ਨੌਕਰਾਂ ’ਤੇ ਹੀ ਨਾ ਰਹੋ ਨਿਰਭਰ
ਆਧੁਨਿਕ ਯੁੱਗ ’ਚ ਚੰਗੇ ਖਾਂਦੇ-ਪੀਂਦੇ ਘਰਾਂ ’ਚ ਨੌਕਰ-ਨੌਕਰਾਣੀ ਇੱਕ ਜ਼ਰੂਰਤ ਬਣ ਗਏ ਹਨ ਦਰਮਿਆਨੇ ਪਰਿਵਾਰਾਂ ’ਚ ਮਜ਼ਬੂਰੀ ਹੋਣ ’ਤੇ ਫੁੱਲ ਟਾਈਮ ਲਈ ਨੌਕਰ ਨਹੀਂ ਤਾਂ ਪਾਰਟ ਟਾਈਮ ਮੱਦਦ ਤਾਂ ਹਰ ਪਰਿਵਾਰ ਦੀ ਜ਼ਰੂਰਤ ਹੈ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਅਸੀਂ ਘਰ ਦੇ ਛੋਟੇ-ਮੋਟੇ ਕੰਮ ਖੁਦ ਨਾ ਕਰਕੇ ਆਪਣੇ-ਆਪ ਨੂੰ ਅਤੇ ਬੱਚਿਆਂ ਨੂੰ ਆਲਸੀ ਬਣਾ ਰਹੇ ਹਾਂ ਸਰੀਰ ’ਚ ਕੰਮ ਕਰਨ ਦੀ ਸਮਰੱਥਾ ਹੀ ਖ਼ਤਮ ਹੁੰਦੀ ਜਾ ਰਹੀ ਹੈ ਕੁਝ ਦਿਨ ਜੇਕਰ ਕੰਮ ਵਾਲੀ ਕੰਮ ਛੱਡ ਜਾਵੇ ਜਾਂ ਕਿਸੇ ਕਾਰਨ ਛੁੱਟੀ ’ਤੇ ਚਲੀ ਜਾਵੇ ਤਾਂ ਪਰਿਵਾਰ ਲਈ ਇੱਕ ਬਹੁਤ ਵੱਡਾ ਸਿਰਦਰਦ ਬਣ ਜਾਂਦਾ ਹੈ ਕਿ ਉਨ੍ਹਾਂ ਦਿਨਾਂ ’ਚ ਘਰ ਨੂੰ ਕਿਵੇਂ ਚਲਾਇਆ ਜਾਵੇ
ਆਓ! ਦੇਖਦੇ ਹਾਂ ਅਸੀਂ ਕਿੰਨੇ ਨਿਰਭਰ ਜਾਂ ਆਲਸੀ ਬਣ ਚੁੱਕੇ ਹਾਂ ਘਰ ’ਚ ਨੌਕਰ, ਨੌਕਰਾਣੀ ਦੇ ਹੋਣ ’ਤੇ ਬੱਚੇ ਕੋਈ ਵੀ ਕੰਮ ਕਰਨਾ ਪਸੰਦ ਨਹੀਂ ਕਰਦੇ ਛੋਟੇ-ਛੋਟੇ ਕੰਮਾਂ ਲਈ ਉਨ੍ਹਾਂ ਨੂੰ ਸੱਦਦੇ ਹਨ ਅਤੇ ਕੰਮ ਕਰਵਾਉਂਦੇ ਹਨ ਇਸ ਨਾਲ ਖੁਦ ਕੰਮ ਕਰਨ ਦਾ ਰੁਝਾਨ ਸ਼ੁਰੂ ਤੋਂ ਹੀ ਖ਼ਤਮ ਹੋ ਜਾਂਦਾ ਹੈ ਅਤੇ ਦੂਜੇ ’ਤੇ ਨਿਰਭਰ ਹੋਣ ਦੇ ਸੰਸਕਾਰ ਬਚਪਨ ਤੋਂ ਹੀ ਘਰ ਕਰ ਜਾਂਦੇ ਹਨ ਇਸ ਨਾਲ ਬੱਚਿਆਂ ਦੇ ਵਿਕਾਸ ’ਤੇ ਮਾੜਾ ਅਸਰ ਪੈਂਦਾ ਹੈ
ਨੌਕਰਾਂ ਦੇ ਘਰ ਵਿਚ ਰਹਿਣ ਨਾਲ ਬੱਚੇ ਸ਼ੁਰੂ ਤੋਂ ਆਪਣੇ ਤੋਂ ਗਰੀਬ ਲੋਕਾਂ ’ਤੇ ਰੋਹਬ ਮਾਰਨਾ ਸਿੱਖ ਜਾਂਦੇ ਹਨ ਅਤੇ ਖੁਦ ਨੂੰ ਉੱਚਾ ਸਮਝਣ ਲੱਗਦੇ ਹਨ ਜੋ ਮਨੋਬਿਰਤੀ ਵਿਗਾੜਨ ’ਚ ਸਹਾਇਕ ਹੁੰਦਾ ਹੈ ਨੌਕਰਾਂ ਦੇ ਘਰੇ ਹੋਣ ’ਤੇ ਘਰ ਦੀ ਗੋਪਨੀਅਤਾ ਵੀ ਖ਼ਤਮ ਹੋ ਜਾਂਦੀ ਹੈ ਜਿਸ ਨਾਲ ਨੌਕਰ-ਨੌਕਰਾਣੀਆਂ ਤੁਹਾਡੀਆਂ ਮਜ਼ਬੂਰੀਆਂ ਦਾ ਪੂਰਾ ਫਾਇਦਾ ਉਠਾਉਂਦੇ ਹਨ
ਸਾਡੇ ਸਰੀਰ ਦੀ ਚੁਸਤੀ-ਫੁਰਤੀ ਵੀ ਖ਼ਤਮ ਹੋ ਜਾਂਦੀ ਹੈ ਸਰੀਰ ਨੂੰ ਚੁਸਤ ਰੱਖਣ ਲਈ ਸਾਨੂੰ ਫਿਰ ਤੋਂ ਬਾਹਰ ‘ਜਿੰਮ’ ਦਾ ਰਸਤਾ ਲੱਭਣਾ ਪੈਂਦਾ ਹੈ ਪੈਸਿਆਂ ਦੀ ਬਰਬਾਦੀ ਤਾਂ ਹੁੰਦੀ ਹੀ ਹੈ, ਘਰ ਦੇ ਸਾਮਾਨ ਦੀ ਟੁੱਟ-ਭੱਜ ਵੀ ਵਧ ਜਾਂਦੀ ਹੈ ਕੁਝ ਸੂਝ-ਬੂਝ ਨਾਲ ਮਿਲ-ਜੁਲ ਕੇ ਮਿਹਨਤ ਕਰਨ ਨਾਲ ਅਸੀਂ ਆਪਣੇ-ਆਪ ਨੂੰ ਆਲਸੀ ਹੋਣ ਤੋਂ ਬਚਾ ਸਕਦੇ ਹਾਂ
- ਖੁਦ ਕੰਮ ਕਰਨ ਨਾਲ ਕੰਮ ਦੇ ਸਹੀ ਢੰਗ ਨਾਲ ਹੋਣ ਦੀ ਜੋ ਸੰਤੁਸ਼ਟੀ ਮਿਲਦੀ ਹੈ, ਉਹ ਉਂਝ ਕਦੇ ਨਹੀਂ ਮਿਲਦੀ
- ਬੱਚਿਆਂ ਵਿਚ ਅਤੇ ਪਤੀ ’ਚ ਜਿੰਮੇਵਾਰੀ ਦੀ ਭਾਵਨਾ ਬਣੀ ਰਹਿੰਦੀ ਹੈ
- ਪਰਿਵਾਰ ਦੇ ਸਾਰੇ ਮੈਂਬਰਾਂ ਦੇ ਸਰੀਰ ਚੁਸਤ-ਦਰੁਸਤ ਬਣੇ ਰਹਿੰਦੇ ਹਨ
- ਘਰ ਦੀ ਗੋਪਨੀਅਤਾ ਬਰਕਰਾਰ ਰਹਿੰਦੀ ਹੈ ਜੋ ਨੌਕਰਾਂ ਦੇ ਹੁੰਦਿਆਂ ਭੰਗ ਹੋ ਜਾਂਦੀ ਹੈ
- ਸਮੇਂ ਦੀ ਬੱਚਤ ਹੁੰਦੀ ਹੈ ਪਾਰਟ-ਟਾਈਮ ਨੌਕਰਾਣੀ ਦੇ ਦੇਰ ਨਾਲ ਆਉਣ ’ਤੇ ਪਹਿਲਾਂ ਉਡੀਕ ’ਚ ਸਮਾਂ ਬਰਬਾਦ, ਫਿਰ ਪੂਰੇ ਦਿਨ ਖੁਦ ਨੂੰ ਸੁਵਿਵਸਥਿਤ ਨਹੀਂ ਕਰ ਪਾਉਂਦੇ ਹਾਂ
- ਖੁਦ ਕੰਮ ਕਰਨ ਨਾਲ ਘਰ ਦਾ ਮਾਣ ਵੀ ਵਧਦਾ ਹੈ ਤੁਸੀਂ ਅੰਦਰੋਂ ਮਾਣ ਮਹਿਸੂਸ ਕਰਦੇ ਹੋ ਕਿ ਇਹ ਕੰਮ ਆਪਣੇ ਹੱਥਾਂ ਨਾਲ ਕੀਤਾ ਗਿਆ ਹੈ ਜਾਂ ਨਵੇਂ ਤਰੀਕੇ ਦਾ ਖਾਣਾ ਖੁਦ ਬਣਾਇਆ ਹੈ
- ਇਸ ਨਾਲ ਘਰ ਖਰਚ ਦੀ ਬੱਚਤ ਵੀ ਹੁੰਦੀ ਹੈ ਕਿਉਂਕਿ ਸਾਮਾਨ ਬਰਬਾਦ ਜਾਂ ਖਰਾਬ ਨਹੀਂ ਹੁੰਦਾ
- ਘਰ ਦੇ ਛੋਟੇ-ਮੋਟੇ ਨੁਕਸਾਨਾਂ ਅਤੇ ਚੋਰੀ ਤੋਂ ਘਰ ਨੂੰ ਬਚਾ ਸਕਦੇ ਹੋ
- ਸਾਡੀ ਮਜ਼ਬੂਰੀ ਦਾ ਫਾਇਦਾ ਵੀ ਕੋਈ ਨਹੀਂ ਉਠਾ ਸਕਦਾ
- ਇਸੇ ਤਰ੍ਹਾਂ ਮਜ਼ਬੂਰੀ ਜਾਂ ਅਸਲ ਜ਼ਰੂਰਤ ਪੈਣ ’ਤੇ ਹੀ ਨੌਕਰਾਂ ’ਤੇ ਨਿਰਭਰ ਬਣੋ