To Be Happy

To Be Happy ਸੁਖੀ ਰਹਿਣ ਦਾ ਰਹੱਸ -ਸੁਖੀ ਰਹਿਣਾ ਜਾਂ ਖੁਸ਼ ਰਹਿਣਾ ਹਰ ਮਨੁੱਖ ਚਾਹੁੰਦਾ ਹੈ ਕੋਈ ਵੀ ਇਨਸਾਨ ਦੁੱਖਾਂ ਅਤੇ ਪ੍ਰੇਸ਼ਾਨੀਆਂ ’ਚ ਘਿਰ ਕੇ ਆਪਣੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦਾ। ਖੁਸ਼ ਰਹਿਣ ਦਾ ਸਭ ਤੋਂ ਵੱਡਾ ਰਾਜ਼ ਇਹ ਹੈ ਕਿ ਦੁੱਖਾਂ ਦੀ ਗੰਢ ਨੂੰ ਜਿੰਨਾ ਛੇਤੀ ਹੋ ਸਕੇ ਸਿਰ ਤੋਂ ਲਾਹ ਕੇ ਸੁੱਟ ਦਿਓ। ਜਿੰਨਾ ਜ਼ਿਆਦਾ ਸਮੇਂ ਤੱਕ ਮਨੁੱਖ ਉਸ ਬੋਝ ਨੂੰ ਚੁੱਕੀ ਰੱਖੇਗਾ, ਓਨਾ ਹੀ ਜ਼ਿਆਦਾ ਦੁਖੀ ਅਤੇ ਉਦਾਸ ਰਹੇਗਾ। ਇਨਸਾਨ ਨੂੰ ਚਾਹੀਦਾ ਹੈ ਕਿ ਉਹ ਇਸ ਗੰਢ ਨੂੰ ਜ਼ਿਆਦਾ ਦੂਰ ਤੱਕ ਨਾ ਲੈ ਕੇ ਜਾਵੇ

ਹੁਣ ਇਹ ਵਿਅਕਤੀ ਵਿਸ਼ੇਸ਼ ’ਤੇ ਨਿਰਭਰ ਕਰਦਾ ਹੈ ਕਿ ਉਹ ਦੁੱਖਾਂ ਦੇ ਉਸ ਬੋਝ ਨੂੰ ਕੁਝ ਮਿੰਟਾਂ ਤੱਕ ਚੁੱਕੀ ਰੱਖਣਾ ਚਾਹੁੰਦਾ ਹੈ ਜਾਂ ਫਿਰ ਪੂਰੀ ਜ਼ਿੰਦਗੀ ਉਸ ਨੂੰ ਸਮੇਟ ਕੇ ਆਪਣੇ ਕੋਲ ਸੰਭਾਲ ਕੇ ਰੱਖਣਾ  ਚਾਹੁੰਦਾ ਹੈ। ਜੇਕਰ ਇਨਸਾਨ ਹਮੇਸ਼ਾ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਦੁੱਖ ਰੂਪੀ ਗੰਢ ਨੂੰ ਉਸ ਨੂੰ ਆਪਣੇ ਸਿਰ ਤੋਂ ਲਾਹ ਕੇ ਛੇਤੀ ਤੋਂ ਛੇਤੀ ਹੇਠਾਂ ਰੱਖਣਾ ਸਿੱਖ ਲੈਣਾ ਚਾਹੀਦਾ ਹੈ। ਜੇ ਸੰਭਵ ਹੋ ਸਕੇ ਤਾਂ ਉਸ ਨੂੰ ਚੁੱਕਣਾ ਹੀ ਨਹੀਂ ਚਾਹੀਦਾ। ਇਸ ਨਾਲ ਉਹ ਦੁੱਖਾਂ ਤੋਂ ਮੁਕਤ ਹੋ ਸਕਦਾ ਹੈ

ਕੁਝ ਲੋਕਾਂ ਨੂੰ ਹਰ ਸਮੇਂ ਦੁੱਖ ਸੁਣਾਉਣ ਦੀ ਆਦਤ ਹੁੰਦੀ ਹੈ। ਉਹ ਦੂਜਿਆਂ ਦੇ ਸਾਹਮਣੇ ਹਮੇਸ਼ਾ ਰੋਣੀ ਸੂਰਤ ਬਣਾ ਕੇ ਜਾਂਦੇ ਹਨ। ਤਾਂ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਵਿਅਕਤੀ ਕਿੰਨਾ ਅਭਾਗਾ ਹੈ, ਉਹ ਦੁੱਖਾਂ ਦਾ ਮਾਰਿਆ ਹੋਇਆ ਹੈ ਅਤੇ ਮੁਸੀਬਤਾਂ ਨਾਲ ਘਿਰਿਆ ਹੋਇਆ ਹੈ। ਉਸ ਤੋਂ ਵੱਧ ਦੁਖੀ ਹੋਰ ਕੋਈ ਵਿਅਕਤੀ ਇਸ ਸੰਸਾਰ ’ਚ ਨਹੀਂ ਹੈ। ਸਿਰਫ ਉਹੀ ਸਾਰੇ ਦੁੱਖਾਂ ਦੀ ਖਾਨ ਹੈ। ਉਹ ਚਾਹੁੰਦਾ ਹੈ ਕਿ ਹਰ ਕੋਈ ਉਸ ਨਾਲ ਹਮਦਰਦੀ ਰੱਖੇ, ਉਸ ਨੂੰ ਦਿਲਾਸਾ ਦਿੰਦਾ ਰਹੇ ਅਤੇ ਸਹਾਰਾ ਦੇਵੇ

Also Read:  ਸੁਨਹਿਰੀ ਛਟਾ ਦਾ ਤਿਉਹਾਰ ਹੈ ਵਿਸਾਖੀ

ਅਸਲ ’ਚ ਅਜਿਹਾ ਹੋ ਨਹੀਂ ਸਕਦਾ। ਲੋਕ ਅਜਿਹੇ ਵਿਅਕਤੀ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ।  ਉਹ ਲੋਕ-ਲਾਜ਼ ਕਾਰਨ ਸਿੱਧੇ ਉਸਦੇ ਮੂੰਹ ’ਤੇ ਕੁਝ ਕਹਿੰਦੇ ਨਹੀਂ, ਪਰ ਮਨ ਹੀ ਮਨ ਸੋਚਦੇ ਹਨ ਕਿ ਕਿੱਥੋਂ ਇਹ ਮਨਹੂਸ ਆ ਗਿਆ ਹੈ ਬੱਸ ਹੁਣ ਉਹ ਆਪਣਾ ਹੀ ਰੋਣਾ ਰੋਵੇਗਾ। ਉਨ੍ਹਾਂ ਦਾ ਸਾਰਾ ਦਿਨ ਬਰਬਾਦ ਹੋ ਜਾਵੇਗਾ। ਇਸ ਤਰ੍ਹਾਂ ਪਿੱਠ ਪਿੱਛੇ ਉਸ ਦੀ ਬੁਰਾਈ ਕਰਦੇ ਹਨ ਉਸ ਦਾ ਮਜ਼ਾਕ ਉਡਾਉਂਦੇ ਹਨ। ਉਹ ਉਨ੍ਹਾਂ ਨੂੰ ਆਪਣਾ ਸ਼ੁੱਭਚਿੰਤਕ ਮੰਨਦਾ ਹੈ ਅਤੇ ਉਹ ਉਸ ਨੂੰ ਆਪਣਾ ਦੁਸ਼ਮਣ ਮੰਨਦੇ ਹਨ।

ਦੁੱਖ ਅਤੇ ਸੁਖ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਹ ਦੋਵੇਂ ਹੀ ਮਨੁੱਖ ਦੇ ਕੋਲ ਉਸਦੇ ਕਰਮਾਂ ਅਨੁਸਾਰ ਆਉਂਦੇ ਰਹਿੰਦੇ ਹਨ। ਪਿਛਲੇ ਜਨਮਾਂ ਦੇ ਕਰਮਾਂ ਦੇ ਇਸ ਭੋਗ ਨੂੰ ਮਨੁੱਖ ਭੋਗ ਕੇ ਹੀ ਮਿਟਾ ਸਕਦਾ ਹੈ ਇਸ ਤੋਂ ਇਲਾਵਾ ਉਸ ਕੋਲ ਹੋਰ ਕੋਈ ਰਸਤਾ ਨਹੀਂ ਹੈ। ਕੋਈ ਵੀ ਦੂਸਰੀ ਗਤੀ ਨਹੀਂ ਹੈ। ਮਨੁੱਖ ਸੁਖ ਦਾ ਸਮਾਂ ਆਉਣ ’ਤੇ ਖੁਸ਼ ਹੁੰਦਾ ਹੈ, ਅਨੰਦ ਮਾਣਦਾ ਹੈ ਪਰ  ਦੁੱਖਾਂ ਨੂੰ ਸਹਿਣ ਕਰਨਾ ਉਸ ਦੀ ਹੱਦ ਤੋਂ ਪਰੇ ਹੈ। ਅਸਹਿ ਦੁੱਖ ਉਸਦੇ ਕਸ਼ਟ ਦਾ ਕਾਰਨ ਬਣਦੇ ਹਨ।

ਸੁਖ ਦੀ ਇੱਛਾ ਰੱਖਣ ਵਾਲੇ ਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਹਨੇ੍ਹਰਾ ਕਿੰਨਾ ਵੀ ਸੰਘਣਾ ਹੋ ਜਾਵੇ, ਉਸ ਤੋਂ ਬਾਅਦ ਸਵੇਰ ਹੋਣੀ ਤੈਅ ਹੈ ਕਿੰਨੇ ਵੀ ਕਾਲੇ ਸੰਘਣੇ ਬੱਦਲ ਅਸਮਾਨ ’ਤੇ ਛਾ ਜਾਣ, ਉਨ੍ਹਾਂ ਦੇ ਵਰ੍ਹਣ ਤੋਂ ਬਾਅਦ ਰੌਸ਼ਨੀ ਜ਼ਰੂਰ ਹੋਵੇਗੀ। ਇਹ ਕੁਦਰਤ ਦਾ ਅਟੁੱਟ ਨਿਯਮ ਹੈ। ਕਹਿਣ ਦਾ ਅਰਥ ਇਹ ਹੈ ਕਿ ਮਨੁੱਖ ਨੂੰ ਉਮੀਦ ਦਾ ਪੱਲਾ ਕੱਸ ਕੇ ਫੜ੍ਹੀ ਰੱਖਣਾ ਚਾਹੀਦਾ ਹੈ। ਫਿਰ ਉਸ ਨੂੰ ਦੁੱਖਾਂ ਦੇ ਵਿਚਕਾਰ ਸੁਖ ਦੀ ਕਿਰਨ ਦਿਖਾਈ ਦਿੰਦੀ ਹੈ ਅਤੇ ਉਹ ਦੁੱਖਾਂ ਨੂੰ ਝੱਲ ਲੈਂਦਾ ਹੈ।

Also Read:  ਦਵਾਈ ਵੀ ਹੁੰਦੇ ਹਨ ਫੁੁੱਲ

ਅਸਲ ’ਚ ਸੁਖ ਅਤੇ ਦੁੱਖ ਦੋਵੇਂ ਹੀ ਮਨੁੱਖ ਦੀਆਂ ਮਾਨਸਿਕ ਅਵਸਥਾਵਾਂ ਹਨ। ਜਿਸ ਅਵਸਥਾ ’ਚ ਇੱਕ ਮਨੁੱਖ ਨੂੰ ਦੁੱਖ ਦਾ ਅਨੁਭਵ ਹੁੰਦਾ ਹੈ, ਉੱਥੇ ਦੂਜੇ ਮਨੁੱਖ ਨੂੰ ਸੁਖ ਦਾ ਅਨੁਭਵ ਹੁੰਦਾ ਹੈ। ਇਹ ਦਰਸਾਉਂਦਾ ਹੈ ਕਿ ਮਨੁੱਖ ’ਚ ਕਿੰਨੀ ਡੂੰਘਾਈ ਹੈ ਅਤੇ ਉਹ ਕਿੰਨਾ ਖੋਖਲਾ ਹੈ। ਜੋ ਸ਼ਾਂਤ ਅਤੇ ਗੰਭੀਰ ਹੋਵੇਗਾ, ਉਸ ਨੂੰ ਪਰਮਾਤਮਾ ਦੀ ਕਿਰਪਾ ਨਾਲ ਕਸ਼ਟ ਘੱਟ ਹੁੰਦਾ ਹੈ ਜਾਂ ਨਾ ਦੇ ਬਰਾਬਰ ਹੁੰਦਾ ਹੈ ਇਸ ਦੇ ਉਲਟ ਦੂਜਾ ਵਿਅਕਤੀ ਹਾਏ-ਤੌਬਾ ਕਰਦਾ ਰਹਿੰਦਾ ਹੈ। ਨਾ ਉਹ ਸੁਖ-ਚੈਨ ਨਾਲ ਰਹਿੰਦਾ ਹੈ ਅਤੇ ਨਾ ਦੂਜਿਆਂ ਨੂੰ ਰਹਿਣ ਦਿੰਦਾ ਹੈ।

ਮਨੁੱਖ ਨੂੰ ਈਸ਼ਵਰ ’ਚ ਪੂਰਨ ਵਿਸ਼ਵਾਸ ਹੋਣਾ ਚਾਹੀਦਾ ਹੈ। ਉਸਨੂੰ ਆਪਣੇ ਸਾਰੇ ਕਰਮ ਉਸ ਮਾਲਕ ਦੇ ਸਪੁਰਦ ਕਰ ਦੇਣੇ ਚਾਹੀਦੇ ਹਨ ਜਦੋਂ ਉਸ ’ਚ  ਕਰਤਾਪਣ ਦਾ ਭਾਵ ਹੀ ਨਹੀਂ ਰਹੇਗਾ, ਤਾਂ ਸਫ਼ਲਤਾ ਜਾਂ ਅਸਫ਼ਲਤਾ ਦੀ ਸਥਿਤੀ ’ਚ ਉਸਨੂੰ ਦੁੱਖ ਨਹੀਂ ਹੋਵੇਗਾ। ਫਿਰ ਉਹ ਸਭ ਕੁਝ ਈਸ਼ਵਰ ’ਤੇ ਛੱਡ ਕੇ ਮਸਤ ਹੋ ਜਾਵੇਗਾ ਤਾਂ ਫਿਰ ਦੁੱਖ ਦਾ ਕੋਈ ਕਾਰਨ ਹੀ ਨਹੀਂ ਬਚਿਆ ਰਹੇਗਾ ਫਿਰ ਉਸ ਨੂੰ ਆਪਣੇ ਚਾਰੇ ਪਾਸੇ ਸੁਖ ਹੀ ਸੁਖ ਦਿਖਾਈ ਦੇਵੇਗਾ। ਦੁੱਖ ਦਾ ਉਸਦੇ ਕੋਲ ਕੋਈ ਨਾਮੋ-ਨਿਸ਼ਾਨ ਹੀ ਨਹੀਂ ਰਹੇਗਾ   -ਚੰਦਰ ਪ੍ਰਭਾ ਸੂਦ