਾਰ ਵਰਿਆਮ ਸਿੰਘ ਜੀ ਜੈਲਦਾਰ ਸਨ, ਜਿਨ੍ਹਾਂ ਦਾ ਆਸਪਾਸ ਪੂਰੇ ਖੇਤਰ ’ਚ ਚੰਗਾ ਰੁਤਬਾ ਸੀ ਇਸ ਸਾਧਨ-ਸੰਪੰਨ ਘਰ ’ਚ ਐਨਾ ਕੁਝ ਹੋਣ ਤੋਂ ਬਾਅਦ ਔਲਾਦ ਦੀ ਕਮੀ ਜ਼ਰੂਰ ਉਨ੍ਹਾਂ ਨੂੰ ਖਲਦੀ ਸੀ ਆਪਣੀ ਇਸੇ ਕਮੀ ਨੂੰ ਪੂਰਾ ਕਰਨ ਲਈ ਉਹ ਭਗਵਾਨ ਦੇ ਚਰਨਾਂ ’ਚ ਸੱਚੀ ਸ਼ਰਧਾ ਨਾਲ ਅਰਦਾਸ ਕਰਦੇ ਰਹਿੰਦੇ
ਉਨ੍ਹਾ ਦੀ ਇਹੀ ਅਰਦਾਸ ਘਰ ਆਏ ਉਸ ਸਾਧੂ ਜ਼ਰੀਏ ਸੁਣੀ ਗਈ ਉਸਨੇ ਖੁਸ਼ ਹੋ ਕੇ ਆਸ਼ੀਰਵਾਦ ਦਿੱਤਾ ਕਿ ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ ਤੁਹਾਡੇ ਘਰ ਇੱਕ ਮਹਾਂਪੁਰਸ਼ ਜਨਮ ਲਵੇਗਾ ਪੂਜਨੀਕ ਮਾਤਾ-ਪਿਤਾ ਜੀ ਦੀ ਸੇਵਾ-ਭਾਵਨਾ ਅਤੇ ਸੱਚੀ ਸ਼ਰਧਾ ਪਰਮਪਿਤਾ ਦੇ ਚਰਨਾਂ ’ਚ ਪਰਵਾਨ ਹੋਈ ਅਤੇ ਉਨ੍ਹਾਂ ਦੇ ਘਰ ਇੱਕ ਸੋਹਣੇ ਲਾਡਲੇ ਪੁੱਤਰ ਨੇ ਜਨਮ ਲਿਆ ਪੂਰੇ ਪਿੰਡ ਅਤੇ ਆਸਪਾਸ ਦੇ ਪਿੰਡਾਂ ਤੱਕ ਇਹ ਸ਼ੁੱਭ ਸਮਾਚਾਰ ਫੈਲ ਗਿਆ ਕਿ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਦੇ ਘਰ ਪੁੱਤਰ ਹੋਇਆ ਹੈ ਖੁਸ਼ੀਆਂ ਦੇ ਇਸ ਵੇਲੇ ’ਤੇ ਪੂਰੇ ਪਿੰਡ ’ਚ ਖੂਬ ਖੁਸ਼ੀਆਂ ਮਨਾਈਆਂ ਗਈਆਂ ਪੂਜਨੀਕ ਮਾਤਾ-ਪਿਤਾ ਜੀ ਨੇ ਉਸ ਸਮੇਂ ਦੀ ਰਿਵਾਇਤ ਅਨੁਸਾਰ ਪੂਰੇ ਪਿੰਡ ਅਤੇ ਸਗੇ-ਸਬੰਧੀਆਂ ’ਚ ਘਿਓ-ਸ਼ੱਕਰ ਦੇ ਥਾਲ ਭਰ-ਭਰ ਕੇ ਵੰਡੇ ਘਰ ’ਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ
ਇਸ ਪਵਿੱਤਰ ਘੜੀ ’ਤੇ ਪੂਰੇ ਪਿੰਡ ’ਚ ਜਸ਼ਨ ਮਨਾਇਆ ਗਿਆ ਇੱਕ-ਦੂਜੇ ਨੂੰ ਵਧਾਈਆਂ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ ਗਿਆ ਖੁਸ਼ੀਆਂ ਭਰਿਆ ਇਹ ਪੈਗਾਮ ਦੂਰ-ਦੂਰ ਤੱਕ ਫੈਲ ਗਿਆ ਉਸ ਮਸਤ ਫਕੀਰ ਨੂੰ ਵੀ ਇਹ ਗੱਲ ਪਤਾ ਲੱਗੀ ਕਿ ਜੈਲਦਾਰ ਵਰਿਆਮ ਸਿੰਘ ਦੇ ਘਰ ਲਾਲ ਨੇ ਜਨਮ ਲੈ ਲਿਆ ਹੈ ਇਨ੍ਹਾਂ ਖੁਸ਼ੀਆਂ ’ਚ ਸ਼ਰੀਕ ਹੋਣ ਉਹ ਵੀ ਆ ਗਏ ਉਨ੍ਹਾਂ ਨੇ ਪੂਜਨੀਕ ਮਾਤਾ-ਪਿਤਾ ਜੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਈ ਭਗਤੋ, ਇਹ ਰੱਬੀ ਨੂਰ ਹੈ ਇਹ ਕੋਈ ਐਸਾ-ਵੈਸਾ ਬੱਚਾ ਨਹੀਂ ਹੈ ਇਸਨੂੰ ਅਪਾਰ ਸਨੇਹ ਨਾਲ ਰੱਖਣਾ ਇਹ ਜ਼ਿਆਦਾ ਸਮੇਂ ਤੱਕ ਤੁਹਾਡੇ ਕੋਲ ਨਹੀਂ ਰਹਿਣਗੇ ਇਹ ਚਾਲੀ ਸਾਲ ਤੋਂ ਬਾਅਦ ਜੀਵਾਂ ਦੀ ਭਲਾਈ ਲਈ ਤੁਹਾਡੇ ਘਰ ਤੋਂ ਚਲੇ ਜਾਣਗੇ ਆਪਣੇ ਇਸੇ ਮਕਸਦ ਲਈ ਇਨ੍ਹਾਂ ਨੇ ਜਨਮ ਲਿਆ ਹੈ ਤੁਹਾਡਾ ਬਹੁਤ ਉੱਚਾ ਨਸੀਬ ਹੈ ਕਿ ਇਨ੍ਹਾਂ ਨੇ ਤੁਹਾਨੂੰ ਆਪਣੇ ਆਦਰਯੋਗ ਮਾਤਾ-ਪਿਤਾ ਦਾ ਸਨਮਾਨ ਦਿੱਤਾ ਹੈ
ਨੂਰਾਨੀ ਬਚਪਨ:
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸਿੱਧੂ ਵੰਸ਼ ਨਾਲ ਸਬੰਧ ਰੱਖਦੇ ਹਨ ਆਪ ਜੀ ਜਦੋਂ ਸਿਰਫ 5 ਸਾਲ ਦੇ ਸਨ ਆਪ ਜੀ ਦੇ ਪੂਜਨੀਕ ਪਿਤਾ ਜੀ ਸੱਚਖੰਡ ’ਚ ਕੁਲ ਮਾਲਕ ਦੇ ਚਰਨਾਂ ’ਚ ਜਾ ਸਮਾਏ ਆਪ ਜੀ ਦਾ ਪਾਲਣ-ਪੋਸ਼ਣ ਪੂਜਨੀਕ ਮਾਤਾ ਆਸਕੌਰ ਜੀ ਦੀ ਛਤਰਛਾਇਆ ’ਚ ਹੋਇਆ ਆਪ ਜੀ ਦੇ ਪੂਜਨੀਕ ਮਾਮਾ ਸਰਦਾਰ ਵੀਰ ਸਿੰਘ ਜੀ ਨੇ ਵੀ ਆਪਣਾ ਭਰਪੂਰ ਪਿਆਰ ਅਤੇ ਸਹਿਯੋਗ ਦਿੱਤਾ ਉਹਨਾਂ ਨੇ ਪੂਜਨੀਕ ਮਾਤਾ ਜੀ ਨਾਲ ਮਿਲ ਕੇ ਆਪ ਜੀ ਦਾ ਹਰ ਪ੍ਰਕਾਰ ਨਾਲ ਲਾਲਣ-ਪਾਲਣ ਕੀਤਾ ਪੂਜਨੀਕ ਮਾਤਾ ਜੀ ਉੱਚ ਸੰਸਕਾਰਾਂ ਦੇ ਧਨੀ ਸਨ ਉਹ ਨਿਰੋਲ ਧਾਰਮਿਕ ਪ੍ਰਵਿਰਤੀ ਅਤੇ ਦੀਨਤਾ ਤੇ ਨਮਰਤਾ ਦੇ ਪੁੰਜ ਸਨ ਪੂਜਨੀਕ ਮਾਤਾ ਜੀ ਨੇ ਆਪਣੇ ਉਹੀ ਉੱਚ ਗੁਣ-ਸੰਸਕਾਰ ਆਪਣੇ ਲਾਡਲੇ ਨੂੰ ਦਿੱਤੇ ਅਤੇ ਇਸ ਦੀ ਬਦੌਲਤ ਆਪ ਜੀ ਬਚਪਨ ਤੋਂ ਹੀ ਸੰਸਕਾਰਵਾਨ, ਸਨੇਹੀ ਅਤੇ ਮਿਲਣਸਾਰ ਸਨ
ਆਪ ਜੀ ਦਾ ਬਚਪਨ ਕਰਮਠ ਜੀਵਨਸ਼ੈਲੀ ਅਤੇ ਦਿਆਲਤਾ ਦਾ ਪ੍ਰਤੀਕ ਰਿਹਾ ਹੈ ਆਪ ਜੀ ਹਮੇਸ਼ਾ ਆਪਣੇ ਸਾਥੀਆਂ ਨਾਲ ਮਿਲਜੁੱਲ ਕੇ ਹੀ ਰਹਿੰਦੇ ਅਤੇ ਲੋੜ ਪੈਣ ’ਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਵੀ ਕਰਦੇ ਆਪ ਜੀ ਦਾ ਵਿਦਿਆਰਥੀ ਜੀਵਨ ਉੱਚ ਸ਼੍ਰੇਣੀ ਦਾ ਰਿਹਾ ਹੈ ਆਪ ਜੀ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਗ੍ਰਹਿਣ ਕੀਤੀ ਹੈ ਪੂਜਨੀਕ ਮਾਤਾ ਜੀ ਦਾ ਆਪ ਜੀ ਨਾਲ ਬਹੁਤ ਜ਼ਿਆਦਾ ਸਨੇਹ ਹੋਣ ਕਾਰਨ ਹੋਰ ਉੱਚ ਸਿੱਖਿਆਂ ਲਈ ਕਿਤੇ ਦੂਰ ਨਹੀਂ ਭੇਜਣਾ ਚਾਹੁੰਦੇ ਸੀ ਤਾਂ ਉਨ੍ਹਾਂ ਦੀ ਆਗਿਆ ਨਾਲ ਆਪ ਜੀ ਨੇ ਆਪਣੇ ਇੰਨੇ ਵੱਡੇ ਕਾਰੋਬਾਰ ਨੂੰ ਸੰਭਾਲ ਲਿਆ ਆਪ ਜੀ ਨੇ ਆਪਣੇ ਕਾਰੋਬਾਰ ਨੂੰ ਬਹੁਤ ਹੀ ਰੀਝ ਅਤੇ ਸੁਚੱਜੇ ਤਰੀਕੇ ਨਾਲ ਸੰਭਾਲਿਆ ਅਤੇ ਇਸਦੇ ਨਾਲ ਹੀ ਪਿੰਡ ਦੇ ਜਨਤਕ ਕੰਮਾਂ ’ਚ ਵੀ ਵਧ-ਚੜ੍ਹ ਕੇ ਹਿੱਸਾ ਆਪ ਜੀ ਲੈਂਦੇ ਰਹੇ ਆਪ ਜੀ ਦੀ ਅਥੱਕ ਮਿਹਨਤ ਨਾਲ ਖੇਤ-ਖਲਿਹਾਣ ਭਰਪੂਰ ਫਸਲ ਦਿੰਦੇ, ਬਹੁਤ ਉੱਪਜ (ਪੈਦਾਵਾਰ) ਹੁੰਦੀ ਜਿਸਦੀ ਚਹੁੰ ਪਾਸੇ ਪੂਰੀ ਚਰਚਾ ਹੁੰਦੀ
ਆਪਜੀ ਦੀ ਪਰਉਪਕਾਰੀ ਭਾਵਨਾ ਵੀ ਉੱਚ ਕੋਟੀ ਦੀ ਰਹੀ ਹੈ ਆਪ ਜੀ ਨੂੰ ਇਹ ਗੁਣ ਵਿਰਾਸਤ ਤੋਂ ਮਿਲੇ ਹਨ ਆਪ ਜੀ ਆਪਣੇ ਇਨ੍ਹਾਂ ਉੱਚ ਸੰਸਕਾਰਾਂ ਸਦਕੇ ਹਰ ਕਿਸੇ ਨਾਲ ਪ੍ਰੇਮ-ਪਿਆਰ ਦੀ ਭਾਵਨਾ ਰੱਖਦੇ ਹੋਏ ਹਰ ਕਿਸੇ ਦੀ ਹਰ ਸੰਭਵ ਮਦਦ ਨੂੰ ਤਿਆਰ ਰਹਿੰਦੇ ਇੱਥੋਂ ਤੱਕ ਕਿ ਕੋਈ ਪਸ਼ੂ-ਪੰਛੀ ਜਾਂ ਜਾਨਵਰ ਵੀ ਕਿਸੇ ਪ੍ਰੇਸ਼ਾਨੀ ’ਚ ਦਿਖਿਆ ਤਾਂ ਆਪ ਜੀ ਉਸਦੀ ਵੀ ਹਰ ਸੰਭਵ ਦੇਖ-ਰੇਖ ਕਰਦੇ ਅਤੇ ਉਸਨੂੰ ਆਰਾਮ ਪਹੁੰਚਾਉਂਦੇ ਇਹੀ ਨਹੀਂ ਜੇਕਰ ਆਪ ਜੀ ਦੇ ਸਾਹਮਣੇ ਖੇਤ ’ਚ ਕੋਈ ਬੇਜ਼ੁਬਾਨ ਚਰ ਰਿਹਾ ਹੁੰਦਾ, ਤਾਂ ਵੀ ਉਸਨੂੰ ਆਪ ਜੀ ਇਹ ਕਹਿ ਕੇ ਚਰਨ ਦਿੰਦੇ ਕਿ ਕੋਈ ਗੱਲ ਨਹੀ, ਭਗਤਾ ਆਪਣੇ ਹਿੱਸੇ ਦਾ ਹੀ ਖਾ ਰਿਹਾ ਹੈ ਇੱਕ ਵਾਰ ਇਸੇ ਤਰ੍ਹਾਂ ਇੱਕ ਝੋਟਾ ਆਪ ਜੀ ਦੇ ਖੇਤ ’ਚ ਚਰਨ ਆਇਆ ਕਰਦਾ ਸੀ ਉਹ ਰੋਜ਼ਾਨਾ ਆਪ ਜੀ ਦੇ ਸਾਹਮਣੇ ਆਉਂਦਾ ਅਤੇ ਚਰਨ ਲੱਗ ਜਾਂਦਾ
ਆਪ ਜੀ ਨੂੰ ਮਾਤਾ ਜੀ ਨੇ ਖੇਤ ਦੀ ਰੱਖਵਾਲੀ ਲਈ ਹੀ ਭੇਜਿਆ ਸੀ ਉਨ੍ਹੀਂ ਦਿਨੀਂ ਛੋਲਿਆਂ ਦੀ ਫਸਲ ਬੜੀ ਵਧੀਆ ਖੇਤ ’ਚ ਲਹਿ-ਲਿਹਾ ਰਹੀ ਸੀ ਅਤੇ ਮਾਤਾ ਜੀ ਨੂੰ ਸੀ ਕਿ ਪਸ਼ੂ-ਪੰਛੀ ਕਿਤੇ ਫਸਲ ਨੂੰ ਖਰਾਬ ਨਾ ਕਰ ਦੇਣ ਪਰ ਆਪ ਜੀ ਦੀ ਪਰਉਪਕਾਰੀ ਭਾਵਨਾ ਦਾ ਕੀ ਕਹਿਣਾ! ਉਸੇ ਖੇਤ ’ਚ ਉਹ ਝੋਟਾ ਫਸਲ ਖਾ ਰਿਹਾ ਹੈ ਅਤੇ ਆਪ ਜੀ ਚੁੱਪਚਾਪ ਉਸਨੂੰ ਖਾਣ ਦੇ ਰਹੇ ਹੋ ਕਹਿੰਦੇ ਹਨ ਕਿ ਇਹ ਨਜ਼ਾਰਾ ਕਈ ਦਿਨਾਂ ਤੱਕ ਚੱਲਦਾ ਰਿਹਾ ਆਖਿਰ ਪਿੰਡ ਦੇ ਕਿਸੇ ਹਮਦਰਦ ਇਨਸਾਨ ਨੇ ਇੱਕ ਦਿਨ ਜਦੋਂ ਇਹ ਸਭ ਦੇਖਿਆ ਤਾਂ ਉਹ ਮਾਤਾ ਜੀ ਕੋਲ ਸ਼ਿਕਾਇਤ ਕਰਨ ਪਹੁੰਚ ਗਿਆ ਉਸਨੇ ਮਾਤਾ ਜੀ ਨੂੰ ਦੱਸਿਆ ਕਿ ਤੁਹਾਡਾ ਬੇਟਾ ਖੇਤ ਤੋਂ ਪਸ਼ੂਆਂ ਨੂੰ ਨਹੀਂ ਹਟਾਉਂਦਾ ਅਸੀਂ ਦੇਖਦੇ ਹਾਂ ਕਿ ਇੱਕ ਝੋਟਾ ਰੋਜ਼ਾਨਾ ਆਉਂਦਾ ਹੈ ਅਤੇ ਇਨ੍ਹਾਂ ਦੇ ਸਾਹਮਣੇ ਬੜੇ ਮਜ਼ੇ ਨਾਲ ਖਾਂਦਾ ਰਹਿੰਦਾ ਹੈ
ਅਤੇ ਇਹ ਉਸਨੂੰ ਕੁਝ ਨਹੀਂ ਕਹਿੰਦੇ ਇਸ ਤਰ੍ਹਾਂ ਤੁਹਾਡੇ ਖੇਤ ’ਚ ਛੋਲਿਆਂ ਦੀ ਸਾਰੀ ਫਸਲ ਖ਼ਤਮ ਹੋ ਜਾਵੇਗੀ, ਇੱਕ ਦਾਣਾ ਵੀ ਨਹੀਂ ਬਚੇਗਾ ਜਦੋਂ ਆਪ ਜੀ ਘਰ ਆਏ, ਤਾਂ ਮਾਤਾ ਜੀ ਨੇ ਇਹ ਸਾਰੀ ਗੱਲ ਆਪ ਜੀ ਨੂੰ ਕਹਿ ਦਿੱਤੀ ਉਨ੍ਹਾਂ ਨੇ ਆਪ ਜੀ ਨੂੰ ਖੇਤ ਦੀ ਸਹੀ ਰੱਖਵਾਲੀ ਕਰਨ ਲਈ ਕਿਹਾ ਅਗਲੇ ਦਿਨ ਆਪ ਜੀ ਜਦੋਂ ਖੇਤ ’ਚ ਗਏ ਤਾਂ ਰੂਟੀਨ ਅਨੁਸਾਰ ਉਹ ਝੋਟਾ ਵੀ ਆ ਗਿਆ ਆਪ ਜੀ ਉਸਦੇ ਕੋਲ ਗਏ ਅਤੇ ਉਸਦੀ ਪਿੱਠ ’ਤੇ ਹੱਥ ਫੇਰ ਕੇ ਥਪਥਪਾਇਆ ਫਿਰ ਆਪ ਜੀ ਨੇ ਉਸਨੂੰ ਬੜੇ ਪਿਆਰ ਨਾਲ ਬੋਲਿਆ ਕਿ ਭਾਈ ਭਗਤਾ! ਹੁਣ ਤਾਂ ਆਪਣੀ ਸ਼ਿਕਾਇਤ ਹੋ ਗਈ ਹੈ ਕਿ ਤੂੰ ਹੁਣ ਤੁਰ-ਫਿਰ ਕੇ ਹਿੱਸੇ ਪੈਂਦਾ ਸਾਰੇ ਖੇਤਾਂ ’ਚੋ ਹੀ ਚਰ ਲਿਆ ਕਰ ਬਸ, ਆਪ ਜੀ ਨੇ ਐਨਾ ਕਹਿਣਾ ਸੀ ਕਿ ਉਹ ਉਸ ਸਮੇਂ ਹੀ ਚਲਿਆ ਗਿਆ ਉਸ ਸਮੇਂ ਦੇ ਪਿੰਡ ਵਾਸੀ ਆਪਣੀ ਅੱਖੀਂ ਦੇਖੀ ਦੱਸਦੇ ਹਨ ਕਿ ਉਸ ਤੋਂ ਬਾਅਦ ਜਦੋਂ ਤੱਕ ਉਹ ਝੋਟਾ ਜਿਉਂਦਾ ਰਿਹਾ, ਉਸਨੇ ਕਿਤੇ ਵੀ ਇੱਕ ਖੇਤ ’ਚ ਖੜ੍ਹੇ ਹੋ ਕੇ ਨਹੀਂ ਚਰਿਆ, ਸਗੋਂ ਥੋੜ੍ਹਾ-ਥੋੜ੍ਹਾ ਸਭ ਦੇ ਬਰਾਬਰ ਤੁਰ ਫਿਰ ਕੇ ਚਰਦਾ ਰਿਹਾ
ਪਰਮਾਰਥੀ ਕੰਮਾਂ ’ਚ ਸਹਿਯੋਗ:
ਆਪ ਜੀ ਪਿੰਡ ਦੇ ਸਰਵ-ਸਾਂਝੇ ਕੰਮਾਂ ’ਚ ਵਧ-ਚੜ੍ਹ ਕੇ ਸਹਿਯੋਗ ਕਰਦੇ ਰਹੇ ਹਨ ਪਿੰਡ ਦਾ ਕੋਈ ਵੀ ਕੰਮ ਹੁੰਦਾ, ਮੌਜਿਜ਼ ਵਿਅਕਤੀ ਆਪ ਜੀ ਦੇ ਨਾਲ ਹੀ ਰਾਏ-ਮਸ਼ਵਰਾ ਕਰਦੇ ਅਤੇ ਆਪ ਜੀ ਦੇ ਕਹਿਣ ’ਤੇ ਹੀ ਉਸਨੂੰ ਕੀਤਾ ਜਾਂਦਾ ਪੂਰਾ ਪਿੰਡ ਅਤੇ ਆਸਪਾਸ ਤੇ ਦੂਰ-ਦਰਾਜ਼ ਦੇ ਪਿੰਡਾਂ ਤੱਕ ਵੀ ਆਪ ਜੀ ਦਾ ਰੁਤਬਾ ਮਹਾਨ ਸੀ ਲੋਕ ਆਪ ਜੀ ਤੋਂ ਆਪਣੇ ਕਈ ਤਰ੍ਹਾਂ ਦੇ ਮਾਮਲਿਆਂ ਤੇ ਸਮੱਸਿਆਵਾਂ ਦੇ ਹੱਲ ਲਈ ਆਉਂਦੇ ਅਤੇ ਆਪ ਜੀ ਦੀ ਸਲਾਹ ਨੂੰ ਹੀ ਉਹ ਸਰਵੋਪਰੀ ਮੁੱਖ ਮੰਨਦੇ ਪਿੰਡਾਂ ’ਚ ਕੋਈ ਵੀ ਸਰਵ ਸਾਂਝਾ ਭਲਾਈ ਦਾ ਕੰਮ ਹੁੰਦਾ, ਉਸ ’ਚ ਆਪ ਜੀ ਹੀ ਮੋਢੀ ਰਹਿੰਦੇ ਕੋਈ ਨਿਰਮਾਣ ਕਾਰਜ, ਕਿਸੇ ਗਰੀਬ ਦੀ ਆਰਥਿਕ ਮਦਦ ਜਾਂ ਲੜਕੀ ਦਾ ਵਿਆਹ ਕਾਰਜ ਜਾਂ ਕੋਈ ਵੀ ਨੇਕੀ-ਭਲਾਈ ਦਾ ਕੰਮ ਹੁੰਦਾ, ਆਪ ਜੀ ਉਸਨੂੰ ਪੂਰਾ ਕਰਨ ’ਚ ਦੇਰ ਨਾ ਕਰਦੇ ਆਪ ਜੀ ਦੀਆਂ ਕੋਸ਼ਿਸ਼ਾਂ ਸਦਕਾ ਹੀ ਪਿੰਡ ’ਚ ਸ੍ਰੀ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ
ਇਸਦੀ ਸੇਵਾ ’ਚ ਆਪ ਜੀ ਨੇ ਆਪਣਾ ਤਨ-ਮਨ ਤੇ ਧਨ ਨਾਲ ਹਰ ਤਰ੍ਹਾਂ ਦਾ ਪੂਰਾ ਸਹਿਯੋਗ ਦਿੱਤਾ ਅਤੇ ਮੁੱਖ ਭੂਮਿਕਾ ਨਿਭਾਉਂਦੇ ਹੋਏ ਇਸਦਾ ਨਿਰਮਾਣ ਕਾਰਜ ਪੂਰਾ ਕਰਵਾਇਆ ਪਿੰਡ ਲਈ ਇਹ ਇੱਕ ਬਹੁਤ ਵੱਡਾ ਤੋਹਫਾ ਤੇ ਮਾਣ ਦੀ ਗੱਲ ਹੈ ਸੱਚਮੁੱਚ ਹੀ ਇਸ ਪਵਿੱਤਰ ਸਥਾਨ ਦੀ ਬੜੀ ਜ਼ਰੂਰਤ ਸੀ ਆਪ ਜੀ ਨੇ ਇਸ ਧਾਰਮਿਕ ਕਾਰਜ ਲਈ ਆਪਣਾ ਭਰਪੂਰ ਸਹਿਯੋਗ ਦਿੰਦਿਆਂ ਲੋਕਾਂ ਦੀ ਇਸ ਜ਼ਰੂਰਤ ਨੂੰ ਪੂਰਾ ਕੀਤਾ ਪੂਰੇ ਪਿੰਡ ਨੇ ਇਸ ’ਤੇ ਬੜੀ ਖੁਸ਼ੀ ਮਨਾਈ ਇਸੇ ਤਰ੍ਹਾਂ ਪਿੰਡ ’ਚ ਕਿਸੇ ਘਰ ਉਨ੍ਹਾਂ ਦੀ ਲੜਕੀ ਦਾ ਵਿਆਹ ਸੀ ਉਹ ਪਰਿਵਾਰ ਪੂਜਨੀਕ ਮਾਤਾ ਜੀ ਦੇ ਕੋਲ ਆਇਆ, ਉਹ ਪਰਿਵਾਰ (ਪਤੀ-ਪਤਨੀ) ਕੁਝ ਪੈਸਿਆਂ ਦੀ ਮੰਗ ਕਰਨ ਲੱਗੇ ਕਿਉਂਕਿ ਕਿਤੋਂ ਵੀ ਉਨ੍ਹਾਂ ਦੀ ਇਹ ਪਰਮ ਜ਼ਰੂਰਤ ਪੂਰੀ ਨਹੀਂ ਹੋ ਰਹੀ ਸੀ ਆਪ ਜੀ ਉਦੋਂ ਆਪਣੇ ਪੂਜਨੀਕ ਮਾਤਾ ਜੀ ਦੇ ਕੋਲ ਹੀ ਮੌਜ਼ੂਦ ਸਨ
ਫਿਰ ਆਪ ਜੀ ਨੇ ਆਪਣੇ ਦਿਆਲਤਾ ਭਰੇ ਸੁਭਾਅ ਅਨੁਸਾਰ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਇਨ੍ਹਾਂ ਨੂੰ ਮਨ੍ਹਾ ਨਾ ਕਰਨਾ ਜਿੰਨੇ ਪੈਸੇ ਮੰਗਦੇ ਹਨ, ਉਸ ਤੋਂ ਵੀ ਜ਼ਿਆਦਾ ਹੀ ਦੇ ਦਿਓ ਅਤੇ ਭਲੇ ਹੀ ਇਹ ਵਾਪਸ ਵੀ ਨਾ ਕਰਕੇ ਜਾਣ ਅਤੇ ਲੈਣਾ ਵੀ ਨਹੀਂ ਸਮਝ ਲੈਣਾ ਕਿ ਜੇਕਰ ਮੇਰੀ ਕੋਈ ਭੈਣ ਹੁੰਦੀ, ਤਾਂ ਫਿਰ ਵੀ ਸਾਨੂੰ ਉਸਦੇ ਵਿਆਹ ’ਚ ਖਰਚ ਕਰਨਾ ਪੈਂਦਾ ਬਸ, ਇਹੀ ਸਮਝ ਲਓ ਆਪ ਜੀ ਦੇ ਮੁੱਖ ’ਚੋਂ ਇਹ ਗੱਲ ਸੁਣ ਕੇ ਮਾਤਾ ਜੀ ਨੂੰ ਆਪ ਜੀ ’ਤੇ ਬੜਾ ਮਾਣ ਮਹਿਸੂਸ ਹੋਇਆ ਅਤੇ ਉਨ੍ਹਾਂ ਨੇ ਬੜੇ ਪਿਆਰ ਨਾਲ ਆਪ ਜੀ ਦਾ ਮੱਥਾ ਚੁੰਮਿਆ ਅਤੇ ਉਨ੍ਹਾਂ ਨੂੰ ਪੈਸੇ ਦੇ ਕੇ ਉਨ੍ਹਾਂ ਦੀ ਪੂਰੀ ਮਦਦ ਕੀਤੀ
ਮੁਰਸ਼ਿਦ ਨਾਲ ਮਿਲਾਪ:
ਆਪ ਜੀ ਧਰਮ-ਕਰਮ ਪ੍ਰਤੀ ਛੋਟੀ ਉਮਰ ਤੋਂ ਹੀ ਅੋਤ-ਪ੍ਰੋਤ ਰਹੇ ਸਿੱਖ ਧਰਮ ਨਾਲ ਸਬੰਧਿਤ ਹੋਣ ਕਾਰਨ ਆਪ ਜੀ ’ਤੇ ਸਿੱਖ ਗੁਰੂ ਸਾਹਿਬਾਨਾਂ ਦੀ ਪਵਿੱਤਰ ਗੁਰਬਾਣੀ ਦਾ ਬੜਾ ਅਸਰ, ਬੜਾ ਹੀ ਪ੍ਰਭਾਵ ਸੀ ਛੋਟੀ ਉਮਰ ਤੋਂ ਹੀ ਆਪ ਜੀ ਸਿੱਖ ਮਾਣ-ਮਰਿਆਦਾ ਦਾ ਪਾਲਣ ਕਰਨ ’ਚ ਮਾਣ ਮਹਿਸੂਸ ਕਰਦੇ ਸਨ ਘਰ ’ਚ ਸ਼ਬਦ-ਕੀਰਤਨ ਕਰਨਾ, ਗੁਰੂਆਂ ਦੇ ਵਚਨਾਂ ਨੂੰ ਸੁਣਨਾ ਅਤੇ ਨਿਤਨੇਮ ਪਾਠ ਸੁਬ੍ਹਾ-ਸ਼ਾਮ ਕਰਨਾ ਆਪ ਜੀ ਦਾ ਰੋਜ਼ਾਨਾ ਦੇ ਅਭਿਆਸ ’ਚ ਸ਼ਾਮਲ ਸੀ ਸਮੇਂ-ਸਮੇਂ ’ਤੇ ਆਪ ਜੀ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਵੀ ਚਲੇ ਜਾਇਆ ਕਰਦੇ ਕੁਝ ਵੱਡੇ ਹੋਏ ਤਾਂ ਆਪ ਜੀ ਨੇ ਸਿੱਖ ਧਰਮ ਅਨੁਸਾਰ ਗੁਰਦੁਆਰਾ ਸ੍ਰੀ ਤਲਵੰਡੀ ਸਾਬੋ ’ਚ ਜਾ ਕੇ ਅੰਮ੍ਰਿਤ-ਪਾਨ ਕੀਤਾ ਅਤੇ ਨਿਰੰਤਰ ਨਿੱਤਨੇਮ ਸ਼ਬਦ-ਕੀਰਤਨ ਕਰਨ ’ਚ ਜੁਟ ਗਏ ਆਪ ਜੀ ’ਤੇ ਧਰਮ ਦੀ ਸਿੱਖਿਆ ਦਾ ਐਨਾ ਅਸਰ ਹੋਇਆ ਕਿ ਆਪ ਜੀ ਇਸੇ ਵਿੱਚ ਹੀ ਰਮ ਗਏ
ਪਵਿੱਤਰ ਗੁਰਬਾਣੀ ਦੇ ਸ਼ਬਦ ‘ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ’, ਇਹ ਪਵਿੱਤਰ ਪੰਕਤੀ ਆਪ ਜੀ ਦੇ ਹਿਰਦੇ ਅੰਦਰ ਇਸ ਤਰ੍ਹ੍ਹਾਂ ਵਸ ਗਈ ਕਿ ਆਪ ਜੀ ਇਸ ਧੁਰ ਕੀ ਬਾਣੀ ਦੀ ਖੋਜ ’ਚ ਲੱਗ ਗਏ ਇਹ ਕੀ ਹੈ? ਕਿਵੇਂ ਹੈ? ਇਸਨੂੰ ਕਿਵੇਂ ਹਾਸਲ ਕਰਨਾ ਹੈ? ਇਹ ਵਿਚਾਰ ਮਨ ’ਚ ਉੱਠਣ ਲੱਗੇ ਅਤੇ ਆਪਣੀ ਇਸ ਜਿਗਿਆਸਾ ਦਾ ਆਪ ਜੀ ਨੇ ਹੋਰ ਵੀ ਸਾਧੂ-ਮਹਾਤਮਾਵਾਂ ਨਾਲ ਜ਼ਿਕਰ ਕੀਤਾ, ਪਰ ਸੰਤੁਸ਼ਟੀਜਨਕ ਜਵਾਬ ਕਿਤੋਂ ਨਾ ਮਿਲਿਆ ਆਪ ਜੀ ਇਸਦੇ ਲਈ ਸੱਚੇ ਸਤਿਗੁਰੂ ਦੀ ਤਲਾਸ਼ ਕਰਨ ਲੱਗੇ ਕਈ ਜਗ੍ਹਾ ’ਤੇ ਗਏ ਵੀ, ਪਰ ਮਨ ਨੂੰ ਤਸੱਲੀ ਨਾ ਹੋਈ ਪਵਿੱਤਰ ਗੁਰਬਾਣੀ ਗੁਰੂ ਦੀ ਮਹਿਮਾ ਨਾਲ ਸਰਾਬੋਰ ਹੈ ਇਸ ਲਈ ਆਪ ਜੀ ਅਜਿਹੇ ਗੁਰੂ ਦੀ ਭਾਲ ’ਚ ਲੱਗ ਗਏ, ਜੋ ਸੱਚਾ ਹੋਵੇ, ਜੋ ਮੁਕਤੀ ਦਾ ਦਾਤਾ ਹੋਵੇ
ਇਸੇ ਭਾਲ ਦੌਰਾਨ ਆਪਜੀ ਨੂੰ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਬਾਰੇ ਪਤਾ ਲੱਗਿਆ ਕਿ ਸਰਸਾ ’ਚ ਇੱਕ ਮਸਤ ਫਕੀਰ ਹੈ, ਜੋ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਬੋਲਦਾ ਹੈ ਅਤੇ ਸੱਚਾ ਨਾਮ ਦਿੰਦਾ ਹੈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਮਹਿਮਾ ਸੁਣ ਕੇ ਆਪ ਜੀ ਸਰਸਾ ਆਏ ਅਤੇ ਬੇਪਰਵਾਹ ਜੀ ਦਾ ਸਤਿਸੰਗ ਸੁਣਿਆ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਕੇ ਅਤੇ ਉਨ੍ਹਾਂ ਦੇ ਪਵਿੱਤਰ ਵਚਨ ਸੁਣ ਕੇ ਆਪ ਜੀ ਉਨ੍ਹਾਂ ਦੇ ਹੀ ਮੁਰੀਦ ਹੋ ਗਏ ਆਪ ਜੀ ਨੂੰ ਪੂਰੀ ਤਸੱਲੀ ਹੋ ਗਈ ਕਿ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਵਕਤ ਦੇ ਪੂਰਨ ਸਤਿਗੁਰੂ ਹਨ ਆਪ ਜੀ ਦੀ ਭਾਲ ਦਾ ਮਕਸਦ ਪੂਰਾ ਹੋ ਗਿਆ ਆਪ ਜੀ ਲਈ ਹੋਰ ਕੋਈ ਸ਼ੰਕਾ ਬਾਕੀ ਨਹੀਂ ਰਹੀ ਸੀ
ਬੇਪਰਵਾਹ ਜੀ ਦੀ ਨਿਰਾਲੀ ਮਸਤੀ ਦਾ ਰੰਗ ਆਪ ਜੀ ’ਤੇ ਪੂਰੀ ਤਰ੍ਹਾਂ ਚੜ੍ਹ ਗਿਆ ਸੀ ਰੂਹਾਨੀ ਮਸਤੀ ਦਾ ਆਪ ਦੇ ਅੰਤਸ਼ ਕਰਨ ’ਤੇ ਅਜਿਹਾ ਰੰਗ ਚੜਿ੍ਹਆ ਕਿ ਆਪ ਜੀ ਆਪਣੇ ਘਰੇਲੂ ਕਾਰੋਬਾਰ ਅਤੇ ਹੋਰ ਦੁਨਿਆਵੀ ਕੰਮ-ਧੰਦਿਆਂ ਤੋਂ ਆਪਣੇ ਆਪ ਨੂੰ ਸੀਮਤ ਕਰਕੇ ਰੂਹਾਨੀਅਤ ਵੱਲ ਵਧਣ ਲੱਗੇ ਆਪ ਜੀ ਦਾ ਜ਼ਿਆਦਾ ਸਮਾਂ ਬੇਪਰਵਾਹ ਜੀ ਦੀਆਂ ਸਤਿਸੰਗਾਂ ਅਤੇ ਉਨ੍ਹਾਂ ਦੇ ਦਰਸ਼ਨਾਂ ’ਚ ਬਤੀਤ ਹੋਣ ਲੱਗਿਆ ਆਪ ਜੀ ਦੇ ਲਗਭਗ ਤਿੰਨ ਸਾਲ ਲਗਾਤਾਰ ਸਤਿਸੰਗ ਸੁਣਨ ’ਚ ਲੰਘ ਚੁੱਕੇ ਸਨ ਇਸ ਦੌਰਾਨ ਆਪ ਜੀ ਨੇ ਨਾਮ-ਸ਼ਬਦ ਲੈਣ ਦੀ ਕੋਸ਼ਿਸ਼ ਕੀਤੀ ਇੱਕ ਵਾਰ ਆਪ ਜੀ ਨਾਮ-ਸ਼ਬਦ ਲੈਣ ਵਾਲਿਆਂ ’ਚ ਬੈਠ ਗਏ, ਪਰ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇਹ ਕਹਿ ਕੇ ਉਠਾ ਦਿੱਤਾ ਕਿ ਹਾਲੇ ਆਪ ਨੂੰ ਨਾਮ ਲੈਣ ਦਾ ਹੁਕਮ ਨਹੀਂ ਹੋਇਆ ਜਦੋਂ ਸਮਾਂ ਆਵੇਗਾ, ਤੁਹਾਨੂੰ ਘਰ ਤੋਂ ਬੁਲਵਾ ਕੇ, ਆਵਾਜ਼ ਲਗਾ ਕੇ ਨਾਮ ਦੇਵਾਂਗੇ ਆਪ ਜੀ ਬਚਨ ਅਨੁਸਾਰ ਲਗਾਤਾਰ ਸਤਿਸੰਗ ਸੁਣਦੇ ਰਹੇ ਅਤੇ ਸੇਵਾ ਕਰਦੇ ਰਹੇ ਆਖਰ ਉਹ ਦਿਨ ਵੀ ਆ ਗਿਆ, ਜਦੋਂ ਆਪ ਜੀ ਨੂੰ ਨਾਮ-ਸ਼ਬਦ ਹਾਸਲ ਹੋਣਾ ਸੀ
ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ 14 ਮਾਰਚ 1954 ਨੂੰ ਸਰਸਾ ਸ਼ਹਿਰ ਦੇ ਨਜ਼ਦੀਕ ਪਿੰਡ ਘੂਕਾਂਵਾਲੀ ’ਚ ਆਪਣਾ ਰੂਹਾਨੀ ਸਤਿਸੰਗ ਫਰਮਾਇਆ ਸਤਿਸੰਗ ਰਾਤ ਨੂੰ ਫਰਮਾਇਆ ਗਿਆ ਪਰਮਪਿਤਾ ਜੀ ਸਤਿਸੰਗ ਸੁਣ ਕੇ ਉਸੇ ਸਮੇਂ ਆਪਣੇ ਘਰ ਚਲੇ ਗਏ ਆਪ ਜੀ ਹਾਲੇ ਘਰ ਪਹੁੰਚੇ ਹੀ ਸਨ ਕਿ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਇੱਕ ਸੇੇਵਾਦਾਰ ਨੂੰ ਭੇਜ ਕੇ ਆਪ ਜੀ ਨੂੰ ਘਰ ਤੋਂ ਵਾਪਸ ਬੁਲਾ ਲਿਆ ਜਦੋਂ ਆਪ ਜੀ ਘੂੰਕਾਂਵਾਲੀ ਪਹੁੰਚੇ ਤਾਂ ਸ਼ਾਹ ਮਸਤਾਨਾ ਜੀ ਮਹਾਰਾਜ ਉਸੇ ਸਤਿਸੰਗ ਵਾਲੇ ਚਬੂਤਰੇ ’ਤੇ ਖੜ੍ਹੇ ਸੀ ਜਿੱਥੇ ਬੈਠ ਕੇ ਸਤਿਸੰਗ ਫਰਮਾਇਆ ਸੀ ਆਪ ਜੀ ਨੂੰ ਆਵਾਜ਼ ਦੇ ਕੇ ਹੁਕਮ ਕੀਤਾ ਕਿ ਸਰਦਾਰ ਹਰਬੰਸ ਸਿੰਘ ਜੀ! ਅੱਜ ਦਰਗਾਹ ਤੋਂ ਤੁਹਾਨੂੰ ਨਾਮ ਲੈਣ ਦਾ ਹੁਕਮ ਹੋ ਗਿਆ ਹੈ ਆਪ ਅੰਦਰ ਜਾ ਕੇ ਮੂਢੇ ਕੋਲ ਬੈੈਠੋ, ਅਸੀਂ ਹੁਣੇ ਆਉਂਦੇ ਹਾਂ ਜਦੋਂ ਆਪ ਜੀ ਅੰਦਰ ਗਏ ਤਾਂ ਮੂਢੇ ਕੋਲ ਜਗ੍ਹਾ ਨਾ ਹੋਣ ਕਾਰਨ ਆਪ ਜੀ ਪਿੱਛੇ ਹੀ ਬੈਠ ਗਏ ਸ਼ਾਹ ਮਸਤਾਨਾ ਜੀ ਮਹਾਰਾਜ ਨਾਮ-ਸ਼ਬਦ ਦੇਣ ਆਏ ਤਾਂ ਆਪ ਜੀ ਨੂੰ ਬੁਲਾ ਕੇ ਅੱਗੇ ਆਪਣੇ ਮੂਢੇ ਕੋਲ ਬਿਠਾਇਆ ਅਤੇ ਵਚਨ ਫਰਮਾਏ ਕਿ ‘ਭਾਈ, ਆਪ ਕੋ ਇਸਲੀਏ ਆਪਨੇ ਪਾਸ ਬਿਠਾਕਰ ਨਾਮ ਦੇਤੇ ਹੈਂ
ਕਿ ਆਪਸੇ ਕੋਈ ਕਾਮ ਲੈਨਾ ਹੈ ਆਪਕੋ ਜਿੰਦਾ-ਰਾਮ ਕਾ ਲੀਡਰ ਬਣਾਏਂਗੇ, ਜੋ ਦੁਨੀਆਂ ਕੋ ਨਾਮ ਜਪਾਏਗਾ’ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਨਾਮ ਦਿੰਦੇ ਹੀ ਦੁਨੀਆਂ ਨੂੰ ਪਰਮਪਿਤਾ ਜੀ ਦੇ ਬਾਰੇ ਜ਼ਾਹਿਰ ਕਰ ਦਿੱਤਾ ਇੱਕ ਤਰ੍ਹਾਂ ਨਾਲ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਰਮਪਿਤਾ ਜੀ ਨੂੰ ਆਪਣਾ ਰੂਪ ਚੁਣ ਲਿਆ ਸੀ ਇਹੀ ਨਹੀਂ, ਇਸ ਤੋਂ ਬਾਅਦ ਵੀ ਕਈ ਵਾਰ ਪਰਮਪਿਤਾ ਜੀ ਬਾਰੇ ਆਪਣੇ ਨਾਲ ਵਾਲਿਆਂ ਨੂੰ ਇਸ਼ਾਰਿਆਂ ’ਚ ਸਮਝਾਉਂਦੇ ਰਹੇ ਕਿ ਪਰਮਪਿਤਾ ਜੀ ਬਹੁਤ ਵੱਡੀ ਹਸਤੀ ਦੇ ਮਾਲਕ ਹਨ ਜਿਵੇਂ ਇੱਕ ਵਾਰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਆਪਣੇ ਕੁਝ ਸੇਵਾਦਾਰਾਂ ਨਾਲ ਕਿਤੇ ਘੁੰਮਣ ਜਾ ਰਹੇ ਸਨ ਰਸਤੇ ’ਚ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ, ਤਾਂ ਸ਼ਹਿਨਸ਼ਾਹ ਜੀ ਫਕੀਰੀ ਮਸਤ ਅੰਦਾਜ਼ ’ਚ ਬੋਲੇ ਕਿ ‘ਦੇਖੋ ਵਰੀ, ਯੇ ਰੱਬ ਕੀ ਪੈੜ ਹੈ’
ਪਰ ਕਿਸੇ ਨੂੰ ਯਕੀਨ ਨਹੀਂ ਹੋਇਆ ਸੇਵਾਦਾਰ ਕਹਿਣ ਲੱਗੇ ਕਿ ਸਾਈਂ ਜੀ, ਇਹ ਤਾਂ ਜਲਾਲਆਣਾ ਦੇ ਜੈਲਦਾਰ ਹਰਬੰਸ ਸਿੰਘ ਦੇ ਪੈਰਾਂ ਦੇ ਨਿਸ਼ਾਨ ਹਨ ਉਹ ਹੀ ਇੱਥੋਂ ਗਏ ਹਨ ਇਸ ’ਤੇ ਫਿਰ ਸ਼ਹਿਨਸ਼ਾਹ ਜੀ ਨੇ ਫਰਮਾਇਆ ਕਿ ‘ਨਹੀਂ ਵਰੀ! ਤੁਮ ਕੁਛ ਭੀ ਬੋਲੋ, ਯੇ ਪੈੜ ਰੱਬ ਕੀ ਹੈ ਵੋ ਬਹੁਤ ਬੜੀ ਹਸਤੀ ਹੈਂ ਤੁਮ ਮਾਨੋ ਜਾ ਨਾ ਮਾਨੋ, ਯੇ ਰੱਬ ਕੀ ਪੈੜ ਹੈ’ ਸ਼ਹਿਨਸ਼ਾਹ ਜੀ ਦਾ ਅਜਿਹਾ ਕਹਿਣ ਦਾ ਮਕਸਦ ਸਾਫ ਸੀ ਕਿ ਪਰਮਪਿਤਾ ਜੀ ਡੇਰਾ ਸੱਚਾ ਸੌਦਾ ਦੇ ਅਗਲੇ ਗੱਦੀਨਸ਼ੀਨ ਹੋਣ ਵਾਲੇ ਹਨ ਪਰ ਆਮ ਜੀਵ ਦੀ ਕੀ ਹਸਤੀ ਹੈ ਕਿ ਉਹ ਪੂਰਨ ਸੰਤ-ਮਹਾਤਮਾਵਾਂ ਦੀ ਰਮਜ਼ ਨੂੰ ਫੜ ਸਕਣ
ਰੱਬੀ ਸਵਰੂਪ ’ਚ ਦਰਸ਼ਨ:
ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਪਰਮਪਿਤਾ ਜੀ ਨੂੰ ਆਪਣਾ ਵਾਰਿਸ ਤਾਂ ਨਾਮ ਦਿੰਦੇ ਸਮੇਂ ਹੀ ਚੁਣ ਚੁੱਕੇ ਸਨ, ਪਰ ਦੁਨੀਆਂ ਦੇ ਸਾਹਮਣੇ ਆਪਣੇ ਇਸ ਰੱਬੀ ਰੂਪ ਨੂੰ ਸ਼ਰੇਆਮ ਜ਼ਾਹਿਰ ਕਰਨ ਦਾ ਇੱਕ ਨਿਸ਼ਚਿਤ ਸਮਾਂ ਤੈਅ ਕਰ ਲਿਆ ਗਿਆ ਸੀ ਆਪਣਾ ਵਾਰਿਸ ਐਲਾਨ ਕਰਨ ਤੋਂ ਪਹਿਲਾਂ ਵੈਸੇ ਇਸ਼ਾਰਿਆਂ ਨਾਲ ਕਈ ਵਾਰ ਸੰਗਤ ਨੂੰ ਸਮਝਾ ਚੁੱਕੇ ਸਨ, ਪਰ ਉਹ ਖੇਡ ਹਰ ਕਿਸੇ ਦੀ ਸਮਝ ਤੋਂ ਪਰ੍ਹੇ ਸੀ ਕਈ ਵਾਰ ਪਰਮਪਿਤਾ ਜੀ ਦੀ ਬੜੇ ਖੁੱਲ੍ਹੇ ਤੇ ਖੁਸ਼-ਦਿਲ ਨਾਲ ਪ੍ਰਸ਼ੰਸ਼ਾ ਕਰ ਦਿੰਦੇ ਅਤੇ ਸਭ ਤੋਂ ਸਮਝਦਾਰ ਅਤੇ ਗਿਆਨਵਾਨ ਹੋਣ ਦੇ ਵਚਨ ਫਰਮਾਉਂਦੇ ਪਰਮਪਿਤਾ ਜੀ ਨਿਤ-ਨੇਮ ਸਵੇਰੇ-ਸ਼ਾਮ ਪਾਠ ਕਰਿਆ ਕਰਦੇ ਸਨ ਅਤੇ ਉਨ੍ਹਾਂ ਨੂੰ ਪਵਿੱਤਰ ਗੁਰਬਾਣੀ ਦਾ ਵੀ ਪੂਰਾ ਗਿਆਨ ਸੀ ਸੰਤਾਂ ਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਪਰ ਬੇਪਰਵਾਹੀ ਰੂਹਾਨੀ ਖੇਡ ਬਾਰੇ ਜਦੋਂ ਲੋਕਾਂ ਨੂੰ ਪਤਾ ਲੱਗਿਆ, ਤਾਂ ਉਹ ਹੈਰਾਨ ਰਹਿ ਗਏ ਸਨ
ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣਾ ਵਾਰਿਸ ਦੁਨੀਆਂ ’ਤੇ ਜ਼ਾਹਿਰ ਕਰਨ ਤੋਂ ਪਹਿਲਾਂ ਪਰਮਪਿਤਾ ਜੀ ਦਾ ਇੱਕ ਸਖ਼ਤ ਇਮਿਤਹਾਨ ਵੀ ਲਿਆ ਇਸਦੇ ਲਈ ਲਗਭਗ ਅਠਾਰ੍ਹਾਂ ਦਿਨ ਖੁਦ ਪਿੰਡ ਸ੍ਰੀ ਜਲਾਲਆਣਾ ਸਾਹਿਬ ’ਚ ਰਹੇ ਅਤੇ ਪਰਮਪਿਤਾ ਜੀ ਨੂੰ ਆਪਣੇ ਮਾਰਗ-ਦਰਸ਼ਨ ’ਚ ਪਰਿਪੱਕ ਕਰਦੇ ਰਹੇ ਪੂਜਨੀਕ ਬੇਪਰਵਾਹ ਜੀ ਨੇ ਪਰਮਪਿਤਾ ਜੀ ਦੀ ਖੂਬ ਪ੍ਰੀਖਿਆ ਲਈ ਕਈ ਦਿਨਾਂ ਤੱਕ ਡੇਰਿਆਂ ਨੂੰ ਬਣਵਾਉਣ ਤੇ ਤੜਵਾਉਣ ਦਾ ਕੰਮ ਚੱਲਦਾ ਰਿਹਾ ਪਰਮਪਿਤਾ ਜੀ ਪੂਰੀ ਲਗਨ ਅਤੇ ਸ਼ਰਧਾ ਨਾਲ ਆਪਣੇ ਸਤਿਗੁਰੂ ਦੇ ਹਰ ਵਚਨ ਨੂੰ ਸਿਰ ਮੱਥੇ ਮੰਨ ਕੇ ਵਚਨਾਂ ’ਤੇ ਫੁੱਲ ਚੜ੍ਹਾਉਂਦੇ ਰਹੇ ਕਦੇ ਕਿਸੇ (ਡੇਰੇ) ਨੂੰ ਤੋੜਿਆ ਜਾਣਾ ਅਤੇ ਕਦੇ ਕਿਸੇ ਡੇਰੇ ਦਾ ਮਲਬਾ ਕਿਤੇ ਹੋਰ ਲੈ ਜਾਣ ਦਾ ਹੁਕਮ ਹੋਣਾ ਉੱਪਰ ਤੋਂ ਠੰਢ ਦਾ ਪ੍ਰਕੋਪ ਅਤੇ ਕਈ ਵਾਰ ਅੱਧੀ ਰਾਤ ਨੂੰ ਹੀ ਮਲਬਾ ਇੱਧਰ ਤੋਂ ਉੱਧਰ ਲੈ ਜਾਣ ਦਾ ਹੁਕਮ ਹੋ ਜਾਂਦਾ ਜਿਵੇਂ ਵੀ ਜੋ ਬੇਪਰਵਾਹੀ ਹੁਕਮ ਹੁੰਦਾ, ਆਪ ਜੀ ਸਤਿਵਚਨ ਕਹਿ ਕੇ ਉਸੇ ਤਰ੍ਹਾਂ ਖੁਸ਼ੀ-ਖੁਸ਼ੀ ਚੱਲ ਪੈਂਦੇ
ਸਭ ਦੇ ਮਨ ’ਚ ਜ਼ਰੂਰ ਆਉਂਦਾ ਕਿ ਇਹ ਸਭ ਕੀ ਹੋ ਰਿਹਾ ਹੈ! ਸ਼ਹਿਨਸ਼ਾਹ ਜੀ ਅਜਿਹੇ ਖੇਡ ਕਿਸ ਲਈ ਕਰ ਰਹੇ ਹਨ! ਪਰ ਐਨਾ ਤਾਂ ਸਭ ਨੂੰ ਪਤਾ ਸੀ ਕਿ ਸ਼ਹਿਨਸ਼ਾਹ ਜੀ ਬਿਨਾਂ ਕਿਸੇ ਕਾਰਨ ਕੁਝ ਨਹੀਂ ਕਰਦੇ ਪਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਸ਼ਹਿਨਸ਼ਾਹ ਜੀ ਕਿੰਨਾ ਵੱਡਾ ਖੇਲ੍ਹ ਖੇਡ ਰਹੇ ਹਨ ਉਹ ਦੁਨੀਆਂ ਦੇ ਸਾਹਮਣੇ ਜਿਸ ਹਸਤੀ ਨੂੰ ਪ੍ਰਗਟ ਕਰਨ ਜਾ ਰਹੇ ਸਨ, ਉਸ ਪ੍ਰਕਿਰਿਆ ਦਾ ਇਹ ਖੇਡ ਪੂਰਾ ਹੋ ਰਿਹਾ ਸੀ ਬੇਪਰਵਾਹ ਜੀ ਅਠਾਰ੍ਹਾਂ ਦਿਨ ਲਗਾਤਾਰ ਇਸ ਤਰ੍ਹਾਂ ਸੇਵਾਕਾਰਜ ਕਰਵਾਉਂਦੇ ਰਹੇ ਅਤੇ ਆਖਿਰ ’ਚ ਤਾਂ ਇੱਕ ਹੋਰ ਬਹੁਤ ਵੱਡੀ ਖੇਡ ਰਚੀ ਗਈ ਉਸਨੇ ਤਾਂ ਸਭ ਨੂੰ ਅਚੰਭੇ ’ਚ ਪਾ ਦਿੱਤਾ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਰਮਪਿਤਾ ਜੀ ਨੂੰ ਆਪਣਾ ਘਰ-ਬਾਰ ਤੋੜ ਕੇ ਘਰ ਅਤੇ ਹਵੇਲੀ ਦਾ ਸਾਰਾ ਸਾਮਾਨ ਡੇਰੇ ’ਚ ਲਿਆਉਣ ਦਾ ਇਲਾਹੀ ਹੁਕਮ ਕਰ ਦਿੱਤਾ ਇਹ ਇੱਕ ਬਹੁਤ ਸਖ਼ਤ ਪ੍ਰੀਖਿਆ ਸੀ ਪਰ ਆਪ ਜੀ ਤਾਂ ਬਸ ਹੁਕਮ ਦੀ ਪਾਲਣਾ ਕਰਨਾ ਹੀ ਆਪਣੇ ਜੀਵਨ ਦਾ ਮਕਸਦ ਸਮਝਦੇ ਸਨ
ਅਜਿਹਾ ਹੁਕਮ ਮਿਲਦੇ ਹੀ ਆਪ ਜੀ ਨੇ ਉਹੀ ਕੀਤਾ ਜੋ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਚਾਹੁੰਦੇ ਸਨ ਖੁਦ ਆਪਣੇ ਹੱਥੀ ਐਡੀ ਵੱਡੀ ਹਵੇਲੀ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਘਰ ਦਾ ਸਾਰਾ ਸਮਾਨ ਤੇ ਹਵੇਲੀ ਦਾ ਮਲਬਾ ਟਰੱਕਾਂ ਆਦਿ ’ਚ ਲੱਦ ਕੇ ਡੇਰਾ ਸੱਚਾ ਸੌਦਾ ਪਹੁੰਚਾ ਦਿੱਤਾ ਫਿਰ ਇੱਕ ਦਿਨ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਖੁਦ ਹੀ ਸਾਰਾ ਸਾਮਾਨ ਸਤਿਸੰਗ ’ਤੇ ਆਈ ਹੋਈ ਸੰਗਤ ’ਚ ਇੱਕ-ਇੱਕ ਕਰਕੇ ਵੰਡ ਦਿੱਤਾ ਗਿਆ ਆਪ ਜੀ ਆਪਣਾ ਤਨ-ਮਨ-ਧਨ ਆਦਿ ਸਭ ਕੁਝ ਰੂਹਾਨੀ ਪਿਆਰ ਦੀ ਭੇਂਟ ਚੜ੍ਹਾ ਚੁੱਕੇ ਸਨ ਹੁਣ ਕੁਝ ਬਾਕੀ ਨਹੀਂ ਸੀ ਇਹ ਸ਼ਹਿਨਸ਼ਾਹੀ ਚੋਜ਼ ਸਨ ਅਤੇ ਉਨ੍ਹਾਂ ਦਾ ਜੋ ਮਕਸਦ ਸੀ ਉਹ ਹੁਣ ਪੂਰਾ ਹੋ ਚੁੱਕਾ ਸੀ ਐਨਾ ਸਭ ਕੁਝ ਭੇਂਟ ਚੜ੍ਹ ਜਾਣ ਤੋਂ ਬਾਅਦ ਆਪ ਜੀ ਆਪਣੇ ਮੁਰਸ਼ਿਦ ਦੇ ਵਚਨਾਂ ’ਤੇ ਨਿਹਾਲ ਹੋ ਰਹੇ ਸਨ ਨਾ ਕੋਈ ਫਿਕਰ ਸੀ
ਤੇ ਨਾ ਕੋਈ ਚਿੰਤਾ ਸਭ ਕੁਝ ਆਪਣੇ ਸਤਿਗੁਰੂ ਨੂੰ ਅਰਪਣ ਸੀ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਆਪਜੀ ਦੇ ਇਸ ਬਲਿਦਾਨ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਸਲ ’ਚ ਉਨ੍ਹਾਂ ਦਾ ਆਪਣਾ ਜੋ ਇਲਾਹੀ ਮਿਸ਼ਨ ਸੀ, ਉਹ ਪੂਰਾ ਹੋ ਗਿਆ ਸੀ ਸਤਿਗੁਰੂ-ਦਾਤਾ ਦੇ ਰੂਹਾਨੀ ਖੇਡ ਹਰ ਕਿਸੇ ਨੇ ਦੇਖ ਹੀ ਲਏ ਸਨ ਅਤੇ ਜੋ ਹੋ ਰਿਹਾ ਸੀ, ਉਹ ਵੀ ਜਿਉਂ ਦਾ ਤਿਉਂ ਦੇਖ ਰਹੇ ਸਨ ਤਾਂ ਇਹ ਸਭ ਇਸ ਲਈ ਸੀ ਕਿ ਦੁਨੀਆਂ ਨੂੰ ਪਤਾ ਲੱਗੇ ਕਿ ਇੱਕ ਮੁਰੀਦ ਕੀ ਹੁੰਦਾ ਹੈ ਅਤੇ ਕੱਲ੍ਹ ਨੂੰ ਆਪਣਾ ਵਾਰਿਸ ਐਲਾਨ ਕਰਨ ’ਤੇ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਕਿਸੇ ਦੇ ਦਿਲ ’ਚ ਕੋਈ ਮਲਾਲ ਵੀ ਨਾ ਆਵੇ
ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਮਿਤੀ 28 ਫਰਵਰੀ 1960 ਦਾ ਦਿਨ ਵੀ ਚੁਣ ਲਿਆ ਸੀ, ਜਦੋਂ ਦੁਨੀਆਂ ਦੇ ਸਾਹਮਣੇ ਪੂਜਨੀਕ ਪਰਮ ਪਿਤਾ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ ਉਸ ਦਿਨ ਆਪ ਜੀ ਨੂੰ ਨਵੇਂ ਨੋਟਾਂ ਦੇ ਲੰਬੇ-ਲੰਬੇ ਹਾਰ ਪਹਿਨਾ ਕੇ ਪੂਰੇ ਸਰਸਾ ਸ਼ਹਿਰ ’ਚ ਇੱਕ ਬਹੁਤ ਵੱਡਾ ਜਲੂਸ ਕੱਢਿਆ ਗਿਆ ਪੂਰਾ ਦਿਨ ਸਰਸਾ ਸ਼ਹਿਰ ’ਚ ਇਹ ਜਲੂਸ ਘੰੁਮਦਾ ਰਿਹਾ ਅਤੇ ਦੁਨੀਆਂ ਨੂੰ ਡੰਕੇ ਦੀ ਚੋਟ ’ਤੇ ਦੱਸਿਆ ਕਿ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸ੍ਰੀ ਜਲਾਲਆਣਾ ਸਾਹਿਬ ਦੇ ਜੈਲਦਾਰ ਹਰਬੰਸ ਸਿੰਘ ਜੀ ਨੂੰ ਆਪਣਾ ਵਾਰਿਸ ਬਣਾ ਦਿੱਤਾ ਹੈ ਕਿਸੇ ਦੇ ਮਨ ’ਚ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਾ ਰਹੇ,
ਇਸ ਲਈ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਰਸਾ ਸ਼ਹਿਰ ’ਚ ਵੱਡਾ ਜਲੂਸ ਕੱਢਿਆ ਸ਼ਾਮ ਦੇ ਸਮੇਂ ਜਦੋਂ ਜਲੂਸ ਵਾਪਸ ਡੇਰਾ ਸੱਚਾ ਸੌਦਾ ਪਹੁੰਚਿਆ ਤਾਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਖੁਦ ਆਪ ਜੀ ਦਾ ਸ਼ਾਹੀ ਜਲੂਸ ’ਚ ਸਵਾਗਤ ਕੀਤਾ ਅਤੇ ਸੰਗਤ ’ਚ ਫਰਮਾਇਆ ਕਿ ਅੱਜ ਤੋਂ ਇਹ ਸਤਿਨਾਮ ਆਤਮਾ ਤੋਂ ਪਰਮਾਤਮਾ ਹੋ ਗਏ ਹਨ ਉਪਰੰਤ ਸਜਾਈ ਗਈ ਸ਼ਾਹੀ ਸਟੇਜ਼ ’ਤੇ ਆਪ ਜੀ ਨੂੰ ਆਪਣੇ ਨਾਲ ਬਿਠਾਇਆ ਅਤੇ ਆਪ ਜੀ ਨੂੰ ਆਪਣੇ ਨਾਲ ਬਿਠਾ ਕੇ ਵਚਨ ਫਰਮਾਏ, ‘ਅਸੀਂ ਆਪਣੇ ਦਾਤਾ ਪਿਆਰੇ ਸਾਵਣ ਸ਼ਾਹ ਸਾਈਂ ਜੀ ਦੇ ਹੁਕਮ ਨਾਲ ਅੱਜ ਸਰਦਾਰ ਹਰਬੰਸ ਸਿੰਘ ਜੀ ਨੂੰ ਆਤਮਾ ਤੋਂ ਪਰਮਾਤਮਾ ਕਰ ਦਿੱਤਾ ਹੈ
ਅੱਜ ਤੋਂ ਹਰਬੰਸ ਸਿੰਘ ਤੋਂ ‘ਸਤਿਨਾਮ ਸਿੰਘ ਜੀ’ ਹੋ ਗਏ ਹਨ ਇਹ ਉਹ ਹੀ ਸਤਿਨਾਮ ਹੈ ਜੋ ਖੰਡਾਂ-ਬ੍ਰਹਿਮੰਡਾਂ ਦਾ ਮਾਲਕ ਹੈ ਅਤੇ ਜਿਸਨੂੰ ਪੂਰੀ ਦੁਨੀਆਂ ਜੱਪਦੀ ਹੈ ਦੁਨੀਆਂ ਦੇ ਸਾਹਮਣੇ ਉਹ ਹੀ ‘ਸਤਿਨਾਮ’ ਅੱਜ ਪ੍ਰਗਟ ਹੋ ਗਿਆ ਹੈ ਇਹ ਦੋ ਜਹਾਨਾਂ ਦੇ ਵਾਲੀ ਹਨ ਜੋ ਇਨ੍ਹਾਂ ਦੇ ਪਿੱਛੇ ਤੋਂ ਵੀ ਦਰਸ਼ਨ ਕਰ ਲਵੇਗਾ, ਉਹ ਵੀ ਨਰਕਾਂ ’ਚ ਨਹੀਂ ਜਾਵੇਗਾ’ ਇਸ ਤਰ੍ਹਾਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮਪਿਤਾ ਜੀ ਨੂੰ ਆਪਣਾ ਜਾਨਸ਼ੀਨ ਬਣਾਇਆ ਅਤੇ ਦੁਨੀਆਂ ਨੂੰ ਦੱਸਿਆ ਕਿ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਹਨ
ਆਪ ਜੀ ਨੇ ਡੇਰਾ ਸੱਚਾ ਸੌਦਾ ਦੇ ਦੂਜੇ ਗੱਦੀਨਸ਼ੀਨ ਬਣ ਕੇ ਸਾਧ-ਸੰਗਤ ਦੀ ਸੇਵਾ ਸੰਭਾਲ ’ਚ ਦਿਨ-ਰਾਤ ਇੱਕ ਕਰ ਦਿੱਤਾ ਆਪ ਜੀ ਨੇ ਡੇਰਾ ਸੱਚਾ ਸੌਦਾ ਦੇ ਪ੍ਰਚਾਰ-ਪ੍ਰਸਾਰ ਦੇ ਅਥੱਕ ਯਤਨ ਕੀਤੇ ਦੇਸ਼ ਦੇ ਹਿੱਸਿਆਂ ਭਾਵ ਸੈਂਕੜੇ ਪਿੰਡਾਂ ਸ਼ਹਿਰਾਂ ਆਦਿ ’ਚ ਹਜ਼ਾਰਾਂ ਸਤਿਸੰਗਾਂ ਲਾ ਕੇ ਘਰ-ਘਰ ਰਾਮ-ਨਾਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਰੂਹਾਨੀਅਤ ਦੇ ਮਾਰਗ ’ਤੇ ਚੱਲਣਾ ਸਿਖਾਇਆ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਸੂਬਿਆਂ ’ਚ ਆਪਣੀਆਂ ਸੈਂਕੜੇ ਰੂਹਾਨੀ ਯਾਤਰਾਵਾਂ ਕੀਤੀਆਂ ਅਤੇ ਲੱਖਾਂ ਲੋਕਾਂ ਨੂੰ ਨਸ਼ਾ ਆਦਿ ਬੁਰਾਈਆਂ ਤੋਂ ਦੂਰ ਕੀਤਾ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ-ਜਾ ਕੇ ਰਾਤ-ਦਿਨ ਇੱਕ-ਇੱਕ ਕਰਕੇ ਸੱਚੀਆਂ ਸਤਿਸੰਗਾਂ ਲਗਾਈਆਂ ਆਪ ਜੀ ਨੇ ਰੂਹਾਨੀਅਤ ਦੇ ਅਨੇਕਾਂ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਅਤੇ ਹਜ਼ਾਰਾਂ ਸ਼ਬਦਾਂ, ਭਜਨਾਂ ਦਾ ਲੇਖਨ ਵੀ ਕੀਤਾ
ਆਪ ਜੀ ਦਾ ਮਕਸਦ ਲੋਕਾਂ ਨੂੰ ਪ੍ਰਭੂ ਦੀ ਬੰਦਗੀ ਨਾਲ ਜੋੜਨ ਦਾ ਸੀ ਇਸ ਲਈ ਜੋ ਵੀ ਕਰਨਾ ਪਿਆ ਆਪ ਜੀ ਨੇ ਪੂਰੀ ਤਨਦੇਹੀ ਨਾਲ ਕੀਤਾ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲ ਕੇ ਲੱਖਾਂ ਘਰ ਸਵਰਗ ਦਾ ਨਜ਼ਾਰਾ ਬਣ ਗਏ ਭਾਵ ਜਿਹੜੇ ਘਰਾਂ ’ਚ ਪਹਿਲਾਂ ਨਸ਼ਿਆਂ ਅਤੇ ਬੁਰਾਈਆਂ ਦਾ ਡੇਰਾ ਸੀ ਅਤੇ ਉਹ ਘਰ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਚੁੱਕੇ ਸਨ, ਜਿੱਥੇ ਕਿ ਗਰੀਬੀ, ਕਲੇਸ਼, ਆਪਸੀ ਝਗੜੇ ਤੇ ਮਾਰ ਕੁਟਾਈ ਆਮ ਚੱਲਦੀ ਸੀ ਉੱਥੋਂ ਇਹ ਸਭ ਬੁਰਾਈਆਂ ਜੜ੍ਹ ਤੋਂ ਉਖਾੜ ਕੇ ਸੁੱਟੀਆਂ ਗਈਆਂ ਆਪ ਜੀ ਦੀ ਹੀ ਬਦੌਲਤ ਇਨਸਾਨੀਅਤ, ਚੰਗਿਆਈ ਅਤੇ ਇਮਾਨਦਾਰੀ ਨੂੰ ਅਪਨਾ ਕੇ ਲੋਕਾਂ ਦਾ ਜੀਵਨ ਸਫਲ ਹੋ
ਗਿਆ ਆਪ ਜੀ ਨੇ ਲੋਕਾਂ ਨੂੰ ਰਾਮ-ਨਾਮ ਦਾ ਅਜਿਹਾ ਬਲ ਦਿੱਤਾ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਤੱਕ ਦਾ ਉੱਧਾਰ ਹੋ ਗਿਆ ਅੱਜ ਵੀ ਅਜਿਹੇ ਸੈਂਕੜੇ ਹਜ਼ਾਰਾਂ ਤੇ ਲੱਖਾਂ ਨਹੀਂ ਸਗੋਂ ਕਰੋੜਾਂ (ਸੱਤ ਕਰੋੜ) ’ਚ ਸਾਧ-ਸੰਗਤ ਹੈ, ਜੋ ਆਪ ਜੀ ਦੀ ਬਦੌਲਤ ਡੇਰਾ ਸੱਚਾ ਸੌਦਾ ਦੇ ਪ੍ਰਤੀ ਜਿਉਂ ਦੀ ਤਿਉਂ ਨਤਮਸਤਕ ਹੈ ਅਤੇ ਉਨ੍ਹਾਂ ਦੀ ਅਗਲੀ ਪੀੜ੍ਹੀ ਵੀ ਰਾਮ-ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾ ਰਹੀ ਹੈ ਆਪ ਜੀ ਦੀ ਅਥੱਕ ਮਿਹਨਤ ਅਤੇ ਭਰਪੂਰ ਯਤਨਾਂ ਦੀ ਬਦੌਲਤ ਡੇਰਾ ਸੱਚਾ ਸੌਦਾ ਦਾ ਨਾਂਅ ਅੱਜ ਦੇਸ਼ ਦੇ ਹੀ ਕੋਨੇ-ਕੋਨੇ ’ਚ ਨਹੀਂ, ਕੁਲ ਦੁਨੀਆਂ ’ਤੇ ਗੂੰਜ ਰਿਹਾ ਹੈ
ਡੇਰਾ ਸੱਚਾ ਸੌਦਾ ਅਤੇ ਸਾਧ-ਸੰਗਤ ਪ੍ਰਤੀ ਆਪ ਜੀ ਦਾ ਪਿਆਰ ਬੇਮਿਸਾਲ ਸੀ ਇਸੇ ਕਾਰਨ ਆਪ ਜੀ ਦਾ ਧਿਆਨ ਹਮੇਸ਼ਾ ਸਾਧ-ਸੰਗਤ ’ਚ ਹੀ ਰਹਿੰਦਾ ਆਪ ਜੀ ਨੂੰ ਇਹੀ ਰਹਿੰਦਾ ਕਿ ਕੋਈ ਦੁਖੀ ਨਾ ਰਹੇ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਸਾਧ-ਸੰਗਤ ਵਧ-ਚੜ੍ਹ ਕੇ ਦਰਬਾਰ ’ਚ ਆਵੇ ਅਤੇ ਉਨ੍ਹਾਂ ਨੂੰ ਭਰਪੂਰ ਪਿਆਰ ਮਿਲਦਾ ਰਹੇ ਅਤੇ ਉਨ੍ਹਾਂ ਦੀ ਸੰਭਾਲ ਪਹਿਲਾਂ ਤੋਂ ਵੀ ਜ਼ਿਆਦਾ ਹੋਵੇ ਇਸੇ ਮਕਸਦ ਨਾਲ ਆਪ ਜੀ ਨੇ ਆਪਣੇ ਪਰਉਪਕਾਰੀ ਰੂਹਾਨੀ ਕਾਰਜਾਂ ਦੇ ਨਾਲ-ਨਾਲ ਹੀ ਆਪਣੇ ਉੱਤਰਾਧਿਕਾਰੀ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਇਸ ਮੰਤਵ ਲਈ ਆਪ ਜੀ ਨੇ ਆਪਣੇ ਕੁਝ ਖਾਸ ਸੇਵਾਦਾਰਾਂ ਤੇ ਬਲਾਕਾਂ ਦੀ ਸਾਧ-ਸੰਗਤ ਦੇ ਜ਼ਿੰਮੇਵਾਰਾਂ ਨਾਲ ਕਰੀਬ ਸਵਾ ਸਾਲ ਤੱਕ ਮੀਟਿੰਗਾਂ ਵੀ ਕੀਤੀਆਂ ਅਤੇ ਉਨ੍ਹਾਂ ਨਾਲ ਆਪਣੇ ਇਸ ਸ਼ੁੱਭ ਖਿਆਲ ਨੂੰ ਸਾਂਝਾ ਕੀਤਾ ਪਰ ਸਤਿਗੁਰੂ ਜੋ ਕਰਦਾ ਹੈ, ਉਹ ਆਮ ਜੀਵ ਦੇ ਸਮਝ ’ਚ ਨਹੀਂ ਆ ਸਕਦਾ ਆਮ ਲੋਕ ਸਤਿਗੁਰੂ ਦੀ ਰਮਜ਼ ਨੂੰ ਨਹੀਂ ਪਾ ਸਕਦੇ
ਇਸੇ ਤਰ੍ਹਾਂ ਸੰਨ 1989 ’ਚ ਜਦੋਂ ਮੀਟਿੰਗਾਂ ਲਗਾਤਾਰ ਚੱਲੀਆਂ, ਇਸੇ ਇੱਕ ਮੀਟਿੰਗ ਦੌਰਾਨ ਤਾਂ ਸੇਵਾਦਾਰਾਂ ਨੇ ਹੱਥ ਜੋੜ ਕੇ ਕਿਹਾ ਕਿ ਹੇ ਸਤਿਗੁਰੂ ਜੀ, ਅਸੀਂ ਤਾਂ ਅੰਨੇ੍ਹੇ ਹਾਂ ਅਤੇ ਅੰਨਾ ਕਿਸੇ ਸੁਜਾਖੇ ਨੂੰ ਕਿਵੇਂ ਲੱਭ ਸਕਦਾ ਹੈ ਸਤਿਗੁਰੂ ਹੀ ਆਪਣੇ ਸਵਰੂਪ ਨੂੰ ਜਾਣਦਾ ਹੈ ਇਸ ਲਈ ਆਪ ਜੀ ਜੋ ਵੀ ਹੁਕਮ ਕਰੋਗੇ, ਅਰਥਾਤ ਜਿਸਨੂੰ ਵੀ ਚੁਣੋਗੇ, ਸਾਨੂੰ ਸਾਰਿਆਂ ਨੂੰ ਮਨਜ਼ੂਰ ਹੈ ਜੀ ਆਪ ਜੀ ਦਾ ਇਲਾਹੀ ਹੁਕਮ ਸਾਡੇ ਸਿਰ-ਮੱਥੇ ਹੈ
ਆਪਣਾ ਇਹ ਇਲਾਹੀ ਕਾਰਜ ਤਾਂ ਆਪ ਜੀ ਪਹਿਲਾਂ ਹੀ ਪੂਰਾ ਕਰ ਚੁੱਕੇ ਸਨ ਸੇਵਾਦਾਰਾਂ ਤੋਂ ਤਾਂ ਬਸ ਇਹੀ ਕਹਾਉਣਾ ਬਾਕੀ ਸੀ ਤਾਂ ਕਿ ਕਿਸੇ ਦੇ (ਆਮ-ਖਾਸ ਦੇ) ਮਨ ਅੰਦਰ ਕੋਈ ਕਿੰਤੂ-ਪ੍ਰੰਤੂ, ਕੋਈ ਸ਼ੱਕ ਨਾ ਰਹੇ ਆਪ ਜੀ ਨੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਆਪਣਾ ਜਾਨਸ਼ੀਨ ਐਲਾਨ ਕੀਤਾ ਜਦਕਿ ਗੱਦੀਨਸ਼ੀਨੀ ਦਾ ਸਾਰਾ ਕੰਮ ਲਗਭਗ ਇਸ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਸਰਕਾਰੀ ਪੱਕੀ ਲਿਖਤਾਂ ਰਾਹੀਂ ਪੂਰਾ ਕਰ ਲਿਆ ਸੀ ਆਪ ਜੀ ਨੇ ਮੌਜੂਦਾ ਗੁਰੂ ਡਾ. ਐੱਮਐੱਸਜੀ ਨੂੰ ਆਪਣਾ ਵਾਰਿਸ ਬਣਾ ਕੇ ਡੇਰਾ ਸੱਚਾ ਸੌਦਾ ਦੇ ਇਤਿਹਾਸ ’ਚ ਇੱਕ ਸੋਨ ਅਧਿਆਏ ਜੋੜ ਦਿੱਤਾ ਡੇਰਾ ਸੱਚਾ ਸੌਦਾ ਦੀ ਸਾਰੀ ਸਾਧ-ਸੰਗਤ ਲਈ ਆਪ ਜੀ ਦਾ ਇਹ ਇੱਕ ਮਹਾਨ ਕਾਰਜ ਹੈ, ਜਿਸਦੀ ਛਾਪ ਅਮਿੱਟ ਹੈ ਆਪ ਜੀ ਦਾ ਮਹਾਨ ਪਰਉਪਕਾਰ ਹੈ ਅਤੇ ਇਸਦੇ ਲਈ ਸਾਧ-ਸੰਗਤ ਆਪ ਜੀ ਦੀ ਸਦਾ ਰਿਣੀ ਰਹੇਗੀ
ਆਪ ਜੀ ਨੇ ਅਜਿਹਾ ਮਹਾਨ ਸਤਿਗੁਰੂ ਸਾਧ-ਸੰਗਤ ਨੂੰ ਦਿੱਤਾ ਕਿ ਜਿਸਦੀ ਮਹਿਮਾ ਦਾ ਬਖਾਨ ਜਿੰਨਾ ਕੀਤਾ ਜਾਵੇ, ਘੱਟ ਹੈ ਪੂਜਨੀਕ ਪਰਮਪਿਤਾ ਜੀ ਨੇ ਇਹ ਵਚਨ ਕਰਕੇ ਸਾਧ-ਸੰਗਤ ਨੂੰ ਨਿਸ਼ਚਿੰਤ ਕਰ ਦਿੱਤਾ ਕਿ ‘ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਸਾਧ-ਸੰਗਤ ਆਪ ਜੀ ਦੀ ਤਹਿਦਿਲੋਂ ਧੰਨਵਾਦੀ ਹੈ
ਸਾਰੀ ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਦਿਵਸ ਦੀ ਕੋਟਿ-ਕੋਟਿ ਵਧਾਈ ਹੋਵੇ ਜੀ































































