ਸਮੱਸਿਆਵਾਂ ਤੋਂ ਭੱਜੋ ਨਾ, ਮੁਕਾਬਲਾ ਕਰੋ
Problems face ਅਸੀਂ ਅਕਸਰ ਸਮੱਸਿਆਵਾਂ ਨਾਲ ਘਿਰੇ ਹੋਣ ਦੀ ਗੱਲ ਕਰਦੇ ਹਾਂ ਸੱਚ ਤਾਂ ਇਹ ਹੈ ਕਿ ਇਨ੍ਹਾਂ ਸਮੱਸਿਆਵਾਂ ’ਚੋਂ ਜ਼ਿਆਦਾਤਰ ਨੂੰ ਕਿਸੇ ਬਾਹਰੀ ਨੇ ਨਹੀਂ ਸਗੋਂ ਅਸੀਂ ਖੁਦ ਆਪਣੇ ਉੱਪਰ ਲੱਦਿਆ ਹੈ ਜਾਂ ਫਿਰ ਕਿਸੇ ਮੋਹ, ਸਵਾਰਥ, ਲਾਲਚ, ਅਨੰਦ ਕਾਰਨ ਇਨ੍ਹਾਂ ਸਮੱਸਿਆਵਾਂ ਨੂੰ ਲੱਦਿਆ ਜਾਣਾ ਸਵੀਕਾਰ ਕਰਦੇ ਹਾਂ ਹਾਂ, ਇਹ ਵੀ ਸੰਭਵ ਹੈ ਕਿ ਕੋਈ ਸਮੱਸਿਆ ਅਚਾਨਕ, ਬਿਨਾਂ ਕਾਰਨ ਸਾਨੂੰ ਘੇਰ ਲਵੇ ਜਿਵੇਂ ਇੱਕ ਵਾਰ ਇੱਕ ਸੰਨਿਆਸੀ ਕਿਤੇ ਜਾ ਰਿਹਾ ਸੀ ਰਸਤੇ ’ਚ ਇੱਕ ਬਾਂਦਰ ਨੇ ਉਸ ਨੂੰ ਘੇਰ ਲਿਆ ਅਤੇ ਲੱਗਾ ਦੰਦ ਕੱਢ ਕੇ ‘ਖੋ… ਖੋ…’ ਕਰਕੇ ਡਰਾਉਣ ਸੰਨਿਆਸੀ ਡਰ ਦੇ ਮਾਰੇ ਪਿੱਛੇ ਹਟਣ ਲੱਗਾ ਜਿਵੇਂ ਉਹ ਪਿੱਛੇ ਹਟਦਾ, ਬਾਂਦਰ ਹੋਰ ਨੇੜੇ ਆ ਜਾਂਦਾ ਅਤੇ ਉਸ ਦਾ ਸਾਮਾਨ ਖੋਹਣ ਦਾ ਯਤਨ ਕਰਦਾ
ਬਾਂਦਰ ਸੰਨਿਆਸੀ ਦੇ ਹੱਥ ’ਚੋਂ ਸਾਮਾਨ ਖੋਹਣ ਵਾਲਾ ਹੀ ਸੀ ਕਿ ਇੱਕ ਰਾਹਗੀਰ ਦੀ ਆਵਾਜ਼ ਸੁਣਾਈ ਦਿੱਤੀ, ਸਵਾਮੀ ਜੀ ਡਰੋ ਨਾ, ਮੁਕਾਬਲਾ ਕਰੋ ਸੰਨਿਆਸੀ ਨੇ ਆਪਣੇ ਪੈਰ ’ਚੋਂ ਜੁੱਤੀ ਲਾਹੀ ਅਤੇ ਉਸ ਬਾਂਦਰ ਨੂੰ ਦਿਖਾਉਂਦੇ ਹੋਏ ਉਸ ਵੱਲ ਵਧਿਆ ਹੁਣ ਸੰਨਿਆਸੀ ਇੱਕ ਕਦਮ ਵਧਾਉਂਦਾ ਤਾਂ ਬਾਂਦਰ ਦੋ ਕਦਮ ਪਿੱਛੇ ਹਟਦਾ ਇਹ ਫਾਸਲਾ ਵਧਦਾ ਗਿਆ ਅਤੇ ਇੱਕ ਸਥਿਤੀ ਇਹ ਆਈ ਕਿ ਬਾਂਦਰ ਮੈਦਾਨ ਛੱਡ ਕੇ ਭੱਜ ਗਿਆ
ਸਮੱਸਿਆਵਾਂ ਦੀ ਵੀ ਇਹ ਗਤੀ ਹੈ ਜਦੋਂ ਤੱਕ ਅਸੀਂ ਉਨ੍ਹਾਂ ਪ੍ਰਤੀ ਬੇਮੁੱਖ ਅਤੇ ਲਾਪਰਵਾਹ ਬਣੇ ਰਹਿੰਦੇ ਹਾਂ ਜਾਂ ਫਿਰ ਲੋਕ ਲਾਜ, ਆਰਥਿਕ ਨੁਕਸਾਨ ਦੇ ਡਰੋਂ ਚੁੱਪ ਰਹਿੰਦੇ ਹਾਂ ਤਾਂ ਇਹ ਸਮੱਸਿਆਵਾਂ ਲਗਾਤਾਰ ਹਾਵੀ ਹੁੰਦੀਆਂ ਜਾਂਦੀਆਂ ਹਨ ਸਾਡੀ ਇਸ ਮਾਨਸਿਕ ਸਥਿਤੀ ਦਾ ਲਾਭ ਲੈਣ ਵਾਲੇ ਵੀ ਸਾਡੇ ਆਸ-ਪਾਸ ਰਹਿੰਦੇ ਹਨ ਕਈ ਵਾਰ ਜਿਸ ਨੂੰ ਅਸੀਂ ਆਪਣਾ ਬਹੁਤ ਨਜ਼ਦੀਕੀ ਸਮਝਦੇ ਹਾਂ, ਉਹ ਵੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਇਸ ਤੋਂ ਇਲਾਵਾ ਵੀ ਕਈ ਕਾਰਨ ਹੋ ਸਕਦੇ ਹਨ ਪਰ ਸਵਾਲ ਇਹ ਹੈ ਕਿ ਕੀ ਅਸੀਂ ਸਮੱਸਿਆਵਾਂ ਦੇ ਡਰੋਂ ਖੁਦ ਨੂੰ ਪਿੰਜਰੇ ’ਚ ਬੰਦ ਕਰ ਲਈਏ, ਕੀ ਅਸੀਂ ਕਿਸੇ ਨਾਲ ਕੋਈ ਸਬੰਧ ਨਾ ਰੱਖੀਏ? ਕੀ ਸਮਾਜਿਕ ਜੀਵ ਹੁੰਦੇ ਹੋਏ ਵੀ ਅਸੀਂ ਖੁਦ ਨੂੰ ਸਮਾਜ ਤੋਂ ਕੱਟ ਲਈਏ? ਇਸ ਦਾ ਜਵਾਬ ਨਿਸ਼ਚਿਤ ਰੂਪ ਨਾਲ ਸਿਰਫ ਇੱਕ ਹੈ ਅਤੇ ਉਹ ਹੈ- ‘ਨਾ’ ਸੱਚ ਤਾਂ ਇਹ ਹੈ ਕਿ ਸਮੱਸਿਆਵਾਂ ਜਦੋਂ ਆਉਂਦੀਆਂ ਹਨ ਤਾਂ ਦੁੱਖ, ਤਕਲੀਫ, ਚਿੰਤਾਵਾਂ ਲੈ ਕੇ ਆਉਂਦੀਆਂ ਹਨ ਤੇ ਜਦੋਂ ਜਾਂਦੀਆਂ ਹਨ ਤਾਂ ਤਜ਼ਰਬਾ, ਗਿਆਨ, ਪਰਖ ਅਤੇ ਪਰਿਪੱਕਤਾ ਦੇ ਕੇ ਜਾਂਦੀਆਂ ਹਨ
ਹੁਣ ਗੱਲ ਕਰੀਏ ਸਮੱਸਿਆਵਾਂ ਦੀ ਤਾਂ ਸਮੱਸਿਆਵਾਂ ਕਈ ਤਰ੍ਹਾਂ ਦੀਆਂ ਹੋ ਸਕਦੀਆਂ ਹਨ ਜਿਵੇਂ ਹੀ ਅਸੀਂ ਉਨ੍ਹਾਂ ਦੀ ਚੁਣੌਤੀ ਸਵੀਕਾਰ ਕਰਦੇ ਹਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕੱਦ ਤੋਂ ਛੋਟਾ ਕਰਨ ਦਾ ਸੰਕਲਪ ਲੈਂਦੇ ਹਾਂ, ਸਮੱਸਿਆ ਸਹਿਮ ਕੇ ਛੋਟੀ ਹੋ ਜਾਂਦੀ ਹੈ ਪਰ ਜਦੋਂ ਅਸੀਂ ਸਮੱਸਿਆ ਨੂੰ ਹਉਆ ਬਣਾ ਕੇ ਉਸ ਤੋਂ ਡਰਦੇ ਰਹਿੰਦੇ ਹਾਂ ਤਾਂ ਉਹ ਲਗਾਤਾਰ ਆਪਣਾ ਭਿਆਨਕ ਰੂਪੀ ਆਕਾਰ ਵਧਾਉਂਦੀ ਰਹਿੰਦੀ ਹੈ ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਜਿਵੇਂ ਪਰਛਾਵਾਂ ਜਦੋਂ ਅਸੀਂ ਆਪਣੇ ਹੀ ਪਰਛਾਵੇਂ ਤੋਂ ਡਰ ਕੇ ਉਸ ਤੋਂ ਦੂਰ ਭੱਜਣ ਲੱਗਦੇ ਹਾਂ ਤਾਂ ਉਹ ਲਗਾਤਾਰ ਸਾਡਾ ਪਿੱਛਾ ਕਰਨ ਲੱਗਦਾ ਹੈ ਜਦੋਂ ਅਸੀਂ ਪਿੱਛੇ ਮੁੜ ਕੇ ਉਸ ਨੂੰ ਆਪਣੇ ਨਾਲ ਆਉਂਦਾ ਦੇਖਦੇ ਹਾਂ ਤਾਂ ਸੁਭਾਵਿਕ ਹੈ ਕਿ ਸਾਡਾ ਡਰ ਦਾ ਭੂਤ ਹੋਰ ਮਜ਼ਬੂਤ ਹੋਣ ਲੱਗਦਾ ਹੈ
ਦੂਜੇ ਪਾਸੇ ਜਦੋਂ ਅਸੀਂ ਉਸ ਨੂੰ ਫੜਨ ਲਈ ਉਸ ਵੱਲ ਇੱਕ ਕਦਮ ਵੀ ਵਧਾਉਂਦੇ ਹਾਂ ਤਾਂ ਉਹ ਤੁਹਾਡੇ ਤੋਂ ਅੱਗੇ ਭੱਜਣ ਲੱਗਦਾ ਹੈ ਤੁਸੀਂ ਉਸਨੂੰ ਫੜਨ ਲਈ ਆਪਣੀ ਗਤੀ ਵਧਾਉਂਦੇ ਹੋ ਤਾਂ ਉਹ ਵੀ ਆਪਣੀ ਚਾਲ ਵਧਾ ਲੈਂਦਾ ਹੈ ਹੁਣ ਉਸਨੂੰ ਤੁਹਾਡੇ ਤੋਂ ਡਰ ਲੱਗ ਰਿਹਾ ਹੈ ਬੱਸ ਇਹੀ ਸਥਿਤੀ ਸਮੱਸਿਆਵਾਂ ਦੀ ਹੈ ਜਦੋਂ ਅਸੀਂ ਉਨ੍ਹਾਂ ਨੂੰ ਦੂਰ ਕਰਨ ਦੀ ਦਿਸ਼ਾ ’ਚ ਇੱਕ ਕਦਮ ਵਧਾਉਂਦੇ ਹਾਂ, ਉਹ ਛੋਟੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਛੋਟੀਆਂ ਹੋਣ ਦਾ ਮਤਲਬ ਹੀ ਹੈ ਉਨ੍ਹਾਂ ਨੇ ਆਪਣੇ ਸਾਮਰਾਜ ਨੂੰ ਸੁੰਗਾੜਨਾ ਸ਼ੁਰੂ ਕਰ ਲਿਆ ਹੈ ਉਨ੍ਹਾਂ ਦਾ ਸੁੰਗੜਦਾ ਆਕਾਰ ਉਨ੍ਹਾਂ ਨੂੰ ਖ਼ਤਮ ਹੋਣ ਲਈ ਮਜ਼ਬੂਰ ਹੀ ਕਰੇਗਾ ਪਰ ਸਵਾਲ ਇਹ ਕਿ ਕੀ ਸਾਡੇ ’ਚ ਐਨੀ ਹਿੰਮਤ, ਐਨਾ ਵਿਸ਼ਵਾਸ ਹੈ? ਇਹ ਹਿੰਮਤ ਅਤੇ ਆਤਮ-ਵਿਸ਼ਵਾਸ ਕਿਸੇ ਮਹਿੰਗੀ ਦੁਕਾਨ ਜਾਂ ਸ਼ੋਰੂਮ ’ਚ ਨਹੀਂ ਮਿਲਦੇ ਸਗੋਂ ਸਾਡੇ ਹੀ ਦਿਲੋ-ਦਿਮਾਗ ’ਚ ਇਹ ਸਹਿਜ਼ ਉਪਲੱਬਧ ਹਨ ਕੋਈ ਕੀਮਤ ਨਹੀਂ ਬਿਲਕੁਲ ਮੁਫਤ ਬੱਸ ਚਿਰਾਗ ਵਾਂਗ ਆਪਣੇ ਦਿਮਾਗ ਨੂੰ ਰਗੜੋ ਧਿਆਨ ਰਹੇ ਦਿਮਾਗ ਨੂੰ ਰਗੜ ਕੇ ਗਰਮ ਨਹੀਂ ਕਰਨਾ ਉਸ ਨੂੰ ਠੰਢਾ ਬਣਾਈ ਰੱਖੋ ਭਾਵ ਪ੍ਰੇਸ਼ਾਨ ਨਾ ਹੋਵੋ ਤਣਾਅ ਨਾ ਪਾਲ਼ੋ ਤਣਾਅ ਅਤੇ ਪ੍ਰੇਸ਼ਾਨੀਆਂ ਸਾਡੀ ਤਾਕਤ ਨੂੰ ਅੱਧਾ ਕਰ ਦਿੰਦੀਆਂ ਹਨ
ਜੇਕਰ ਹੌਂਸਲਾ ਅਤੇ ਆਤਮ-ਵਿਸ਼ਵਾਸ ਬਰਕਰਾਰ ਹੈ ਤਾਂ ਸਭ ਕੰਮ ਸੌਖਾ ਹੈ ਸਮੱਸਿਆ ਆਉਣ ’ਤੇ ਹੱਥ ’ਤੇ ਹੱਥ ਰੱਖੀ ਬੈਠੇ ਨਹੀਂ ਰਹਿਣਾ ਹੈ ਆਲਸ ਉਸਨੂੰ ਹੋਰ ਜਟਿਲ ਬਣਾ ਸਕਦਾ ਹੈ ਜਿਉਂ ਹੀ ਤੁਸੀਂ ਮਨ, ਵਚਨ ਅਤੇ ਕਰਮ ਨੂੰ ਦਿਮਾਗ ਦੀ ਕਮਾਂਡ ਸਵੀਕਾਰਨ ਦਾ ਆਦੇਸ਼ ਦਿੰਦੇ ਹੋ, ਸਮੱਸਿਆ ਨੂੰ ਹੱਲ ਕਰਨਾ ਸੌਖਾ ਹੋ ਜਾਂਦਾ ਹੈ ਸਾਰ ਰੂਪ ’ਚ ਕਹੀਏ ਤਾਂ ਸਭ ਤੋਂ ਪਹਿਲਾਂ ਸਾਨੂੰ ਸਮੱਸਿਆ ਰੂਪੀ ਬਾਂਦਰ ਦੇ ਸਾਹਮਣੇ ਡਟ ਕੇ ਖੜ੍ਹੇ ਹੋਣ ਦਾ ਸੰਕਲਪ ਅਤੇ ਵਿਹਾਰ ਦਿਖਾਉਣਾ ਪਵੇਗਾ ਜੇਕਰ ਅਸੀਂ ਅਜਿਹਾ ਕਰ ਸਕੇ ਤਾਂ ਸਮਝੋ ਅੱਧੀ ਸਮੱਸਿਆ ਤਾਂ ਹੱਲ ਹੋ ਗਈ ਕਿਉਂਕਿ ਤੁਹਾਡੇ ਉਤਸ਼ਾਹ ਅਤੇ ਸੰਕਲਪ ਦੇ ਸਾਹਮਣੇ ਉਹ ਟਿਕ ਹੀ ਨਹੀਂ ਸਕਦੀ ਪਰ ਫਿਰ ਯਾਦ ਦੁਆ ਰਿਹਾ ਹਾਂ- ਉਤਸ਼ਾਹ ਅਤੇ ਸੰਕਲਪ ’ਚ ਕਾਹਲੀ ਨਹੀਂ ਹੋਣੀ ਚਾਹੀਦੀ ਕ੍ਰੋਧ ਤੋਂ ਬਚਣਾ ਹੈ ਕੁਝ ਅਜਿਹਾ ਕਰਨ ਤੋਂ ਬਚਣਾ ਹੈ ਜਿਸ ਨੂੰ ਗੈਰ-ਕਾਨੂੰਨੀ ਕਿਹਾ ਜਾਵੇ ਗੈਰ-ਮਨੁੱਖੀ ਮੰਨਿਆ ਜਾਵੇ ਜਿਸ ਨੂੰ ਅਨੈਤਿਕ ਮੰਨਿਆ ਜਾਵੇ
ਜੇਕਰ ਤੁਸੀਂ ਅਜਿਹਾ ਕਰ ਸਕੋ ਤਾਂ ਦੁਨੀਆਂ ਦੀ ਕੋਈ ਸਮੱਸਿਆ ਤੁਹਾਡੇ ਸਾਹਮਣੇ ਟਿਕ ਨਹੀਂ ਸਕਦੀ ਸ਼ਾਇਦ ਤੁਹਾਡੇ ਮਨ ’ਚ ਇਹ ਸਵਾਲ ਆਵੇ ਕਿ ਜੇਕਰ ਸਮੱਸਿਆ ਸਾਡੀ ਔਕਾਤ, ਸਾਡੀ ਸਮਰੱਥਾ ਤੋਂ ਵੱਡੀ ਹੋਵੇ ਉਦੋਂ? ਤਾਂ ਇਹ ਸਮਝ ਲਓ ਸਮੱਸਿਆ ਤੁਹਾਡੀ ਔਕਾਤ, ਤੁਹਾਡੀ ਸਮਰੱਥਾ ਨੂੰ ਨਾਪ-ਤੋਲ ਕੇ ਹੀ ਆਉਂਦੀ ਹੈ ਕੀੜੀ ਨਾਲ ਲੜਨ ਕਦੇ ਹਾਥੀ ਨਹੀਂ ਆਉਂਦਾ ਕੀੜੀ ਨਾਲ ਟਿੱਡਾ ਜਾਂ ਕੁਝ ਅਜਿਹਾ ਹੀ ਭਿੜੇਗਾ ਪਰ ਨਾ ਭੁੱਲੋ ਕਿ ਕੀੜੀ ਤਾਂ ਹਾਥੀ ਤੋਂ ਵੀ ਨਹੀਂ ਡਰਦੀ, ਫਿਰ ਤੁਸੀਂ ਕਿਉਂ?
-ਵਿਨੋਦ ਬੱਬਰ