Experience of Satsangis

ਤੁਮ ਹਮਾਰੇ ਹੋਂਗੇ ਤੋ…-ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਪ੍ਰੇਮੀ ਦੇਸ ਰਾਜ ਇੰਸਾਂ ਨਿਵਾਸੀ ਸ਼ਾਹ ਸਤਿਨਾਮ ਜੀ ਨਗਰ ਸਰਸਾ ਤੋਂ ਅੰਤਰਯਾਮੀ ਸਤਿਗੁਰੂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਰਹਿਮੋ-ਕਰਮ ਦਾ ਉਪਰੋਕਤ ਅਨੁਸਾਰ ਇੱਕ ਬਹੁਤ ਹੀ ਦਿਲਚਸਪ ਕਰਿਸ਼ਮਾ ਇਸ ਤਰ੍ਹਾਂ ਬਿਆਨ ਕਰਦੇ ਹਨ:-

ਸੰਨ 1957 ਦੀ ਗੱਲ ਹੈ ਦੇਸ ਰਾਜ ਇੰਸਾਂ ਜੀ ਦੱਸਦੇ ਹਨ ਕਿ ਜਿਵੇਂ ਕਿ ਮੈਂ ਪਿਛਲੇ ਕਰਿਸ਼ਮੇ ਰਾਹੀਂ ਦੱਸਿਆ ਸੀ ਕਿ ਪੂਜਨੀਕ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਮੇਰੇ ਪਾਪਾ ਲਛਮਣ ਦਾਸ ਜੀ ਅਤੇ ਮੇਰੇ ਚਾਚਾ ਸ੍ਰੀ ਹਜ਼ਾਰਾ ਲਾਲ ਜੀ ਇੰਸਾਂ ਪਰਿਵਾਰ ਸਮੇਤ ਮਲੋਟ ਤੋਂ ਪੂਜਨੀਕ ਦਾਤਾ ਸਾਈਂ ਮਸਤਾਨਾ ਜੀ ਮਹਾਰਾਜ ਦੀ ਸ਼ਰਨ ਵਿੱਚ ਡੇਰਾ ਸੱਚਾ ਸੌਦਾ ’ਚ ਆ ਗਏ ਸਨ ਪੂਜਨੀਕ ਦਿਆਲੂ ਸ਼ਹਿਨਸ਼ਾਹ ਜੀ ਨੇ ਦੋਨਾਂ ਪਰਿਵਾਰਾਂ ਲਈ ਡੇਰਾ ਕੰਪਲੈਕਸ ’ਚ ਹੀ ਖੁਦ ਕੋਲ ਖੜ੍ਹੇ ਹੋ ਕੇ ਇੱਕ ਸ਼ਾਨਦਾਰ ਮਕਾਨ ਬਣਵਾਇਆ ਤੇ ਉਸ ਵਿੱਚ ਦੋਵੇਂ ਭਰਾਵਾਂ ਨੂੰ ਪ੍ਰੇਮ ਪੂਰਵਕ ਵੱਖ-ਵੱਖ ਰਹਿਣ ਦਾ ਬਚਨ ਫਰਮਾਇਆ ਰੁਜ਼ਗਾਰ ਲਈ ਪੂਜਨੀਕ ਬੇਪਰਵਾਹ ਜੀ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਉਸੇ ਮਕਾਨ ’ਚ ਹੀ ਚਾਹ ਦੀ ਇੱਕ ਦੁਕਾਨ ਖੋਲ੍ਹ ਲਈ ਸੀ

ਇੱਕ ਦਿਨ ਉਹ ਦੋਵੇਂ ਭਰਾ ਆਪਣੇ ਦਿਲ ਅੰਦਰ ਦੀ ਛੁਪੀ ਹੋਈ ਗੱਲ ਨੂੰ ਆਪਸ ਵਿੱਚ ਸਾਂਝੀ ਕਰ ਰਹੇ ਸਨ ਉਸ ਸਮੇਂ ਉੱਥੇ ਸਿਰਫ ਉਹ ਦੋਵੇਂ ਹੀ ਸਨ, ਤੀਜਾ ਬੰਦਾ, ਭਾਵ ਕੋਈ ਇੱਕ ਬੱਚਾ ਵੀ ਉੱਥੇ ਉਨ੍ਹਾਂ ਦੀਆਂ ਗੱਲਾਂ ਨੂੰ ਸੁਣਨ ਵਾਲਾ ਨਹੀਂ ਸੀ ਮੇਰੇ ਪਾਪਾ ਨੇ ਮੇਰੇ ਚਾਚੇ ਨਾਲ ਗੱਲ ਕਰਦੇ ਹੋਏ ਕਿਹਾ ਕਿ ਹਜ਼ਾਰਾ ਲਾਲ! ਆਪਾਂ ਇੱਥੇ ਤਾਂ ਆ ਗਏ ਹਾਂ, ਮੰਨਿਆਂ ਕਿ  ਦਾਲ-ਰੋਟੀ ਤਾਂ ਬਣਦੀ ਰਹੇਗੀ, ਪਰ ਜਿਸ ਗੱਲ ਦਾ ਮੈਨੂੰ ਵਾਰ-ਵਾਰ ਖਿਆਲ ਆਉਂਦਾ ਹੈ ਅਤੇ ਚਿੰਤਾ-ਫ਼ਿਕਰ ਤੇ ਟੈਨਸ਼ਨ ਖਾਈ ਜਾਂਦੀ ਹੈ ਕਿ ਕੱਲ੍ਹ ਨੂੰ ਆਪਣੇ ਬੱਚੇ ਵੱਡੇ ਹੋਣਗੇ ਅਤੇ ਉਨ੍ਹਾਂ ਦੇ ਵਿਆਹ ਵੀ ਕਰਨੇ ਹੋਣਗੇ ਅਤੇ ਆਪਣੀ ਬਰਾਦਰੀ ਵਾਲੇ ਤਾਂ ਸਾਰੇ ਸਾਡੇ ਇੱਥੇ ਆਉਣ ’ਤੇ ਸਾਡੇ ਬਹੁਤ ਖਿਲਾਫ ਹਨ ਅਤੇ ਆਪਣੀ ਬਰਾਦਰੀ ਦੇ ਬਗੈਰ (ਗੈਰ-ਬਿਰਾਦਰੀ) ’ਚ ਅਸੀਂ ਵਿਆਹ ਕਰਦੇ ਨਹੀਂ, ਫਿਰ ਕਿਵੇਂ ਬਣੇਗਾ? ਜਵਾਬ ’ਚ ਮੇਰੇ ਚਾਚਾ ਜੀ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਕਿ ਵੀਰ ਜੀ, ਮਾਲਕ ਦੇ ਹੱਥ ਬਹੁਤ ਲੰਮੇ ਹਨ ਉਹ ਸਭ ਕੁਝ ਕਰ ਸਕਦਾ ਹੈ ਉਹ ਵੱਡੇ ਤੋਂ ਵੱਡਾ ਕੰਮ ਕਰ ਸਕਦਾ ਹੈ, ਇਹ ਤਾਂ ਉਸ ਲਈ ਗੱਲ ਹੀ ਕੁਝ ਨਹੀਂ! ਇਸ ਮਾਮੂਲੀ ਗੱਲ ਲਈ ਤੁਸੀਂ ਇੰਨੇ ਪ੍ਰੇਸ਼ਾਨ ਕਿਉਂ ਹੋ ਰਹੇ ਹੋ?

ਗੱਲ ਤਾਂ ਇਹ ਉਨ੍ਹਾਂ ਦੋਵੇਂ ਭਰਾਵਾਂ ’ਚ ਰਾਤ ਨੂੰ ਸੌਣ ਸਮੇਂ ਹੀ ਹੋਈ ਸੀ, ਜਦੋਂ ਕਿ ਅਗਲੀ ਸੁਬ੍ਹਾ-ਸਵੇਰੇ ਚਾਰ ਵਜੇ ਹੀ ਘਟ-ਘਟ ਦੀ ਜਾਣਨ ਵਾਲੇ ਅੰਤਰਯਾਮੀ ਸਤਿਗੁਰੂ ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਖੁਦ ਸਾਡੇ ਘਰ ਦੇ ਵਿਹੜੇ ’ਚ ਪਧਾਰੇ ਉਸ ਸਮੇਂ ਮੇਰੇ ਪਾਪਾ ਜੀ ਦੁਕਾਨ ਦੀ ਸਫਾਈ ਵਗੈਰਾਹ ਕਰ ਰਹੇ ਸਨ ਪੂਜਨੀਕ ਬੇਪਰਵਾਹ ਜੀ ਨੇ ਮੇਰੇ ਪਾਪਾ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ ਤੇ ਬਚਨ ਫਰਮਾਇਆ ਕਿ ਅਰੇ, ਲਛਮਣ! ਦੌੜ ਕੇ ਆ! ਤੁਝੇ ਏਕ ਬਾਤ ਬਤਾਤੇ ਹੈਂ! ਲਛਮਣ! ਜੋ ਯਹ ਦਰਬਾਰ ਬਨਾ ਹੈ ਯਹ ਭੀਖ ਮਾਂਗਣੇ ਵਾਲੇ ਸਾਧੂਓਂ ਕਾ ਨਹੀਂ ਹੈ! ਯਹ ਖੁਦ-ਖੁਦਾ ਕੇ ਹੁਕਮ ਸੇ ਬਨਾ ਹੈ ਯਹਾਂ ਪਰ ਬਿਨਾਂ ਬਤਾਏ, ਬਿਨਾਂ ਮਾਂਗੇ ਹੀ ਸਭ ਕਾਮ ਹੋਤਾ ਹੈ

ਤੁਮ੍ਹਾਰੇ ਬੱਚੋਂ ਕੇ ਵਿਆਹ ਆਪਣੇ-ਆਪ ਯਹੀਂ ਪਰ ਹੀ ਹੋਂਗੇ ਤੁਮ੍ਹਾਰੀ ਬਰਾਦਰੀ ਵਾਲੇ ਰਿਸ਼ਤੇਦਾਰ ਖੁਦ ਯਹਾਂ ਆ ਕਰ ਤੁਮ੍ਹਾਰੇ ਸਾਥ ਰਿਸ਼ਤੇਦਾਰੀ ਕਰੇਂਗੇ ਤੁਮ੍ਹੇਂ ਕਿਸੀ ਕੇ ਪਾਸ ਨਹੀਂ ਜਾਨਾ ਪੜੇਗਾ ਤੁਮ੍ਹਾਰੇ ਸਾਰੇ ਰਿਸ਼ਤੇਦਾਰ ਨਾਮ ਸ਼ਬਦ ਲੇ ਲੇਂਗੇ ਵਹ ਆਪਣੇ-ਆਪ ਹੀ ਯਹਾਂ ਪਰ ਆਇਆ ਕਰੇਂਗੇ ਤੁਮ੍ਹੇਂ ਕਿਰਾਇਆ ਭੀ ਖਰਚ ਨਹੀਂ ਕਰਨਾ ਪੜੇਗਾ’’ ਪੂਜਨੀਕ ਸਤਿਗੁਰੂ ਸਾਈਂ ਜੀ ਤੋਂ ਇਹ ਗੱਲਾਂ ਸੁਣ ਕੇ ਮੇਰੇ ਪਾਪਾ ਹੈਰਾਨ ਰਹਿ ਗਏ ਕਿ ਇਹ ਗੱਲ ਤਾਂ ਸਾਡੇ ਦੋਵੇਂ ਭਰਾਵਾਂ ਵਿਚਕਾਰ ਰਾਤ ਨੂੰ ਹੀ ਹੋਈ ਸੀ ਅਤੇ ਸਾਡੇ ’ਚੋਂ ਕਿਸੇ ਨੇ ਵੀ ਸਾਈਂ ਜੀ ਨੂੰ ਜਾ ਕੇ ਕਿਹਾ ਵੀ ਨਹੀਂ ਸੀ, ਸਾਈਂ ਜੀ ਨੂੰ ਫਿਰ ਕਿਸ ਨੇ ਦੱਸਿਆ! ਤੁਰੰਤ ਅੰਦਰੋਂ ਖਿਆਲ ਆਇਆ ਕਿ ਸਤਿਗੁਰੂ ਤਾਂ ਖੁਦ ਜਾਣੀਜਾਣ, ਵਾਲੀ ਦੋ ਜਹਾਨ ਹੈ ਉਸ ਤੋਂ ਕੁਝ ਵੀ ਲੁਕਿਆ ਨਹੀਂ

ਸਰਵ ਸਮਰੱਥ ਸਤਿਗੁਰੂ ਜੀ ਨੇ ਇਹ ਵੀ ਫਰਮਾਇਆ ਕਿ ਲਛਮਣ! ਅਗਰ ਤੁਮ ਯਹਾਂ ਹਮਾਰੇ ਪਾਸ ਰਹੋਗੇ ਤੋ ਮਾਇਆ ਤੋ ਜੁੜੇਗੀ ਨਹੀਂ, ਤੁਮ੍ਹਾਰਾ ਦਰਬਾਰ ਮੇਂ ਦਾਲ-ਰੋਟੀ ਕਾ ਗੁਜ਼ਾਰਾ ਚਲਤਾ ਰਹੇਗਾ ਔਰ ਕਾਮ ਕੋਈ ਚਾਹੇ ਕਿਤਨੇ ਭੀ ਪੈਸੋਂ ਕਾ ਹੋਵੇ, ਹਜ਼ਾਰੋਂ ਲਾਖੋਂ ਕਾ ਭੀ, ਵਹ ਕਾਮ ਭੀ ਨਹੀਂ ਰੁਕੇਗਾ! ਸਤਿਗੁਰੂ ਤੁਮ੍ਹਾਰਾ ਸਾਥ ਦੇਤਾ ਰਹੇਗਾ ਆਪ ਹਮਾਰੇ ਹੋਵੋਗੇ ਤੋ ਸਤਿਗੁਰੂ ਹਮੇਸ਼ਾ ਤੁਮ੍ਹਾਰਾ ਹੋ ਜਾਵੇਗਾ ਕਭੀ ਕਿਸੀ ਚੀਜ਼ ਕੀ ਕਮੀ ਨਹੀਂ ਆਵੇਗੀ, ਔਰ ਜਾਇਜ਼ ਮਾਂਗ ਜੋ ਮਨ ਮੇਂ ਸੋਚੋਗੇ, ਸਤਿਗੁਰੂ ਪੂਰੀ ਕਰੇਗਾ

ਮੇਰੇ ਪਾਪਾ ਨੇ ਉਸ ਸਮੇਂ ਪੂਜਨੀਕ ਸਤਿਗੁਰੂ ਸਾਈਂ ਜੀ ਅੱਗੇ ਇਹੀ ਬੇਨਤੀ ਕੀਤੀ, ਸਾਈਂ ਜੀ, ਸਾਨੂੰ ਆਪ ਹੀ (ਸਤਿਗੁਰੂ ਜੀ) ਚਾਹੀਦੇ ਹੋ ਸਾਨੂੰ ਮਾਇਆ ਦੀ ਲੋੜ ਨਹੀਂ ਹੈ ਅਸੀਂ ਆਪਣੇ ਸਤਿਗੁੁਰੂ ਲਈ ਹੀ ਇੱਥੇ ਆਏ ਹਾਂ! ਪੂਜਨੀਕ ਸ਼ਹਿਨਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ ਕਿ ‘ਬਹੁਤ ਅੱਛਾ ਬੇਟਾ ਪੁੱਟਰ! ਤੁੁਮੇ੍ਹਂ ਕਿਸੀ ਚੀਜ਼ ਕੀ ਕਮੀ ਨਹੀਂ ਪੜੇਗੀ ਜਬ ਸਤਿਗੁਰੂ ਹੀ ਮਾਂਗ ਲੀਆ ਤੋ ਪੀਛੇ ਕਿਆ ਚੀਜ਼ ਰਹਿ ਗਈ ਹੈ’

ਸਰਵ-ਸਮਰੱਥ ਅੰਤਰਯਾਮੀ ਸਤਿਗੁਰੂ ਸਾਈਂ ਜੀ ਦੇ ਬਚਨਾਂ ਅਨੁਸਾਰ ਸਾਡੇ ਪਰਿਵਾਰਾਂ ’ਚ ਅੱਜ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਦੁੱਧ, ਪੁੱਤਰ, ਜ਼ਮੀਨ-ਜਾਇਦਾਦ ਆਦਿ ਸਭ ਕੁਝ ਪੂਜਨੀਕ ਬੇਪਰਵਾਹ ਜੀ ਦੇ ਬਚਨ ਅਨੁਸਾਰ ਜਿਉਂ ਦਾ ਤਿਉਂ ਹੈ ਮਾਲਕ ਦੀ ਕਿਰਪਾ ਨਾਲ ਸਾਰਾ ਪਰਿਵਾਰ ਅੱਜ ਵੀ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਪੂਜਨੀਕ ਮੌਜੂਦਾ ਗੁਰੂ ਜੀ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਇਲਾਹੀ ਹੁਕਮ ਮੰਨਦੇ ਹੋਏ ਪਰਿਵਾਰ ਦੇ ਸਾਰੇ ਹੀ ਮੈਂਬਰ ਜਿੰਨਾ ਹੋ ਸਕਦਾ ਹੈ, ਵੱਧ ਤੋਂ ਵੱਧ ਸੇਵਾ ਤੇ ਸਿਮਰਨ ਕਰਦੇ ਹਨ ਸਾਡੀ ਇਹੀ ਅਰਦਾਸ ਹੈ ਕਿ ਹੇ ਸ਼ਹਿਨਸ਼ਾਹ ਸੱਚੇ ਰਹਿਬਰ ਦਾਤਾ ਜੀ! ਆਖਰੀ ਸਵਾਸ ਵੀ ਇੰਝ ਹੀ ਆਪ ਜੀ ਦੇ ਹੁਕਮ ’ਚ ਸੇਵਾ-ਸਿਮਰਨ ਕਰਦੇ ਹੋਏ ਲੰਘ ਜਾਵੇ ਜੀ