ਬੇਟਾ! ਦਿਲ ਥੋੜ੍ਹਾ ਨਾ ਕਰ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਮਾਤਾ ਗੁਰਜੀਤ ਕੌਰ ਇੰਸਾਂ ਸੱਚਖੰਡ ਵਾਸੀ ਸ. ਬਲਬੀਰ ਸਿੰਘ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਹਾਲ ਆਬਾਦ ਪਿੰਡ ਸ਼ਾਹਪੁਰ ਬੇਗੂ ਜ਼ਿਲ੍ਹਾ ਸਰਸਾ ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦੀ ਹੈ:-
ਸੰਨ 1965-66 ਵਿੱਚ ਮੇਰਾ ਵਿਆਹ ਹੋਇਆ ਮੇਰੇ ਘਰ ਵਾਲਾ ਸ਼ਰਾਬੀ-ਕਬਾਬੀ, ਜੁਆਰੀ ਤੇ ਨਸ਼ਿਆਂ ਦਾ ਆਦੀ ਸੀ ਸ਼ਾਦੀ ਤੋਂ ਸਾਲ ਬਾਅਦ ਮੇਰੇ ਘਰ ਬੇਟੇ ਨੇ ਜਨਮ ਲਿਆ ਜੋ 2 ਸਾਲ ਦਾ ਹੋ ਕੇ ਗੁਜ਼ਰ ਗਿਆ ਮੇਰੇ ਮਾਮਾ ਜੀ, ਜੋ ਕੇ ਭਗਤ ਸਨ ਉਸ ਦੀ ਹਰ ਗੱਲ ਸੱਚੀ ਹੁੰਦੀ ਸੀ ਉਸ ਨੇ ਮੈਨੂੰ ਕਿਹਾ ਕਿ ਤੇਰੇ ਕਰਮਾਂ ਵਿੱਚ ਤਿੰਨ ਬੇਟੇ ਤੇ ਇੱਕ ਬੇਟੀ ਹੈ ਜਿਸ ਤਰ੍ਹਾਂ ਮਾਮਾ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਹੋਇਆ ਮੇਰੇ ਘਰ ਚਾਰ ਬੱਚੇ ਹੋਏ ਤਿੰਨ ਬੇਟੇ, ਇੱਕ ਬੇਟੀ ਚਾਰੇੇ ਹੀ ਗੁਜ਼ਰ ਗਏ ਮੈਂ ਐਨੀ ਦੁਖੀ ਸੀ ਕਿ ਜਿਸ ਦਾ ਮੈਂ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੀ ਇੱਕ ਮੈਂ ਔਲਾਦ ਨਾ ਬਚਣ ਕਰਕੇ ਦੁਖੀ ਸੀ, ਦੂਸਰਾ ਪਤੀ ਦੇ ਨਸ਼ਿਆਂ ਕਰਕੇ,
Also Read :-
- ਹੁਣ ਬਾਲਣ ਦਾ ਕੋਈ ਤੋੜਾ ਨਹੀਂ ਰਹੇਗਾ -ਸਤਿਸੰਗੀਆਂ ਦੇ ਅਨੁਭਵ
- ਨਾ ਹੋਣ ਵਾਲਾ ਕੰਮ ਸਤਿਗੁਰੂ ਦੇ ਪ੍ਰਸ਼ਾਦ ਨਾਲ ਹਾਂ ‘ਚ ਬਦਲਿਆ – ਸਤਿਸੰਗੀਆਂ ਦੇ ਅਨੁਭਵ
- ‘ਉਸ ਨੂੰ ਤਾਂ ਮਾਲਕ ਸੱਚਖੰਡ ਲੈ ਗਏ…’ ਸਤਿਸੰਗੀਆਂ ਦੇ ਅਨੁਭਵ
- ‘ਲੋ ਪੁੱਟਰ, ਤੇਰੇ ਕੋ ਨੂਰੀ ਬਾਡੀ ਕਾ ਪਹਿਨਾ ਹੂਆ ਕੋਟ ਦੇਤੇ ਹੈਂ…’ ਸਤਿਸੰਗੀਆਂ ਦੇ ਅਨੁਭਵ
- ਬੇਟਾ! ਦਸ ਸਾਲ ਲਈ ਤੇਰੇ ਕੋਲ ਹਨ ਤੇਰੇ ਪਾਪਾ! ਸਤਿਸੰਗੀਆਂ ਦੇ ਅਨੁਭਵ
ਤੀਜਾ ਉਹ ਮੇਰੀ ਕੋਈ ਗੱਲ ਸੁਣਦਾ ਹੀ ਨਹੀਂ ਸੀ ਸਗੋਂ ਆਂਢ-ਗੁਆਂਢ ਦੀਆਂ ਗੱਲਾਂ ਸੁਣ ਕੇ ਬਿਨਾਂ ਕਿਸੇ ਵਜ੍ਹਾ ਤੋਂ ਮੇਰੀ ਕੁੱਟਮਾਰ ਕਰ ਦਿੰਦਾ ਸੀ ਉਸ ਸਮੇਂ ਮੈਂ ਕੁਝ ਖਾਂਦੀ-ਪੀਂਦੀ ਨਹੀਂ ਸੀ ਤੇ ਹਰ ਵੇਲੇ ਅੰਦਰ ਮੰਜੇ ’ਤੇ ਪਈ ਰਹਿੰਦੀ ਸੀ ਮੇਰਾ ਜਿਉਣਾ ਨਰਕ ਤੋਂ ਵੀ ਬਦਤਰ ਸੀ ਮੈਂ ਰੱਬ ਅੱਗੇ ਅਰਜ਼ਾਂ ਕਰਦੀ ਰਹਿੰਦੀ ਕਿ ਹੁਣ ਤਾਂ ਮੈਨੂੰ ਇਸ ਦੁਨੀਆਂ ਤੋਂ ਲੈ ਚੱਲ ਮੇਰਾ ਇੱਥੇ ਕੁਝ ਵੀ ਨਹੀਂ ਮੈਂ ਕਿਸ ਦੇ ਆਸਰੇ ਜੀਵਾਂ ਜਦੋਂ ਚੌਥੇ ਬੱਚੇ ਬੇਟੇ ਨੂੰ ਮਰੇ ਨੂੰ 15-16 ਦਿਨ ਹੋ ਗਏ ਤਾਂ ਉਸ ਸਮੇਂ ਨੌਂ ਮਾਰਚ 1975 ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਮੇਰੇ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਵਿੱਚ ਸਤਿਸੰਗ ਸੀ ਉਸ ਸਮੇਂ ਮੈਂ ਬਿਮਾਰ ਰਹਿੰਦੀ ਸੀ ਖਾਣਾ-ਪੀਣਾ ਵੀ ਛੁੱਟ ਗਿਆ ਸੀ ਉਸ ਸਮੇਂ ਮੈਂ ਕੰਧਾਂ ਨੂੰ ਹੱਥ ਲਾ ਕੇ ਸਹਾਰੇ ਨਾਲ ਤੁਰਦੀ ਸੀ
ਪਰਮ ਪਿਤਾ ਦਿਆਲੂ ਸਤਿਗੁਰੂ ਦੀ ਐਸੀ ਰਹਿਮਤ ਹੋਈ ਕਿ ਮੈਂ ਪਤੀ ਦੇਵ ਨੂੰ ਕਿਹਾ ਕਿ ਆਪਾਂ ਵੀ ਨਾਮ ਲੈ ਲਈਏ ਤਾਂ ਉਸ ਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ ਕਿ ਪਤਾ ਨਹੀਂ ਇਹੋ ਜਿਹੀਆਂ ਗੱਲਾਂ ਕਿੱਥੋਂ ਸੁਣ ਲੈਂਦੀ ਆ ਮੈਨੂੰ ਨਾ ਕਹੀਂ ਨਾਮ ਲੈਣ ਨੂੰ ਮੈਂ ਡਰਦੀ ਨੇ ਕਿਹਾ ਕਿ ਮੈਂ ਅੱਗੇ ਤੋਂ ਨਹੀਂ ਕਹਿੰਦੀ ਪਰ ਮੈਂ ਨਾ ਤਾਂ ਸੱਚਾ ਸੌਦਾ ਬਾਰੇ ਜਾਣਦੀ ਸੀ ਤੇ ਨਾ ਹੀ ਪਰਮ ਪਿਤਾ ਸ਼ਾਹ ਸਤਿਨਾਮ ਜੀ ਬਾਰੇ ਕੁਝ ਜਾਣਦੀ ਸੀ ਪਰ ਮੈਨੂੰ ਅੰਦਰੋਂ ਖਿੱਚ ਪੈ ਰਹੀ ਸੀ, ਮੇਰਾ ਦਿਲ ਕਰ ਰਿਹਾ ਸੀ ਕਿ ਜਾ ਕੇ ਦਰਸ਼ਨ ਤਾਂ ਕਰਾਂ, ਕਿਹੋ ਜਿਹਾ ਫਕੀਰ ਹੈ ਮੈਂ ਆਪਣੀ ਜੇਠਾਣੀ ਨੂੰ ਕਿਹਾ ਕਿ ਆਪਾਂ ਸਤਿਸੰਗ ਸੁਣਨ ਚੱਲੀਏ ਤਾਂ ਮੇਰੀ ਜੇਠਾਣੀ ਨੇ ਮੈਨੂੰ ਕਿਹਾ ਕਿ ਬਾਥਰੂਮ ਤਾਈਂ ਤਾਂ ਤੂੰ ਕੰਧਾਂ ਫੜ ਕੇ ਜਾਨੀ ਆਂ, ਸਾਰਾ ਪਿੰਡ ਲੰਘ ਕੇ ਖੇਤਾਂ ਵਿੱਚ ਐਡੀ ਦੂਰ ਤੂੰ ਕਿਵੇਂ ਜਾਵੇਂਗੀ ਫਿਰ ਵੀ ਮੇਰੇ ਮੂੰਹੋਂ ਸਤਿਗੁਰੂ ਨੇ ਕਢਵਾਇਆ ਕਿ ਉਹ ਆਪੇ ਲੈ ਜਾਣਗੇ ਸਤਿਗੁਰੂ ਨੇ ਮੇਰੇ ’ਤੇ ਐਸੀ ਰਹਿਮਤ ਕੀਤੀ,
ਮੈਨੂੰ ਇਸ ਤਰ੍ਹਾਂ ਲੱਗਣ ਲੱਗਿਆ ਕਿ ਮੈਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਅਸੀਂ ਦੋਵੇਂ ਸਤਿਸੰਗ ’ਤੇ ਚਲੀਆਂ ਗਈਆਂ, ਨਾ ਕਿਸੇ ਕੰਧ ਦਾ ਸਹਾਰਾ ਲਿਆ ਤੇ ਨਾ ਹੀ ਜੇਠਾਣੀ ਦਾ, ਮੈਂ ਬੜੇ ਆਰਾਮ ਨਾਲ ਚਲੀ ਗਈ ਜਿਵੇਂ ਕਿ ਪਿਤਾ ਜੀ ਦੇ ਬਚਨ ਹਨ ਕਿ ਕੋਈ ਸਤਿਗੁਰੂ ਵੱਲ ਇੱਕ ਕਦਮ ਚੱਲੇ ਤਾਂ ਉਹ ਅੱਗੋਂ ਹਜ਼ਾਰਾਂ ਕਦਮ ਚੱਲ ਕੇ ਆਉਂਦਾ ਹੈ ਸਤਿਗੁਰੂ ਦੀ ਰਹਿਮਤ ਨਾਲ ਅਸੀਂ ਸਤਿਸੰਗ ਸੁਣ ਕੇ ਨਾਮ ਲੈ ਲਿਆ ਨਾਮ ਲੈਣ ਤੇ ਜਪਣ ਨਾਲ ਮੈਨੂੰ ਐਨਾ ਬਲ ਮਿਲਿਆ ਕਿ ਮੈਂ ਬਿਲਕੁਲ ਠੀਕ ਰਹਿਣ ਲੱਗੀ ਕੁਝ ਦਿਨਾਂ ਬਾਅਦ ਰਾਤ ਨੂੰ ਮੈਨੂੰ ਸੋਹਣੇ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸੁਫਨੇ ਵਿੱਚ ਦਰਸ਼ਨ ਹੋਏ ਪੂਜਨੀਕ ਪਰਮ ਪਿਤਾ ਜੀ ਸ਼ਾਹ ਮਸਤਾਨਾ ਜੀ ਧਾਮ ਵਿੱਚ ਪਿੱਪਲ ਦੇ ਥੱਲੇ ਕੁਰਸੀ ’ਤੇ ਬਿਰਾਜ਼ਮਾਨ ਸਨ ਮੈਂ ਪਰਮ ਪਿਤਾ ਦੇ ਚਰਨਾਂ ਵਿੱਚ ਬੈਠੀ ਹੋਈ ਸੀ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘‘ਬੇਟਾ ਤੇਰੇ ਤਾਂ ਕਰਮਾਂ ਵਿੱਚ ਉਹੀ ਚਾਰ ਬੱਚੇ ਸਨ, ਜੋ ਦੁਨੀਆਂ ਤੋਂ ਚਲੇ ਗਏ ਹਨ
ਤੇਰੇ ਕਰਮਾਂ ਵਿੱਚ ਨਹੀਂ ਹੈ’’ ਮੇਰਾ ਵੈਰਾਗ ਨਾਲ ਗਲਾ ਭਰ ਆਇਆ ਤੇ ਮੈਂ ਰੋਣ ਲੱਗ ਪਈ ਦਿਆਲੂ ਦਾਤਾਰ ਸਤਿਗੁਰੂ ਜੀ ਨੇ ਮੇਰੇ ’ਤੇ ਦਇਆ ਕਰਦੇ ਹੋਏ ਫਰਮਾਇਆ, ‘‘ਬੇਟਾ ਦਿਲ ਥੋੜ੍ਹਾ ਨਾ ਕਰ ਅਸੀਂ ਤੈਨੂੰ ਕਿਵੇਂ ਵੀ ਦੇਈਏ ਜ਼ਰੂਰ ਦੇਵਾਂਗੇ’’ ਐਨੇ ਨੂੰ ਮੇਰੀ ਅੱਖ ਖੁੱਲ੍ਹ ਗਈ ਦਰਸ਼ਨ ਕਰਕੇ ਮੈਨੂੰ ਐਨੀ ਖੁਸ਼ੀ ਹੋਈ ਕਿ ਜਿਸ ਦਾ ਵਰਣਨ ਹੋ ਹੀ ਨਹੀਂ ਸਕਦਾ ਉਕਤ ਦ੍ਰਿਸ਼ਟਾਂਤ ਤੋਂ ਠੀਕ ਨੌਂ ਮਹੀਨੇ ਦਸ ਦਿਨ ਬਾਅਦ ਮੇਰੇ ਘਰ ਬੇਟੇ ਨੇ ਜਨਮ ਲਿਆ
3 ਫਰਵਰੀ 1976 ਨੂੰ ਫਿਰ ਪਰਮ ਪਿਤਾ ਜੀ ਬਿਲਾਸਪੁਰ ਆਏ ਤਾਂ ਉਸ ਸਮੇਂ ਬੇਟਾ ਕਰੀਬ ਡੇਢ ਮਹੀਨੇ ਦਾ ਸੀ ਬਿਲਾਸਪੁਰ ਪਿੰਡ ਦੀ ਇੱਕ ਕੁੜੀ ਨਾਲ ਰੂਹਾਨੀਅਤ ਦੇ ਨਾਤੇ ਮੇਰਾ ਚੰਗਾ ਪ੍ਰੇਮ ਸੀ ਉਹਨਾਂ ਦਾ ਘਰ ਚੰਗਾ ਖੁੱਲ੍ਹਾ ਸੀੇ ਪਰ ਮੇਰਾ ਤਾਂ ਕੱਚਾ ਕੋਠੜਾ ਸੀ ਮੈਂ ਸੋਚਿਆ ਕਿ ਪਿਤਾ ਜੀ ਮੇਰੇ ਕੱਚੇ ਕੋਠੜੇ ਵਿੱਚ ਤਾਂ ਸੋਹਣੇ ਨਹੀਂ ਲੱਗਣੇ ਮੈਂ ਉਸ ਕੁੜੀ ਨਾਲ ਰਾਇ ਕੀਤੀ ਕਿ ਆਪਾਂ ਪਿਤਾ ਜੀ ਨੂੰ ਅਰਜ਼ ਕਰਾਂਗੇ ਕਿ ਪਿਤਾ ਜੀ ਸਾਡੇ (ਕੁੜੀ ਦੇ) ਘਰ ਚਰਨ ਪਾਓ ਅਸੀਂ ਉਸ ਕੁੜੀ ਦੇ ਘਰ ਪੂਰੀ ਤਿਆਰੀ ਕਰਕੇ ਸਤਿਸੰਗ ’ਤੇ ਚਲੀਆਂ ਗਈਆਂ ਅਸੀਂ ਸਤਿਸੰਗ ਦੀ ਸਮਾਪਤੀ ਤੋਂ ਪਹਿਲਾਂ ਹੀ ਕੁੜੀ ਦੇ ਦਰਵਾਜ਼ੇ ਅੱਗੇ ਆ ਕੇ ਖੜ੍ਹ ਗਈਆਂ ਕਿਉਂਕਿ ਪਰਮ ਪਿਤਾ ਜੀ ਨੇ ਉਸੇ ਰਾਸਤੇ ਉਤਾਰੇ ਵਾਲੇ ਘਰ ਜਾਣਾ ਸੀ ਜਦੋਂ ਪੂਜਨੀਕ ਪਰਮ ਪਿਤਾ ਜੀ ਦਰਵਾਜ਼ੇ ਅੱਗੇ ਆਏ ਤਾਂ ਮੇਰੀ ਇੱਕ ਬਾਂਹ ਵਿੱਚ ਮੁੰਡਾ ਚੁੱਕਿਆ ਹੋਇਆ ਸੀ ਤੇ ਦੂਜੀ ਬਾਂਹ ਰਸਤੇ ਵਿੱਚ ਫੈਲਾਈ ਉਸ ਕੁੜੀ ਨੇ ਦੋਵੇਂ ਬਾਹਾਂ ਫੈਲਾ ਕੇ ਰਸਤਾ ਰੋਕ ਲਿਆ
ਪਰਮ ਪਿਤਾ ਜੀ ਨੇ ਸੇਵਾ ਸੰਮਤੀ ਵਾਲੇ ਬਾਈਆਂ ਨੂੰ ਫਰਮਾਇਆ, ‘‘ਭਾਈ! ਇਸ ਕਮਲੇ ਟੋਲੇ ਦਾ ਕੀ ਕਰੀਏ’’ ਬਾਈ ਜੀ ਨੇ ਕਿਹਾ ਕਿ ਪਿਤਾ ਜੀ! ਆਪ ਦੀ ਮਰਜ਼ੀ ਹੈ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਭਾਈ, ਪ੍ਰੇਮ ਅੱਗੇ ਨੇਮ ਨਹੀਂ’’ ਫਿਰ ਬਾਈ ਜੀ ਕਹਿਣ ਲੱਗੇ ਕਿ ਪਿਤਾ ਜੀ, ਚਲੋ ਅੰਦਰ ਪਿਤਾ ਜੀ ਉਸ ਸਮੇਂ ਘਰ ਦੇ ਅੰਦਰ ਚਲੇ ਗਏ ਜੋ ਸੰਗਤ ਉਸ ਰਸਤੇ ਆ ਰਹੀ ਸੀ, ਉਹ ਵੀ ਅੰਦਰ ਚਲੀ ਗਈ ਪਰਮ ਪਿਤਾ ਜੀ ਕੁਰਸੀ ’ਤੇ ਬਿਰਾਜਮਾਨ ਹੋ ਗਏ, ਸੰਗਤ ਸਾਹਮਣੇ ਬੈਠ ਗਈ ਮੈਂ ਇੱਕ ਪਾਸੇ ਦੀ ਹੋ ਕੇ ਭੈਣਾ ਦੇ ਅੱਗੇ ਬੈਠ ਗਈ ਪੂਜਨੀਕ ਪਰਮ ਪਿਤਾ ਜੀ ਨੇ ਸਾਰੀ ਸੰਗਤ ਨੂੰ ਅਸ਼ੀਰਵਾਦ ਦਿੱਤਾ ਤੇ ਮੈਨੂੰ ਮੁਖਾਤਿਬ ਹੋ ਕੇ ਫਰਮਾਇਆ, ‘‘ਬੇਟਾ ਨਾਂਅ ਧਰੌਣਾ ਹੈ ਕਾਕੇ ਦਾ?’’ ਮੈਂ ਕਿਹਾ ਕਿ ਹਾਂ ਜੀ, ਪਿਤਾ ਜੀ ਪਿਤਾ ਜੀ ਨੇ ਮੈਥੋਂ ਪੁੱਛਿਆ ਕਿ ਅੱਗੇ ਕੀ ਨਾ ਰੱਖਿਆ ਸੀ
ਬੇਟਾ? ਮੈਂ ਕਿਹਾ ਕਿ ਪਿਤਾ ਜੀ ਆਪ ਜੀ ਤਾਂ ਹੁਣ ਆਏ ਹੋ, ਨਾਂਅ ਕਿਸ ਨੇ ਰੱਖਿਆ ਪਿਤਾ ਜੀ ਨੇ ਫਿਰ ਪੁੱਛਿਆ ਕਿ ਬੇਟਾ! ਕਿਸ ਨਾਂਅ ਨਾਲ ਬੁਲਾਉਂਦੇ ਹੋ? ਮੈਂ ਕਿਹਾ ਕਿ ਪਿਤਾ ਜੀ ਕਦੇ ਕਿਸੇ ਨਾਂਅ ਨਾਲ ਤੇ ਕਦੇ ਕਿਸੇ ਨਾਂਅ ਨਾਲ ਪਿਤਾ ਜੀ ਸਾਡੇ ਨਾਲ ਚੌਂਕੀਦਾਰ ਗੁੱਸੇ ਹੋ ਗਿਆ ਕਿ ਤੁਸੀਂ ਨਾਂਅ ਕਿਉਂ ਨਹੀਂ ਲਿਖਾਉਂਦੇ ਉਹ ਕਹਿੰਦਾ ਮੈਂ ਮੁੰਡੇ ਦਾ ਨਾਂਅ ਉੱਪਰ ਨਹੀਂ ਭੇਜਣਾ ਮੈਂ ਕਿਹਾ ਕਿ ਉੱਪਰ ਭੇਜਣਾ ਵੀ ਨਹੀਂ ਜਿਸ ਦੇ ਕੋਲ ਭੇਜਣਾ ਉਸ ਦੇ ਕੋਲ ਜਾਵੇ ਮੇਰੇ ਪਿਆਰੇ ਸੋਹਣੇ ਸਤਿਗੁਰ ਪਰਮ ਪਿਤਾ ਜੀ ਕੋਲ ਪਰਮ ਪਿਤਾ ਜੀ ਨੇ ਫਰਮਾਇਆ, ‘‘ਪ੍ਰੇਮ ਤਾਂ ਇਸ ਨੂੰ ਕਹਿੰਦੇ ਆ ਭਾਈ’’ ਪਰਮ ਪਿਤਾ ਜੀ ਨੇ ਅੱਗੇ ਫਰਮਾਇਆ, ‘‘ਬੇਟਾ! ਤੁਹਾਡੇ ਕੋਈ ਗੁਲਜਾਰ ਹੈ?’’ ਤਾਂ ਮੈਂ ਕਿਹਾ ਕਿ ਪਿਤਾ ਜੀ, ਘਰਾਂ ’ਚ ਤਾਂ ਹੈ ਪਰ ਘਰੇ ਨਹੀਂ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ! ਲਾਊ ਗੁਲਜ਼ਾਰਾਂ’’ ਪਿਤਾ ਜੀ ਨੇ ਬੇਟੇ ਦਾ ਨਾਂਅ ਗੁਲਜ਼ਾਰ ਰੱਖਦੇ ਹੋਏ ਸਾਨੂੰ ਮਾਂ-ਪੁੱਤਾਂ ਨੂੰ ਪ੍ਰਸ਼ਾਦ ਦਿੱਤਾ
ਮੈਂ ਸਾਧ-ਸੰਗਤ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਸਤਿਗੁਰੂ ਪੂਰਾ ਹੈ ਪੂਰਨ ਵਿਸ਼ਵਾਸ ਰੱਖੋ, ਹਿਰਦੈ ਅਡੋਲ ਰੱਖੋ ਜੋ ਕੁਝ ਵੀ ਮੰਗਣਾ ਹੈ ਆਪਣੇ ਸਤਿਗੁਰੂ ਤੋਂ ਮੰਗੋ
ਜਿਵੇਂ ਕਿ ਕਿਸੇ ਮਹਾਤਮਾ ਨੇ ਲਿਖਿਆ ਹੈ:-
ਮਿੱਤਰ ਬਣਿਆ ਸਤਿਗੁਰ ਜਿਸਦਾ, ਉਸ ਨੂੰ ਕੋਈ ਥੋੜ ਨਹੀਂ
ਜੋ ਕੁਝ ਦਰ ’ਤੇ ਜਾ ਕੇ ਮੰਗਦਾ, ਉਹ ਖਾਲੀ ਦਿੰਦਾ ਮੋੜ ਨਹੀਂ
ਪਰਮ ਪਿਤਾ ਜੀ ਦੇ ਬਚਨਾਂ ਅਨੁਸਾਰ ਇਸ ਪੁੱਤਰ ਨੇ ਗੁਲਜ਼ਾਰਾਂ ਲਾ ਦਿੱਤੀਆਂ ਹਨ ਪੁੱਤਰਾਂ, ਪੋਤਿਆਂ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੈ ਮੇਰੀ ਪਰਮ ਪਿਤਾ ਜੀ ਦੇ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੋ ਬੇਨਤੀ ਹੈ ਕਿ ਆਪ ਜੀ ਦੀ ਦਇਆ ਮਿਹਰ ਰਹਿਮਤ ਨਾਲ ਸੇਵਾ ਸਿਮਰਨ ਹੁੰਦਾ ਰਹੇ, ਮੇਰਾ ਆਖਰੀ ਸਵਾਸ ਆਪ ਜੀ ਦੇ ਚਰਨਾਂ ਵਿੱਚ ਹੀ ਆਵੇ ਤੇ ਮੇਰੀ ਆਪ ਜੀ ਦੇ ਚਰਨਾਂ ਵਿੱਚ ਓੜ ਨਿਭ ਜਾਵੇ ਜੀ