ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਸ਼ਿਸ਼ ਦੇ ਊਠ ਨੂੰ ਬੰਨਿ੍ਹਆ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਪ੍ਰੇਮੀ ਮੋਹਨ ਲਾਲ ਪਿੰਡ ਫੇਫਾਣਾ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਆਪਣੇ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦਾ ਹੈ:-
ਸੰਨ 1957 ਦੀ ਗੱਲ ਹੈ ਕਿ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਡੇਰਾ ਸੱਚਾ ਸੌਦਾ ਸੱਚਖੰਡ ਧਾਮ ਫੇਫਾਣਾ ’ਚ ਪਧਾਰੇ ਹੋਏ ਸਨ ਉਸ ਸਮੇਂ ਸ਼ਹਿਨਸ਼ਾਹ ਜੀ ਕਈ ਦਿਨਾਂ ਤੱਕ ਡੇਰਾ ਸੱਚਾ ਸੌਦਾ ਫੇਫਾਣਾ ’ਚ ਰਹੇ ਮੈਂ ਅਤੇ ਮੇਰੇ ਕਈ ਸਾਥੀ ਡੇਰੇ ’ਚ ਹੀ ਰਹਿੰਦੇ ਸੀ ਅਸੀਂ ਆਪਣੇ ਘਰੇਲੂ ਕੰਮਾਂ ਦੀ ਬਜਾਇ ਸੇਵਾ ’ਚ ਹੀ ਜ਼ਿਆਦਾ ਰੁਚੀ ਰੱਖਦੇ ਸੀ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸਾਨੂੰ ਐਨਾ ਮਸਤ ਕਰ ਦਿੱਤਾ ਕਿ ਅਸੀਂ ਹਰ ਸਮੇਂ ਸਤਿਗੁਰੂ ਦੇ ਗੁਣਗਾਨ ’ਚ ਲੱਗੇ ਰਹਿੰਦੇ
ਸ਼ਹਿਨਸ਼ਾਹ ਜੀ ਨੇ ਸੱਤਵੇਂ ਦਿਨ ਸਾਨੂੰ ਸਾਰਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਬਚਨ ਫਰਮਾਏ, ‘‘ਤੁਮ ਆਪਣੇ ਖੇਤੋਂ ਮੇਂ ਨਹੀਂ ਜਾਤੇ, ਕੋਈ ਕਾਮ-ਧੰਦਾ ਨਹੀਂ ਕਰਤੇ ਪਸ਼ੂਓਂ ਕੇ ਲੀਏ ਚਾਰਾ ਨਹੀਂ ਲਾਤੇ ਅਗਰ ਤੁਮ ਕਾਮ ਨਹੀਂ ਕਰਤੇ ਤੋ ਸੱਚਾ ਸੌਦਾ ਕੀ ਬਦਨਾਮੀ ਹੋਤੀ ਹੈ ਹਮ ਯਹਾਂ ਨਹੀਂ ਰਹੇਂਗੇ ਹਮ ਸੱਚਾ ਸੌਦਾ ਸਰਸਾ ਜਾ ਰਹੇ ਹੈਂ’’ ਮੈਂ ਖੜ੍ਹੇ ਹੋ ਕੇ ਸ਼ਹਿਨਸ਼ਾਹ ਜੀ ਦੇ ਚਰਨਾਂ ’ਚ ਬੇਨਤੀ ਕੀਤੀ ਕਿ ਸਾਈਂ ਜੀ! ਦੂਜਿਆਂ ਦਾ ਮੈਂ ਨਹੀਂ ਕਹਿੰਦਾ, ਮੈਂ ਆਪਜੀ ਦੇ ਹੁਕਮ ਨਾਲ ਖੇਤ ’ਚ ਚਲਿਆ ਜਾਂਦਾ ਹਾਂ ਪਰ ਮੇਰੇ ਤੋਂ ਚਾਰਾ ਨਹੀਂ ਕੱਟਿਆ ਜਾਂਦਾ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਸੇਵਾਦਾਰਾਂ ਨੂੰ ਆਦੇਸ਼ ਦਿੱਤਾ ਕਿ ਗੱਡੀ ਕੱਢੋ, ਆਪਾਂ ਹੁਣੇ ਸਰਸਾ ਜਾਂਦੇ ਹਾਂ ਫਿਰ ਉੱਥੇ ਮੌਜ਼ੂਦ ਸਾਰੇ ਪ੍ਰੇਮੀਆਂ ਨੇ ਕਿਹਾ ਕਿ ਸਾਈਂ ਜੀ! ਅਸੀਂ ਸਾਰੇ ਖੇਤਾਂ ਨੂੰ ਜਾ ਰਹੇ ਹਾਂ, ਆਪ ਨਾ ਜਾਓ ਫਿਰ ਸ਼ਹਿਨਸ਼ਾਹ ਜੀ ਦੇ ਆਦੇਸ਼ ਅਨੁਸਾਰ ਸਭ ਆਪਣੇ-ਆਪਣੇ ਖੇਤਾਂ ’ਚ ਚਲੇ ਗਏ ਮੈਂ ਵੀ ਆਪਣਾ ਊਠ ਲੈ ਕੇ ਆਪਣੇ ਖੇਤ ਚਲਿਆ ਗਿਆ
ਮੈਂ ਚਾਰਾ ਕੱਟਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਕੱਟਿਆ ਨਹੀਂ ਗਿਆ ਉਸ ਸਮੇਂ ਸਤਿਗੁਰੂ ਜੀ ਨੇ ਮੈਨੂੰ ਐਨੀ ਖੁਸ਼ੀ ਅਤੇ ਮਸਤੀ ਦਿੱਤੀ ਸੀ ਜਿਸਦਾ ਬਿਆਨ ਨਹੀਂ ਹੋ ਸਕਦਾ ਮੈਂ ਕੋਈ ਸਾਧਾਰਨ ਕੰਮ ਕਰਨ ਤੋਂ ਵੀ ਅਸਮਰੱਥ ਹੋ ਗਿਆ ਸੀ ਮੈਂ ਊਠ ’ਤੇ ਚੜ੍ਹਕੇ ਵਾਪਸ ਚਲਾ ਗਿਆ
ਰਸਤੇ ’ਚ ਲਾਊਡ ਸਪੀਕਰ ਦੀ ਆਵਾਜ਼ ਸੁਣੀ ਮਾਲਕ ਸਤਿਗੁਰੂ ਦਾ ਗੁਣਗਾਨ ਹੋ ਰਿਹਾ ਸੀ ਥੋੜ੍ਹਾ-ਥੋੜ੍ਹਾ ਹਨ੍ਹੇਰਾ ਹੋ ਗਿਆ ਸੀ ਮੈਂ ਡੇਰੇ ਤੋਂ ਬਾਹਰ ਇੱਕ ਕਰੀਰ (ਕੰਡੇਦਾਰ ਝਾੜੀ) ਦੀ ਡਾਲੀ ਨਾਲ ਊਠ ਦੀ ਮੁਹਾਰ ਨੂੰ ਲਪੇਟ ਦਿੱਤਾ ਕੋਸ਼ਿਸ਼ ਕਰਨ ’ਤੇ ਵੀ ਮੇਰੇ ਤੋਂ ਗੰਢ ਨਹੀਂ ਬੰਨ੍ਹੀ ਗਈ ਜਦੋਂ ਮੈਂ ਆਸ਼ਰਮ ਦੇ ਅੰਦਰ ਗਿਆ ਤਾਂ ਸਾਹਮਣੇ ਪੂਜਨੀਕ ਮਸਤਾਨਾ ਜੀ ਮਹਾਰਾਜ ਸਟੇਜ ’ਤੇ ਬਿਰਾਜ਼ਮਾਨ ਸਨ
ਮੈਂ ਸ਼ਹਿਨਸ਼ਾਹ ਜੀ ਨੂੰ ਨਾਅਰਾ ਲਗਾਕੇ ਬੈਠ ਗਿਆ ਰਾਤ ਦੇ ਸਾਢੇ ਗਿਆਰ੍ਹਾਂ ਵਜੇ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਮੇਰੇ ਵੱਲ ਇਸ਼ਾਰਾ ਕਰਕੇ ਬਚਨ ਫਰਮਾਇਆ, ‘‘ਪੁੱਟਰ! ਜਿਤਨੀ ਦੇਰ ਤੱਕ ਤੁਝੇ ਲੱਜ਼ਤ ਨਾ ਆਵੇ ਤੂੰ ਨਾ ਉੱਠ ਤੇਰਾ ਊਠ ਵੀ ਮਸਤਾਨਾ ਬਾਂਧੇਗਾ’’ ਐਨਾ ਕਹਿਣ ’ਤੇ ਵੀ ਮੈਨੂੰ ਗੱਲ ਦੀ ਸਮਝ ਨਹੀਂ ਆਈ ਸਤਿਸੰਗ ਦਾ ਪ੍ਰੋਗਰਾਮ ਨਿਰੰਤਰ ਚੱਲਦਾ ਰਿਹਾ ਸਤਿਸੰਗ ਦਾ ਪ੍ਰੋਗਰਾਮ ਸਵੇਰੇ ਤਿੰਨ ਵਜੇ ਸਮਾਪਤ ਹੋਇਆ ਉਸ ਸਮੇਂ ਪੂਜਨੀਕ ਮਸਤਾਨਾ ਜੀ ਨੇ ਫਰਮਾਇਆ, ‘‘ਭਜਨ ਕਾ ਸਮਾਂ ਹੋ ਗਿਆ ਹੈ ਹਮ ਭਜਨ ਕੇ ਲੀਏ ਅੰਦਰ ਜਾ ਰਹੇ ਹੈਂ ਕੋਈ ਜਾਗੋ, ਕੋਈ ਸੋਵੋ ਤੁਮਹਾਰੀ ਮਰਜ਼ੀ’’
ਜਦੋਂ ਮੈਂ ਆਪਣੇ ਘਰ ਆਉਣ ਲਈ ਡੇਰੇ ਤੋਂ ਬਾਹਰ ਆਇਆ ਤਾਂ ਮੈਨੂੰ ਊਠ ਦੀ ਯਾਦ ਆਈ ਊਠ ਉਸ ਜਗ੍ਹਾ ’ਤੇ ਨਹੀਂ ਸੀ ਜਿੱਥੇ ਬੰਨਿ੍ਹਆ ਗਿਆ ਸੀ ਊਠ ਉੱਥੇ ਨਾ ਦੇਖਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ ਕਿਉਂਕਿ ਉਸ ਸਮੇਂ ਊਠ ਮਸਤੀ ਦੀ ਹਾਲਤ ’ਚ ਸੀ ਮੈਨੂੰ ਇਹ ਡਰ ਸਤਾਉਣ ਲੱਗਾ ਕਿ ਊਠ ਕਿਸੇ ਨੂੰ ਕੱਟ ਨਾ ਖਾਵੇ ਮੈਂ ਊਠ ਨੂੰ ਦੇਖਣ ਲਈ ਇੱਧਰ-ਉੱਧਰ ਭੱਜਿਆ, ਊਠ ਕਿਤੇ ਵੀ ਦਿਖਾਈ ਨਾ ਦਿੱਤਾ ਮੈਂ ਨਿਰਾਸ਼ ਹੋ ਕੇ ਆਪਣੇ ਘਰ ਚਲਿਆ ਗਿਆ ਦਰਵਾਜ਼ਾ ਖੜਕਾਇਆ ਤਾਂ ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ ਊਠ ਘਰ ’ਚ ਬੰਨਿ੍ਹਆ ਹੋਇਆ ਸੀ ਮੈਂ ਇਹ ਦੇਖਕੇ ਹੈਰਾਨ ਰਹਿ ਗਿਆ
ਮੈਂ ਆਪਣੀ ਪਤਨੀ ਤੋਂ ਪੁੱਛਿਆ ਕਿ ਊਠ ਕਿਸਨੇ ਬੰਨਿ੍ਹਆ? ਤਾਂ ਉਸਨੇ ਦੱਸਿਆ ਕਿ ਇੱਕ ਬਹੁਤ ਹੀ ਸੁੰਦਰ ਬਾਬਾ ਜੀ ਊਠ ਲੈ ਕੇ ਆਏ ਸਨ ਉਹ ਹੀ ਬੰਨ੍ਹਕੇ ਗਏ ਹਨ ਉਨ੍ਹਾਂ ਦੇ ਸੁੰਦਰ ਕੋਟ ਪਹਿਨਿਆ ਹੋਇਆ ਸੀ ਹੱਥ ’ਚ ਡੰਗੋਰੀ ਸੀ ਮੈਂ ਆਪਣੀ ਘਰਵਾਲੀ ਤੋਂ ਪੁੱਛਿਆ ਕਿ ਤੂੰ ਉਨ੍ਹਾਂ ਤੋਂ ਪੁੱਛਿਆ ਨਹੀਂ ਕਿ ਉਹ ਕੌਣ ਹਨ ਤਾਂ ਉਸਨੇ ਜਵਾਬ ਦਿੱਤਾ ਕਿ ਮੇਰਾ ਮੂੰਹ ਢੱਕਿਆ ਹੋਇਆ ਸੀ ਮੈਂ ਸ਼ਰਮਾਉਂਦੀ ਰਹੀ, ਕੁਝ ਪੁੱਛ ਨਾ ਸਕੀ ਉਸ ਸਮੇਂ ਮੈਂ ਵੈਰਾਗ ’ਚ ਆ ਗਿਆ ਮੈਂ ਸੋਚ ਰਿਹਾ ਸੀ ਕਿ ਅਜਿਹੇ ਸਤਿਗੁਰੂ ਦੇ ਅਹਿਸਾਨਾਂ ਦਾ ਬਦਲਾ ਕਿਵੇਂ ਵੀ ਨਹੀਂ ਚੁਕਾਇਆ ਜਾ ਸਕਦਾ ਜੋ ਆਪਣੇ ਸ਼ਿਸ਼ ਦੇ ਊਠ ਨੂੰ ਵੀ ਬੰਨ੍ਹ ਸਕਦਾ ਹੈ