‘ਬੁਲੰਦ ਹੌਸਲਾ ਅਤੇ ਜ਼ਿੰਦਾਦਿਲੀ’ ਇਨਸਾਨੀ ਜਿੰਦਗੀ ਦਾ ਆਧਾਰ
ਇਨਸਾਨੀ ਜਿੰਦਗੀ ਸਫਲਤਾਵਾਂ ਅਤੇ ਅਸਫਲਤਾਵਾਂ ਦੇ ਫੁੱਲਾਂ ਦਾ ਖਿੜਿਆ ਉਹ ਬਗੀਚਾ ਹੈ ਜਿਸ ਨੂੰ ਹਰ ਹੀਲੇ ਮੰਨਣਾ ਹੀ ਪੈਂਦਾ ਹੈ ਬੇਸ਼ੱਕ ਹਰ ਇਨਸਾਨ ਨੂੰ ਅਸਫਲਤਾ ਤੋਂ ਸਖਤ ਨਫਰਤ ਹੁੰਦੀ ਹੈ, ਹਰ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਜੀਵਨ ਵਿੱਚ ਸਫਲਤਾਵਾਂ ਹੀ ਸਫਲਤਾਵਾਂ ਹੋਣ, ਪਰ ਇਹ ਨਾ ਤਾਂ ਹਕੀਕਤ ਰੂਪ ਵਿੱਚ ਸੰਭਵ ਹੈ ਅਤੇ ਨਾ ਹੀ ਦਰੁਸਤ ਅਸਲ ਵਿੱਚ ਅਸਫਲ਼ਤਾ ਤੋਂ ਬਿਨਾਂ ਸਫਲਤਾ ਦੀ ਕੋਈ ਹੋਂਦ ਹੀ ਨਹੀਂ ਹੈ ਇਹ ਅਸਫਲਤਾ ਹੀ ਹੈ ਜਿਸ ਕਾਰਨ ਸਫਲਤਾ ਦਾ ਇੰਨਾ ਜਿਆਦਾ ਮੁੱਲ ਪਿਆ ਹੈ ਇਹ ਅਸਫਲਤਾ ਹੀ ਹੈ
ਜਿਸ ਨੇ ਸਫਲਤਾ ਨੂੰ ਖਾਸੀਅਤ ਬਖਸੀ ਹੈ ਜੇਕਰ ਅਸਫਲਤਾ ਨਾ ਹੁੰਦੀ ਤਾਂ ਸਫਲਤਾ ਨੇ ਖਾਸ ਨਹੀਂ ਆਮ ਹੋ ਕੇ ਰਹਿ ਜਾਣਾ ਸੀ ਕਿਸੇ ਨੇ ਵੀ ਸਫਲਤਾ ਲਈ ਕੋਈ ਤਰਲੋਮੱਛੀ ਨਹੀਂ ਸੀ ਕਰਨੀ ਕਿਸੇ ਨੂੰ ਅਸਫ਼ਲ ਹੋਣ ਦਾ ਡਰ ਹੀ ਨਹੀਂ ਸੀ ਰਹਿਣਾ ਅਸਫਲਤਾ ਦੀ ਗੈਰ-ਹਾਜ਼ਰੀ ‘ਚ ਸਫਲ ਹੋਣ ਦਾ ਮਜ਼ਾ ਵੀ ਕੋਈ ਖਾਸ ਨਹੀਂ ਸੀ ਹੋਣਾ ਅਸਫਲਤਾ ਤੋਂ ਬਾਅਦ ਨਸੀਬ ਹੋਣ ਵਾਲੀ ਸਫਲਤਾ ਦਾ ਆਨੰਦ ਇਸ ਨੂੰ ਮਾਨਣ ਵਾਲੇ ਹੀ ਬਿਆਨ ਕਰ ਸਕਦੇ ਹਨ ਅਸਫਲਤਾ ਦੀ ਹਿੱਕ ਦਰੜ ਕੇ ਸਫਲਤਾ ਨੂੰ ਪੁੱਜਣ ਵਾਲੇ ਹੀ ਸਫਲਤਾ ਦੀ ਕੀਮਤ ਦੱਸ ਸਕਦੇ ਹਨ।
ਅਸਫ਼ਲਤਾਵਾਂ ਤੋਂ ਸੱਖਣੀਆਂ ਸਫਲਤਾਵਾਂ ਮਾਨਣ ਦੇ ਆਦੀ ਇਨਸਾਨ ਅੰਦਰੋਂ ਕਮਜੋਰ ਰਹਿ ਜਾਂਦੇ ਹਨ ਜਦਕਿ ਅਸਫ਼ਲਤਾਵਾਂ ਨਾਲ ਹਿੱਕ ਡਾਹ ਕੇ ਮੱਥਾ ਲਾਉਣ ਵਾਲੇ ਹੀ ਸਮਾਜ ਦੇ ਅਸਲ ਸਿਰਜਕ ਹੁੰਦੇ ਹਨ
ਅਸਫਲਤਾ ਤੋਂ ਡਰਨ ਵਾਲੇ ਇਨਸਾਨ ਜਿੰਦਗੀ ‘ਚ ਕਦੇ ਵੀ ਕੋਈ ਖਤਰਾ ਮੁੱਲ ਨਹੀਂ ਲੈ ਸਕਦੇ ਅਸਫਲਤਾ ਤੋਂ ਡਰਨ ਵਾਲੇ ਇਨਸਾਨ ਤਾਂ ਸੁਰੱਖਿਅਤ ਖੇਡਾਂ ਖੇਡਣ ਦੇ ਆਦੀ ਹੋ ਜਾਂਦੇ ਹਨ ਅਸਫਲਤਾ ਤੋਂ ਡਰਨ ਵਾਲੇ ਇਨਸਾਨਾਂ ਦੀ ਸਮਾਜ ਲਈ ਕੋਈ ਖਾਸ ਦੇਣ ਨਹੀਂ ਹੁੰਦੀ ਅਜਿਹੇ ਇਨਸਾਨ ਤਾਂ ਸਿਰਫ ਆਪਣੇ ਲਈ ਜੀਣ ਵਾਲੇ ਇਨਸਾਨ ਹੁੰਦੇ ਹਨ ਲੋਕਾਂ ਦੀਆਂ ਸੱਮਸਿਆਵਾਂ ਅਤੇ ਪ੍ਰੇਸ਼ਾਨੀਆਂ ਤੋਂ ਮੁੱਖ ਘੁੰਮਾ ਕੇ ਲੰਘ ਜਾਣਾ ਇਹਨਾਂ ਦੀ ਫਿਤਰਤ ਬਣ ਜਾਂਦੀ ਹੈ ਸਮਾਜ ਨੂੰ ਸੁੰਦਰ ਅਤੇ ਸਮਾਨਤਾ ਭਰਪੂਰ ਬਣਾਉਣ ‘ਚ ਅਜਿਹੇ ਲੋਕਾਂ ਦੀ ਕੋਈ ਦਿਲਚਸਪੀ ਨਹੀਂ ਹੁੰਦੀ ਇਹਨਾਂ ਲਈ ਸਮਾਜ ਦੀ ਸੁੰਦਰਤਾ ਦੇ ਅਰਥ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਦੀ ਖੁਸ਼ਹਾਲੀ ਤੱਕ ਹੀ ਸੀਮਤ ਹੁੰਦੇ ਹਨ।
ਇਨਸਾਨੀ ਜਿੰਦਗੀ ‘ਚ ਸਫਲਤਾ ਲਈ ਸਖਤ ਮਿਹਨਤ ਤੋਂ ਬਾਅਦ ਦੂਜਾ ਦਰਜਾ ਇਨਸਾਨ ਦੇ ਹੌਸਲੇ ਦਾ ਹੀ ਆਉਂਦਾ ਹੈ ਕਿਸੇ ਇਨਸਾਨ ਦੀ ਸਫਲਤਾ ਭਰਪੂਰ ਕਹਾਣੀ ਪਿੱਛੇ ਉਸ ਦੀ ਸਖਤ ਮਿਹਨਤ ਤੋਂ ਬਾਅਦ ਦੂਜੀ ਭੂਮਿਕਾ ਉਸ ਦੇ ਬੁਲੰਦ ਹੌਸਲੇ ਦੀ ਹੀ ਹੁੰਦੀ ਹੈ ਇਹ ਬੁਲੰਦ ਹੌਸਲਾ ਹੀ ਹੁੰਦਾ ਹੈ ਜੋ ਇਨਸਾਨ ਨੂੰ ਅਸਫਲਤਾ ਦੇ ਭੈਅ ਤੋਂ ਮੁਕਤ ਹੋ ਲਗਾਤਾਰ ਕੋਸ਼ਿਸ਼ ਕਰਦਿਆਂ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਹੈ ਬੁਲੰਦ ਹੌਸਲੇ ਤੋਂ ਸੱਖਣਾ ਇਨਸਾਨ ਡਰੂ ਅਤੇ ਸਹਿਮੀ ਸ਼ਖਸੀਅਤ ਵਾਲਾ ਹੋ ਕੇ ਰਹਿ ਜਾਂਦਾ ਹੈ ਨਕਾਰਾਤਮਕ ਵਿਚਾਰ ਉਸ ਦੇ ਦਿਲੋ-ਦਿਮਾਗ ‘ਤੇ ਡੇਰਾ ਲਾ ਕੇ ਬੈਠ ਜਾਂਦੇ ਹਨ ਉਸ ਨੂੰ ਚਾਰ ਚੁਫੇਰੇ ਅਸਫਲਤਾ ਹੀ ਅਸਫਲਤਾ ਨਜ਼ਰ ਆਉਣ ਲੱਗਦੀ ਹੈ ਉਸ ਨੂੰ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਨਾਕਾਮ ਹੋਣ ਦਾ ਡਰ ਲੱਗਿਆ ਰਹਿੰਦਾ ਹੈ ਬੁਲੰਦ ਹੌਸਲੇ ਤੋਂ ਸੱਖਣਾ ਇਨਸਾਨ ਖੁਦ ਤਾਂ ਢਹੀ-ਢੇਰੀ ਵਾਲਾ ਹੁੰਦਾ ਹੈ
ਸਗੋਂ ਦੂਜਿਆਂ ਨੂੰ ਵੀ ਨਾਕਾਰਤਮਕ ਵਿਚਾਰਾਂ ਨਾਲ ਭਰ ਦਿੰਦਾ ਹੈ ਬੁਲੰਦ ਹੌਸਲੇ ਤੋਂ ਸੱਖਣੇ ਇਨਸਾਨ ਦੀ ਸੰਗਤ ਕਰਨ ਵਾਲਾ ਇਨਸਾਨ ਵੀ ਵਹਿਮੀ ਅਤੇ ਕਮਜ਼ੋਰ ਮਾਨਸਿਕਤਾ ਵਾਲਾ ਹੋ ਜਾਂਦਾ ਹੈ ਕਮਜੋਰ ਹੌਸਲੇ ਵਾਲਾ ਇਨਸਾਨ ਜਿੱਥੇ ਖੁਦ ਹਾਲਤਾਂ ਨਾਲ ਸਮਝੌਤੇ ਕਰਨ ਦਾ ਆਦੀ ਹੁੰਦਾ ਹੈ ਉੱਥੇ ਦੂਜਿਆਂ ਨੂੰ ਵੀ ਹਾਲਤਾਂ ਨਾਲ ਸਮਝੌਤਿਆਂ ਦੀ ਹੀ ਸਲਾਹ ਦਿੰਦਾ ਹੈ
ਉਲਟ ਹਾਲਤਾਂ ਜਾਂ ਇਨਸਾਨ ਨੂੰ ਹਰਾਉਣ ਲਈ ਬੁਲੰਦ ਹੌਸਲਾ ਸਭ ਤੋਂ ਤਾਕਤਵਰ ਹਥਿਆਰ ਹੁੰਦਾ ਹੈ ਇਨਸਾਨ ਦੀ ਜਿੰਦਾਦਿਲੀ ਵੇਖ ਕੇ ਸਾਹਮਣੇ ਵਾਲਾ ਖੁਦ-ਬ-ਖੁਦ ਹੀ ਪਿੱਛੇ ਹਟ ਜਾਂਦਾ ਹੈ ਬੁਲੰਦ ਹੌਸਲੇ ਵਿੱਚੋਂ ਉਪਜਿਆ ਆਤਮ ਵਿਸ਼ਵਾਸ ਇਨਸਾਨ ਨੂੰ ਪਹਾੜਾਂ ਨਾਲ ਮੱਥਾ ਲਾਉਣ ਦੇ ਸਮਰੱਥ ਬਣਾ ਦਿੰਦਾ ਹੈ ਬੁਲੰਦ ਹੌਸਲੇ ਵਾਲੇ ਇਨਸਾਨ ਨੂੰ ਚਾਰ-ਚੁਫੇਰੇ ਸਫਲਤਾ ਹੀ ਸਫਲਤਾ ਨਜ਼ਰ ਆਉਂਦੀ ਹੈ ਉਸ ਨੂੰ ਹਰ ਇਨਸਾਨ ਆਪਣਾ ਸਹਿਯੋਗੀ ਜਾਪਦਾ ਹੈ ਉਸ ਨੂੰ ਰਸਤੇ ਦੇ ਰੋੜੇ ਦੂਰ ਕਰ ਲੈਣ ਦਾ ਪੂਰਨ ਆਤਮ ਵਿਸ਼ਵਾਸ ਹੁੰਦਾ ਹੈ ਉਸ ਨੂੰ ਜਾਪਦਾ ਹੈ ਕਿ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਮੰਜ਼ਿਲ ‘ਤੇ ਪਹੁੰਚਣ ਤੋਂ ਨਹੀਂ ਰੋਕ ਸਕਦੀ।
ਬੁਲੰਦ ਹੌਸਲਾ ਇਨਸਾਨੀ ਜੀਵਨ ਜਾਂਚ ਦਾ ਉਹ ਪਹਿਲੂ ਹੈ ਜੋ ਇਨਸਾਨੀ ਜਿੰਦਗੀ ਨੂੰ ਜਿਉਣ ਦਾ ਅਸਲੀ ਮਨੋਰਥ ਦਿੰਦਾ ਹੈ ਬੁਲੰਦ ਹੌਸਲੇ ਵਾਲੇ ਇਨਸਾਨ ਨੂੰ ਜਿੰਦਗੀ ਰੰਗੀਨ ਅਤੇ ਮਜ਼ੇਦਾਰ ਜਾਪਦੀ ਹੈ ਜਦਕਿ ਨਿਰਾਸ਼ਾ ਦੇ ਆਲਮ ‘ਚ ਡੁੱਬਿਆ ਅਤੇ ਪਸਤ ਹੌਸਲੇ ਵਾਲਾ ਇਨਸਾਨ ਜਿੰਦਗੀ ਤੋਂ ਅੱਕਿਆ ਅਤੇ ਖਿਝਿਆ ਰਹਿੰਦਾ ਹੈ ਉਸ ਨੂੰ ਜਾਪਦਾ ਹੈ ਕਿ ਮੁਸ਼ਕਲਾਂ ਅਤੇ ਸਮੱਸਿਆਵਾਂ ਹਮੇਸ਼ਾ ਉਸ ਨੂੰ ਪ੍ਰੇਸ਼ਾਨ ਕਰਦੀਆਂ ਹਨ ਉਸ ਨੂੰ ਇਨਸਾਨੀ ਜਿੰਦਗੀ ਬੋਝ ਜਾਪਣ ਲਗਦੀ ਹੈ ਇਨਸਾਨ ਨੂੰ ਖੁਦਕੁਸ਼ੀ ਵੱਲ ਧੱਕਣ ‘ਚ ਜਿੰਦਾਦਿਲੀ ਦੀ ਘਾਟ ਮੁੱਖ ਹੁੰਦੀ ਹੈ ਹੌਸਲੇ ਤੋਂ ਸੱਖਣੇ ਇਨਸਾਨ ਨੂੰ ਜਾਪਦਾ ਹੈ ਕਿ ਉਸ ਦੀ ਜਿੰਦਗੀ ‘ਚ ਆਈਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਅਸਫਲਤਾ ਉਸ ਦੇ ਦਿਲ ਦਿਮਾਗ ‘ਤੇ ਭਾਰੂ ਪੈ ਜਾਂਦੀ ਹੈ ਉਹ ਦੂਜਿਆਂ ਪ੍ਰਤੀ ਵੀ ਨੀਰਸ ਅਤੇ ਸ਼ੱਕੀ ਹੋ ਜਾਂਦਾ ਹੈ
ਉਸ ਨੂੰ ਆਪਣੇ ਨੇੜਲਿਆਂ ਵਿੱਚੋਂ ਕੋਈ ਵੀ ਮੱਦਦਗਾਰ ਨਜ਼ਰ ਨਹੀਂ ਆਉਂਦਾ ਉਸ ਨੂੰ ਜਾਪਦਾ ਹੈ ਕਿ ਇਹਨਾਂ ਵਿੱਚੋਂ ਕਿਸੇ ਕੋਲ ਵੀ ਉਸ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਨਹੀਂ ਹੈ ਇਨਸਾਨੀ ਜਿੰਦਗੀ ਨੂੰ ਮਾਨਣ ਲਈ ਬੁਲੰਦ ਹੌਸਲਾ ਜਰੂਰੀ ਹੈ ਜਿੰਦਗੀ ਦੇ ਖੁਸ਼ਬੂਦਾਰ ਬਗੀਚੇ ਦੀ ਖੁਸ਼ਬੋ ਦਾ ਲੁਤਫ ਲੈਣ ਲਈ ਜਿੰਦਾਦਿਲੀ ਬੇਹੱਦ ਜਰੂਰੀ ਹੈ ਬੁਲੰਦ ਹੌਸਲਾ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦਾ ਵੀ ਕਰਤਾ-ਧਰਤਾ ਹੈ ਬੁਲੰਦ ਹੌਸਲੇ ਅਤੇ ਆਸ਼ਾਵਾਦੀ ਵਤੀਰੇ ਵਾਲੇ ਇਨਸਾਨ ਬਹੁਤ ਘੱਟ ਬਿਮਾਰ ਹੁੰਦੇ ਹਨ ਬਿਮਾਰ ਸਰੀਰ ਦੀ ਤੰਦਰੁਸਤੀ ਲਈ ਵੀ ਬੁਲੰਦ ਹੌਸਲਾ ਸਭ ਤੋਂ ਵੱਡੀ ਦਵਾਈ ਹੈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਦਵਾਈ ਤੋਂ ਵੱਡਾ ਯੋਗਦਾਨ ਬੁਲੰਦ ਹੌਸਲੇ ਦਾ ਹੁੰਦਾ ਹੈ ਠੀਕ ਹੋਣ ਦੀ ਮਨਸ਼ਾ ਨਾਲ ਦਵਾਈ ਖਾਣ ਵਾਲੇ ਮਰੀਜ ਬਹੁਤ ਜਲਦੀ ਠੀਕ ਹੁੰਦੇ ਵੇਖੇ ਗਏ ਹਨ ਜਦਕਿ ਤੰਦਰੁਸਤੀ ਪ੍ਰਤੀ ਜਾਂ ਦਵਾਈ ਦੇ ਅਸਰ ਪ੍ਰਤੀ ਸ਼ੰਸ਼ੋਪੰਜ ‘ਚ ਰਹਿਣ ਵਾਲੇ ਮਰੀਜ ਅਕਸਰ ਹੀ ਤੰਦਰੁਸਤ ਹੋਣ ਤੋਂ ਖੁੰਝ ਜਾਂਦੇ ਹਨ
ਬੁਲੰਦ ਹੌਸਲਾ ਅਤੇ ਆਸ਼ਾਵਾਦੀ ਵਤੀਰਾ ਇਨਸਾਨੀ ਜਿੰਦਗੀ ਦੇ ਉਹ ਸ਼ਿੰਗਾਰ ਹਨ ਜਿਨ੍ਹਾਂ ਦੀ ਬਦੌਲਤ ਜਿੰਦਗੀ ਰੰਗੀਨ ਅਤੇ ਖੁਸ਼ਬੂਦਾਰ ਬਣਦੀ ਹੈ ਇਨਸਾਨ ਨੂੰ ਜਿੱਥੇ ਖੁਦ ਬੁਲੰਦ ਹੌਸਲੇ ਦੇ ਧਾਰਨੀ ਬਣ ਕੇ ਰਹਿਣਾ ਚਾਹੀਦਾ ਹੈ, ਉੱਥੇ ਨਕਾਰਾਤਮਕ ਅਤੇ ਨਿਰਾਸ਼ਾਵਾਦੀ ਵਿਚਾਰਾਂ ਦੇ ਧਾਰਨੀ ਇਨਸਾਨਾਂ ਦੀ ਸੰਗਤ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਇਨਸਾਨ ਨੂੰ ਖੁਦ ਬੁਲੰਦ ਹੌਸਲੇ ਵਾਲਾ ਬਣ ਕੇ ਦੂਜਿਆਂ ਲਈ ਮਿਸਾਲ ਬਣਦਿਆਂ ਉਹਨਾਂ ਨੂੰ ਜਿੰਦਾਦਿਲੀ ਵੱਲ ਲਿਜਾਣ ਦੀ ਕੋਸ਼ਿਸ਼ ਵੀ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ ਬੁਲੰਦ ਹੌਸਲੇ ਉਪਰੰਤ ਜਿੰਦਗੀ ਦੀਆਂ ਮੁਸ਼ਕਲਾਂ ‘ਤੇ ਪਾਈ ਜਿੱਤ ਦਾ ਵੀ ਆਪਣਾ ਹੀ ਸਰੂਰ ਹੁੰਦਾ ਹੈ ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਦਾ ਬੁਥਾੜਾ ਭੰਨ ਕੇ ਇਨਸਾਨੀ ਜਿੰਦਗੀ ਨੂੰ ਸਾਹਾਂ ਦੀ ਅੰਤਲੀ ਤੰਦ ਤੱਕ ਮਾਨਣ ਲਈ ਬੁਲੰਦ ਹੌਸਲੇ ਤੋਂ ਵੱਡੀ ਕੋਈ ਦਵਾਈ ਨਹੀਂ, ਕੋਈ ਹਥਿਆਰ ਨਹੀਂ।
ਬਿੰਦਰ ਸਿੰਘ ਖੁੱਡੀ ਕਲਾਂ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.