Snake Aur Rat

ਬਾਲ ਕਹਾਣੀ : ਚੂਹਾ ਅਤੇ ਸੱਪ

ਬਹੁਤ ਪੁਰਾਣੀ ਗੱਲ ਹੈ ਦੁਪਹਿਰ ਦਾ ਸਮਾਂ ਸੀ ਇੱਕ ਚੂਹਾ ਜੰਗਲ ’ਚੋਂ ਲੰਘ ਰਿਹਾ ਸੀ ਕਿ ਉਦੋਂ ਉਸਨੂੰ ਆਵਾਜ਼ ਸੁਣਾਈ ਦਿੱਤੀ, ‘ਬਚਾਓ, ਬਚਾਓ, ਮੈਨੂੰ ਆਜ਼ਾਦ ਕਰੋ’। ਉਸ ਚੂਹੇ ਨੇ ਚਾਰੇ ਪਾਸੇ ਦੇਖਿਆ ਫਿਰ ਉਸਨੂੰ ਇੱਕ ਸੱਪ ਨਜ਼ਰ ਆਇਆ ਸੱਪ ਹੀ ‘ਬਚਾਓ-ਬਚਾਓ’ ਬੋਲ ਰਿਹਾ ਸੀ ਸੱਪ ਦੇ ਉੱਪਰ ਇੱਕ ਵੱਡਾ ਸਾਰਾ ਪੱਥਰ ਰੱਖਿਆ ਸੀ। ਚੂਹੇ ਨੂੰ ਦੇਖ ਕੇ ਸੱਪ ਨੇ ਕਿਹਾ, ‘ਚੂਹੇ ਵੀਰੇ, ਮੈਨੂੰ ਆਜ਼ਾਦ ਕਰੋ ਇਸ ਪੱਥਰ ਦੇ ਹੇਠਾਂ ਦੱਬਿਆ ਹੋਣ ਕਾਰਨ ਮੈਂ ਰੇਂਗ ਨਹੀਂ ਪਾ ਰਿਹਾ ਹਾਂ’ ‘ਪਰ ਇਹ ਪੱਥਰ ਤੁਹਾਡੇ ਉੱਪਰ ਕਿਵੇਂ ਆ ਗਿਆ?’ ਚੂਹੇ ਨੇ ਪੁੱਛਿਆ।

‘ਇੱਕ ਸ਼ੈਤਾਨ ਜਾਨਵਰ ਨੇ ਪੱਥਰ ਨੂੰ ਮੇਰੇ ਉੱਪਰ ਰੱਖ ਦਿੱਤਾ ਹੁਣ ਤੂੰ ਹੀ ਮੇਰੀ ਰੱਖਿਆ ਕਰ ਸਕਦਾ ਹੈਂ ਦਰਦ ਦੇ ਮਾਰੇ ਮੇਰੀ ਜਾਨ ਨਿੱਕਲ ਰਹੀ ਹੈ ਜੇਕਰ ਥੋੜ੍ਹੀ ਦੇਰ ਤੱਕ ਇਹ ਪੱਥਰ ਮੇਰੇ ਉੱਪਰ ਇੰਝ ਹੀ ਪਿਆ ਰਿਹਾ ਤਾਂ ਮੇਰੀ ਜਾਨ ਨਿੱਕਲ ਜਾਵੇਗੀ ਮੈਨੂੰ ਬਚਾ ਲਓ’ ਸੱਪ ਤਰਲੇ ਕਰਨ ਲੱਗਾ ਚੂਹਾ ਕੁਝ ਸੋਚ ਕੇ ਬੋਲਿਆ, ‘ਤੂੰ ਤਾਂ ਸੱਪ ਹੈਂ ਜੇਕਰ ਮੈਂ ਤੈਨੂੰ ਆਜ਼ਾਦ ਕਰ ਦਿੱਤਾ ਤਾਂ ਤੂੰ ਮੈਨੂੰ ਡੰਗ ਲਵੇਂਗਾ’ ‘ਤੁਸੀਂ ਸੋਚਦੇ ਹੋ ਕਿ ਮੈਂ ਐਨਾ ਮਤਲਬੀ ਹਾਂ, ਕਿ ਤੁਸੀਂ ਮੇਰੀ ਰੱਖਿਆ ਕਰੋਗੇ ਤੇ ਮੈਂ ਤੁਹਾਨੂੰ ਹੀ ਡੰਗਾਂਗਾ ਮੈਂ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਨੁਕਸਾਨ ਨਹੀਂ ਪਹੁੰਚਾਵਾਂਗਾ ਬੱਸ, ਮੈਨੂੰ ਬਚਾ ਲਓ’ ਸੱਪ ਨੇ ਕਿਹਾ।

ਚੂਹੇ ਨੂੰ ਸੱਪ ’ਤੇ ਬਹੁਤ ਤਰਸ ਆਇਆ, ਉਸਨੇ ਉਸ ਦੀ ਮੱਦਦ ਕਰਨ ਦਾ ਫੈਸਲਾ ਕਰ ਲਿਆ ਉਸ ਨੇ ਪੱਥਰ ਹਟਾ ਦਿੱਤਾ ਅਤੇ ਸੱਪ ਆਜ਼ਾਦ ਹੋ ਗਿਆ ਉਹ ਸੱਪ ਬਹੁਤ ਵੱਡਾ ਸੀ ਉਸ ਦਾ ਮੂੰਹ ਐਨਾ ਚੌੜਾ ਸੀ ਕਿ ਪੂਰੀ ਬੱਕਰੀ ਸਾਬਤ ਨਿਗਲ ਸਕਦਾ ਸੀ ਸੱਪ ਹੁਣ ਚੂਹੇ ਵੱਲ ਲਲਚਾਈਆਂ ਨਜ਼ਰਾਂ ਨਾਲ ਦੇਖਣ ਲੱਗਾ ਕਿਉਂਕਿ ਉਹ ਬਹੁਤ ਭੁੱਖਾ ਸੀ ਉਸਨੇ ਉਸ ਨੂੰ ਖਾ ਜਾਣ ਦੀ ਧਾਰ ਲਈ ਉਹ ਮੂੰਹ ਖੋਲ੍ਹ ਕੇ ਹੌਲੀ-ਹੌਲੀ ਚੂਹੇ ਵੱਲ ਵਧਣ ਲੱਗਾ। ਹੁਣ ਡਰ ਦੇ ਮਾਰੇ ਉਸ ਚੂਹੇ ਦਾ ਬੁਰਾ ਹਾਲ ਹੋ ਗਿਆ ਉਸ ਨੇ ਪਿੱਛੇ ਹਟਦੇ ਹੋਏ ਪੁੱਛਿਆ, ‘ਇਹ ਕੀ ਕਰ ਰਹੇ ਹੋ?’

‘ਮੈਂ ਤੈਨੂੰ ਖਾ ਜਾਵਾਂਗਾ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ’ ਸੱਪ ਫੁਫਕਾਰਿਆ। ‘ਪਰ ਤੁਸੀਂ ਤਾਂ ਵਾਅਦਾ ਕੀਤਾ ਸੀ ਕਿ ਮੈਨੂੰ ਨਹੀਂ ਖਾਓਗਾ’
‘ਹਾ…ਹਾ…ਹਾ… ਕਿਹੜਾ ਵਾਅਦਾ ਜਦੋਂ ਭੁੱਖ ਸਤਾਉਂਦੀ ਹੈ ਤਾਂ ਜਾਨਵਰ ਕੀ, ਇਨਸਾਨ ਵੀ ਸਭ ਵਾਅਦੇ ਭੁੱਲ ਜਾਂਦੇ ਹਨ ਮੈਂ ਤੈਨੂੰ ਅੱਜ ਨਹੀਂ ਛੱਡਾਂਗਾ’ ‘ਅੱਛਾ, ਇੱਕ ਸ਼ਰਤ ਹੈ ਅਸੀਂ 3 ਜਣਿਆਂ ਤੋਂ ਪੁੱਛਾਂਗੇ ਕਿ ਤੁਸੀਂ ਮੈਨੂੰ ਖਾ ਸਕਦੇ ਹੋ ਜਾਂ ਨਹੀਂ ਜੇਕਰ ਉਨ੍ਹਾਂ ਦਾ ਫੈਸਲਾ ਤੁਹਾਡੇ ਹੱਕ ’ਚ ਹੋਇਆ ਤਾਂ ਮੈਨੂੰ ਖਾ ਲੈਣਾ ਨਹੀਂ ਤਾਂ ਮੈਨੂੰ ਛੱਡਣਾ ਪਵੇਗਾ’ ਚੂਹਾ ਬੋਲਿਆ ‘ਮਨਜ਼ੂਰ ਹੈ’ ਸੱਪ ਨੇ ਕਿਹਾ।

ਚੂਹਾ ਹੁਣ 3 ਜਣਿਆਂ ਦੀ ਤਲਾਸ਼ ਕਰਨ ਲੱਗਾ ਕੋਲ ਹੀ ਇੱਕ ਨਦੀ ਸੀ ਉਸ ਦੇ ਕਿਨਾਰੇ ਇੱਕ ਰੁੱਖ ਸੀ ਅਤੇ ਰੁੱਖ ਦੇ ਹੇਠਾਂ ਇੱਕ ਕੀੜੀ ਬੈਠੀ ਸੀ। ‘ਚੱਲੋ, ਰੁੱਖ, ਕੀੜੀ ਅਤੇ ਨਦੀ ਤੋਂ ਹੀ ਪੱਛਦੇ ਹਾਂ’ ਸੱਪ ਬੋਲਿਆ ਚੂਹਾ ਬੋਲਿਆ, ‘ਠੀਕ ਹੈ’ ਉਸਨੂੰ ਤਾਂ ਪੂਰਾ ਯਕੀਨ ਸੀ ਕਿ ਤਿੰਨੋਂ ਹੀ ਉਸ ਦੇ ਪੱਖ ’ਚ ਬੋਲਣਗੇ ਉਸਨੇ ਪੂਰਾ ਕਿੱਸਾ ਤਿੰਨਾਂ ਨੂੰ ਸੁਣਾਇਆ ਫਿਰ ਬੋਲਿਆ, ‘ਅੱਛਾ, ਦੱਸੋ ਕਿ ਸੱਪ ਨੂੰ ਮੈਨੂੰ ਖਾਣਾ ਚਾਹੀਦੈ ਜਾਂ ਨਹੀਂ?’ ਰੁੱਖ ਬੋਲਿਆ, ‘ਸੱਪ ਨੂੰ ਤੈਨੂੰ ਖਾਣ ਦਾ ਪੂਰਾ ਅਧਿਕਾਰ ਹੈ’ ‘ਇਹ ਕੀ ਕਹਿ ਰਹੇ ਹੋ?’ ਚੂਹਾ ਹੈਰਾਨੀ ਨਾਲ ਬੋਲਿਆ।

‘ਗੱਲ ਸਾਫ ਹੈ ਜੇਕਰ ਤੁਸੀਂ ਸੱਪ ਨੂੰ ਨਾ ਬਚਾਉਂਦੇ ਤਾਂ ਮੌਤ ਤੋਂ ਬਚ ਜਾਂਦੇ ਸੱਪਾਂ ਦੀ ਖੁਰਾਕ ਚੂਹੇ, ਡੱਡੂ ਹਨ, ਇਸ ਲਈ ਸੱਪ ਤੈਨੂੰ ਖਾ ਸਕਦਾ ਹੈ’ ਰੁੱਖ ਬੋਲਿਆ ‘ਤੂੰ ਤਾਂ ਬਹੁਤ ਬੁੱਧੀਮਾਨ ਹੈਂ’ ਸੱਪ ਬੋਲਿਆ, ‘ਕੀੜੀ, ਤੂੰ ਕੀ ਕਹਿਣਾ ਚਾਹੁੰਦੀ ਹੈਂ?’ ‘ਰੁੱਖ ਨੇ ਹੁਣ ਜੋ ਕੁਝ ਕਿਹਾ, ਉਹ ਇੱਕਦਮ ਸੱਚ ਹੈ ਮੈਂ ਰੁੱਖ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਤੁਸੀਂ ਚੂਹੇ ਨੂੰ ਖਾ ਸਕਦੇ ਹੋ’ ਕੀੜੀ ਨੇ ਕਿਹਾ ਹੁਣ ਨਦੀ ਤੋਂ ਪੁੱਛਣ ਦੀ ਵਾਰੀ ਸੀ ਉਹ ਬੋਲੀ, ‘ਮੈਂ ਰੁੱਖ ਅਤੇ ਕੀੜੀ ਨਾਲ ਸਹਿਮਤ ਹੈ ਮੈਨੂੰ ਹੀ ਦੇਖੋ।

ਮੈਂ ਜੰਗਲ ਦੇ ਜੀਵ-ਜੰਤੂਆਂ ਨੂੰ ਪੀਣ ਲਈ ਪਾਣੀ ਦਿੰਦੀ ਹਾਂ ਪਰ ਸਵਾਰਥੀ ਜੀਵ-ਜੰਤੂ ਬਦਲੇ ਵਿਚ ਮੇਰੇ ’ਚ ਗੰਦਗੀ ਸੁੱਟਦੇ ਹਨ, ਜਿਸ ਨਾਲ ਮੇਰਾ ਦਮ ਘੁਟਦਾ ਹੈ ਮੇਰੇ ’ਚ ਰਹਿਣ ਵਾਲੀਆਂ ਮੱਛੀਆਂ ਅਤੇ ਪੌਦੇ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਜਦੋਂ ਜੀਵ-ਜੰਤੂ, ਖੁਦ ਸਵਾਰਥੀ ਹਨ ਤਾਂ ਉਨ੍ਹਾਂ ਨਾਲ ਭਲਾਈ ਕਿਉਂ?’। ਚੂਹਾ ਹੁਣ ਚੁੱਪ ਹੋ ਗਿਆ ਸੱਪ ਉਸ ਵੱਲ ਵਧਣ ਲੱਗਾ ਫਿਰ ਚੂਹਾ ਬੋਲਿਆ, ‘ਠਹਿਰੋ, ਤੁਸੀਂ ਮੈਨੂੰ ਜ਼ਰੂਰ ਖਾਣਾ…ਬੱਸ, ਇੱਕ ਵਾਰ ਖੁੱਡ ’ਚ ਜਾ ਕੇ ਆਪਣੀ ਬੁੱਢੀ ਮਾਂ ਨੂੰ ਪ੍ਰਣਾਮ ਕਰ ਆਵਾਂ’।

‘ਠੀਕ ਹੈ, ਪਰ ਮੈਂ ਵੀ ਤੁਹਾਡੇ ਨਾਲ ਚੱਲਾਂਗਾ’ ਸੱਪ ਨੇ ਕਿਹਾ ਉਹ ਦੋਵੇਂ ਹੁਣ ਖੁੱਡ ਵੱਲ ਚੱਲ ਪਏ ਖੁੱਡ ਕੋਲ ਪਹੁੰਚ ਕੇ ਚੂਹਾ ਬੋਲਿਆ, ‘ਸੱਪ ਭਰਾ, ਤੁਸੀਂ ਵੀ ਮੇਰੀ ਮਾਂ ਨੂੰ ਮਿਲ ਲੈਣਾ’। ਸੱਪ ਤਿਆਰ ਹੋ ਗਿਆ ਅਤੇ ਉਹ ਚੂਹੇ ਦੀ ਖੁੱਡ ’ਚ ਜਾਣ ਲੱਗਾ ਖੁੱਡ ਦੇ ਅੰਦਰ ਕੋਈ ਨਹੀਂ ਸੀ ਉੱਥੇ ਚੂਹਾ ਇਕੱਲਾ ਹੀ ਰਹਿੰਦਾ ਸੀ ਜਿਵੇਂ ਹੀ ਸੱਪ ਖੁੱਡ ਅੰਦਰ ਗਿਆ, ਚੂਹੇ ਨੇ ਇੱਕ ਵੱਡਾ ਜਿਹਾ ਪੱਥਰ ਲਿਆ ਕੇ ਖੁੱਡ ਦੇ ਉੱਪਰ ਰੱਖ ਦਿੱਤਾ
ਸੱਪ ਚੂਹੇ ਨੂੰ ਬੁਲਾਉਂਦਾ ਰਹਿ ਗਿਆ ਚੂਹਾ ਉੱਥੋਂ ਭੱਜ ਗਿਆ ਅਤੇ ਦੂਜੀ ਥਾਂ ’ਤੇ ਆਪਣੀ ਖੁੱਡ ਬਣਾ ਲਈ। ਉਦੋਂ ਤੋਂ ਸੱਪ ਚੂਹਿਆਂ ਦੀ ਖੁੱਡ ’ਚ ਰਹਿੰਦੇ ਹਨ ਸੱਪ ਜਿਸ ਚੂਹੇ ਦੀ ਖੁੱਡ ’ਚ ਆਪਣਾ ਅਧਿਕਾਰ ਜਮਾ ਲੈਂਦਾ ਹੈ, ਉਹ ਚੂਹਾ ਉਸ ਖੁੱਡ ਨੂੰ ਛੱਡ ਕੇ ਦੂਜੀ ਥਾਂ ਖੁੱਡ ਬਣਾ ਲੈਂਦਾ ਹੈ।

-ਨਰਿੰਦਰ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!