ਬੱਚਿਆਂ ਨੂੰ ਨਾ ਦਿਓ ਜ਼ਿਆਦਾ ਸੁੱਖ-ਸੁਵਿਧਾਵਾਂ
ਪ੍ਰਮੋਦ ਜੀ ਦਾ ਵਪਾਰ ਕਾਫੀ ਵਧਿਆ-ਫੁੱਲਿਆ ਹੋਇਆ ਸੀ ਉਨ੍ਹਾਂ ਦੀਆਂ ਦੋ ਬੇਟੀਆਂ ਸਨ ਪਤਨੀ ਵੀ ਚੰਗੀ ਪੜ੍ਹੀ-ਲਿਖੀ ਸੀ ਸ਼ੁਰੂ ’ਚ ਤਾਂ ਪ੍ਰਮੋਦ ਜੀ ਦੀ ਪਤਨੀ ਬੱਚਿਆਂ ਦੀ ਪੜ੍ਹਾਈ ’ਚ ਕਾਫੀ ਦਿਲਚਸਪੀ ਲੈਂਦੀ ਸੀ ਤੇ ਬੇਟੀਆਂ ਵੀ ਪੜ੍ਹਾਈ ’ਚ ਚੰਗੀਆਂ ਸਨ ਪਰ ਪੈਸਾ ਜ਼ਿਆਦਾ ਹੋਣ ’ਤੇ ਪ੍ਰਮੋਦ ਜੀ ਦੀ ਪਤਨੀ ਵੀ ਕਈ ਮਹਿਲਾ ਕਲੱਬਾਂ ਨਾਲ ਜੁੜ ਗਈ
ਪਤੀ ਤਾਂ ਪਹਿਲਾਂ ਤੋਂ ਹੀ ਬਿਜ਼ੀ ਸਨ ਇਸ ਤਰ੍ਹਾਂ ਹੌਲੀ-ਹੌਲੀ ਬੱਚੇ ਵੀ ਪੜ੍ਹਾਈ ਵੱਲੋਂ ਲਾਪਰਵਾਹ ਹੁੰਦੇ ਗਏ ਸ੍ਰੀਮਤੀ ਪ੍ਰਮੋਦ ਨੂੰ ਤਾਂ ਉਦੋਂ ਝਟਕਾ ਲੱਗਾ, ਜਦੋਂ ਪਤਾ ਲੱਗਾ ਕਿ ਪ੍ਰੀ ਬੋਰਡ ’ਚ ਉਨ੍ਹਾਂ ਦੀ ਵੱਡੀ ਬੇਟੀ ਫੇਲ੍ਹ ਹੋ ਗਈ ਹੈ ਸਕੂਲ ਵੱਲੋਂ ਸੱਦੇ ਜਾਣ ’ਤੇ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ
ਦੂਜੀ ਬੇਟੀ ਦੀ ਅਧਿਆਪਕ ਨੇ ਵੀ ਉਨ੍ਹਾਂ ਨੂੰ ਦੱਸਿਆ ਕਿ ਉਹ ਵੀ ਪੜ੍ਹਾਈ ’ਚ ਪਿੱਛੜਦੀ ਜਾ ਰਹੀ ਹੈ ਮਾਪਿਆਂ ਨੇ ਬੱਚਿਆਂ ਤੋਂ ਪੁੱਛਿਆ ਅਤੇ ਡਾਂਟਿਆ ਕਿ ਅਸੀਂ ਤੁਹਾਨੂੰ ਕੀ ਕਮੀ ਛੱਡੀ ਹੈ? ਟਿਊਸ਼ਨਾਂ ਵੀ ਦੋ-ਦੋ ਰਖਵਾ ਦਿੱਤੀਆਂ ਹਨ, ਫਿਰ ਐਨੇ ਘੱਟ ਨੰਬਰ ਕਿਵੇਂ ਮਿਲੇ ਦੋਵਾਂ ਬੇਟੀਆਂ ਦਾ ਇੱਕ ਹੀ ਜਵਾਬ ਸੀ, ‘ਪਾਪਾ, ਇਹੀ ਉਮਰ ਮੌਜ਼-ਮਸਤੀ ਦੀ ਹੈ ਇਸ ਉਮਰ ’ਚ ਮਸਤੀ ਨਹੀਂ ਕਰਾਂਗੇ ਤਾਂ ਕਦੋਂ ਕਰਾਂਗੇ ਰੱਬ ਨੇ ਬਹੁਤ ਪੈਸਾ ਦਿੱਤਾ ਹੈ ਸਾਡੇ ਮਾਪਿਆਂ ਨੂੰ’
ਸ੍ਰੀਮਤੀ ਸਵਿਤਾ ਇੱਕ ਕਾਲਜ ਦੀ ਪ੍ਰਿੰਸੀਪਲ ਹਨ ਉਨ੍ਹਾਂ ਦਾ ਇਕਲੌਤਾ ਬੇਟਾ ਮਿਅੰਕ ਇਸ ਘਮੰਡ ’ਚ ਰਹਿੰਦਾ ਹੈ ਕਿ ਮੈਨੂੰ ਤਾਂ ਕਿਤੇ ਵੀ ਦਾਖਲਾ ਅਸਾਨੀ ਨਾਲ ਮਿਲ ਸਕਦਾ ਹੈ ਮੇਰੀ ਮੰਮੀ ਦੀ ਤਾਂ ਸਿੱਖਿਆ ਵਿਭਾਗ ’ਚ ਬਹੁਤ ਜਾਣ-ਪਹਿਚਾਣ ਹੈ ਮੈਨੂੰ ਜ਼ਿਆਦਾ ਮਿਹਨਤ ਕਰਨ ਦੀ ਕੀ ਲੋੜ ਹੈ ਇਸ ਤਰ੍ਹਾਂ ਮਿਅੰਕ 60 ਪ੍ਰਤੀਸ਼ਤ ਨੰਬਰਾਂ ਨਾਲ ਪਾਸ ਹੋਇਆ ਅਤੇ ਮਾਤਾ ਦੀ ਉੱਚੀ ਪਹੁੰਚ ਹੋਣ ’ਤੇ ਉਸਨੂੰ ਇੰਜੀਨੀਅਰਿੰਗ ਕਾਲਜ ’ਚ ਦਾਖਲਾ ਤਾਂ ਮਿਲ ਗਿਆ ਪਰ ਹੁਣ ਉਸਨੂੰ ਮਿਹਨਤ ਨਾ ਕਰਨ ਦੀ ਆਦਤ ਪੈ ਚੁੱਕੀ ਸੀ ਇਸ ਤਰ੍ਹਾਂ ਦੂਜੇ ਸਾਲ ਉਹ ਇੰਜੀਨੀਅਰਿੰਗ ਕਾਲਜ ’ਚ ਫੇਲ੍ਹ ਹੋ ਗਿਆ ਮਾਂ ਦੀ ਬਹੁਤ ਸਿਫਾਰਿਸ਼ ਨਾਲ ਉਸਨੂੰ ਤੀਜੇ ਸਾਲ ’ਚ ਭੇਜ ਦਿੱਤਾ ਗਿਆ ਪਰ ਫਿਰ ਉਹੀ ਹਾਲ ਉਹ ਕਦੇ ਇੰਜੀਨੀਅਰ ਨਹੀਂ ਬਣ ਸਕਿਆ
- ਮਾਪਿਆਂ ਨੂੰ ਕਦੇ ਵੀ ਆਪਣੀ ਉੱਚੀ ਹੈਸੀਅਤ ਦਾ ਢਿੰਡੋਰਾ ਬੱਚਿਆਂ ਦੇ ਅੱਗੇ ਨਹੀਂ ਪਿੱਟਣਾ ਚਾਹੀਦਾ
- ਬੱਚਿਆਂ ਨੂੰ ਇਹ ਮਹਿਸੂਸ ਨਾ ਹੋਣ ਦਿਓ ਕਿ ਉੱਚੀ ਸਿਫਾਰਿਸ਼ ਨਾਲ ਜਾਂ ਉੱਚੀ ਤਾਕਤ ਨਾਲ ਤੁਸੀਂ ਉਨ੍ਹਾਂ ਦਾ ਕੰਮ ਕਰਵਾ ਸਕਦੇ ਹੋ
- ਬੱਚਿਆਂ ਨੂੰ ਸ਼ੁਰੂ ਤੋਂ ਹੀ ਸੀਮਤ ਜੇਬ੍ਹ ਖਰਚ ਦਿਓ ਤਾਂ ਕਿ ਉਹ ਹੱਦ ’ਚ ਖਰਚ ਕਰਨਾ ਸਿੱਖ ਸਕਣ
- ਪੈਸਾ ਹੋਣ ’ਤੇ ਵੀ ਬਹੁਤ ਜ਼ਿਆਦਾ ਭੌਤਿਕ ਸੁਵਿਧਾਵਾਂ ਨਾ ਜੁਟਾਓ
- ਬੱਚਿਆਂ ਨੂੰ ਆਰਥਿਕ ਤੌਰ ’ਤੇ ਜ਼ਿਆਦਾ ਆਜ਼ਾਦੀ ਨਾ ਦਿਓ
- ਜਦੋਂ ਤੱਕ ਬੱਚੇ ਕੰਮ ਦੇ ਲਾਇਕ ਨਾ ਹੋਣ ਬੱਚਿਆਂ ਦੇ ਸਾਹਮਣੇ ਆਪਣੇ ਵਪਾਰ ’ਚ ਕਿੰਨਾ ਲਾਭ ਹੋਇਆ ਹੈ ਇਸ ਦੀ ਜਾਣਕਾਰੀ ਨਾ ਦਿਓ, ਨਾ ਹੀ ਇਹ ਜਾਣਕਾਰੀ ਦਿਓ ਕਿ ਜੇਕਰ ਮੈਨੂੰ ਇਹ ਪ੍ਰੋਜੈਕਟ ਮਿਲ ਜਾਂਦਾ ਹੈ ਤਾਂ ਮੈਨੂੰ ਐਨਾ ਮੁਨਾਫਾ ਹੋਵੇਗਾ
- ਬੱਚਿਆਂ ਦੇ ਸਾਹਮਣੇ ਆਪਣੀ ਪਤਨੀ ਜਾਂ ਆਪਣੇ ਮਿੱਤਰਾਂ ਨਾਲ ਕਾਰੋਬਾਰ ਦੇ ਨਫ਼ੇ-ਨੁਕਸਾਨ ਦੀ ਚਰਚਾ ਨਾ ਕਰੋ
- ਜੇਕਰ ਤੁਸੀਂ ਕਿਸੇ ਚੰਗੇ ਜਾਂ ਤਾਕਤ ਵਾਲੇ ਆਹੁਦੇ ’ਤੇ ਹੋ ਤਾਂ ਬੱਚਿਆਂ ਦੇ ਅੱਗੇ ਫੜ੍ਹਾਂ ਨਾ ਮਾਰੋ ਕਿ ਮੈਂ ਇਹ ਕਰ ਸਕਦਾ ਹਾਂ ਜਾਂ ਉਹ ਕਰਵਾ ਸਕਦਾ ਹਾਂ
- ਘਰ ਦੀ ਜ਼ਰੂਰੀ ਵੱਡੀ ਚੀਜ਼ ਇੱਕਦਮ ਬੱਚਿਆਂ ਦੇ ਕਹਿਣ ’ਤੇ ਨਾ ਲਿਆਓ ਚੰਗੀ ਤਰ੍ਹਾਂ ਸੋਚ-ਸਮਝ ਕੇ ਸਲਾਹ-ਮਸ਼ਵਰਾ ਕਰਕੇ ਹੀ ਦਿਵਾਓ ਖਰੀਦਦੇ ਸਮੇਂ ਬੱਚਿਆਂ ਨੂੰ ਅਹਿਸਾਸ ਕਰਵਾਓ ਕਿ ਇਸ ਚੀਜ਼ ’ਤੇ ਪੈਸਾ ਖਰਚਣ ਤੋਂ ਪਹਿਲਾਂ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਜਾਂ ਐਮਰਜੈਂਸੀ ’ਚ ਕੰਮ ਆਉਣ ਵਾਲੀ ਜਮ੍ਹਾ ਪੂੰਜੀ ’ਚੋਂ ਕਢਵਾ ਕੇ ਘਰ ਜਾਂ ਤੁਹਾਡੀ ਜ਼ਰੂਰਤ ਪੂਰੀ ਕੀਤੀ ਹੈ
- ਬੱਚਿਆਂ ਨੂੰ ਕੁਝ ਕਮੀ ਦਾ ਵੀ ਅਹਿਸਾਸ ਕਰਵਾਓ ਜਿਸ ਨਾਲ ਉਹ ਜਿੰਮੇਵਾਰ ਬਣ ਸਕਣ ਅਤੇ ਦੂਜਿਆਂ ਦੀ ਮਜ਼ਬੂਰੀ ਦਾ ਮਜ਼ਾਕ ਨਾ ਉਡਾ ਕੇ ਉਨ੍ਹਾਂ ਦੀਆਂ ਮਜ਼ਬੂਰੀਆਂ ਨੂੰ ਸਮਝ ਸਕਣ
- ਪੜ੍ਹਾਈ ਪ੍ਰਤੀ ਲਾਪਰਵਾਹੀ ਨਾ ਵਰਤੋ ਲੋੜ ਪੈਣ ’ਤੇ ਕਿਤਾਬਾਂ, ਟਿਊਸ਼ਨ ਆਦਿ ਦਾ ਪ੍ਰਬੰਧ ਕਰੋ ਅਤੇ ਖੁਦ ਵੀ ਚੰਗੇ ਮਾਪਿਆਂ ਦੀ ਜਿੰਮੇਵਾਰੀ ਨਿਭਾਓ
- ਮਾਤਾ-ਪਿਤਾ ਵੀ ਆਪਣੇ ਸ਼ੌਂਕ ਸੀਮਤ ਰੱਖਣ ਦਾ ਯਤਨ ਕਰਨ ਜਿਸ ਨਾਲ ਜ਼ਿਆਦਾ ਅਮੀਰੀ ਨਾ ਝਲਕੇ ਆਪਣੇ ਬੱਚੇ ਨੂੰ ਚੰਗਾ ਨਾਗਰਿਕ ਬਨਣ ’ਚ ਉਸ ਦੇ ਸਹਾਇਕ ਬਣੋ ਉਸਦੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਵਾਉਂਦੇ ਰਹੋ ਆਪਣੀ ਉੱਚੀ ਹੈਸੀਅਤ ਅਤੇ ਤਾਕਤ ਨਾਲ ਬੱਚੇ ਨੂੰ ਆਦਰਸ਼ ਨਾਗਰਿਕ ਬਣਨ ਤੋਂ ਨਾ ਰੋਕੋ
- ਖੁੱਲ੍ਹਾ ਪੈਸਾ ਹੋਣ ’ਤੇ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਸੁੱਖ-ਸੁਵਿਧਾਵਾਂ ਨਾ ਦਿਓ ਇੱਕ ਵਾਰ ਆਦਤ ਪੈ ਜਾਣ ’ਤੇ ਉਸ ਤੋਂ ਬਿਨਾਂ ਰਹਿਣਾ ਬਹੁਤ ਮੁਸ਼ਕਿਲ ਹੈ
-ਸੁਨੀਤਾ ਗਾਬਾ