ਡਾਮਨ ਅਤੇ ਪਿਥੀਅਸ ਦੋ ਦੋਸਤ ਸਨ ਦੋਵਾਂ ’ਚ ਬਹੁਤ ਪ੍ਰੇਮ ਸੀ ਇੱਕ ਵਾਰ ਉਸ ਦੇਸ਼ ਦੇ ਅੱਤਿਆਚਾਰੀ ਰਾਜੇ ਨੇ ਡਾਮਨ ਨੂੰ ਫਾਂਸੀ ਦੇਣ ਦਾ ਹੁਕਮ ਦੇ ਦਿੱਤਾ ਡਾਮਨ ਦੀ ਪਤਨੀ-ਬੱਚੇ ਬਹੁਤ ਦੂਰ ਸਮੁੰਦਰੋਂ ਪਾਰ ਰਹਿੰਦੇ ਸਨ ਡਾਮਨ ਨੇ ਉਨ੍ਹਾਂ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ
ਰਾਜੇ ਨੇ ਕਹਾਇਆ, ‘ਜੇਕਰ ਡਾਮਨ ਦੇ ਬਦਲੇ ਕੋਈ ਦੂਜਾ ਆਦਮੀ ਜੇਲ੍ਹ ’ਚ ਰਹਿਣ ਨੂੰ ਤਿਆਰ ਹੋਵੇ ਅਤੇ ਜੇਕਰ ਡਾਮਨ ਆਪਣੇ ਪਤਨੀ-ਬੱਚਿਆਂ ਨਾਲ ਮਿਲ ਕੇ ਸਮੇਂ ’ਤੇ ਵਾਪਸ ਨਾ ਪਹੁੰਚ ਸਕੇ ਤਾਂ ਉਸੇ ਵਿਅਕਤੀ ਨੂੰ ਡਾਮਨ ਦੀ ਥਾਂ ਫਾਂਸੀ ’ਤੇ ਲਟਕਾ ਦਿੱਤਾ ਜਾਵੇਗਾ।
ਜੇਕਰ ਉਸ ਵਿਅਕਤੀ ਦੇ ਇਹ ਸ਼ਰਤ ਮਨਜ਼ੂਰ ਹੋਵੇ ਤਾਂ ਡਾਮਨ ਤੈਅ ਸਮੇਂ ਲਈ ਘਰ ਜਾ ਸਕਦਾ ਹੈ’। ਪਿਥੀਅਸ ਨੇ ਡਾਮਨ ਤੋਂ ਪੁੱਛੇ ਬਿਨਾਂ ਹੀ ਇਹ ਸ਼ਰਤ ਸਵੀਕਾਰ ਕਰ ਲਈ ਪੱਕੀ ਲਿਖਾ-ਪੜ੍ਹੀ ਹੋ ਗਈ ਅਤੇ ਡਾਮਨ ਨੂੰ ਜੇਲ੍ਹ ’ਚੋਂ ਕੱਢ ਕੇ ਉਸਦੀ ਥਾਂ ਪਿਥੀਅਸ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ ਪਿਥੀਅਸ ਸੋਚ ਰਿਹਾ ਸੀ ਕਿ ਹੇ ਪ੍ਰਭੂ! ਡਾਮਨ ਸਮੇਂ ’ਤੇ ਵਾਪਸ ਨਾ ਆਵੇੇ ਤਾਂ ਸਹੀ ਹੈ। ਸਮਾਂ ਬੀਤਣ ਲੱਗਾ ਹਵਾ ਦੀ ਦਿਸ਼ਾ ਉਲਟ ਹੋਣ ਕਾਰਨ ਡਾਮਨ ਦੀ ਕਿਸ਼ਤੀ ਸਮੇਂ ’ਤੇ ਨਾ ਪਹੁੰਚ ਸਕੀ ਫਾਂਸੀ ਦਾ ਸਮਾਂ ਨੇੜੇ ਆ ਗਿਆ ਪਿਥੀਅਸ ਦੇ ਮਨ ’ਚ ਅਨੰਦ ਅਤੇ ਸ਼ੱਕ ਦੋਵੇਂ ਹੀ ਲਹਿਰਾਂ ਉੱਠ-ਬੈਠ ਰਹੀਆਂ ਸਨ ਜਦੋਂ ਉਹ ਸੋਚਦਾ ਕਿ ਡਾਮਨ ਨਹੀਂ ਆਇਆ ਤਾਂ ਮੈਨੂੰ ਫਾਂਸੀ ਹੋ ਜਾਵੇਗੀ।
ਫਿਰ ਉਹ ਅਨੰਦ ’ਚ ਮਸਤ ਹੋ ਜਾਂਦਾ ਪਰ ਦੂਜੇ ਹੀ ਪਲ ਜਦੋਂ ਉਸਦੇ ਮਨ ’ਚ ਇਹ ਵਿਚਾਰ ਆਉਂਦਾ ਕਿ ਹਾਲੇ ਮੈਨੂੰ ਫਾਂਸੀ ਤਾਂ ਹੋਈ ਨਹੀਂ ਅਤੇ ਜੇਕਰ ਇਸ ਦਰਮਿਆਨ ਡਾਮਨ ਆ ਗਿਆ ਤਾਂ ਮੇਰਾ ਮਨੋਰਥ ਅਸਫਲ ਹੀ ਰਹਿ ਜਾਵੇਗਾ, ਤਾਂ ਉਹ ਦੁਖੀ ਹੋ ਜਾਂਦਾ ਪਿਥੀਅਸ ਬੜਾ ਚਿੰਤਿਤ ਹੋ ਕੇ ਭਗਵਾਨ ਨੂੰ ਵਾਰ-ਵਾਰ ਇਹੀ ਪ੍ਰਾਰਥਨਾ ਕਰਦਾ ਕਿ ਹੇ ਪ੍ਰਭੂ! ਡਾਮਨ ਦੇ ਆਉਣ ’ਚ ਦੇਰ ਹੋ ਜਾਵੇ ਅਤੇ ਉਸਦੀ ਥਾਂ ਮੈਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਜਾਵੇ। ਉੱਧਰ ਡਾਮਨ ਕਿਸ਼ਤੀ ’ਚ ਬੈਠਾ ਇਹ ਸੋਚ-ਸੋਚ ਕੇ ਬੇਵੱਸ ਹੋ ਰਿਹਾ ਸੀ ਕਿ ਕਿਤੇ ਉਹ ਸਮੇਂ ’ਤੇ ਨਾ ਪਹੁੰਚ ਸਕਿਆ ਤਾਂ ਉਸਦੇ ਦੋਸਤ ਪਿਥੀਅਸ ਨੂੰ ਫਾਂਸੀ ’ਤੇ ਲਟਕਾ ਦਿੱਤਾ ਜਾਵੇਗਾ ਸਮਾਂ ਬੀਤਦਾ ਜਾ ਰਿਹਾ ਸੀ।
ਡਾਮਨ ਨਹੀਂ ਪਹੁੰਚ ਸਕਿਆ ਤਾਂ ਪਿਥੀਅਸ ਨੂੰ ਫਾਂਸੀ ਦੇ ਤਖ਼ਤੇ ਤੱਕ ਲਿਜਾਇਆ ਗਿਆ ਉਸਨੂੰ ਬੜੀ ਖੁਸ਼ੀ ਸੀ ਲੋਕਾਂ ਨੇ ਕਿਹਾ ਕਿ ਡਾਮਨ ਨੇ ਬਹੁਤ ਮਾੜਾ ਕੀਤਾ ਉਹ ਸਮੇਂ ’ਤੇ ਨਹੀਂ ਆਇਆ। ਪਿਥੀਅਸ ਇਸ ਗੱਲ ਨੂੰ ਨਾ ਸਹਿ ਸਕਿਆ ਉਸਨੇ ਕਿਹਾ ਕਿ ਭਰਾਵੋ! ਪਿਛਲੇ ਕਈ ਦਿਨਾਂ ਤੋਂ ਹਵਾ ਉਲਟ ਚੱਲ ਰਹੀ ਹੈ, ਇਸ ਲਈ ਉਹ ਨਹੀਂ ਆ ਸਕਿਆ ਹੋਵੇਗਾ ਇਸ ’ਤੇ ਕਿਸੇ ਨੂੰ ਉਸਦੇ ਪ੍ਰਤੀ ਮਾੜੀਆਂ ਭਾਵਨਾਵਾਂ ਪ੍ਰਗਟ ਨਹੀਂ ਕਰਨੀਆਂ ਚਾਹੀਦੀਆਂ ਐਨਾ ਕਹਿ ਕੇ ਪਿਥੀਅਸ ਜੱਲਾਦ ਨੂੰ ਬੋਲਿਆ ਕਿ ਭਾਈ! ਸਮਾਂ ਹੋ ਗਿਆ ਹੈ, ਹੁਣ ਤੁਸੀਂ ਦੇਰ ਕਿਉਂ ਕਰ ਰਹੇ ਹੋ? ਜੱਲਾਦ ਪਿਥੀਅਸ ਨੂੰ ਫਾਂਸੀ ’ਤੇ ਲਟਕਾਉਣ ਲਈ ਤਿਆਰ ਹੋਇਆ ਕਿ ਆਵਾਜ਼ ਸੁਣਾਈ ਦਿੱਤੀ, ‘ਠਹਿਰੋ!, ਠਹਿਰੋ! ਮੈਂ ਆ ਗਿਆ ਹਾਂ’ ਲੋਕਾਂ ਦੇ ਦੇਖਦੇ ਹੀ ਦੇਖਦੇ ਡਾਮਨ ਪਾਗਲਾਂ ਵਾਂਗ ਘੋੜੇ ਨੂੰ ਭਜਾਉਂਦਾ ਹੋਇਆ।
ਉੱਥੇ ਪਹੁੰਚ ਗਿਆ ਅਤੇ ਘੋੜੇ ਤੋਂ ਛਾਲ ਮਾਰ ਕੇ ਤੁਰੰਤ ਫਾਂਸੀ ਦੇ ਤਖ਼ਤੇ ’ਤੇ ਜਾ ਚੜਿ੍ਹਆ ਅਤੇ ਪਿਥੀਅਸ ਨੂੰ ਗਲੇ ਲਾ ਕੇ ਕਿਹਾ ਕਿ ਭਗਵਾਨ ਦਾ ਲੱਖ-ਲੱਖ ਸ਼ੁਕਰ ਆ ਜੋ ਉਨ੍ਹਾਂ ਨੇ ਤੁਹਾਡੀ ਜਾਨ ਬਚਾਈ। ਜਦੋਂ ਪਿਥੀਅਸ ਨੇ ਹੱਥ ਮਲਦੇ ਹੋਏ ਕਿਹਾ ਕਿ ਪਰ ਭਗਵਾਨ ਨੇ ਮੇਰੀ ਪ੍ਰਾਰਥਨਾ ਨਹੀਂ ਸੁਣੀ ਤੁਸੀਂ ਦੋ ਮਿੰਟਾਂ ਬਾਅਦ ਕਿਉਂ ਨਹੀਂ ਪਹੁੰਚੇ? ਇਸ ਅਦਭੁੱਤ ਦ੍ਰਿਸ਼ ਅਤੇ ਦੋਸਤਾਂ ਦੀ ਇਸ ਆਦਰਸ਼ ਦੋਸਤੀ ਨੂੰ ਦੇਖ ਕੇ ਸਖ਼ਤ ਦਿਲ ਵਾਲਾ ਰਾਜਾ ਵੀ ਹੈਰਾਨ ਹੋ ਗਿਆ ਉਸ ’ਤੇ ਇਸ ਦਾ ਬਹੁਤ ਡੂੰਘਾ ਅਸਰ ਪਿਆ ਅਤੇ ਦੋਵਾਂ ਦੇ ਨੇੜੇ ਆ ਕੇ ਰਾਜੇ ਨੇ ਕਿਹਾ ਕਿ ਦੋਵੇਂ ਫਾਂਸੀ ਦੇ ਤਖ਼ਤੇ ਤੋਂ ਉੱਤਰ ਜਾਓ ਮੈਂ ਦੋ ਦੋਸਤਾਂ ਦੀ ਅਜਿਹੀ ਬੇਮਿਸਾਲ ਜੋੜੀ ਨੂੰ ਤੋੜਨਾ ਨਹੀਂ ਚਾਹੁੰਦਾ ਸਗੋਂ ਮੇਰੀ ਤਾਂ ਭਗਵਾਨ ਅੱਗੇ ਪ੍ਰਾਰਥਨਾ ਹੈ ਕਿ ਤੁਹਾਡੇ ਦੋਵਾਂ ਨਾਲ ਤੀਜਾ ਮੈਂ ਵੀ ਅਜਿਹਾ ਹੀ ਬਣ ਜਾਵਾਂ।
ਮਹਿਕ ਵਰਮਾ