‘ਦੋਨੋਂ ਜਹਾਂ ਛਾਇਆ ਦੇਖੋ ਨੂਰੇ ਜਲਾਲ ਪਿਆਰਾ, ਆਜ ਕੇ ਦਿਨ ਹੈ ਆਇਆ ਹਮਰਾ ਸੋਹਣਾ ਸਤਿਗੁਰੂ ਪਿਆਰਾ।।’
ਪਵਿੱਤਰ ਭੰਡਾਰਾ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
ਮਾਲਕ ਦੀ ਸਾਜੀ-ਨਿਵਾਜ਼ੀ ਪਿਆਰੀ ਸਾਧ-ਸੰਗਤ ਜੀ, ਜਿਵੇਂ ਤੁਸੀਂ ਇਹ ਖੁਸ਼ੀਆਂ ਭਰਿਆ ਮਾਹੌਲ, ਖੁਸ਼ੀਆਂ ਭਰਿਆ ਇਹ ਆਲਮ ਵੇਖ ਰਹੇ ਹੋ, ਮਸਤੀ ਦਾ ਇਹ ਦੌਰ ਸਾਰੀ ਜਨਵਰੀ ਚੱਲਦਾ ਹੈ। ਜਿਸ ਦਿਨ ਲਈ ਜਨਵਰੀ ਵਿੱਚ ਸਾਧ-ਸੰਗਤ ਏਨੀਆਂ ਖੁਸ਼ੀਆਂ ਮਨਾਉਂਦੀ ਹੈ ਉਹ ਪਾਕ-ਪਵਿੱਤਰ ਦਿਨ
25 ਜਨਵਰੀ ਦਾ ਦਿਨ ਹੈ ਜਿਸ ਦਿਨ ਸੱਚੇ ਮੁਰਸ਼ਿਦੇ-ਕਾਮਿਲ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਲਿਆ। ਸੱਚੇ ਸੌਦੇ ਨੂੰ ਲੋਕਾਂ ਤੱਕ ਪਹੁੰਚਾਇਆ, ਦੁਨੀਆਂ ਨੂੰ ਸਮਝਾਇਆ, ਇਹ ਸਰਵ-ਧਰਮ ਸੰਗਮ ਅਤੇ ਜੋ-ਜੋ ਕੁਝ ਦੱਸਿਆ ਉਹ ਤੁਹਾਡੀ ਸੇਵਾ ਵਿੱਚ ਅਰਜ਼ ਕਰਾਂਗੇ ਪਰ ਗੱਲ ਹੈ ਉਸ ਦਿਨ ਦੀ ਅਤੇ ਇਸ ਦਿਨ ਦੀ। ਇਸ ਦਿਨ ਮੁਰਸ਼ਿਦੇ-ਕਾਮਿਲ ਨੇ ਇਸ ਧਰਤੀ ਨੂੰ ਛੂਹਿਆ, ਪਾਕ-ਪਵਿੱਤਰ ਕੀਤਾ।
ਇਸ ਲਈ ਇਸ ਪਾਕ-ਪਵਿੱਤਰ ਜਨਮ-ਦਿਹਾੜੇ ਦੀ, ਮੁਰਸ਼ਿਦੇ-ਕਾਮਿਲ ਦੇ ਜਨਮ ਭੰਡਾਰੇ ਦੀ ਤੁਹਾਨੂੰ ਸਾਰਿਆਂ ਨੂੰ ਤਹਿ-ਦਿਲੋਂ ਮੁਬਾਰਕਬਾਦ ਕਹਿੰਦੇ ਹਾਂ, ਵਧਾਈ ਦਿੰਦੇ ਹਾਂ ਜੀ ਅਤੇ ਮਾਲਕ ਅੱਗੇ, ਉਸ ਸਤਿਗੁਰੂ ਅੱਗੇ ਇਹੀ ਦੁਆ ਕਰਦੇ ਹਾਂ ਕਿ ਜਿੰਨਾ ਹੋ ਸਕੇ ਸਾਧ-ਸੰਗਤ ਇਨਸਾਨੀਅਤ ਨੂੰ ਜ਼ਿੰਦਾ ਰੱਖੇ, ਮਾਨਵਤਾ ਨਾਲ ਪ੍ਰੇਮ, ਮਾਲਕ ਦੀ ਭਗਤੀ-ਇਬਾਦਤ, ਇਸ ਤੋਂ ਵੱਡੀ ਦੁਨੀਆਂ ਵਿੱਚ ਹੋਰ ਕੋਈ ਚੀਜ਼ ਨਹੀਂ। ਇਹੀ ਮਾਲਕ ਅੱਗੇ ਦੁਆ ਹੈ ਕਿ ਮਾਲਕ ਸਾਰਿਆਂ ਨੂੰ ਭਗਤੀ ਨਾਲ, ਆਪਣੀ ਦਇਆ-ਮਿਹਰ, ਰਹਿਮਤ ਨਾਲ ਨਵਾਜੇ। ਇਹੀ ਉਸ ਮਾਲਕ ਅੱਗੇ ਦੁਆ, ਬੇਨਤੀ ਹੈ, ਗੁਜ਼ਾਰਿਸ਼ ਹੈ।
Also Read :-
- ਸੰਤ ਜਗਤ ਵਿੱਚ ਆਉਂਦੇ, ਹੈ ਰੂਹਾਂ ਦੀ ਪੁਕਾਰ ਸੁਣ ਕੇ ਜੀ | ਪਵਿੱਤਰ ਭੰਡਾਰਾ: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ
- ਜਿਸ ਕਾਮ ਲੀਏ ਆਏ,ਵੋ ਕਾਮ ਕਿਉਂ ਭੂਲ ਗਏ ਹੋ ਤੁਮ : ਰੂਹਾਨੀ ਸਤਿਸੰਗ
ਜਿਵੇਂ ਕਿ ਤੁਹਾਡੀ ਸੇਵਾ ਵਿੱਚ ਅਰਜ਼ ਕੀਤਾ ਹੈ, ਅੱਜ ਪਾਕ-ਪਵਿੱਤਰ ਜਨਮ ਦਿਨ, ਜਨਮ ਭੰਡਾਰਾ ਮਨਾਇਆ ਜਾ ਰਿਹਾ ਹੈ, ਪਾਕ-ਪਵਿੱਤਰ ਜਨਮ ਦਿਨ ਹੈ ਅਤੇ ਜੋ ਵੀ ਸਾਧ-ਸੰਗਤ ਆਈ, ਆ ਰਹੀ ਹੈ ਦੂਰ-ਦੁਰਾਡੇ ਤੋਂ, ਆਸ-ਪਾਸ ਤੋਂ ਤੁਹਾਡਾ ਸਾਰਿਆਂ ਦਾ ਸਤਿਸੰਗ ਵਿੱਚ, ਨੂਰਾਨੀ ਭੰਡਾਰੇ ’ਤੇ ਆਉਣ ਦਾ ਤਹਿ-ਦਿਲੋਂ ਬਹੁਤ-ਬਹੁਤ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ, ਖੁਸ਼ਾਮਦੀਦ ਕਹਿੰਦੇ ਹਾਂ, ਮੋਸਟ ਵੈਲਕਮ।
ਜਿਵੇਂ ਇਹ ਖੁਸ਼ੀਆਂ ਭਰਿਆ ਸਮਾਂ ਹੈ, ਜਿਵੇਂ ਇਹ ਪਾਕ-ਪਵਿੱਤਰ ਜਨਮ ਦਿਨ ਹੈ, ਉਸ ਦੇ ਅਨੁਸਾਰ ਅੱਜ ਦਾ ਭਜਨ ਹੈ-
‘ਦੋਨੋਂ ਜਹਾਂ ਛਾਇਆ ਦੇਖੋ ਨੂਰੇ ਜਲਾਲ ਪਿਆਰਾ,
ਆਜ ਕੇ ਦਿਨ ਹੈ ਆਇਆ ਹਮਰਾ ਸੋਹਣਾ ਸਤਿਗੁਰੂ ਪਿਆਰਾ।।’
ਸੱਚੇ ਮੁਰਸ਼ਿਦੇ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹੀ ਸਿਖਾਇਆ ਹੈ ਕਿ ਇਨਸਾਨੀਅਤ ਕਿਸ ਨੂੰ ਕਹਿੰਦੇ ਹਨ, ਅਸੀਂ ਨਹੀਂ ਜਾਣਦੇ ਸੀ ਕਿ ਇਨਸਾਨੀਅਤ ਕੀ ਹੁੰਦੀ ਹੈ, ਅਸੀਂ ਨਹੀਂ ਪਛਾਣਦੇ ਸੀ ਕਿਹੜੇ ਕਰਮ ਹਨ, ਉਹ ਕਿਹੜੇ ਕੰਮ ਹਨ ਜਿਨ੍ਹਾਂ ਨਾਲ ਇਨਸਾਨੀਅਤ ਜ਼ਿੰਦਾ ਰਹਿੰਦੀ ਹੈ, ਨਹੀਂ ਜਾਣਦੇ ਸੀ ਕਿ ਇਨਸਾਨ ਨੂੰ ਭਗਵਾਨ ਤੋਂ ਬਾਅਦ ਸਭ ਤੋਂ ਵੱਡਾ ਦਰਜਾ ਕਿਉਂ ਦਿੱਤਾ ਹੈ, ਕਿ ਕਿਹਾ ਗਿਆ ਦੇਵਤਿਆਂ, ਫਰਿਸ਼ਤਿਆਂ ਨੂੰ ਕਿ ਇਨਸਾਨ ਦੇ ਬੁੱਤ ਨੂੰ ਸਿਜਦਾ-ਨਮਸਕਾਰ ਕੀਤਾ ਜਾਵੇ। ਆਖਰ ਕਿਉਂ? ਅਜਿਹਾ ਕੀ ਹੈ ਇਨਸਾਨ ਵਿੱਚ ਜੋ ਬਾਕੀ ਚੌਰਾਸੀ ਲੱਖ ਸਰੀਰਾਂ ਵਿੱਚ ਨਹੀਂ। ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਸੱਚੇ ਮੁਰਸ਼ਿਦੇ-ਕਾਮਿਲ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੱਸਿਆ। ਹਾਲਾਂਕਿ ਅਸੀਂ ਕਈ ਜਗ੍ਹਾ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਸਤਿਸੰਗ ਕੀਤੇ, ਪੁੱਛਿਆ ਕਿ ਦੱਸੋ ਇਨਸਾਨੀਅਤ ਕਿਸ ਨੂੰ ਕਹਿੰਦੇ ਹਨ?
ਉਨ੍ਹਾਂ ਦਾ ਜਵਾਬ ਜ਼ਿਆਦਾਤਰ ਦਾ ਇਹੀ ਸੀ ਕਿ ਅਸੀਂ ਸਾਰੇ ਇਨਸਾਨ ਹਾਂ ਅਤੇ ਇਸ ਦਾ ਨਾਂਅ ਇਨਸਾਨੀਅਤ ਹੈ। ਬੜੀ ਹੈਰਾਨੀ ਹੋਈ, ਕਿ ਤੁਸੀਂ ਡਾਕਟਰੇਟ ਦੀ ਡਿਗਰੀ ਕਰ ਰਹੇ ਹੋ, ਡਿਪਲੋਮਾ ਲੈ ਰਹੇ ਹੋ, ਪਰ ਆਪਣੇ-ਆਪ ਬਾਰੇ ਪਤਾ ਹੀ ਨਹੀਂ ਕਿ ਕੌਣ ਹੋ, ਤਾਂ ਸੱਚੇ ਮੁਰਸ਼ਿਦੇ-ਕਾਮਿਲ ਨੇ ਸਰਵ-ਧਰਮ ਅਨੁਸਾਰ ਦੱਸਿਆ ਕਿ ਇਨਸਾਨੀਅਤ ਦਾ ਮਤਲਬ ਹੈ ਕਿ ਕਿਸੇ ਨੂੰ ਦੁੱਖ-ਦਰਦ ਵਿੱਚ ਤੜਫਦਾ ਵੇਖ ਕੇ ਉਸ ਦੇ ਦੁੱਖ-ਦਰਦ ਵਿੱਚ ਸ਼ਾਮਲ ਹੋਣਾ ਅਤੇ ਉਸ ਦੇ ਦੁੱਖ-ਦਰਦ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਾ ਹੀ ਇਨਸਾਨੀਅਤ ਹੈ। ਕਿਸੇ ਦਾ ਖੂਨ ਚੂਸ ਕੇ ਕਮਾਉਣਾ, ਕਿਸੇ ਨੂੰ ਤੜਫਾਉਣਾ, ਬੇਈਮਾਨੀ-ਠੱਗੀ, ਭਿ੍ਰਸ਼ਟਾਚਾਰ ਨਾਲ ਕਮਾਉਣਾ ਇਹ ਇਨਸਾਨੀਅਤ ਨਹੀਂ, ਇਹ ਸ਼ੈਤਾਨੀਅਤ ਹੈ, ਰਾਖਸ਼ੀਪਨ ਹੈ। ਤਾਂ ਇਹ ਤਰੀਕਾ, ਅਜਿਹੀ ਸੱਚਾਈ ਸੱਚੇ ਮੁਰਸ਼ਿਦੇ-ਕਾਮਿਲ ਨੇ ਦੱਸੀ। ਅਸੀਂ ਤਾਂ ਮੀਡੀਆ ਹਾਂ ਇੱਕ ਮਾਧਿਅਮ ਹਾਂ ਜੋ ਤੁਹਾਨੂੰ ਦੱਸ ਰਹੇ ਹਾਂ। ਤਾਂ ਭਾਈ! ਉਦੋਂ ਪਤਾ ਲੱਗਿਆ ਕਿ ਇਨਸਾਨ ਦਾ ਕੰਮ ਸਿਰਫ ਖਾਣਾ-ਪੀਣਾ, ਐਸ਼ ਉਡਾਉਣਾ ਨਹੀਂ। ਇਹ ਤਾਂ ਪਸ਼ੂ-ਪੰਛੀ ਵੀ ਕਰਦੇ ਹਨ। ਅਸੀਂ ਵੇਖਿਆ ਇੱਕ ਜਗ੍ਹਾ ਸਤਿਸੰਗ ਕਰ ਰਹੇ ਸੀ ਜਾਂ ਸ਼ਾਇਦ ਕੋਈ ਟੂਰਨਾਮੈਂਟ ਚੱਲ ਰਿਹਾ ਸੀ, ਇੱਕ ਪੰਛੀ ਆਉਂਦਾ, ਤਿਣਕਾ ਉਠਾ ਕੇ ਲਿਆਦਾ, ਉਹ ਇੱਕ ਆਲ੍ਹਣਾ ਬਣਾ ਰਿਹਾ ਸੀ।
ਆਲ੍ਹਣਾ ਬਣ ਗਿਆ। ਦੋ ਬੱਚੇ ਸਨ ਉਸ ਦੇ, ਉਸ ਨੇ ਉਨ੍ਹਾਂ ਨੂੰ ਉਸ ਵਿੱਚ ਬਿਠਾਇਆ ਅਤੇ ਚੋਗਾ ਚੁਗ ਕੇ ਲਿਆਉੁਂਦਾ, ਉਨ੍ਹਾਂ ਨੂੰ ਖਵਾਉਦਾ, ਫਿਰ ਉੱਡ ਜਾਂਦਾ। ਤਾਂ ਦੱਸੋ, ਆਦਮੀ ਅਤੇ ਉਸ ਪੰਛੀ ਵਿੱਚ ਕੀ ਫਰਕ ਹੈ? ਉਹ ਵਿਚਾਰਾ ਚੁਗ ਕੇ ਲਿਆਉਂਦਾ ਹੈ, ਪਰ ਅੱਜ ਵਾਲਾ ਖੋਹ ਕੇ ਲੈਂਦਾ ਹੈ। ਧੱਕੇ ਨਾਲ ਵੀ ਲੈ ਲੈਂਦਾ ਹੈ, ਡਰਾ ਕੇ ਵੀ ਜਾਂ ਫਿਰ ਦਿਮਾਗ ਦਾ ਇਸਤੇਮਾਲ ਕਰਕੇ ਲੋਕਾਂ ਦੀਆਂ ਜੇਬਾਂ ਕੱਟ ਲੈਂਦਾ ਹੈ। ਤਾਂ ਪੰਛੀ ਚੰਗਾ ਹੈ ਜੋ ਮਿਹਨਤ ਕਰਕੇ ਖਾਂਦਾ ਹੈ। ਅੱਜ ਵਾਲੇ ਸਾਰੇ ਤਾਂ ਇੱਕੋ ਜਿਹੇ ਨਹੀਂ, ਪਰ ਜ਼ਿਆਦਾਤਰ ਦਾ ਇਹੀ ਹਾਲ ਹੈ ਕਿ ਬਸ, ਦਿਮਾਗ ਦਾ ਇਸਤੇਮਾਲ ਕਰੋ ਜਾਂ ਫਿਰ ਕੋਈ ਝਾਂਸਾ ਦਿਓ, ਨੋਟ ਦੁੱਗਣੇ-ਤਿਗੁਣੇ, ਚਾਰ ਗੁਣਾ ਕਰਨ ਦਾ, ਕੁਝ ਵੀ , ਕਿਸੇ ਵੀ ਤਰ੍ਹਾਂ ਲੋਕਾਂ ਨੂੰ ਲੁੱਟ ਕੇ ਲਿਆਓ, ਆਪਣਾ ਅਤੇ ਆਪਣੀ ਔਲਾਦ ਦਾ ਪੇਟ ਭਰੋ ਪਰ ਉਹ ਭੁੱਲ ਜਾਂਦੇ ਹਨ ਕਿ ਜਿਸ ਨੂੰ ਤੁਸੀਂ ਸ਼ਹਿਦ ਸਮਝ ਰਹੇ ਹੋ, ਉਹ ਧੀਮਾ ਜ਼ਹਿਰ ਹੈ। ਬੱਚਿਆਂ, ਤੁਹਾਡੇ ਅੰਦਰ ਜਾਵੇਗਾ ਤਾਂ ਉਹ ਰਗ-ਰਗ ਵਿੱਚ ਸਮਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਹਿਸਾਬ ਦੇਣਾ ਪਵੇਗਾ। ਤਾਂ ਕੀ ਫਾਇਦਾ, ਦੌਲਤ ਦਾ, ਜੇਕਰ ਅੰਦਰ ਸ਼ਾਂਤੀ-ਸਕੂਨ ਨਹੀਂ।
ਤਾਂ ਭਾਈ! ਮੁਰਸ਼ਿਦੇ-ਕਾਮਿਲ ਨੇ ਦੱਸਿਆ ਕਿ ਦੌਲਤ ਤਾਂ ਕਮਾਓ, ਪਰ ਜੋ ਧਰਮਾਂ ਵਿੱਚ ਲਿਖਿਆ ਹੈ, ਉਸ ਦੇ ਅਨੁਸਾਰ ਕਮਾਓ। ਹਿੰਦੂ ਧਰਮ ਵਿੱਚ ਲਿਖਿਆ ਹੈ, ਸਖ਼ਤ ਮਿਹਨਤ, ਇਸਲਾਮ ਧਰਮ ਵਿੱਚ ਹੱਕ-ਹਲਾਲ, ਸਿੱਖ ਧਰਮ ਵਿੱਚ ਦਸਾਂ-ਨਹੰੁਆਂ ਦੀ ਕਿਰਤ ਕਮਾਈ ਅਤੇ ਇੰਗਲਿਸ਼ ਰੂਹਾਨੀ ਫ਼ਕੀਰ ਕਹਿੰਦੇ ਹਨ ਹਾਰਡ ਵਰਕ ਕਰਕੇ ਕਮਾਓ। ਅਜਿਹਾ ਕਰਕੇ ਤੁਸੀਂ ਕਮਾਓਗੇ ਤਾਂ ਉਹ ਵਾਕਈ ਅੰਮ੍ਰਿਤ ਹੋਵੇਗੀ, ਕਮਾਈ ਭਾਵੇਂ ਥੋੜ੍ਹੀ ਆਵੇਗੀ ਪਰ ਜੋ ਸਕੂਨ, ਨਿਡਰਤਾਪਨ ਹੋਵੇਗਾ ਉਹ ਦੂਜੀ ਦੌਲਤ ਵਿੱਚ ਕਦੇ ਨਹੀਂ ਹੋ ਸਕਦਾ। ਤਾਂ ਅਜਿਹੀ ਸੱਚੀ ਗੱਲ, ਕਹਿਣ ਦਾ ਮਾਦਾ ਚਾਹੀਦਾ ਹੈ ਜੋ ਸੱਚੇ ਮੁਰਸ਼ਿਦੇ-ਕਾਮਿਲ ਵਿੱਚ ਵੇਖਿਆ। ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸਾਫ਼ ਸਮਝਾਇਆ ਕਿ ਅਜਿਹਾ ਨਾ ਕਰੋ, ਖਾਧਾ-ਪੀਤਾ, ਸੌਂ ਗਏ, ਬੱਚੇ ਪੈਦਾ ਕਰ ਲਏ, ਇਹ ਤਾਂ ਪਸ਼ੂਆਂ ਦਾ ਕੰਮ ਹੈ। ਫ਼ਰਕ ਏਨਾ ਹੈ ਕਿ ਉਹ ਚਾਹੁੰਦੇ ਹੋਏ ਵੀ ਦੋਵਾਂ ਜਹਾਨਾਂ ਦੇ ਮਾਲਕ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ ਨੂੰ ਨਹੀਂ ਹਾਸਲ ਕਰ ਸਕਦੇ, ਜਦੋਂ ਕਿ ਇਨਸਾਨ ਚਾਹੇ ਤਾਂ ਇਸ ਮਿ੍ਰਤ-ਲੋਕ ਵਿੱਚ ਰਹਿੰਦਾ ਹੋਇਆ ਮਾਲਕ ਨਾਲ ਰੂ-ਬ-ਰੂ ਹੋ ਸਕਦਾ ਹੈ।
ਇਸ ਲਈ ਇਨਸਾਨ ਨੂੰ ਸਾਡੇ ਧਰਮਾਂ ਵਿੱਚ ਖੁਦ-ਮੁਖਤਿਆਰ ਜਾਂ ਸਰਦਾਰ ਜੂਨ ਕਿਹਾ ਹੈ। ਤਾਂ ਭਾਈ! ਇਹ ਇਨਸਾਨੀਅਤ ਦੀਆਂ, ਇਹ ਪਾਕ-ਪਵਿੱਤਰ ਗੱਲਾਂ ਸੱਚੇ ਮੁਰਸ਼ਿਦੇ-ਕਾਮਿਲ ਨੇ ਸਮਝਾਈਆਂ, ਸਿਖਾਇਆ ਕਿ ਮਾਨਵਤਾ ਕੀ ਹੈ, ਇਨਸਾਨੀਅਤ ਕੀ ਹੈ ਅਤੇ ਜਿਨ੍ਹਾਂ ਨੇ ਬਚਨਾਂ ’ਤੇ ਅਮਲ ਕੀਤਾ, ਜਿਨ੍ਹਾਂ ਦੇ ਘਰ ਪਹਿਲਾਂ ਨਸ਼ਿਆਂ ਤੇ ਬੁਰਾਈਆਂ ਨਾਲ ਨਰਕ ਵਰਗੇ ਸਨ, ਅੱਜ ਸਵਰਗ ਤੋਂ ਵੱਧ ਬਣ ਗਏ। ਤਾਂ ਜਿਸ ਮੁਰਸ਼ਿਦੇ-ਕਾਮਿਲ ਨੇ ਦੋਵਾਂ ਜਹਾਨਾਂ ਨੂੰ ਸੰਵਾਰ ਦਿੱਤਾ ਹੋਵੇ ਇਸ ਜਹਾਨ ਨੂੰ ਅਤੇ ਆਵਾਗਮਨ ਦੇ ਚੱਕਰ ਨੂੰ ਖਤਮ ਕੀਤਾ ਹੋਵੇ, ਕਿਹੜੇ ਲਫ਼ਜ਼ ਲਿਆਈਏ, ਕਿੱਥੋਂ ਲਿਆਈਏ, ਜਿਨ੍ਹਾਂ ਨਾਲ ਉਨ੍ਹਾਂ ਦਾ ਕਰਜ਼ਾ ਚੁਕਾਇਆ ਜਾ ਸਕੇ, ਪਰ-ਉਪਕਾਰ ਦਾ ਬਦਲਾ ਚੁਕਾਇਆ ਜਾ ਸਕੇ। ਕਿਤੇ ਉਹ ਸ਼ਬਦ ਨਹੀਂ।
ਪਰ ਜਿਹੜੇ ਸ਼ਬਦ ਦਿਮਾਗ ਵਿੱਚ ਰਹਿੰਦੇ ਹਨ, ਉਨ੍ਹਾਂ ਅਨੁਸਾਰ ਉਨ੍ਹਾਂ ਦਾ ਗੁਣਗਾਨ ਗਾ ਰਹੇ ਹਾਂ। ਬੱਸ, ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਸ ਮੁਰਸ਼ਿਦੇ-ਕਾਮਿਲ ਦਾ ਗੁਣਗਾਨ ਗਾਈਏ, ਪਰ-ਉਪਕਾਰ ਦੀ ਚਰਚਾ ਕਰੀਏ ਅਤੇ ਦੁਨੀਆਂ ਨੂੰ ਦੱਸੀਏ ਕਿ ਭਰਮ ਵਿੱਚ ਘੁੰਮ ਰਹੇ ਹੋ। ਆਤਮਿਕ ਸ਼ਾਂਤੀ ਬਾਹਰ ਪਹਾੜਾਂ ਵਿੱਚ, ਉਜਾੜਾਂ ਵਿੱਚ, ਜੰਗਲਾਂ ਵਿੱਚ ਨਹੀਂ ਬਲਕਿ ਤੁਹਾਡੇ ਅੰਦਰ ਹੈ, ਪਰਿਵਾਰ ਛੱਡਣ ਵਿੱਚ ਨਹੀਂ, ਕੰਮ-ਧੰਦਾ ਛੱਡਣ ਵਿੱਚ ਨਹੀਂ ਬਲਕਿ ਪੀਰ-ਫ਼ਕੀਰਾਂ ਦੇ ਬਚਨਾਂ ’ਤੇ ਅਮਲ ਕਰਨ ਵਿੱਚ ਹੈ, ਵਿਚਾਰ ਕਰਨ ਵਿੱਚ ਹੈ। ਮਾਲਕ ਵਿਖਾਵੇ ਵਿੱਚ ਨਹੀਂ, ਨੋਟਾਂ ਵਿੱਚ ਨਹੀਂ, ਚੜ੍ਹਾਵੇ ਵਿੱਚ ਨਹੀਂ, ਉਹ ਅੰਦਰੂਨੀ ਭਾਵਨਾ ਨੂੂੰ ਸ਼ੁੱਧ ਕਰਨ ਵਿੱਚ ਹੈ। ਅੰਦਰ ਦੇ ਵਿਚਾਰ ਸ਼ੁੱਧ ਹੋਣਗੇ, ਭਾਵਨਾ ਪਾਕ-ਪਵਿੱਤਰ ਹੋਵੇਗੀ ਤਾਂ ਯਕੀਨ ਮੰਨੋ ਮਾਲਕ ਦੇ ਉਹ ਚਮਤਕਾਰ ਜੋ ਲੋਕਾਂ ਤੋਂ ਸੁਣੇ ਹਨ, ਤੁਸੀਂ ਆਪ ਮਹਿਸੂਸ ਕਰ ਸਕਦੇ ਹੋ ਅਤੇ ਅਹਿਸਾਸ ਸਾਧ-ਸੰਗਤ ਕਰ ਰਹੀ ਹੈ, ਅਨੁਭਵ ਹੁੰਦਾ ਹੈ ਅਤੇ ਮੁਰਸ਼ਿਦੇ-ਕਾਮਿਲ ਨੇ ਸਿਖਾਇਆ ਕਿ ਮਾਨਵਤਾ ਦੀ ਸੇਵਾ ਕਰੋ। ਤੁਹਾਨੂੰ ਇੱਕ ਉਦਾਹਰਨ ਦੱਸਿਆ ਸੀ।
ਇੱਕ ਜਗ੍ਹਾ ’ਤੇ ਇੱਕ ਨੌਜਵਾਨ ਲੜਕੀ ਸੀ ਅਤੇ ਉਹ ਟਾਇਲਟ ਵਿੱਚ (ਗੰਦਗੀ ਦੇ ਟੋਏ) ਵਿੱਚ ਡਿੱਗ ਪਈ। ਪੱਥਰ ਟੁੱਟਿਆ, ਅਚਾਨਕ ਪਤਾ ਨਹੀਂ ਕੀ ਹੋਇਆ ਅਤੇ ਉਸ ਵਿੱਚ ਡਿੱਗ ਪਈ। ਸਾਰਾ ਪਰਿਵਾਰ ਕੋਲ ਸੀ, ਆਸ-ਪਾਸ ਦੇ ਲੋਕ ਵੀ ਆ ਗਏ ਭੱਜ ਕੇ, ਪਰ ਕੋਈ ਨਾ ਕੱਢੇ, ਉਹ ਵਿਚਾਰੀ ਚੀਕ ਰਹੀ, ਹੇਠਾਂ ਧਸਦੀ ਜਾ ਰਹੀ ਸੀ, ਤੜਫ਼ ਰਹੀ ਸੀ ਕਿ ਕੋਈ ਮੈਨੂੰ ਕੱਢੇ। ਉਹ ਮਾਂ-ਬਾਪ ਜਿਨ੍ਹਾਂ ਨੇ ਉਸ ਨੂੰ ਜਨਮ ਦਿੱਤਾ, ਭੈਣ-ਭਾਈ ਸਭ ਖੜ੍ਹੇ ਸਨ, ਕੌਣ ਜਾਵੇ ਗੰਦਗੀ ਵਿੱਚ, ਉਹ ਖੂਹ ਭਰਿਆ ਹੋਇਆ ਸੀ ਗੰਦਗੀ ਨਾਲ। ਪਿੰਡਾਂ ਵਿੱਚ ਖੂਹੀ ਪੁੱਟਦੇ ਹੁੰਦੇ ਹਨ, ਉੱਥੇ ਆਸ-ਪਾਸ ਸ਼ਾਹ ਸਤਿਨਾਮ ਜੀ ਗਰੀਨ ਐੱਸ. ਵੈੱਲਫੇਅਰ ਫੋਰਸ ਦੇ ਸੇਵਾਦਾਰ ਸਨ, ਉਨ੍ਹਾਂ ਨੂੰ ਉਹ ਚੀਕ-ਪੁਕਾਰ ਸੁਣੀ ਤਾਂ ਉਹ ਭੱਜ ਕੇ ਆਏ ਅਤੇ ਉਨ੍ਹਾਂ ਨੇ ਵੇਖਿਆ ਕਿ ਇੱਕ ਲੜਕੀ ਦੀ ਜਾਨ ਜਾ ਰਹੀ ਹੈ ਅਤੇ ਇਹ ਤਮਾਸ਼ਾ ਵੇਖ ਰਹੇ ਹਨ। ਆਪਣੀ ਪੱਗ ਲਾਹੀ ਅਤੇ ਕਿਹਾ ਕਿ ਇਸ ਨੂੰ ਫੜੋ ਅਤੇ ਵਿੱਚ ਛਾਲ ਮਾਰ ਦਿੱਤੀ। ਅੱਗਾ ਵੇਖਿਆ ਨਾ ਪਿੱਛਾ। ਉਸ ਲੜਕੀ ਨੂੰ ਫੜਿਆ ਅਤੇ ਆਵਾਜ ਦਿੱਤੀ ਕਿ ਕੱਢੋ। ਤਾਂ ਲੋਕਾਂ ਵਿੱਚ ਇਨਸਾਨੀਅਤ ਜਾਗ ਪਈ ਕਿ ਭਾਈ! ਜਦੋਂ ਇਹ ਅੰਦਰ ਛਾਲ ਮਾਰ ਸਕਦਾ ਹੈ ਤਾਂ ਕੀ ਅਸੀਂ ਬਾਹਰੋਂ ਨਹੀਂ ਖਿੱਚ ਸਕਦੇ।
ਉਸ ਨੂੰ ਬਾਹਰ ਖਿੱਚਿਆ, ਦੋਵੇਂ ਗੰਦਗੀ ਨਾਲ ਬਿਲਕੁਲ ਭਰੇ ਹੋਏ ਸਨ। ਸਾਰੇ ਲੋਕ ਛੱਡ ਕੇ ਭੱਜ ਗਏ ਅਤੇ ਉਸ ਨੇ ਲੜਕੀ ਨੂੰ ਉਠਾਇਆ ਕਿਉਂਕਿ ਬੇਹੋਸ਼ੀ ਦੇ ਆਲਮ ਵਿੱਚ ਸੀ ਅਤੇ ਕਿਤੇ ਛੱਪੜ ਸੀ, ਉੱਥੇ ਲੈ ਗਏ ਕਿ ਬੇਟਾ, ਤੂੰ ਖੁਦ ਆਪਣੀ ਸਫ਼ਾਈ ਕਰ, ਖੁਦ ਦੀ ਸਫ਼ਾਈ ਕੀਤੀ ਅਤੇ ਉਸ ਨੇ ਆ ਕੇ ਦੱਸਿਆ ਕਿ ਮਾਲਕ ਜਾਣੇ, ਮੈਂ ਸੱਚ ਕਹਿੰਦਾ ਹਾਂ, ਸਹੰੁ ਖਾਂਦਾ ਹਾਂ ਕਿ ਜਦੋਂ ਮੈਂ ਛਾਲ ਮਾਰੀ ਤਾਂ ਮੈਨੂੰ ਕੋਈ ਬਦਬੂ ਨਹੀਂ ਆਈ, ਮੈਂ ਬਾਹਰ ਆਇਆ, ਮੈਨੂੰ ਕੋਈ ਬਦਬੂ ਨਹੀਂ ਆਈ। ਇਹ ਸਭ ਉਸ ਮੁਰਸ਼ਿਦੇ-ਕਾਮਿਲ ਦੀ ਰਹਿਮਤ ਹੈ, ਦਇਆ-ਮਿਹਰ ਦਾ ਨਤੀਜਾ ਹੈ, ਨਹੀਂ ਤਾਂ ਕੌਣ ਕਿਸੇ ਲਈ ਜਾਨ ਕੁਰਬਾਨ ਕਰਦਾ ਹੈ। ਲੋਕ ਆਪਣੀ ਜਾਨ ਲਈ ਪਤਾ ਨਹੀਂ ਕਿੰਨਿਆਂ ਦੀ ਜਾਨ ਦਾਅ ’ਤੇ ਲਾਅ ਦਿੰਦੇ ਹਨ, ਇਹ ਕਲਿਯੁਗ ਹੈ। ਇਹ ਤਾਂ ਮਾਲਕ ਦੇ ਪਿਆਰੇ ਹਨ, ਜਿਨ੍ਹਾਂ ਦੇ ਅੰਦਰ ਸੱਚੀ ਸਿੱਖਿਆ ਹੈ ਉਸ ਸੱਚੇ ਮੁਰਸ਼ਿਦੇ-ਕਾਮਿਲ ਦੀ। ਇੱਕ ਟਾਪੂ ’ਤੇ ਸਿਰਫ਼ 10 ਜਾਂ 12 ਦਿਨ ਵਿੱਚ ਸੇਵਾਦਾਰ ਭਾਈ ਪਹੁੰਚੇ ਅਤੇ 19 ਦੇ ਕਰੀਬ ਉਹ ਸੇਵਾਦਾਰ ਸਨ। ਦੱਸ ਰਹੇ ਸਨ ਕਿ ਕਾਫ਼ੀ ਲੰਬਾ ਟਾਪੂ ਸੀ, ਜੋ ਪਿਛਲੇ ਦਿਨੀਂ ਆਈਆਂ ਸਮੁੰਦਰੀ ਲਹਿਰਾਂ ਵਿੱਚ ਗਰਕ ਹੋ ਕੇ ਕੇਵਲ 8 ਕਿਲੋਮੀਟਰ ਰਹਿ ਗਿਆ ਅਤੇ ਉਸ ਵਿੱਚ ਕੋਈ ਹੋਰ ਨਹੀਂ ਹੈ, ਸਿਰਫ਼ ਫੌਜ ਦੇ ਜਵਾਨ ਸਨ ਜਾਂ ਫਿਰ 19 ਆਪਣੇ ਸ਼ਾਹ ਸਤਿਨਾਮ ਜੀ ਗਰੀਨ ਐੱਸ. ਵੈੱਲਫੇਅਰ ਫੋਰਸ ਦੇ ਸੇਵਾਦਾਰ ਬੱਚਿਆਂ ਨੂੰ ਪੜ੍ਹਾ ਵੀ ਰਹੇ ਸਨ, ਉੱਥੇ ਸੇਵਾ ਕਰ ਰਹੇ ਸਨ, ਹੋਰ ਕੋਈ ਵੀ ਉੱਥੇ ਨਹੀਂ ਗਿਆ।
ਉਨ੍ਹਾਂ ਨੇ ਦੱਸਿਆ ਕਿ ਹੋਰ ਕੋਈ ਵੀ ਉੱਥੇ ਪਹੰੁਚਿਆ ਨਹੀਂ। ਇਹ ਮੁਰਸ਼ਿਦੇ-ਕਾਮਿਲ ਦੀ ਦਇਆ-ਮਿਹਰ, ਰਹਿਮਤ ਦਾ ਕਮਾਲ ਹੈ, ਉਨ੍ਹਾਂ ਦੀ ਸੱਚੀ ਸਿੱਖਿਆ ਦਾ ਕਮਾਲ ਹੈ ਅਤੇ ਕੋਈ ਸਾਡਾ ਜਾਦੂ ਨਹੀਂ ਹੈ, ਨਾ ਕੋਈ ਖੇਡ ਹੈ ਮਦਾਰੀ ਦੀ। ਜ਼ਰਾ ਸੋਚ ਕੇ ਵੇਖੋ! ਸਾਹਮਣੇ ਮੌਤ ਹੋਵੇ ਅਤੇ ਇੰਜ ਕੋਈ ਛਾਲ ਮਾਰ ਦੇਵੇ। ਤਾਂ ਇਹ ਜੋ ਸ਼ਾਹ ਸਤਿਨਾਮ ਜੀ ਗਰੀਨ ਐੱਸ. ਵੈੱਲਫੇਅਰ ਫੋਰਸ, ਸਮਾਜ ਭਲਾਈ ਲਈ ਬਣਾਈ ਗਈ ਫੌਜ ਹੈ, ਗੁਜਰਾਤ ਵਿੱਚ ਵੀ ਭੂਚਾਲ ਪੀੜਤਾਂ ਨੂੰ ਮਕਾਨਾਂ ਵਿੱਚੋਂ ਕੱਢਿਆ, ਉਨ੍ਹਾਂ ਲਈ ਮਕਾਨ ਬਣਾਏ, ਉੜੀਸ਼ਾ ਵਿੱਚ, ਬਿਹਾਰ ਵਿੱਚ ਹੋਰ ਕਿਤੇ ਵੀ ਕੋਈ ਅਜਿਹੀ ਆਫ਼ਤ ਆਉਂਦੀ ਹੈ, ਹਰ ਜਗ੍ਹਾ ਪਹੁੰਚ ਜਾਂਦੇ ਹਨ। ਤਾਂ ਇਹ ਇੱਕ ਅਜਿਹੀ ਭਾਵਨਾ ਹੈ, ਅਜਿਹਾ ਜਜ਼ਬਾ ਹੈ ਜੋ ਆਪਣੇ-ਆਪ ਵਿੱਚ ਬੇਮਿਸਾਲ ਹੈ ਅਤੇ ਸਭ ਉਸ ਮੁਰਸ਼ਿਦੇ-ਕਾਮਿਲ ਦੀ ਦਇਆ-ਮਿਹਰ, ਰਹਿਮਤ ਦਾ ਕਮਾਲ ਹੈ। ਉਸ ਮੁਰਸ਼ਿਦੇ-ਕਾਮਿਲ ਦਾ ਜਿਨ੍ਹਾਂ ਨੇ ਅਜਿਹੀ ਸਿੱਖਿਆ ਦਿੱਤੀ, ਜਿਉਣ ਦਾ ਢੰਗ ਸਿਖਾਇਆ ਕਿ ਆਪਣੀ ਔਲਾਦ ਲਈ ਕਮਾਓ, ਇਹ ਤੁਹਾਡਾ ਫ਼ਰਜ਼ ਹੈ, ਕਰਤਵ ਹੈ ਪਰ ਇੱਥੇ ਚੁੱਪ ਹੋ ਜਾਣਾ ਇਨਸਾਨੀ ਫਰਜ਼ ਤੋਂ ਕੰਨੀ ਕਤਰਾਉਣਾ ਹੈ।
ਇਨਸਾਨੀ ਫਰਜ਼ ਹੈ ਕਿ ਆਪਣੇ ਲਈ ਵੀ ਕਰੋ, ਪਰ ਉਸ ਵਿੱਚੋਂ ਸਮਾਂ ਕੱਢ ਕੇ ਦੂਜਿਆਂ ਦਾ ਭਲਾ ਕਰੋ, ਤਾਂ ਹੀ ਤੁਸੀਂ ਸੱਚੇ ਇਨਸਾਨ ਹੋ ਅਤੇ ਮਾਲਕ ਦੀ ਸੱਚੀ ਸੰਤਾਨ ਹੋ, ਨਹੀਂ ਤਾਂ ਤੁਹਾਡੇ ਵਿੱਚ ਅਤੇ ਪਸ਼ੂਆਂ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਂਦਾ। ਬੁਰਾ ਨਾ ਮੰਨਿਓ, ਪਰ ਹੈ ਇਹ ਸੱਚਾਈ। ਆਪਣੇ ਲਈ ਹੀ ਸੋਚਦੇ ਰਹਿਣਾ, ਆਪਣੇ ਲਈ ਹਰ ਸਮਾਂ ਖਾ ਲਿਆ, ਪੀ ਲਿਆ, ਸੌਂ ਲਿਆ, ਬੈਂਕ ਬੈਲੰਸ ਕਈਆਂ ਦੇ ਤਾਂ ਏਨੇ ਲੰਬੇ-ਚੌੜੇ ਹੁੰਦੇ ਹਨ ਕਿ ਯਾਦ ਵੀ ਨਹੀਂ ਹੁੰਦਾ ਅਤੇ ਕੋਈ ਨੰਬਰ ਵਗੈਰਾ ਗੁੰਮ ਹੋ ਜਾਵੇ ਤਾਂ ਫਿਰ ਪਤਾ ਹੀ ਨਹੀਂ ਲੱਗਦਾ, ਜਿਵੇਂ ਆਇਆ ਉਵੇਂ ਹੀ ਚਲਿਆ ਜਾਂਦਾ ਹੈ ਸਭ ਕੁਝ। ਤਾਂ ਭਾਈ, ਕੀ ਫਾਇਦਾ ਹੋਇਆ ਜੇਕਰ ਤੁਸੀਂ ਮਾਲਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਦਇਆ-ਮਿਹਰ, ਰਹਿਮਤ ਦਾ ਨਜ਼ਾਰਾ ਵੇਖਣਾ ਚਾਹੁੰਦੇ ਹੋ, ਦਇਆ-ਦਿ੍ਰਸ਼ਟੀ ਦਾ ਕਮਾਲ ਵੇਖਣਾ ਚਾਹੁੰਦੇ ਹੋ ਤਾਂ ਮੈਥਡ ਆਫ਼ ਮੈਡੀਟੇਸ਼ਨ, ਜਿਸ ਨੂੰ ਹਿੰਦੂ ਧਰਮ ਵਿੱਚ, ਪੁਰਾਣੇ ਸਮੇਂ ਵਿੱਚ ਗੁਰਮੰਤਰ, ਸਿੱਖ ਧਰਮ ਵਿੱਚ ਨਾਮ-ਸ਼ਬਦ ਅਤੇ ਮੁਸਲਮਾਨ ਫ਼ਕੀਰ ਕਲਮਾ ਕਹਿੰਦੇ ਹਨ, ਆਧੁਨਿਕ ਯੁੱਗ ਵਿੱਚ ਕਹੋ ਜਾਂ ਇੰਗਲਿਸ਼ ਵਿੱਚ ਕਹੋ ਤਾਂ ਉਸ ਨੂੰ ਮੈਥਡ ਆਫ਼ ਮੈਡੀਟੇਸ਼ਨ ਕਿਹਾ ਜਾਂਦਾ ਹੈ, ਉਸ ਨਾਲ ਜੇਕਰ ਜੁੜਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਇਨਸਾਨ ਦੇ ਅੰਦਰ ਕਿੰਨੀ ਆਤਮਿਕ ਸ਼ਾਂਤੀ ਹੈ, ਕਿਹੋ-ਜਿਹੀਆਂ ਆਤਮਿਕ ਸ਼ਕਤੀਆਂ ਹਨ, ਜੋ ਇਨਸਾਨੀਅਤ ਨੂੰ ਚਰਮ ਸੀਮਾ ’ਤੇ ਲਿਜਾ ਕੇ ਭਗਵਾਨ ਨਾਲ ਵੀ ਮਿਲਾ ਸਕਦੀਆਂ ਹਨ। ਤਾਂ ਇਹ ਸਭ ਤਰੀਕੇ ਸੱਚੇ ਮੁਰਸ਼ਿਦੇ-ਕਾਮਿਲ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੱਸੇ, ਸਮਝਾਏ ਅਤੇ ਤੁਰਨਾ ਸਿਖਾਇਆ।
ਤਾਂ ਉਨ੍ਹਾਂ ਲਈ ਤੁਹਾਡੀ ਸੇਵਾ ਵਿੱਚ ਭਜਨ ਬਣਾਇਆ ਹੈ;-
ਦੋਨੋਂ ਜਹਾਂ ਛਾਇਆ, ਦੇਖੋ ਨੂਰੇ ਜਲਾਲ ਪਿਆਰਾ,
ਆਜ ਕੇ ਦਿਨ ਆਇਆ, ਹਮਰਾ ਸਤਿਗੁਰੂ ਸੋਹਣਾ ਪਿਆਰਾ।।
ਅੱਜ ਦਾ ਉਹ ਪਾਕ-ਪਵਿੱਤਰ ਦਿਨ, ਜਿਸ ਦਿਨ ਸਾਡੇ ਗੁਰੂ, ਮੁਰਸ਼ਿਦੇ-ਕਾਮਿਲ, ਸਤਿਗੁਰੂ-ਮਾਲਕ ਜਿਨ੍ਹਾਂ ਨੇ ਸਾਨੂੰ ਰਾਹ ਵਿਖਾਇਆ, ਇਹ ਸਿਖਾਇਆ ਕਿ ਸਭ ਧਰਮ ਇੱਕ ਹੀ ਹਨ, ਅਸੀਂ ਸਭ ਤੋਂ ਪਹਿਲਾਂ ਇਨਸਾਨ ਹਾਂ ਅਤੇ ਈਸ਼ਵਰ ਨੇ ਸਾਡੇ ਵਿੱਚ ਕਿਸੇ ਵਿੱਚ ਕੋਈ ਭੇਦ-ਭਾਵ ਨਹੀਂ ਕੀਤਾ। ਵਿਗਿਆਨੀਆਂ ਤੋਂ ਭਾਵੇਂ ਤੁਸੀਂ ਆਪਣੇ ਸਰੀਰ ਦੀ ਜਾਂਚ ਕਰਾ ਲਓ, ਸਾਰੇ ਧਰਮਾਂ ਦੇ ਲੋਕ ਜੋ ਤੰਦਰੁਸਤ ਹੋਣ, ਉਨ੍ਹਾਂ ਵਿੱਚ ਕੋਈ ਫਰਕ ਨਹੀਂ ਮਿਲੇਗਾ। ਪਹਿਰਾਵੇ ਦਾ ਫਰਕ ਹੈ, ਖਾਣ-ਪੀਣ ਦਾ ਫਰਕ ਹੈ, ਬੋਲ-ਚਾਲ ਦਾ ਫਰਕ ਹੈ ਪਰ ਮਾਲਕ ਨੇ ਕੋਈ ਫ਼ਰਕ ਨਹੀਂ ਕੀਤਾ। ਇਹ ਨਹੀਂ ਹੈ ਕਿ ਕਿਸੇ ਇੱਕ ਧਰਮ ਵਾਲੇ ਨੂੰ ਸਿੰਙ ਲਾਇਆ ਹੈ ਅਤੇ ਕਿਸੇ ਦੂਜੇ ਧਰਮ ਵਾਲੇ ਨੂੰ ਪੂੰਛ ਲਾਈ ਹੋਵੇ ਕਿ ਜਿਸ ਨਾਲ ਪਤਾ ਲੱਗੇ ਕਿ ਇਹ ਸਿੰਙ ਵਾਲਾ ਵੱਡਾ ਹੈ ਅਤੇ ਪੂੰਛ ਵਾਲਾ ਛੋਟਾ ਹੈ। ਅਜਿਹਾ ਕੁਝ ਵੀ ਨਹੀਂ ਹੈ। ਇਹ ਸਭ ਇਨਸਾਨ ਦਾ ਕੀਤਾ ਕਰਾਇਆ ਹੈ। ਇਹ ਵੱਡਾ ਹੈ, ਇਹ ਛੋਟਾ ਹੈ, ਇਹ ਨੀਚਾ ਹੈ, ਉਹ ਵੱਡਾ ਹੈ। ਅਜਿਹਾ ਨਹੀਂ ਹੈ।
ਧਰਮ ਜੋ ਬਣੇ ਹਨ ਉਹ ਵੀ ਸਹੀ ਬਣੇ ਹਨ, ਧਰਮਾਂ ਵਿੱਚ ਕੋਈ ਕਮੀ ਨਹੀਂ। ਜਿਉਂ-ਜਿਉਂ ਸੰਤ-ਫ਼ਕੀਰ ਆਉਂਦੇ ਗਏ ਉਨ੍ਹਾਂ ਨੇ ਮਾਲਕ ਦੀ ਚਰਚਾ ਕੀਤੀ, ਆਪਣੇ ਮੁਰੀਦਾਂ, ਸ਼ਿਸ਼ਾਂ ਨੂੰ ਵੱਖਰਾ ਪਹਿਰਾਵਾ ਦਿੱਤਾ ਤਾਂ ਕਿ ਲੋਕ ਸਮਾਜ ਵਿੱਚ ਰਹਿੰਦੇ ਹੋਏ ਜੇਕਰ ਕੋਈ ਬੁਰਾ ਕਰਮ ਕਰਨ ਤਾਂ ਉਨ੍ਹਾਂ ਨੂੰ ਸ਼ਰਮ ਆਵੇ ਕਿ ਤੂੰ ਤਾਂ ਫਲਾਣੇ ਗੁਰੂ ਦਾ ਮੁਰੀਦ ਹੈਂ? ਤੇਰਾ ਪਹਿਰਾਵਾ ਤਾਂ ਉਨ੍ਹਾਂ ਵਰਗਾ ਹੈ। ਹਾਂ, ਮੁਰੀਦ ਨਾ ਮੰਨੇ ਤਾਂ ਗੱਲ ਵੱਖਰੀ ਹੈ। ਅੱਜ ਦੇ ਕਲਿਯੁਗ ਵਿੱਚ ਤਾਂ ਗੱਲ ਹੀ ਛੱਡੋ ਇਨ੍ਹਾਂ ਗੱਲਾਂ ਦੀ, ਪਰ ਬਣਿਆ ਇਸ ਲਈ ਸੀ ਇਹ ਪਹਿਰਾਵਾ ਜਾਂ ਕੋਈ ਹੋਰ ਵਜ੍ਹਾ ਵੀ ਸੀ, ਪਰ ਬਾਕੀ ਸਭ ਠੀਕ ਸੀ।
ਪਹਿਰਾਵਾ ਵੱਖਰਾ ਹੈ, ਬੋਲੀ ਵੱਖਰੀ ਹੈ, ਭਾਸ਼ਾ ਵੱਖਰੀ ਹੈ, ਪਰ ਹੁਣ ਜੋ ਵਿਚਾਰ ਵੱਖਰੇ ਹੋ ਗਏ ਹਨ ਇਹ ਇਨਸਾਨੀਅਤ ਲਈ ਬਹੁਤ ਖਤਰਨਾਕ ਹਨ, ਤਬਾਹੀ-ਬਰਬਾਦੀ ਦਾ ਕਾਰਨ ਹੋ ਸਕਦੇ ਹਨ, ਕਿਉਂਕਿ ਇਨਸਾਨ ਜੇਕਰ ਇਨਸਾਨ ਦਾ ਖਾਤਮਾ ਕਰਦਾ ਹੈ, ਵੈਸੇ ਪਰਲੋ ਜੋ ਹੈ ਰੂਹਾਨੀਅਤ ਦੇ ਅਨੁਸਾਰ ਸਾਡੇ ਖ਼ਿਆਲਾਂ ਅਨੁਸਾਰ ਮਾਲਕ-ਸਤਿਗੁਰੂ ਦਾ ਜੋ ਖ਼ਿਆਲ ਆਇਆ-ਪੰਜ ਤਰ੍ਹਾਂ ਦੀ ਜੋ ਕੁਦਰਤ ਦੀ ਹੈ ਜਿਨ੍ਹਾਂ ਪੰਜਾਂ ਤੋਂ ਸਰੀਰ ਬਣਿਆ ਹੈ ਉਹ ਪੰਜੇ ਤਬਾਹ ਵੀ ਕਰ ਸਕਦੇ ਹਨ। ਧਰਤੀ, ਪਾਣੀ, ਅੱਗ, ਹਵਾ ਅਤੇ ਅਕਾਸ਼। ਇਨ੍ਹਾਂ ਨਾਲ ਜਾਂ ਤਬਾਹੀ, ਪਰਲੋ ਆ ਸਕਦੀ ਹੈ, ਪਰ ਇੱਕ ਹੋਰ ਪਰਲੋ ਹੈ ਉਹ ਇਨਸਾਨ ਦੀ ਬਣਾਈ ਹੋਈ ਪਰਲੋ ਹੈ।
ਜੋ ਮਹਾਂਭਾਰਤ ਕਾਲ ਵਿੱਚ ਵੀ ਆਈ ਅਤੇ ਭਾਈ! ਕਦੇ ਨਾ ਆਵੇ ਇਹ ਮਾਲਕ ਅੱਗੇ ਦੁਆ ਹੈ, ਪਰ ਹਾਈਡ੍ਰੋਜਨ, ਪਰਮਾਣੂ, ਅਣੂ, ਐਟਮ ਇਹ ਜੋ ਬਣੇ ਹਨ ਇਨਸਾਨ ਦੇ ਖੇਡਣ ਲਈ ਨਹੀਂ ਹਨ, ਸਭ ਪਰਲੋ ਦਾ ਹੀ ਸਮਾਨ ਹੈ। ਤਾਂ ਇਹ ਸਭ ਕੁਝ ਇਨਸਾਨ ਦਾ ਕੀਤਾ ਹੈ। ਕਿੱਧਰ ਜਾ ਰਿਹਾ ਹੈ ਇਨਸਾਨ। ਇਨਸਾਨ ਵਿੱਚ ਭੇਦ-ਭਾਵ, ਇਨਸਾਨ ਨੂੰ ਕਿੰਨਾ ਰਸਤਾਲ ਵਿੱਚ ਲਿਜਾ ਰਿਹਾ ਹੈ ਇਹ ਇਸ ਦੀ ਨਿਸ਼ਾਨੀ ਹੈ। ਇਹ ਭੇਦਭਾਵ ਸੱਚੇ ਮੁਰਸ਼ਿਦੇ-ਕਾਮਿਲ ਨੇ ਮਿਟਾਇਆ। ਅਸੀਂ ਸਭ ਇਨਸਾਨ ਹਾਂ, ਇੱਕ ਹੀ ਮਾਲਕ ਦੀ ਔਲਾਦ ਹਾਂ, ਸਾਡੇ ਸਭ ਦੇ ਅੰਦਰ ਉਹ ਹੀ ਮਾਲਕ ਹੈ, ਉਹ ਦੋ ਨਹੀਂ ਹਨ। ਕਿਸੇ ਵੀ ਧਰਮ ਨੂੰ ਪੜ੍ਹ ਲਓ, ਹਰ ਧਰਮ ਵਿੱਚ ਲਿਖਿਆ ਹੈ, ਉਹ ਇੱਕ ਹੈ।
ਤਾਂ ਇਹ ਸੱਚੀ ਸਿੱਖਿਆ ਸਾਡੇ ਧਰਮਾਂ ਵਿੱਚ ਲਿਖੀ, ਸੱਚੇ ਮੁਰਸ਼ਿਦੇ-ਕਾਮਿਲ ਨੇ ਸਾਨੂੰ ਸਮਝਾਇਆ ਅਤੇ ਤੁਰਨਾ ਸਿਖਾਇਆ, ਜਿਸ ਦਾ ਨਜ਼ਾਰਾ ਤੁਸੀਂ ਇੱਥੇ ਵੇਖ ਰਹੇ ਹੋ। ਸਾਰੇ ਇੱਕ ਜਗ੍ਹਾ ਇਕੱਠੇ ਬੈਠੇ ਹੋਏ ਹਨ, ਕੋਈ ਭੇਦ-ਭਾਵ ਨਹੀਂ। ਤਾਂ ਉਸ ਮੁਰਸ਼ਿਦੇ-ਕਾਮਿਲ ਦਾ ਧੰਨਵਾਦ ਵੀ ਕਰਾਂਗੇ, ਸ਼ੁਕਰਾਨਾ ਜਿੰਨਾ ਹੋ ਸਕਿਆ ‘ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੂ ਵੇ ਲਾਲੋ’, ਜਿਹੜਾ ਮੁਰਸ਼ਿਦੇ-ਕਾਮਿਲ ਕਰਵਾਉਣਗੇ ਉਹੋ ਜਿਹਾ ਤੁਹਾਡੀ ਸੇਵਾ ਵਿੱਚ ਅਰਜ਼ ਕਰਾਂਗੇ ਤਾਂ ਭਜਨ ਹੈ-
ਦੋਨੋਂ ਜਹਾਂ ਛਾਇਆ ਦੇਖੋ ਨੂਰੇ ਜਲਾਲ ਪਿਆਰਾ,
ਆਜ ਕੇ ਦਿਨ ਆਇਆ ਹਮਰਾ ਸਤਿਗੁਰੂ ਸੋਹਣਾ ਪਿਆਰਾ,
ਸਤਿਗੁਰੂ ਸੋਹਣਾ ਪਿਆਰਾ
ਭਜਨ ਦੇ ਸ਼ੁਰੂ ਵਿੱਚ ਆਇਆ-
‘ਧੰਨ ਜਮੀਂ-ਆਸਮਾਨ ਦਾਤਾ ਜੀ ਪਧਾਰੇ,
ਖੁਸ਼ਿਓਂ ਕੇ ਗੀਤ ਗਾਏ ਦੋ ਜਹਾਨ ਮੇਂ ਸਾਰੇ।
ਧੰਨ ਮਾਤਾ-ਪਿਤਾ ਜੀ ਪਿਆਰੇ,
ਜਿਨਕੇ ਜੀ ਆਜ ਹੈਂ ਦਿਆਲ ਪਧਾਰੇ।।
ਨੂਰ ਨੂਰਾਨੀ ਦਾਤਾ ਕਾ, ਦੋ ਜਹਾਂ ਸੇ ਨਿਆਰਾ-ਨਿਆਰਾ’
ਜਿੱਥੇ ਮਾਲਕ ਸਵਰੂਪ, ਸੰਤ ਅਵਤਾਰ ਲੈਂਦੇ ਹਨ ਉਹ ਜਗ੍ਹਾ, ਉਹ ਸਥਾਨ ਅਸਲ ਵਿੱਚ ਖੁਸ਼ਨੁਮਾ ਹੋ ਜਾਂਦਾ ਹੈ। ਉਹ ਰੂਹਾਂ ਜੋ ਵਿਆਕੁਲ ਹੋ ਜਾਂਦੀਆਂ ਹਨ, ਪਰੇਸ਼ਾਨ ਹੁੰਦੀਆਂ ਹਨ ਉਨ੍ਹਾਂ ਨੂੰ ਇੱਕ ਅਜਿਹਾ ਸਕੂਨ ਮਿਲਦਾ ਹੈ, ਅਜਿਹਾ ਚੈਨ ਮਿਲਦਾ ਹੈ, ਜਿਸ ਦਾ ਵਰਣਨ ਲਿਖ-ਬੋਲ ਕੇ ਨਹੀਂ, ਬਲਕਿ ਮਹਿਸੂਸ ਕੀਤਾ ਜਾ ਸਕਦਾ ਹੈ, ਅਹਿਸਾਸ ਹੋ ਸਕਦਾ ਹੈ, ਅਨੁਭਵ ਹੋ ਸਕਦਾ ਹੈ। ਤਾਂ ਭਾਈ! ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਜੀ ਮਹਾਰਾਜ ਦੀ ਪਰਮ ਪੂਜਨੀਕ ਮਾਤਾ ਆਸ ਕੌਰ ਜੀ, ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਜਿਨ੍ਹਾਂ ਦੇ ਘਰ ਜਨਮ ਲਿਆ ਉਹ ਬਹੁਤ ਵੱਡਾ ਘਰਾਣਾ, ਜ਼ੈਲਦਾਰ ਸਨ, ਕੋਈ ਕਮੀ ਨਹੀਂ ਸੀ, ਕਮੀ ਸੀ ਤਾਂ ਔਲਾਦ ਦੀ। ਪਰਮ ਪੂਜਨੀਕ ਮਾਤਾ ਜੀ ਬਹੁਤ ਹੀ ਦਿਆਲੂ ਸੁਭਾਅ ਦੇ ਸਨ ਅਤੇ ਦਇਆ ਕਰਨਾ, ਭਲਾ ਕਰਨਾ, ਜਿਨ੍ਹਾਂ ਨੇ ਆਪਣਾ ਟੀਚਾ ਬਣਾ ਰੱਖਿਆ ਸੀ, ਪਰ ਅੰਦਰ ਕਿਤੇ ਇਹ ਵੀ ਖ਼ਿਆਲ ਕਿ ਔਲਾਦ ਨਹੀਂ ਹੈ।
ਇੱਕ ਦਿਨ ਕੋਈ ਫ਼ਕੀਰ ਆਇਆ ਅਤੇ ਕਹਿਣ ਲੱਗਿਆ ਕਿ ਮਾਤਾ! ਪਰੇਸ਼ਾਨ ਹੈਂ। ਮਾਤਾ ਜੀ ਕਹਿਣ ਲੱਗੇ, ਤੁਸੀਂ ਖਾਣਾ ਖਾ ਲਓ। ਫ਼ਕੀਰ ਨੇ ਖਾਣਾ ਖਾਧਾ। ਫ਼ਕੀਰ ਕਹਿਣ ਲੱਗਿਆ, ਨਹੀਂ ਮਾਤਾ, ਕੋਈ ਗੱਲ ਹੈ, ਤੁਸੀਂ ਦੱਸੋ। ਤਾਂ ਮਾਤਾ ਜੀ ਨੇ ਦੱਸਿਆ ਕਿ ਔਲਾਦ ਨਹੀਂ ਹੈ। ਉਸ ਫ਼ਕੀਰ ਨੇ ਕਿਹਾ, ਮਾਤਾ! ਔਲਾਦ ਤਾਂ ਤੁਹਾਡੇ ਹੋ ਜਾਵੇਗੀ, ਪਰ ਇੱਕ ਸ਼ਰਤ ਹੈ। ਮਾਤਾ ਜੀ ਕਹਿਣ ਲੱਗੇ, ‘ਬੋਲੋ’ ਫ਼ਕੀਰ ਨੇ ਕਿਹਾ, ‘ਉਹ ਹਮੇਸ਼ਾ ਤੁਹਾਡੇ ਕੋਲ ਨਹੀਂ ਰਹੇਗੀ। ਜਿੰਨੀ ਦੇਰ ਤੁਹਾਡੇ ਕੋਲ ਰਹਿਣਾ ਹੈ, ਰਹਿਣ ਤੋਂ ਬਾਅਦ ਆਪਣੇ ਕੰਮ ਲਈ ਜਾਵੇਗੀ, ਜਿਸ ਕੰਮ ਲਈ ਆਵੇਗੀ। ਤਾਂ ਮਾਤਾ ਜੀ ਕਹਿਣ ਲੱਗੇ, ਜੀ! ਕੋਈ ਗੱਲ ਨਹੀਂ। ਸਤਿਬਚਨ। ਤਾਂ ਫ਼ਕੀਰ ਕਹਿਣ ਲੱਗਿਆ ਕਿ ਤੁਹਾਡੇ ਘਰ ਮਹਾਂਪੁਰਸ਼ ਜਨਮ ਲੈਣਗੇ, ਪੂਰੇ ਪ੍ਰੇਮ ਨਾਲ ਸੰਭਾਲ ਕਰਨੀ ਅਤੇ 17-18 ਸਾਲ ਤੋਂ ਬਾਅਦ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ ਤਾਂ ਉਹ ਫ਼ਕੀਰ ਫਿਰ ਉੱਥੇ ਪਹੰੁਚਿਆ ਅਤੇ ਕਹਿਣ ਲੱਗਿਆ, ਹੇ ਮਾਤਾ! ਤੁਹਾਡੇ ਘਰ ਰੱਬੀ ਜੋਤ ਆਈ ਹੈ, ਇਸ ਨੂੰ ਪੂਰਾ ਸੰਭਾਲ ਕੇ ਰੱਖਣਾ, ਇਹ ਕੋਈ ਆਮ ਬੱਚਾ ਨਹੀਂ ਹੈ।
ਤੁਹਾਡੇ ਬਹੁਤ ਉੱਚੇ ਭਾਗ ਹਨ, ਚੰਗੇ ਸੰਸਕਾਰ ਹਨ ਜੋ ਮਾਲਕ ਸਵਰੂਪ ਸੰਤ-ਮਹਾਂਪੁਰਸ਼ ਤੁਹਾਡੇ ਘਰ ਪਧਾਰੇ ਹਨ। ਏਨਾ ਕਹਿੰਦੇ ਹੀ ਉਹ ਫ਼ਕੀਰ ਉੱਥੋਂ ਅਲੋਪ ਹੋ ਗਿਆ। ਤਾਂ ਭਾਈ! ਪਰਮ ਪੂਜਨੀਕ ਮਾਤਾ ਜੀ ਨੇ ਪੂਰਾ ਸਤਿਕਾਰ ਕੀਤਾ, ਸੰਭਾਲ ਕੀਤੀ, ਲਾਡ-ਪਿਆਰ ਕੀਤਾ ਕਿਉਂਕਿ ਪਰਮ ਪੂਜਨੀਕ ਪਿਤਾ ਸਰਦਾਰ ਵਰਿਆਮ ਸਿੰਘ ਜੀ ਆਪ ਜੀ ਦੀ ਛੋਟੀ ਉਮਰ ’ਚ ਹੀ ਸੱਚਖੰਡ ਜਾ ਬਿਰਾਜੇ ਸਨ ਤਾਂ ਪਰਮ ਪੂਜਨੀਕ ਮਾਤਾ ਜੀ ਨੇ ਸੰਭਾਲ ਕੀਤੀ।
ਜਿਸ ਜਗ੍ਹਾ ’ਤੇ ਸੰਤ ਮਹਾਤਮਾ ਆਪਣੇ ਮੁਬਾਰਕ ਚਰਨ ਟਿਕਾਉਂਦੇ ਹਨ, ਉਹ ਜਗ੍ਹਾ ਪਵਿੱਤਰ ਅਤੇ ਨਮਸਕਾਰ ਕਰਨ ਯੋਗ ਹੁੰਦੀ ਹੈ, ਪਰ ਸ੍ਰੀ ਜਲਾਲਆਣਾ ਸਾਹਿਬ ਦੀ ਧਰਤੀ ਤਾਂ ਸਾਡੇ ਲਈ ਮਹਾਂ ਪਵਿੱਤਰ, ਬਹੁਤ ਆਦਰਯੋਗ ਅਤੇ ਤੀਰਥ ਹੈ, ਇੱਥੇ ਸ਼ਰਧਾ ਨਾਲ ਸਿਰ ਆਪਣੇ ਆਪ ਹੀ ਝੁਕ ਜਾਂਦਾ ਹੈ। ਇੱਥੋਂ ਦੀ ਮਹਿਮਾਸ਼ਾਲੀ ਧਰਤੀ ਆਪਣੀ ਬੁੱਕਲ ਵਿੱਚ ਇੱਕ ਮਹੱਤਵਪੂਰਨ ਇਤਿਹਾਸ ਛੁਪਾਏ ਹੋਏ ਹੈ। ਕੁੱਲ ਮਾਲਕ, ਪ੍ਰਭੂ ਪਰਮਾਤਮਾ ਨੇ ਆਪ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦੇ ਸਰੂਪ ਵਿੱਚ ਅਵਤਾਰ ਧਾਰਨ ਕਰਕੇ ਆਪਣੇ ਆਪ ਨੂੰ ਪ੍ਰਗਟ ਕੀਤਾ। ਪੂਜਨੀਕ ਪਰਮ ਪਿਤਾ ਜੀ ਨੇ ਆਪਣਾ ਬਚਪਨ ਅਤੇ ਜਵਾਨੀ ਦਾ ਕੁਝ ਸਮਾਂ ਧਰਤੀ ’ਤੇ ਆਪਣੇ ਸਾਥੀਆਂ ਦੇ ਨਾਲ ਨੰਨ੍ਹੀਆਂ ਖੇਡਾਂ ਖੇਡਦੇ ਹੋਏ, ਇਸ ਨੂੰ ਆਪਣੇ ਪਵਿੱਤਰ ਚਰਨਾਂ ਨਾਲ ਛੁਆ ਕੇ ਪਵਿੱਤਰ ਕੀਤਾ। ਇਸ ਲਈ ਸ੍ਰੀ ਜਲਾਲਆਣਾ ਸਾਹਿਬ ਦਾ ਕਣ-ਕਣ, ਪਸ਼ੂ-ਪੰਛੀ ਅਤੇ ਹਰ ਜੀਵ-ਪ੍ਰਾਣੀ ਸਾਡੇ ਲਈ ਬਹੁਤ ਹੀ ਆਦਰਯੋਗ ਤੇ ਧੰਨ ਕਹਿਣ ਦੇ ਯੋਗ ਹਨ।
ਅੱਗੇ ਆਇਆ ਜੀ-
ਨੰਨ੍ਹੇ-ਨੰਨ੍ਹੇ ਚਰਨੋਂ ਸੇ ਜੀ ਧਰਤੀ ਕੋ ਜਿਨ ਛੂਆ,
ਜ਼ਰਾ ਵੋ ਆਫ਼ਤਾਬ ਉਸੀ ਪਲ ਹੂਆ।
ਦੇਖੇ ਜੋ ਏਕ ਟਕ ਦੇਖਤਾ ਹੀ ਜਾਏ,
ਉਨਕਾ ਕਿਆ ਕਹਿਣਾ, ਜਿਨ੍ਹੋਂਨੇ ਜੀ ਛੂਆ।
ਚਾਰੋਂ ਤਰਫ਼ ਛਾਇਆ ਰੱਬ ਕਾ ਨੂਰੇ ਜਲਾਲ ਜੀ ਭਾਰਾ।
ਇਸ ਵਿੱਚ ਕੋਈ ਸ਼ੱਕ ਨਹੀਂ, ਜਿਹੜੀ ਸਾਧ-ਸੰਗਤ ਨੇ ਅਜਿਹਾ ਵੇਖਿਆ ਹੈ, ਪਾਕ-ਪਵਿੱਤਰ ਜਨਮ ਸਥਾਨ ਸ੍ਰੀ ਜਲਾਲਆਣਾ ਸਾਹਿਬ ਵਿੱਚ ਸਾਧ-ਸੰਗਤ ਜਾਂਦੀ ਹੈ ਜੋ ਸਾਧ-ਸੰਗਤ ਉਸ ਪਾਕ-ਪਵਿੱਤਰ ਧਰਤੀ ਨੂੰ ਨਮਸਕਾਰ ਕਰਦੀ ਹੈ ਉਸ ਨੂੰ ਸਜਦਾ ਕਰਦੀ ਹੈ। ਉਸ ਧਰਤੀ ਵਿੱਚ ਅਤੇ ਹੋਰ ਧਰਤੀ ਵਿੱਚ ਕੀ ਫ਼ਰਕ ਹੈ ਕਿ ਉੱਥੇ ਸੱਚੇ ਮੁਰਸ਼ਿਦੇ-ਕਾਮਿਲ ਨੇ ਆਪਣੇ ਨੰਨ੍ਹੇ-ਨੰਨ੍ਹੇ ਚਰਨਾਂ ਨੂੰ ਸਭ ਤੋਂ ਪਹਿਲਾਂ ਛੂਹਿਆ ਹੈ ਤਾਂ ਉਹ ਆਫ਼ਤਾਬ ਹੋ ਗਏ। ਸਭ ਦੇ ਲਈ ਉਸ ਤੋਂ ਵੀ ਵੱਧ ਹੋ ਗਈ। ਅਜਿਹਾ ਤੀਰਥ ਸਥਾਨ ਹੋ ਗਈ, ਹਰ ਕਿਸੇ ਦੇ ਦਿਲ ਵਿੱਚ ਜਗ੍ਹਾ ਹੈ, ਕੋਈ ਬਾਹਰੀ ਪਖੰਡਵਾਦ ਨਹੀਂ ਹੈ। ਹਰੇਕ ਦੀ ਭਾਵਨਾ ਜੁੜੀ ਹੋਈ ਹੈ ਕਿ ਇੱਥੇ ਸਾਡੇ ਮੁਰਸ਼ਿਦੇ-ਕਾਮਿਲ, ਸਤਿਗੁਰੂ ਨੇ ਜਨਮ ਲਿਆ ਹੈ।
‘ਦੇਖੇ ਜੋ ਏਕ ਟਕ ਦੇਖਤਾ ਹੀ ਜਾਏ,
ਉਨਕਾ ਕਿਆ ਕਹਿਣਾ, ਜਿਨ੍ਹੋਂਨੇ ਜੀ ਛੂਆ।’
ਇਸ ਬਾਰੇ ਬਜ਼ੁਰਗਵਾਰ ਬਹੁਤ ਸਾਰੀਆਂ ਗੱਲਾਂ ਦੱਸਿਆ ਕਰਦੇ ਕਿ ਬਚਪਨ ਵਿੱਚ ਹੀ ਮੁਰਸ਼ਿਦੇ-ਕਾਮਿਲ ਜਦੋਂ ਪੰਘੂੜੇ ਵਿੱਚ ਲੇਟੇ ਹੋਏ ਸਨ ਤਾਂ ਝਿਓਰ ਜੋ ਘਰਾਂ ਵਿੱਚ ਪਾਣੀ ਭਰਦਾ ਸੀ, ਉੱਥੇ ਆਇਆ ਅਤੇ ਮੁਰਸ਼ਿਦੇ-ਕਾਮਿਲ ਨੂੰ ਵੇਖਣ ਲੱਗਿਆ, ਇੱਕ ਟਕ। ਲਗਾਤਾਰ ਵੇਖਦਾ ਹੀ ਰਿਹਾ। ਤਾਂ ਪਰਮ ਪੂਜਨੀਕ ਮਾਤਾ ਆਸ ਕੌਰ ਜੀ ਨੇ ਕਿਹਾ-‘ਕਿਉਂ ਭਾਈ! ਕੀ ਵੇਖ ਰਿਹਾ ਹੈਂ? ਤੂੰ ਆਪਣਾ ਕੰਮ ਕਰ।’ ਮਾਤਾ ਜੀ ਨੂੰ ਲੱਗਿਆ ਕਿ ਇਹ ਲਗਾਤਾਰ ਕਿਉਂ ਵੇਖ ਰਿਹਾ ਹੈ ਕਿਤੇ ਇਸ ਦੀ ਭਾਵਨਾ ਵਿੱਚ ਕੋਈ ਬੁਰਾ ਖ਼ਿਆਲ ਨਾ ਹੋਵੇ, ਕੋਈ ਹੋਰ ਵਿਚਾਰ ਨਾ ਹੋਵੇ। ਪੂਜਨੀਕ ਮਾਤਾ ਜੀ ਦੇ ਇੰਜ ਕਹਿਣ ’ਤੇ ਉਹ ਝਿਓਰ ਕਹਿਣ ਲੱਗਿਆ, ਮਾਤਾ! ਮੇਰੇ ਅੰਦਰ ਕੋਈ ਅਜਿਹੀ ਬੁਰੀ ਭਾਵਨਾ ਜਾਂ ਬੁਰੀ ਨਜ਼ਰ ਦੇ ਖ਼ਿਆਲ ਨਹੀਂ ਹਨ, ਇਨ੍ਹਾਂ ਵਿੱਚ ਮੈਨੂੰ ਮਹਾਂਪੁਰਸ਼ਾਂ ਦੇ ਦਰਸ਼ਨ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਮੈਨੂੰ ਮੇਰਾ ਭਗਵਾਨ ਨਜ਼ਰ ਆਂਦਾ ਹੈ। ਇਸ ਲਈ ਮੈਂ ਇਕਟਕ ਵੇਖ ਰਿਹਾ ਹਾਂ ਹੋਰ ਮੇਰਾ ਕੋਈ ਮਤਲਬ ਨਹੀਂ ਹੈ।
ਇੰਜ ਹੀ ਇੱਕ ਵਾਰ ਇੱਕ ਸਾਧੂ-ਫ਼ਕੀਰ ਆਇਆ ਅਤੇ ਉਹ ਵੀ ਪੰਘੂੜੇ ਵੱਲ ਵੇਖਣ ਲੱਗਿਆ, ਵੇਖਿਆ ਤਾਂ ਇੱਕ-ਟਕ ਵੇਖਦਾ ਹੀ ਗਿਆ। ਪੂਜਨੀਕ ਮਾਤਾ ਜੀ ਨੇ ਵੇਖਿਆ ਕਿ ਇਹ ਸਾਧੂ ਲਗਾਤਾਰ ਕਿਉਂ ਵੇਖੀ ਜਾ ਰਿਹਾ ਹੈ। ਅਤੇ ਸਾਡੇ ਇਹ ਰੀਤ ਹੈ ਲੋਕਾਂ ਵਿੱਚ, ਆਮ ਸਮਾਜ ਵਿੱਚ ਕਿ ਕਾਲਾ ਟਿੱਕਾ ਲਗਾਉਂਦੇ ਸੀ ਤਾਂ ਕਿ ਨਜ਼ਰ ਨਾ ਲੱਗੇ। ਤਾਂ ਮਾਤਾ ਜੀ ਨੇ ਇੰਜ ਹੀ ਕੀਤਾ। ਕੋਮਲ ਚਿਹਰੇ ’ਤੇ ਕਿਤੇ ਕਾਲਾ ਟਿੱਕਾ ਲਾਇਆ ਤਾਂ ਉਹ ਸਾਧੂ ਹੱਸਣ ਲੱਗਿਆ, ਕਹਿਣ ਲੱਗਿਆ, ਹੇ ਮਾਤਾ! ਮੈਂ ਕੋਈ ਬੁਰੀ ਨਜ਼ਰ ਨਾਲ ਨਹੀਂ ਵੇਖ ਰਿਹਾ, ਤੁਹਾਡੇ ਇਸ ਲੜਕੇ ਦੇ ਪੈਰ ਵਿੱਚ ਪੂਰਾ ਪਦਮ ਚਿੰਨ੍ਹ ਹੈ ਅਤੇ ਮੈਨੂੰ ਮੇਰਾ ਸਤਿਗੁਰੂ-ਮਾਲਕ ਇਨ੍ਹਾਂ ਦੇ ਅੰਦਰ ਨਜ਼ਰ ਆ ਰਿਹਾ ਹੈ, ਮੈਂ ਤਾਂ ਦਰਸ਼ਨ ਕਰ ਰਿਹਾ ਹਾਂ। ਤਾਂ ਭਾਈ! ਜਿਨ੍ਹਾਂ ਨੇ ਦਰਸ਼ਨ ਕੀਤੇ, ਇੱਕ-ਟਕ ਵੇਖਦੇ ਰਹੇ। ‘ਚਾਰੋਂ ਤਰਫ਼ ਛਾਇਆ ਰੱਬ ਕਾ ਨੂਰੇ ਜਲਾਲ ਜੀ ਥਾ’ ਅਤੇ ਚਾਰੇ ਪਾਸੇ ਖੁਸ਼ੀਆਂ ਦੇ ਫੁਹਾਰੇ ਫੁੱਟਣ ਲੱਗੇ। ਕਿਉਂਕਿ ਜਦੋਂ ਔਲਾਦ ਨਹੀਂ ਹੁੰਦੀ, ਉੱਥੇ ਔਲਾਦ ਹੋਵੇ ਤਾਂ ਖੁਸ਼ੀਆਂ ਦਾ ਕੀ ਕਹਿਣਾ, ਪਰ ਜਿਸ ਦੇ ਘਰ ਕੁੱਲ ਮਾਲਕ ਆ ਜਾਏ ਤਾਂ ਉਸ ਘਰ ਵਿੱਚ ਤਾਂ ਫਿਰ ਕਹਿਣਾ ਹੀ ਕੀ, ਮਾਤਾ-ਪਿਤਾ ਦੀ ਖੁਸ਼ੀ ਦਾ ਟਿਕਾਣਾ ਹੀ ਕੀ, ਉਸ ਦਾ ਕਿਵੇਂ ਵਰਣਨ ਕੀਤਾ ਜਾਵੇ। ਇਸ ਬਾਰੇ ਲਿਖਿਆ ਦੱਸਿਆ ਹੈ:-
ਮੌਲਵੀ ਰੂਮ ਸਾਹਿਬ ਜੀ ਫ਼ਰਮਾਉਂਦੇ ਹਨ ਕਿ ਪੀਰ ਦੇ ਅੰਦਰ ਪ੍ਰਭੂ ਦਾ ਨੂਰ ਵਿਖਾਈ ਦਿੰਦਾ ਹੈ, ਅਸੀਂ ਉਸ ਦੀ ਜਾਹਰੀ ਇਨਸਾਨੀ ਸ਼ਕਲ ਨੂੰ ਵੇਖਦੇ ਹਾਂ। ਇਸ ਲਈ ਅਸੀਂ ਇਹ ਨਹੀਂ ਜਾਣ ਸਕਦੇ ਕਿ ਉਹ ਅੰਦਰੋਂ ਪ੍ਰਭੂ ਹੁੰਦਾ ਹੈ, ਵੇਖਣ ਵਿੱਚ ਉਹ ਇਨਸਾਨੀ ਸੂਰਤ ਰੱਖਦਾ ਹੈ, ਪਰ ਉਹ ਪ੍ਰਭੂ ਆਪ ਹੁੰਦਾ ਹੈ।
‘ਰੂਹਾਂ ਨੇ ਤੜਫ਼ ਕੇ ਦਾਤਾਰ ਕੋ ਬੁਲਾਇਆ,
ਆਓ ਜੀ ਦਾਤਾ, ਹਮੇਂ ਕਾਲ ਨੇ ਸਤਾਇਆ।
ਸੁਣ ਕੇ ਪੁਕਾਰ ਜੀ ਸ਼ਤਾਬੀ ਚਲਾ ਆਇਆ,
ਸਾਥ ਮੇਂ ਨਾਮ ਕੀ ਚਾਬੀ ਜੀ ਲਾਇਆ।
ਕਰਨੇ ਆਏ ਦਾਤਾ ਰੂਹਾਂ ਕਾ ਭਵ ਸੇ ਪਾਰ ਉਤਾਰਾ।।’
ਰੂਹਾਂ ਜਦੋਂ ਮਾਲਕ ਦੀ ਯਾਦ ਵਿੱਚ ਤੜਫ਼ਦੀਆਂ ਹਨ, ਬੇਚੈਨ ਹੁੰਦੀਆਂ ਹਨ ਤਾਂ ਉਨ੍ਹਾਂ ਦੀ ਇੱਛਾ ਨੂੰ ਵੇਖਦੇ ਹੋਏ ਮਾਲਕ ਆਪਣਾ ਸਵਰੂਪ, ਸੰਤ-ਸਤਿਗੁਰੂ ਨੂੰ ਇਸ ਧਰਤੀ ’ਤੇ ਭੇਜਦੇ ਹਨ ਤਾਂ ਕਿ ਉਨ੍ਹਾਂ ਨੂੰ ਸਿੱਧਾ ਰਾਹ ਵਿਖਾਇਆ ਜਾਵੇ। ਜਦੋਂ ਰੂਹਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਂਦਾ, ਜਿੱਧਰ ਵੇਖੋ ਮਾਇਆ ਦਾ ਪਸਾਰਾ ਹੈ, ਬੋਲਬਾਲਾ ਹੈ, ਹਰ ਕੋਈ ਪੈਸਾ ਚਾਹੁੰਦਾ ਹੈ। ਅਸ਼ੀਰਵਾਦ ਚਾਹੀਦਾ ਹੈ ਤਾਂ ਪੈਸਾ, ਵੱਡਾ ਅਸ਼ੀਰਵਾਦ ਚਾਹੀਦਾ ਹੈ ਤਾਂ ਵੱਡੀ ਰਕਮ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਲੋਕ ਇਹ ਨਹੀਂ ਸਮਝਦੇ ਕਿ ਜੋ ਅਸ਼ੀਰਵਾਦ ਸਾਨੂੰ ਮਿਲ ਰਿਹਾ ਹੈ ਅਤੇ ਉਸ ਦਾ ਅਸੀਂ ਪੈਸਾ ਦੇ ਰਹੇ ਹਾਂ ਤਾਂ ਅਸ਼ੀਰਵਾਦ ਵੱਡਾ ਹੈ ਜਾਂ ਅਸੀਂ ਵੱਡੇ ਹਾਂ। ਜਦੋਂ ਅਸੀਂ ਪੈਸਾ ਦਿੱਤਾ ਉਦੋਂ ਅਸ਼ੀਰਵਾਦ ਮਿਲਿਆ। ਤਾਂ ਪੈਸਾ ਵੱਡਾ ਹੈ ਜਿਸ ਨੇ ਅਸ਼ੀਰਵਾਦ ਦੇਣ ਲਈ ਮਜ਼ਬੂਰ ਕਰ ਦਿੱਤਾ।
ਉਹ ਕੋਈ ਅਸ਼ੀਰਵਾਦ ਹੈ? ਉਹ ਤਾਂ ਇੱਕ ਬਿਜਨੈਸ, ਵਪਾਰ ਹੈ। ਅਸ਼ੀਰਵਾਦ ਦਾ ਮਤਲਬ ਹੁੰਦਾ ਹੈ ਪੀਰ-ਫ਼ਕੀਰ ਆਪਣਾ ਨਜ਼ਰੇ-ਕਰਮ ਕਰੇ, ਮਾਲਕ ਅੱਗੇ ਦੁਆ ਕਰੇ ਅਤੇ ਆਪਣੇ ਮੁਰੀਦਾਂ ਨੂੰ ਸੰਕੇਤ ਦੇਵੇ ਕਿ ਉਸ ਮਾਲਕ ਅੱਗੇ ਤੁਹਾਡੇ ਲਈ ਦੁਆ ਕਰ ਰਹੇ ਹਾਂ ਉਹ ਸੱਚਾ ਅਸ਼ੀਰਵਾਦ ਹੁੰਦਾ ਹੈ, ਜਿਸ ਦੇ ਬਦਲੇ ਉਹ ਕੁਝ ਨਹੀਂ ਲੈਂਦੇ। ਤਾਂ ਭਾਈ! ਇਹ ਸਭ ਗੱਲਾਂ ਮੁਰਸ਼ਿਦੇ-ਕਾਮਿਲ ਨੇ ਦੱਸੀਆਂ, ਨਹੀਂ ਤਾਂ ਉਸ ਤੋਂ ਪਹਿਲਾਂ ਰੂਹਾਂ ਪਖੰਡਵਾਦ, ਦੁਨੀਆਂ ਦੇ ਹੋਰ ਕਾਰੋਬਾਰ ਵਿੱਚ ਉਲਝ ਕੇ ਤੜਫ਼ ਰਹੀਆਂ ਸਨ।
ਤਾਂ ਜਿਵੇਂ ਹੀ ਰੂਹਾਂ ਤੜਫ਼ੀਆਂ, ਉਨ੍ਹਾਂ ਦੀ ਪੁਕਾਰ ਸੁਣ ਕੇ ਜਲਦੀ ਹੀ ਮਾਲਕ ਚੱਲ ਕੇ ਆਏ, ਉਨ੍ਹਾਂ ਨੂੰ ਸਮਝਾਇਆ ਕਿ ਭਾਈ! ਜਿਵੇਂ ਕੱਪੜਾ ਹੁੰਦਾ ਹੈ, ਉਸ ’ਤੇ ਮੈਲ ਲੱਗ ਜਾਂਦੀ ਹੈ ਅਤੇ ਉਸ ਨੂੰ ਧੋਣ ਲਈ ਸਾਬਣ, ਚੰਗਾ ਪਾਊੂਡਰ ਹੋਵੇ, ਮਲ-ਮਲ ਕੇ ਧੋਤਾ ਜਾਵੇ ਤਾਂ ਉਹ ਮੈਲ, ਧੱਬੇ ਉੱਤਰ ਜਾਂਦੇ ਹਨ। ਉਸੇ ਤਰ੍ਹਾਂ ਤੁਹਾਡੀ ਆਤਮਾ ’ਤੇ ਮਨ ਦੀ, ਬੁਰੇ ਵਿਚਾਰਾਂ ਦੀ ਮੈਲ ਲੱਗੀ ਹੋਈ ਹੈ ਅਤੇ ਉਸ ਨੂੰ ਧੋਣ ਲਈ ਕੋਈ ਜੇਕਰ ਸਾਬਣ ਹੈ, ਪਾਣੀ ਹੈ ਤਾਂ ਉਹ ਪਾਣੀ ਹੈ ਸਤਿਸੰਗ ਅਤੇ ਉਹ ਸਾਬਣ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦਾ ਨਾਮ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ, ਭਗਤੀ-ਇਬਾਦਤ ਕਰੋ, ਉਹ ਮਾਲਕ ਤੁਹਾਡੇ ਅੰਦਰ ਬੈਠਾ ਹੈ, ਦਇਆ-ਮਿਹਰ, ਰਹਿਮਤ ਦਾ ਦਾਤਾ, ਤੁਸੀਂ ਸਿਮਰਨ ਕਰੋਗੇ ਤਾਂ ਮਾਲਕ ਦਇਆ-ਮਿਹਰ ਕਰੇਗਾ ਅਤੇ ਤੁਹਾਡੀ ਆਤਮਾ ਪਾਕ-ਪਵਿੱਤਰ ਹੰੁਦੀ ਹੋਈ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਜ਼ਰੂਰ ਬਣ ਸਕੇਗੀ। ਏਨਾ ਸਿੱਧਾ ਰਾਹ ਵਿਖਾਇਆ।
ਕਿਤੇ ਵੀ ਕੋਈ ਢੌਂਗ ਕਰਨ ਦੀ ਜ਼ਰੂਰਤ ਨਹੀਂ, ਮਾਲਕ ਨੂੰ ਯਾਦ ਕਰੋ, ਘਰ ਵਿੱਚ ਰਹਿ ਕੇ ਕਰੋ, ਕੰਮ-ਧੰਦਾ ਕਰਦੇ ਹੋਏ ਕਰੋ। ਮਾਲਕ ਨੂੰ ਜ਼ੁਬਾਨ ਨਾਲ ਯਾਦ ਕਰੋ, ਖ਼ਿਆਲਾਂ ਨਾਲ ਕਰੋ ਉਸ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਸੌਖਾ ਤਰੀਕਾ, ਅਸਾਨ ਰਸਤਾ ਮੁਰਸ਼ਿਦੇ-ਕਾਮਿਲ ਨੇ ਦੱਸਿਆ। ਰੂਹਾਂ ਜਦੋਂ ਤੜਫ਼ਦੀਆਂ ਹਨ, ਉਨ੍ਹਾਂ ਨੂੰ ਭਵ ਤੋਂ ਪਾਰ ਕਰਨ ਲਈ ਮੁਰਸ਼ਿਦੇ-ਕਾਮਿਲ, ਸਤਿਗੁਰੂ ਚੱਲ ਕੇ ਆਉਂਦੇ ਹਨ। ਇਸ ਬਾਰੇ ਲਿਖਿਆ ਹੈ ਜੀ-
ਜਦੋਂ ਰੂਹਾਂ ਮਾਲਕ ਦੀ ਤਲਾਸ਼ ਵਿੱਚ ਵਿਆਕੁਲ ਹੁੰਦੀਆਂ ਹਨ ਅਤੇ ਆਪਣੇ ਨਿੱਜ-ਘਰ ਜਾਣ ਲਈ ਵਿਲਕਦੀਆਂ ਹਨ ਅਤੇ ਸਾਡੀਆਂ ਅੱਖਾਂ ਉਸ ਨੂੰ ਵੇਖਣ ਲਈ ਤਰਸਦੀਆਂ ਹਨ ਅਤੇ ਭੁੱਖੀਆਂ ਹੁੰਦੀਆਂ ਹਨ, ਉਨ੍ਹਾਂ ਦੀ ਤੀਵਰ ਇੱਛਾ ਪੂਰੀ ਕਰਨ ਲਈ ਸਤਿਗੁਰੂ ਅਵਤਾਰ ਧਾਰਨ ਕਰਦਾ ਹੈ, ਉਨ੍ਹਾਂ ਨੂੰ ਬੰਧਨਾਂ ਤੋਂ ਛੁਡਵਾਉਣ ਲਈ ਬੰਦੀ-ਛੋੜ ਬਣ ਕੇ ਆ ਜਾਂਦਾ ਹੈ ਅਤੇ ਅਜਿਹੀਆਂ ਰੂਹਾਂ ਨੂੰ ਉਨ੍ਹਾਂ ਦੇ ਅਧਿਕਾਰ ਦੇ ਅਨੁਸਾਰ ਉਪਦੇਸ਼ ਦੇ ਕੇ ਮਾਲਕ ਨਾਲ ਜੋੜ ਦਿੰਦਾ ਹੈ।
‘ਮਨ ਕਾ ਗੁਲਾਮ ਸਾਰਾ ਹੋ ਗਿਆ ਥਾ ਜਗ ਜੀ,
ਕਰ ਰਹੇ ਕਰਮ ਸਭ ਮਨ ਪੀਛੇ ਲਗ ਜੀ।
ਮਨ ਨੇ ਲਗਾਏ ਪੀਛੇ ਪਾਂਚ ਠਗ ਜੀ,
ਭਰਮਾਏ ਜਾਲ ਡਾਲ-ਡਾਲ ਕਰ ਅਲਗ ਜੀ।
ਇਨਸੇ ਬਚਨੇ ਕਾ ਢੰਗ ਬਤਾਨੇ ਆਇਆ ਸਤਿਗੁਰੂ ਪਿਆਰਾ।।’
ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸੀਏ ਕਿ ਮਨ ਅਤੇ ਮਾਈਂਡ ਇੱਕ ਨਹੀਂ ਹਨ। ਕਿਉਂਕਿ ਇੰਗਲਿਸ਼ ਵਿੱਚ ਲੋਕ ਮਨ ਨੂੰ ਹੀ ਮਾਈਂਡ ਜਾਂ ਮਾਈਂਡ ਨੂੰ ਹੀ ਮਨ ਕਹਿੰਦੇ ਹਨ, ਇਹ ਬਿਲਕੁਲ ਗਲਤ ਹੈ। ਕਿਉਂਕਿ ਸਾਰੇ ਧਰਮਾਂ ਨੂੰ ਪੜ੍ਹ ਕੇ ਵੇਖਿਆ, ਉਨ੍ਹਾਂ ਵਿੱਚ ਲਿਖਿਆ ਹੈ ਕਿ ਮਨ ਵਿੱਚ ਬੁਰੇ ਖ਼ਿਆਲ ਤੋਂ ਸਿਵਾਏ ਕੋਈ ਦੂਜਾ ਖ਼ਿਆਲ ਆਉਂਦਾ ਹੀ ਨਹੀਂ, ਉਹ ਬੁਰਾਈ ਦੀ ਜੜ੍ਹ ਹੈ ਜਦੋਂ ਕਿ ਦਿਮਾਗ ਵਿੱਚ ਤਾਂ ਚੰਗੇ ਖ਼ਿਆਲ ਵੀ ਕਦੇ-ਕਦੇ ਆ ਜਾਂਦੇ ਹਨ, ਫਿਰ ਇਸ ਨੂੰ ਮਨ ਕਿਵੇਂ ਕਹਿ ਸਕਦੇ ਹਾਂ? ਅਸਲ ਵਿੱਚ ਮਨ ਉਹ ਹੈ ਜੋ ਇਨਸਾਨੀ ਦਿਮਾਗ ਨੂੰ, ਬੁਰੇ ਵਿਚਾਰ, ਬੁਰੇ ਖ਼ਿਆਲ ਦਿੰਦਾ ਹੈ ਅਤੇ ਚੰਗੇ ਖ਼ਿਆਲ ਜੋ ਦਿੰਦਾ ਹੈ, ਉਸ ਨੂੰ ਹਿੰਦੂ ਅਤੇ ਸਿੱਖ ਧਰਮ ਵਿੱਚ ਆਤਮਾ ਦੀ ਅਵਾਜ਼ ਅਤੇ ਮੁਸਲਮਾਨ ਫ਼ਕੀਰ ਰੂਹ ਜਾਂ ਜ਼ਮੀਰ ਦੀ ਅਵਾਜ਼ ਕਹਿੰਦੇ ਹਨ। ਤਾਂ ਮਨ ਜ਼ਬਰਦਸਤ ਤਾਕਤ ਹੈ। ਹਵਾ ਦੀ ਗਤੀ ਬਹੁਤ ਹੈ, ਪ੍ਰਕਾਸ਼ ਦੀ ਗਤੀ ਵੀ ਬਹੁਤ ਹੈ, ਪਰ ਜਿੰਨੀ ਮਨ ਦੀ ਗਤੀ ਹੈ, ਓਨੀ ਗਤੀ ਕਿਸੇ ਹੋਰ ਦੀ ਨਹੀਂ ਹੋ ਸਕਦੀ। ਤੁਸੀਂ ਕਿਤੇ ਵੀ ਬੈਠੋ ਹੋ, ਸੈਕਿੰਡ ਦੇ ਵੀ ਬਹੁਤ ਘੱਟ ਹਿੱਸੇ ਵਿੱਚ ਤੁਹਾਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਲੈ ਜਾਵੇਗਾ ਅਤੇ ਅਗਲੇ ਹੀ ਪਲ ਜਿੱਥੇ ਬੈਠੇ ਹੋ, ਉੱਥੇ ਲੈ ਆਵੇਗਾ। ਯਕੀਨ ਮੰਨੋ, ਬਹੁਤ ਹੀ ਜ਼ਬਰਦਸਤ ਹੈ।
ਲੋਕ ਵੇਖਣ ਵਿੱਚ ਕੁਝ ਹੋਰ ਨਜ਼ਰ ਆਉਂਦੇ ਹਨ, ਅਜਿਹਾ ਭਿਆਨਕ ਕਲਿਯੁਗ ਹੈ, ਅਜਿਹਾ ਭਿਆਨਕ ਸਮਾਂ ਹੈ। ਕਿਤੇ ਤੁਸੀਂ ਸੋਚੋ, ਇਹ ਭਗਤ ਹੈ ਜੀ, ਇਸ ਦੀ ਗੱਲ ਤਾਂ ਪੱਥਰ ’ਤੇ ਲਕੀਰ ਹੈ ਜਾਂ ਲੋਹੇ ’ਤੇ ਲਕੀਰ ਹੈ। ਜੇਕਰ ਕੋਈ ਰੂਹਾਨੀਅਤ ਦੇ ਰਸਤੇ ਤੋਂ ਹਟ ਕੇ ਮਨ ਦੀ ਗੱਲ ਕਹਿੰਦਾ ਹੈ ਤਾਂ ਉਹ ਮਨ ਦਾ ਮੁਰੀਦ ਹੈ ਆਪਣੇ ਸਤਿਗੁਰੂ ਦਾ ਮੁਰੀਦ ਨਹੀਂ ਹੋ ਸਕਦਾ ਅਜਿਹੇ ਕੋਈ ਵੀ ਇਨਸਾਨ ਹਨ, ਉਨ੍ਹਾਂ ਤੋਂ ਬਚ ਕੇ ਰਹੋ। ਕਿਉਂਕਿ ਇਹ ਕਲਿਯੁਗ ਹੈ, ਇੱਥੇ ਰੂਹਾਨੀਅਤ ਦਾ ਪਹਿਰਾਵਾ ਪਹਿਨ ਕੇ ਲੋਕ ਪਲ ਵਿੱਚ ਦੂਜੇ ਨੂੰ ਛਲ ਸਕਦੇ ਹਨ। ਕਿਉਂਕਿ ਇੰਜ ਹੁੰਦਾ ਹੈ। ਕਿਉਂਕਿ ਜੇ ਮਸਤ ਹੋ ਗਏ ਕਿ ਅਸੀਂ ਤਾਂ ਜੀ ਸਤਿਗੁਰੂ ਦੀ ਭਗਤੀ ਕਰਦੇ ਹਾਂ, ਮਾਲਕ ਨੂੰ ਮੰਨਦੇ ਹਾਂ ਅਤੇ ਚਾਰ-ਪੰਜ ਗੱਲਾਂ ਮਾਲਕ ਦੀਆਂ ਸੁਣਾਉਂਦਾ ਹੈ ਅਤੇ ਬਦਲੇ ਵਿੱਚ ਨੋਟ ਲੈ ਕੇ ਤੁਰਦਾ ਬਣਦਾ ਹੈ, ਬਾਅਦ ਵਿੱਚ ਰੋਂਦੇ ਰਹਿੰਦੇ ਹਨ। ਤਾਂ ਹੀ ਸੱਚੇ ਮੁਰਸ਼ਿਦੇ-ਕਾਮਿਲ ਫ਼ਰਮਾਉਂਦੇ ਹਨ ‘ਰਹਿਣਾ ਮਸਤ ਤੇ ਹੋਣਾ ਹੁਸ਼ਿਆਰ ਚਾਹੀਦਾ’, ਮਸਤ ਰਹੋ ਮਾਲਕ ਦੀ ਯਾਦ ਵਿੱਚ, ਪਰ ਏਨੇ ਵੀ ਨਹੀਂ ਕਿ ਜੋ ਆਏ, ਮਾਲਕ-ਸਤਿਗੁਰੂ ਦੇ ਨਾਂਅ ’ਤੇ ਤੁਹਾਨੂੰ ਲੁੱਟ ਕੇ ਤੁਰਦਾ ਬਣੇ ਕਿ ਤੁਸੀਂ ਆਪਣੇ ਦਿਮਾਗ ਦਾ ਇਸਤੇਮਾਲ ਹੀ ਨਾ ਕਰੋ।
ਮਾਲਕ ਨੇ ਦਿਮਾਗ ਦਿੱਤਾ ਹੈ ਸੋਚਣ ਲਈ, ਇਸ ਨਾਲ ਸੋਚਿਆ ਕਰੋ, ਵਿਚਾਰ ਕਰਿਆ ਕਰੋ, ਫਿਰ ਸਾਹਮਣੇ ਵਾਲੇ ਦੀ ਗੱਲ ’ਤੇ ਵਿਸ਼ਵਾਸ ਕਰੋ। ਬੇਪਰਵਾਹ ਜੀ ਨੇ ਫ਼ਰਮਾਇਆ ‘ਨਾਮ ਧਿਆਨੇ ਵਾਲੇ ਹੰਕਾਰ ਮੇਂ ਨ ਆਨਾ, ਕਰੀ-ਕਰਾਈ ਭਗਤੀ ਮਾਟੀ ਮੇਂ ਨਾ ਮਿਲਾਨਾ।’ ਹੇ ਮਾਲਕ ਨੂੰ ਯਾਦ ਕਰਨ ਵਾਲੇ ਤੂੰ ਵੀ ਹੰਕਾਰ ਵਿੱਚ ਨਾ ਆ ਜਾਈਂ। ਕਿਉਂਕਿ ਜੇਕਰ ਹੰਕਾਰ ਵਿੱਚ ਆ ਗਿਆ ਤਾਂ ਕਰੀ-ਕਰਾਈ ਭਗਤੀ ਮਿੱਟੀ ਵਿੱਚ ਮਿਲ ਜਾਵੇਗੀ। ਤਾਂ ਇਹ ਮਨ ਦੀਆਂ ਚਾਲਾਂ ਹਨ, ਇਨਸਾਨ ਨੂੰ ਤਿਗੜੀ ਨਾਚ ਨਚਾ ਰੱਖਿਆ ਹੈ ਅਤੇ ਕਿਸੇ ਹੱਦ ਤੋਂ ਵੀ ਡੇਗ ਸਕਦਾ ਹੈ ਇਹ ਮਨ। ਇਸ ਲਈ ਮਨ ਤੋਂ ਬਚਣ ਲਈ ਮਨ ਨਾਲ ਲੜੋ, ਬੁਰਾ ਖ਼ਿਆਲ ਤੁਹਾਡੇ ਅੰਦਰ ਆਉਂਦਾ ਹੈ ਤਾਂ ਸਿਮਰਨ ਕਰੋ, ਭਾਵੇਂ ਪੰਜ ਮਿੰਟ ਹੀ ਕਰੋ, ਯਕੀਨ ਮੰਨੋ ਉਹ ਬੁਰਾ ਵਿਚਾਰ ਆਉਣਾ ਬੰਦ ਹੋਵੇਗਾ ਅਤੇ ਉਸ ਦੇ ਫਲ ਤੋਂ ਵੀ ਤੁਹਾਡੀ ਬੱਚਤ ਜ਼ਰੂਰ ਹੋ ਸਕਦੀ ਹੈ। ਇਸ ਤੋਂ ਸੌਖਾ ਤਰੀਕਾ ਹੋਰ ਕੀ ਹੋ ਸਕਦਾ ਹੈ ਜੋ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਦੱਸਿਆ। ਤਾਂ ਮਨ ਬਾਰੇ ਜੋ ਲਿਖਿਆ ਹੈ ਜੀ-
ਮਨ ਦਾ ਇਹ ਕੰਮ ਹੈ ਕਿ ਕਿਸੇ ਨੂੰ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾਣ ਦਿੰਦਾ। ਇਸ ਨੇ ਜੀਵਾਂ ਨੂੰ ਇੱਕ ਤਰ੍ਹਾਂ ਦਾ ਜਾਦੂ ਕਰਕੇ ਫਰੇਬ ਨਾਲ ਕਾਬੂ ਕੀਤਾ ਹੋਇਆ ਹੈ ਅਤੇ ਅਸੀਂ ਆਪਣੇ ਨਿੱਜ-ਘਰ ਨੂੰ ਭੁੱਲ ਬੈਠੇ ਹਾਂ ਅਤੇ ਦਰ-ਬ-ਦਰੀ ਸਾਡੇ ਭਾਗਾਂ ਵਿੱਚ ਲਿਖੀ ਗਈ। ਨਾਮ ਦੇ ਜਪਣ ਨਾਲ ਸਾਰੇ ਸੰਸਾਰਿਕ ਬੰਧਨ ਅਤੇ ਬਾਹਰ ਵਾਲੀਆਂ ਖਿੱਚਾਂ ਹਟ ਜਾਂਦੀਆਂ ਹਨ। ਮਨ ਨੀਚ ਗਤੀਆਂ ਨੂੰ ਛੱਡ ਦਿੰਦਾ ਹੈ ਅਤੇ ਇਨਸਾਨ ਕਾਮ, ਕਰੋਧ, ਲੋਭ, ਮੋਹ, ਹੰਕਾਰ ਰੂਪੀ ਪੰਜ ਵੈਰੀਆਂ ਨੂੰ ਜਿੱਤ ਲੈਂਦਾ ਹੈ। ਜਦੋਂ ਸੁਰਤ ਇਨ੍ਹਾਂ ਤੋਂ ਅਜ਼ਾਦ ਹੋ ਜਾਂਦੀ ਹੈ ਤਾਂ ਉਹ ਆਤਮਿਕ ਮੰਡਲਾਂ ਵੱਲ ਉਡਾਰੀ ਮਾਰਦੀ ਹੈ ਅਤੇ ਆਪਣੇ ਨਿੱਜ ਘਰ ਪਹੁੰਚ ਕੇ ਸਦਾ ਸੁੱਖ ਪਾਉਂਦੀ ਹੈ।
ਪੜੇ ਪੀਛੇ ਪਾਂਚ ਠਗ ਜੀ, ਭਰਮਾਏ ਜਾਲ ਡਾਲ-ਡਾਲ ਕੇ ਅਲਗ ਜੀ।
ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਅਜਿਹੇ ਵੈਰੀ ਹਨ ਜੋ ਦੋਸਤ ਬਣ ਕੇ ਧੋਖਾ ਦਿੰਦੇ ਹਨ। ਇਹ ਮਨ ਇੰਦਰੀਆਂ ਨੂੰ ਫੈਲਾਓ ਵਿੱਚ ਰੱਖਦੇ ਹਨ, ਉਨ੍ਹਾਂ ਵਿੱਚ ਜੋਸ਼ ਭਰਦੇ ਹਨ ਅਤੇ ਇਨਸਾਨ ਬੁਰੇ ਕਰਮਾਂ ਵੱਲ ਪ੍ਰੇਰਿਤ ਹੋ ਜਾਂਦਾ ਹੈ। ਇਨ੍ਹਾਂ ਤੋਂ ਬਚਣ ਦਾ ਢੰਗ ਵੀ ਉਹ ਹੀ ਹੈ ਜੋ ਮਨ ਤੋਂ ਬਚ ਕੇ ਨਿਕਲਦਾ ਹੈ। ਇਹ ਮੁਰਸ਼ਿਦੇ-ਕਾਮਿਲ ਨੇ ਦੱਸਿਆ-‘ਇਨਸੇ ਬਚਨੇ ਕਾ ਢੰਗ ਬਤਾਨੇ ਆਇਆ ਸਤਿਗੁਰੂ ਪਿਆਰਾ।’ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਕਾਬੂ ਕਰ ਸਕਦੇ ਹੋ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦੀ ਭਗਤੀ-ਇਬਾਦਤ ਨਾਲ, ਉਸ ਦੀ ਬੰਦਗੀ ਨਾਲ, ਸਿਮਰਨ ਨਾਲ ਤਾਂ ਤੁਹਾਡੇ ਵਿਚਾਰ ਤੁਹਾਡੇ ਕਾਬੂ ’ਚ ਆਉਣਗੇ ਅਤੇ ਤੁਹਾਡੇ ਵਿਚਾਰ ਤੁਹਾਡੇ ਕਾਬੂ ਹੋਣ ਤਾਂ ਤੁਹਾਡੇ ਨਾਲੋਂ ਸੁਖੀ ਹੋਰ ਕੋਈ ਹੋ ਹੀ ਨਹੀਂ ਸਕਦਾ। ਵਿਚਾਰ ਹੀ ਤਾਂ ਹਨ ਜੋ ਦੁਖੀ ਕਰਦੇ ਹਨ, ਬੈਠਣ ਨਹੀਂ ਦਿੰਦੇ ਚੈਨ ਨਾਲ।
ਕੋਲ ਲੱਖਾਂ ਰੁਪਇਆ ਹੈ, ਬਹੁਤ ਖੁਸ਼ੀ ਹੈ ਕਿ ਮੈਂ ਏਨਾ ਅਮੀਰ ਹਾਂ, ਧਨ-ਦੌਲਤ ਹੈ, ਪਰ ਗੁਆਂਢੀ ਦੇ ਕੋਲ ਜੇਕਰ ਕਰੋੜ ਹੈ ਤਾਂ ਲੱਖਾਂ ਦੀਆਂ ਖੁਸ਼ੀਆਂ ਗਾਇਬ, ਉਨ੍ਹਾਂ ਕਰੋੜਾਂ ਦਾ ਦੁੱਖ ਦੁੱਗਣਾ ਆਉਂਦਾ ਹੈ। ਇਸ ਕੋਲ ਕਿਉਂ ਹੋ ਗਿਆ? ਫਿਰ ਅਰਦਾਸ ਕਰਦਾ ਹੈ ਕਿ ਹੇ ਭਗਵਾਨ! ਮੈਂ ਭੁੱਖਾ ਸੌਂ ਲਵਾਂਗਾ, ਗੁਆਂਢੀ ਦੇ ਅੱਗ ਲਾ ਦੇਈਂ, ਮੇਰੀ ਤਾਂ ਕੋਈ ਗੱਲ ਨਹੀਂ। ਭਾਈ, ਮੰਗਣਾ ਹੀ ਹੈ ਤਾਂ ਕੁਝ ਚੰਗਾ ਹੀ ਮੰਗ ਲੈ ਕਿ ਭਗਵਾਨ ਸਭ ਦਾ ਭਲਾ ਕਰ। ਤੇਰੇ ਹਿੱਸੇ ਵਿੱਚੋਂ ਤਾਂ ਕੱਟ ਕੇ ਦੇਵੇਗਾ ਨਹੀਂ। ਪਰ ਨਹੀਂ, ਜੋ ਈਰਖਾ, ਨਫ਼ਰਤ ਵਿੱਚ ਫਸ ਜਾਂਦੇ ਹਨ ਉਹ ਇੰਜ ਹੀ ਕਰਦੇ ਹਨ ਅਤੇ ਮਨ ਜ਼ਾਲਮ ਪਿੱਛਾ ਨਹੀਂ ਛੱਡਦਾ। ਤੁਸੀਂ ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਸਿਰਫ਼ ਗੱਲਾਂ ਹੀ ਕਰਦੇ ਹੋ ਤਾਂ ਮਨ ਕਦੇ ਵੀ ਦਗਾ ਦੇ ਸਕਦਾ ਹੈ। ਜਦੋਂ ਤੱਕ ਸਿਮਰਨ, ਭਗਤੀ-ਇਬਾਦਤ ਨਹੀਂ ਕਰੋਗੇ, ਇਹ ਜਾਂਦਾ ਨਹੀਂ। ਇਹ ਜ਼ਾਲਮ ਅੰਦਰ ਹੀ ਅੰਦਰ ਕਚੋਟਦਾ ਰਹਿੰਦਾ ਹੈ। ਇਸ ਤੋਂ ਬਚਣਾ ਹੈ ਤਾਂ ਸਿਮਰਨ ਕਰੋ, ਭਲੇ-ਨੇਕ ਕਰਮ ਕਰੋ ਤਾਂ ਹੀ ਇਹ ਤੁਹਾਡਾ ਪਿੱਛਾ ਛੱਡੇਗਾ, ਨਹੀਂ ਤਾਂ ਇਸ ਮਨ ਦਾ ਪਤਾ ਨਹੀਂ ਕਦੋਂ ਦਾਅ ਚਲਾ ਦੇਵੇ, ਕਿਸੇ ਦੀ ਗੱਲ ’ਤੇ ਵਿਸ਼ਵਾਸ ਨਾ ਕਰੋ, ਮਨਮਤੇ ਲੋਕਾਂ ਦੀ ਸੋਹਬਤ ਵਿੱਚ ਨਾ ਬੈਠੋ ਅਤੇ ਮਾਲਕ ਦੀ ਯਾਦ ਵਿੱਚ ਸਮਾਂ ਲਾਓ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਨਾਲ ਤੁਸੀਂ ਇਸ ਤੋਂ ਬਚ ਸਕਦੇ ਹੋ, ਬੁਰਾਈਆਂ ਤੋਂ ਪਿੱਛਾ ਛੁੱਟ ਸਕਦਾ ਹੈ।
ਅੱਗੇ ਭਜਨ ਵਿੱਚ ਆਇਆ-
ਨਸ਼ੇ ਕੀ ਰੋਗੀ ਹੂਈ ਕੰਚਨ ਸੀ ਕਾਇਆ,
ਨਸ਼ੋਂ ਸੇ ਘਰ ਕੋ ਜੀ ਨਰਕ ਥਾ ਬਨਾਇਆ।
ਮਾਂਸ ਲਗੇ ਖਾਨੇ, ਅੱਛਾ ਖਾਨਾ ਨਾ ਭਾਇਆ,
ਦਇਆ-ਰਹਿਮ ਕਾ ਹੋਨੇ ਲਗਾ ਜੀ ਸਫਾਇਆ।
ਸਭ ਬੁਰਾਈਆਂ ਛੂਟ ਗਈ ਜਬ ਦੀਆ ਸੰਦੇਸ਼ ਪਿਆਰਾ।।
ਨਸ਼ੇ, ਲੋਕਾਂ ਨੂੰ ਮਸਤ ਕਰਦੇ ਹਨ, ਪਰ ਖੁਸ਼ੀ ਲਈ ਨਹੀਂ ਬਲਕਿ ਆਉਣ ਵਾਲੇ ਸਮੇਂ ਵਿੱਚ ਸਰੀਰਕ ਦੁੱਖ ਦੇਣ ਲਈ। ਪਹਿਲਾਂ ਮਸਤੀ ਲਗਦੀ ਹੈ। ਨਸ਼ਾ ਪੀ ਕੇ ਸਾਰੀ ਦੁਨੀਆਂ ਭੁੱਲ ਜਾਓ, ਭੰਗ ਦਾ ਰਗੜਾ ਲਾਓ, ਮਾਲਕ ਪਾਓ, ਅਜਿਹੇ ਨਾਅਰੇ ਸੁਣਨ ਨੂੰ ਮਿਲਦੇ ਹਨ। ਪਰ ਸੱਚੀ ਗੱਲ ਇਹ ਹੈ, ‘ਭੰਗ ਨੂੰ ਰਗੜਾ ਲਾਓ ਤਾਂ ਸਰੀਰ ਨੂੰ ਮਾਰ ਮੁਕਾਓ’ ਕੋਈ ਵੀ ਨਸ਼ਾ ਹੈ, ਬਰਬਾਦੀ ਦਾ ਘਰ ਹੈ, ਬਹੁਤ ਹੀ ਭਿਆਨਕ ਨਸ਼ੇ ਹਨ। ਕੋਈ ਵੀ ਨਸ਼ਾ ਕਦੇ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਨਸ਼ਾ ਇਨਸਾਨ ਨੂੰ ਗੁਲਾਮ ਬਣਾ ਲੈਂਦਾ ਹੈ। ਨਸ਼ਾ ਬਰਬਾਦੀ ਦਾ ਘਰ ਹੈ ਅਤੇ ਤੁਹਾਨੂੰ ਆਪਣੇ ਮਨ ਦੇ ਖ਼ਿਆਲਾਂ ਵਿੱਚ ਘੁਮਾਉਂਦਾ ਰਹਿੰਦਾ ਹੈ।
ਮਨ ਕੋਲ ਨਕਲ ਬਹੁਤ ਹੈ, ਜਿਵੇਂ ਮਾਲਕ ਨੇ ਰਚਨਾ ਰਚੀ ਹੈ, ਕਾਲ ਨੇ ਵੀ ਰਚਨਾ ਰਚੀ ਹੈ। ਨਸ਼ੇ ਵਿੱਚ ਆ ਕੇ ਕਈ ਲੋਕ ਭਗਤੀ ਵਿੱਚ ਬੈਠਦੇ ਹਨ ਤਾਂ ਅੰਦਰ ਹੀ ਅੰਦਰ ਮਨ ਉਨ੍ਹਾਂ ਨੂੰ ਨਕਲੀ ਢਾਂਚੇ ਵਿੱਚ ਫਸਾ ਲੈਂਦਾ ਹੈ, ਜਿਸ ਨੂੰ ਮੁਸਲਮਾਨ ਫ਼ਕੀਰ ਕਹਿੰਦੇ ਹਨ ਕਿ ਸ਼ੈਤਾਨ ਦੇ ਚੁੰਗਲ ਵਿੱਚ ਫਸ ਗਿਆ, ਹਿੰਦੂ ਧਰਮ ਵਿੱਚ ਕਹਿੰਦੇ ਹਨ ਕਾਲ ਦੇ ਦਾਇਰੇ ਵਿੱਚ ਫਸ ਗਿਆ। ਉਸ ਦਾ ਵੀ ਦਾਇਰਾ ਜ਼ਬਰਦਸਤ ਹੈ। ਦੁਨੀਆਂ ਵਿੱਚ ਰੰਗ-ਬਿਰੰਗਾ ਕਿੰਨਾ ਸਮਾਨ ਹੈ, ਇਹ ਸਭ ਦਿਆਲ ਦੀ ਨਕਲ ਹੈ। ਇੱਥੇ ਤਾਂ ਕੁਝ ਵੀ ਨਹੀਂ, ਉੱਥੇ ਇੱਥੋਂ ਨਾਲੋਂ ਅਰਬਾਂ-ਖਰਬਾਂ ਗੁਣਾ ਵੱਧ ਸਵਾਦ, ਲੱਜਤ, ਅਨੰਦਦਾਇਕ ਸਾਜੋ-ਸਮਾਨ ਹੈ। ਪਰ ਕੋਈ ਇੱਥੋਂ ਜਾਣ ਦਾ ਨਾਂਅ ਨਹੀਂ ਲੈਂਦਾ। ਜ਼ਰਾ ਜਿਹਾ ਕੋਈ ਅਜਿਹਾ ਡਰ ਦਿਓ, ਭਾਵੇਂ ਕਿੰਨੀ ਭਗਤੀ ਕੀਤੀ ਹੋਵੇ, ਕਿਵੇਂ ਵੀ ਹੋਵੇ, ਕਹਿੰਦਾ ਹੈ
ਕਿ ਨਾ ਭਾਈ? ਮਾਲਕ ਸਹੀ ਹੈ ਉੱਥੇ ਮਿਲੇਗਾ, ਇਹ ਵੀ ਸਹੀ ਹੈ, ਉੱਥੇ ਸੁੱਖ ਵੀ ਬਹੁਤ ਹੈ, ਇਹ ਵੀ ਸਹੀ ਹੈ, ਪਰ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ। ਤਾਂ ਵਾਕਈ ਵੇਖੋ, ਤੁਸੀਂ ਸੋਚੋ, ਕਾਲ ਨੇ ਇੱਕ ਨਕਲ ਤਿਆਰ ਕੀਤੀ ਹੈ, ਉਸ ਵਿੱਚ ਕਿੰਨਾ ਬੁਰੀ ਤਰ੍ਹਾਂ ਫਸਿਆ ਹੋਇਆ ਹੈ ਇਹ ਇਨਸਾਨ ਅਤੇ ਉਸ ਨਕਲ ਵਿੱਚ ਫਸਾਉਣ ਦਾ ਕੰਮ ਕਰਦਾ ਹੈ ਨਸ਼ਾ। ਅਸਲ ਵਿੱਚ ਕਰਨਾ ਹੈ ਤਾਂ ਰਾਮ-ਨਾਮ ਦਾ ਨਸ਼ਾ ਕਰੋ। ਇੱਕ ਵਾਰ ਜੇਕਰ ਅਸਲ ਦੀ ਚਮਕ ਨਜ਼ਰ ਆ ਗਈ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੰਜ ਹੀ ਉਮਰ ਝੂਠ ਵਿੱਚ ਗੁਜ਼ਾਰ ਦਿੱਤੀ। ਕਿਉਂ ਨਹੀਂ ਮਾਲਕ ਦੀ ਯਾਦ ਵਿੱਚ ਸਮਾਂ ਲਗਾਇਆ। ਉਹ ਨਜ਼ਾਰੇ, ਉਹ ਲੱਜ਼ਤ ਮਿਲੇਗੀ ਜੋ ਵਰਣਨ ਤੋਂ ਪਰ੍ਹੇ ਹੈ। ਅਜਿਹੀ ਮਸਤੀ, ਅਜਿਹੀ ਖੁਮਾਰੀ ਜੋ ਵਰਣਨ ਤੋਂ ਪਰ੍ਹੇ ਹੈ। ਸੱਚੇ ਮੁਰਸ਼ਿਦੇ-ਕਾਮਿਲ ਨੇ ਦੱਸਿਆ, ਸੰਦੇਸ਼ ਦਿੱਤਾ ਨਾਮ ਦਾ, ਜਿਸ ਨਾਲ ਤੁਸੀਂ ਨਸ਼ਿਆਂ ਤੋਂ ਬਚ ਸਕਦੇ ਹੋ।
‘ਪਾਖੰਡ ਕਾ ਫੈਲਾ ਹੂਆ ਥਾ ਅੰਧੇਰਾ,
ਅੰਧਵਿਸ਼ਵਾਸ ਕਾ ਥਾ ਛਾਇਆ ਕਾਲਾ ਅੰਧੇਰਾ।
ਰੱਬ ਨਾਮ ਪੇ ਲੂਟ ਰਹੇ ਥੇ ਬਥੇਰਾ,
ਝੂਠ ਛਾਈ ਰਾਤ, ਖੋਹਿਆ ਸੱਚ ਕਾ ਸਵੇਰਾ।
ਸਤਿਸੰਗ ਲਗਾਕਰ ਦਾਤਾ ਜੀ ਨੇ ਉਡਾਇਆ ਪਾਖੰਡ ਜੀ ਸਾਰਾ।।’
ਪਖੰਡਵਾਦ ਦਾ ਕੀ ਕਹਿਣਾ, ਜਗ੍ਹਾ-ਜਗ੍ਹਾ ’ਤੇ ਪਖੰਡ ਚੱਲੇ ਹੋਏ ਹਨ ਅਤੇ ਇਨਸਾਨ ਪਖੰਡਵਾਦ ਵਿੱਚ ਫਸਿਆ ਹੋਇਆ ਆਪਣੇ ਪ੍ਰਭੂ, ਆਪਣੇ ਮਾਲਕ, ਆਪਣੇ ਪਰਮਾਤਮਾ ਨੂੰ ਭੁੱਲ ਜਾਂਦੇ ਹਨ। ਪਖੰਡ ਬਹੁਤ ਤਰ੍ਹਾਂ ਦਾ ਹੈ। ਕਿਤੇ ਵੀ ਨਜ਼ਰ ਮਾਰੋ ਆਪਣੇ ਸਮਾਜ ਵਿੱਚ, ਵੱਖ-ਵੱਖ ਰਾਜਾਂ ਵਿੱਚ ਪਖੰਡਵਾਦ ਵਿੱਚ ਲੋਕ ਉਲਝੇ ਹੋਏ ਨਜ਼ਰ ਆਉਣਗੇ। ਕਿਤੇ ਜਾਂਦੇ ਹਨ ਕੋਈ ਛਿੱਕ ਮਾਰ ਦੇਵੇ ਤਾਂ ਗਲਤ ਕੰਮ, ਨਵਾਂ ਕੱਪੜਾ ਪਹਿਨਣਾ ਹੈ ਤਾਂ ਚੜ੍ਹਦੇ ਸੂਰਜ ਵੱਲ ਮੂੰਹ ਕਰਕੇ ਪਹਿਨੋ ਆਦਿ ਪਖੰਡ ਬਣਾਏ ਹੋਏ ਹਨ। ਛਿਪਦੇ ਸੂਰਜ ਵੱਲ ਮੂੰਹ ਕਰਕੇ ਨਵਾਂ ਕੱਪੜਾ ਪਹਿਨ ਲਿਆ ਤਾਂ ਕੀ ਉਹ ਪਾਟ ਜਾਵੇਗਾ? ਪਰ ਨਹੀਂ, ਪਖੰਡ ਬਣਿਆ ਹੋਇਆ ਹੈ। ਦੰਦ ਨਿਕਲਦਾ ਹੈ ਬੱਚਿਆਂ ਦਾ, ਤਾਂ ਮਾਂ-ਬਾਪ ਸਿਖਾਉਂਦੇ ਹਨ ਕਿ ਰੂੰ ਵਿੱਚ ਛਿਪਾ ਕੇ ਚੰਦਰਮਾ ਨੂੰ ਪਹੰੁਚਾ ਦੇ, ਉਸ ਨੂੰ ਰਾਮ-ਰਾਮ ਵੀ ਬੋਲ ਦੇ, ਨਵਾਂ ਦੰਦ ਦੇ ਜਾਵੇਗਾ। ਉਹ ਬੱਚਾ ਵਾਕਈ ਸੋਚਦਾ ਹੈ, ਦੰਦ ਕਿਉਂ ਐਵੇਂ ਹੀ ਸੁੱਟਿਆ ਅਤੇ ਚੰਦਰਮਾ ’ਤੇ ਸੁੱਟਦੇ ਹਨ ਕਿ ਚੰਦਰਮਾ ’ਤੇ ਗਿਆ ਹੈ, ਨਵਾਂ ਆਉਣ ਵਾਲਾ ਹੈ। ਇਹ ਤਾਂ ਛੋਟੀਆਂ-ਛੋਟੀਆਂ ਗੱਲਾਂ ਪਰ ਹਨ ਤਾਂ ਪਖੰਡ।
ਜੁੱਤੀ ਇੱਧਰ-ਉੱਧਰ ਜਾਂ ਅੱਗੇ-ਪਿੱਛੇ ਹੋ ਜਾਵੇ, ਆਮ ਕਹਾਵਤ ਹੈ ਕਿ ‘ਜੁੱਤੀ ਰਾਹ ਪੈ ਗਈ’ ਹੁਣ ਕਿਤੇ ਜਾਣਾ ਪਵੇਗਾ। ਜੇਕਰ ਅਜਿਹੀ ਗੱਲ ਹੁੰਦੀ ਤਾਂ ਸੱਸ-ਨੂੂੰਹ ਵਿੱਚ ਜੇਕਰ ਲੜਾਈ ਹੁੰਦੀ ਤਾਂ ਉਹ ਨੂੰਹ ਤਾਂ, ਸੱਸ ਦੀ ਜੁੱਤੀ ਅੱਗੇ-ਪਿੱਛੇ ਹੀ ਰੱਖੇਗੀ, ਉਹ ਘਰ ਵਿੱਚ ਸੱਸ ਨੂੰ ਕਿਉਂ ਆਉਣ ਦੇਵੇਗੀ ਕਿ ਤੂੰ ਬਾਹਰ ਹੀ ਰਹਿ ਜਾਂ ਫਿਰ ਨੂੰਹ ਦੀ ਜੁੱਤੀ ਸੱਸ ਅੱਗੇ-ਪਿੱਛੇ ਕਰਦੀ, ਪਰ ਅਜਿਹਾ ਹੁੰਦਾ ਨਹੀਂ। ਇਹ ਨਿਰ੍ਹਾ ਪਖੰਡ ਹੈ। ਹੋਰ ਵੀ ਬਹੁਤ ਸਾਰੇ ਪਖੰਡ ਹਨ। ਅੰਗੂਠੀਆਂ ਹਨ ਜਾਂ ਫਿਰ ਇਹ ਦੱਸਣਾ ਕਿ ਤੁਹਾਡੇ ਗ੍ਰਹਿ-ਚੱਕਰ ਸਹੀ ਕਰ ਦਿਆਂਗਾ। ਅਸੀਂ ਚੈਲੰਜ ਕਰਦੇ ਹਾਂ ਕਿ ਸਿਵਾਏ ਭਗਵਾਨ ਦੇ ਅਜਿਹਾ ਕੋਈ ਨਹੀਂ ਹੈ ਜੋ ਤੁਹਾਡੇ ਗ੍ਰਹਿ-ਚੱਕਰ ਸਹੀ ਕਰ ਸਕਦਾ ਹੈ। ਇੱਕ ਪਲ ਲਈ ਸੋਚੋ। ਜੇਕਰ ਕੋਈ ਤੁਹਾਡੇ ਗ੍ਰਹਿ-ਚੱਕਰ ਸਹੀ ਕਰਕੇ, ਤੁਹਾਨੂੰ ਰੁਤਬਾ ਦਿਵਾ ਸਕਦਾ ਹੈ ਤਾਂ ਉਹ ਆਪਣੇ ਆਪ ਦੇ ਗ੍ਰਹਿ-ਚੱਕਰ ਸਹੀ ਕਰ ਲਵੇ ਅਤੇ ਸਾਰੀ ਦੁਨੀਆਂ ਦਾ ਰਾਜਾ ਬਣ ਕੇ ਬੈਠ ਜਾਵੇ। ਕਿਉਂ ਨਹੀਂ ਕਰਦਾ ਖੁਦ ਦੇ ਗ੍ਰਹਿ-ਚੱਕਰ ਸਹੀ। ਅਸਲ ਵਿੱਚ ਉਹ ਗ੍ਰਹਿ-ਚੱਕਰ ਸਹੀ ਨਹੀਂ ਕਰਦਾ, ਜੇਕਰ ਸਹੀ ਹੋ ਗਏ ਬਾਈਚਾਂਸ, ਤਾਂ ਤੁਹਾਡੇ ਲਈ ਉਹ ਭਗਵਾਨ ਹੈ, ਸਹੀ ਨਹੀਂ ਹੋਏ ਤਾਂ ਕਹੇਗਾ, ਤੇਰੇ ਕਰਮਾਂ ਵਿੱਚ ਫਰਕ ਹੈ। ਮੈਂ ਤਾਂ ਰਾਹੂ ਦਾ ਇੰਤਜ਼ਾਮ ਕਰ ਦਿੱਤਾ ਸੀ, ਹੁਣ ਕੇਤੂ ਆ ਗਿਆ ਮੈਂ ਕੀ ਕਰਾਂ।
ਤਾਂ ਇਸ ਤਰ੍ਹਾਂ ਕੇਤੂ ਗਿਆ ਸ਼ਨੀ ਆਇਆ, ਸ਼ਨੀ ਗਿਆ ਬ੍ਰਹਿਸਪਤੀ ਆਇਆ, ਬ੍ਰਹਿਸਪਤੀ ਗਿਆ ਮੰਗਲ ਆਇਆ। ਜਾਂ ਤਾਂ ਤੁਸੀਂ ਨਹੀਂ ਆਓਗੇ ਜਾਂ ਫਿਰ ਜੇਬ ਨਹੀਂ, ਉਹ ਖਾਲੀ ਹੋ ਜਾਵੇਗੀ। ਤਾਂ ਭਾਈ! ਇਨ੍ਹਾਂ ਪਖੰਡਾਂ ਵਿੱਚ ਨਾ ਪਵੋ। ‘ਹਿੰਮਤ ਕਰੇ ਅਗਰ ਇਨਸਾਨ ਤੋ ਸਹਾਇਤਾ ਕਰੇ ਭਗਵਾਨ।। ‘ਹਿੰਮਤੇ ਮਰਦਾਂ ਮਦਦੇ ਖੁਦਾ।’ ਤੁਸੀਂ ਹਿੰਮਤ ਕਰੋ। ‘ਥਿਤ ਵਾਰ ਨਾ ਜੋਗੀ ਜਾਣੈ ਰੁਤ ਮਾਹ ਨਾ ਕੋਇ।। ਜਾ ਕਰਤਾ ਸਿਰਠੀ ਕਉ ਸਾਜੈ ਆਪੈ ਜਾਣੈ ਸੋਇ।।’ ਉਹ ਸਿ੍ਰਸ਼ਟੀ ਦਾ ਰਚਣ ਵਾਲਾ ਭੋਲ਼ਾ ਨਹੀਂ ਹੈ, ਉਸ ਨੇ ਦਿਨਾਂ ਦੇ ਨਾਂਅ ਨਹੀਂ ਰੱਖੇ, ਉਸ ਨੇ ਦਿਨ ਅਤੇ ਰਾਤ ਬਣਾਏ ਹਨ ਅਤੇ ਉਹ ਵੀ ਫਾਇਦੇ ਲਈ। ਕਹਿੰਦੇ ਹਨ ਇਹ ਦਿਨ ਚੰਗਾ, ਇਹ ਦਿਨ ਬੁਰਾ ਹੈ। ਇਹ ਤੁਹਾਡਾ ਵਹਿਮ ਹੈ। ਕੋਈ ਵੀ ਦਿਨ ਬੁਰਾ ਨਹੀਂ, ਜੇਕਰ ਚੰਗੇ ਕਰਮ ਕਰੋ। ਜੇਕਰ ਕੋਈ ਬੁਰੇ ਕਰਮ ਕਰਨ ਲੱਗੇ ਤਾਂ ਆਉਣ ਵਾਲਾ ਸਮਾਂ ਬੁਰਾ ਹੋ ਜਾਂਦਾ ਹੈ। ਮਾਲਕ ਦੀ ਭਗਤੀ-ਇਬਾਦਤ ਕਰੋ ਤਾਂ ਉਸ ਸਮੇਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਤਾਂ ਭਾਈ! ਪਖੰਡਾਂ ਵਿੱਚ ਕਦੇ ਨਾ ਉਲਝੋ। ਲੋਕਾਂ ਵਿੱਚ ਡਰ ਦਾ ਭੂਤ ਜ਼ਿਆਦਾ ਹੈ। ਭੂਤ-ਪ੍ਰੇਤ ਦੀ ਜੇਕਰ ਕੋਈ ਜੂਨੀ ਮੰਨੀ ਵੀ ਗਈ ਹੈ ਤਾਂ ਉਹ ਇਨਸਾਨੀ ਸਰੀਰ ਲਈ ਤੜਫ਼ਦੇ ਹਨ, ਉਨ੍ਹਾਂ ਨੂੰ ਸਰੀਰ ਨਹੀਂ ਮਿਲਿਆ। ਇਸ ਲਈ ਉਹ ਕਿਸੇ ਨੂੰ ਕੀ ਕਰਨਗੇ, ਪਰ ਲੋਕ ਵੈਸੇ ਹੀ ਉਨ੍ਹਾਂ ਲਈ ਵਹਿਮ ਪੈਦਾ ਕਰ ਦਿੰਦੇ ਹਨ।
ਬਸ, ਆਪਣਾ ਰੁਜ਼ਗਾਰ ਚਲਾਉਂਦੇ ਰਹਿੰਦੇ ਹਨ, ਤਾਂ ਅਜਿਹਾ ਠੱਗਾਂ ਦਾ ਪਸਾਰਾ ਫੈਲਿਆ ਹੋਇਆ ਹੈ। ਪਖੰਡਵਾਦ ਵਿੱਚ ਪੈਣ ਨਾਲ ਇਨਸਾਨ ਸਭ ਕੁਝ ਗਵਾ ਬੈਠਦਾ ਹੈ।
‘ਗੁਨਾਹਗਾਰੋਂ ਕੋ ਦਾਤਾ ਪਿਆਰ ਜੋ ਦੀਆ,
ਵਰਣਨ ਉਸਕਾ ਜਾਏ ਨਾ ਕੀਆ। ਐਸਾ ਪ੍ਰੇਮ ਕਾ ਜਾਮ ਦੀਆ,
ਚੜ੍ਹੀ ਰਹੇ ਖੁਮਾਰ ਜਿਸ ਨੇ ਏਕ ਬਾਰ ਪੀਆ।
ਪ੍ਰੇਮ ਦੀਆ ਸੋਹਣੇ ਦਾਤਾ ਜੀ ਦੋਨੋਂ ਜਹਾਂ ਸੇ ਨਿਆਰਾ।।’
ਗੁਨਾਹਗਾਰ, ਆਪਣੇ ਗੁਨਾਹ ਤੋਂ ਤੌਬਾ ਨਹੀਂ ਕਰਦਾ। ਜਦੋਂ ਤੱਕ ਉਸ ਨੂੰ ਅਹਿਸਾਸ ਨਹੀਂ ਹੁੰਦਾ, ਜਦੋਂ ਤੱਕ ਉਸ ਨੂੰ ਠੋ੍ਹਕਰ ਨਹੀਂ ਲੱਗਦੀ। ਪਰ ਅਜਿਹੇ ਮੁਰਸ਼ਿਦੇ-ਕਾਮਿਲ, ਜਿਸ ਨੇ ਠੋਕਰ ਦੀ ਨੌਬਤ ਆਉਣ ਨਹੀਂ ਦਿੱਤੀ ਅਤੇ ਗੁਨਾਹਗਾਰਾਂ ਨੂੰ ਮੁਆਫ਼ ਹੀ ਨਹੀਂ ਕੀਤਾ ਸਗੋਂ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣਾ ਦਿੱਤਾ। ਅਜਿਹੇ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਸੱਚਾਈ ਦਾ ਰਾਹ ਵਿਖਾਇਆ। ਅੱਜ ਇੱਥੇ ਬਹੁਤ ਲੋਕ ਸੇਵਾ ਕਰ ਰਹੇ ਹਨ, ਅਜਿਹੇ-ਅਜਿਹੇ ਸੱਜਣ ਹਨ ਜੋ ਸੇਵਾ ਵਿੱਚ ਬਹੁਤ ਅੱਗੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਹਾਲ ਸੁਣਾਉਂਦੇ ਤਾਂ ਸੁਣਨ ਵਾਲੇ ਦੰਗ ਰਹਿ ਜਾਂਦੇ ਹਨ। ਕਈ ਸੱਜਣ ਅਜਿਹੇ ਵੀ ਹਨ ਜੋ ਦੱਸਦੇ ਹਨ ਕਿ ਸਾਡੇ ਕੋਲ ਸਾਰੇ ਰਾਜ ਦਾ ਠੇਕਾ ਹੁੰਦਾ ਸੀ, ਸਾਰੇ ਰਾਜ ਨੂੰ ਸ਼ਰਾਬ ਅਸੀਂ ਹੀ ਦਿੰਦੇ ਸੀ ਅਤੇ ਅਸੀਂ ਸਵੇਰੇ ਪੀਣ ਲੱਗਦੇ ਅਤੇ ਸ਼ਾਮ ਤੱਕ ਪੀਂਦੇ ਸੀ, ਪੀਂਦੇ ਰਹਿੰਦੇ, ਪੇਟੀਆਂ ਖਤਮ ਹੋ ਜਾਂਦੀਆਂ ਅਤੇ ਡਾਕਟਰਾਂ ਨੇ ਇਹ ਕਹਿ ਦਿੱਤਾ ਕਿ ਤੁਸੀਂ ਖਤਮ ਹੋਵੋਗੇ, ਪਰ ਸੱਚੇ ਮੁਰਸ਼ਿਦੇ-ਕਾਮਿਲ ਦੀ ਸ਼ਰਨ ਵਿੱਚ ਆਏ, ਖਤਮ ਤਾਂ ਕੀ, ਅੱਜ ਉਹ ਸੇਵਾ ਵੀ ਕਰ ਰਹੇ ਹਨ ਅਤੇ ਨਸ਼ੇ ਦੇ ਨੇੜੇ ਜਾਂਦੇ ਵੀ ਨਹੀਂ ਬਲਕਿ ਲੋਕਾਂ ਨੂੰ ਨਸ਼ੇ ਤੋਂ ਬਚਾਉਂਦੇ ਹਨ। ਇਹ ਇੱਕ ਉਦਾਹਰਨ ਨਹੀਂ ਅਜਿਹੇ ਲੱਖਾਂ ਉਦਾਹਰਨ ਹਨ, ਜੋ ਬੁਰਾਈਆਂ ਛੱਡ ਕੇ ਨੇਕ ਬਣ ਗਏ।
ਅਜਿਹੇ ਮੁਰਸ਼ਿਦੇ-ਕਾਮਿਲ ਦਾ ਕੋਈ ਦੇਣ ਕਿਵੇਂ ਦੇ ਸਕਦਾ ਹੈ, ਜਿਸ ਨੇ ਕੁਝ ਵੀ ਤਾਂ ਨਹੀਂ ਮੰਗਿਆ, ਕੁਝ ਵੀ ਨਹੀਂ। ਨਾ ਆਪਣਾ ਅਰਾਮ, ਨਾ ਸਿਹਤ ਦੀ ਪ੍ਰਵਾਹ, ਕਿਸੇ ਵੀ ਚੀਜ਼ ਦੀ ਪ੍ਰਵਾਹ ਨਹੀਂ ਕੀਤੀ। ਕਈ ਵਾਰ ਸਰਦੀ ਹੁੰਦੀ, ਨਜ਼ਲਾ ਚੱਲਦਾ, ਸਾਧ-ਸੰਗਤ ਨੂੰ ਪਤਾ ਤੱਕ ਵੀ ਨਾ ਲਗਦਾ ਅਤੇ ਸੱਚੇ ਮੁਰਸ਼ਿਦੇ-ਕਾਮਿਲ ਸਤਿਸੰਗ, ਆਪਣੀ ਡਿਊਟੀ ਕਦੇ ਨਾ ਛੱਡਿਆ ਕਰਦੇ। ਹਰ ਸਮੇਂ ਆਪਣੀ ਡਿਊਟੀ ਦੇਣਾ, ਸਤਿਸੰਗ ਕਰਨਾ ਅਤੇ ਇਹੀ ਕਹਿਣਾ ਕਿ ਮਾਲਕ ਤੂੰ ਰਜ਼ਾ ਵਿੱਚ ਰੱਖਦਾ ਹੈਂ, ਤੂੰ ਹੀ ਧੰਨ ਹੈ, ਹੇ ਬੇਪਰਵਾਹ ਮਸਤਾਨਾ ਜੀ ਮਹਾਰਾਜ!ਤੂੰ ਧੰਨ ਹੈਂ! ਧੰਨ ਹੈਂ! ਧੰਨ ਹੈਂ! ਅਤੇ ਸੱਚੀ ਗੱਲ ਇਹੀ ਹੈ ਕਿ ਉਹ ਸੱਚੇ ਮੁਰਸ਼ਿਦੇ-ਕਾਮਿਲ ਸ਼ਾਹ ਸਤਿਨਾਮ ਜੀ ਮਹਾਰਾਜ ਧੰਨ ਹਨ! ਧੰਨ ਹਨ! ਧੰਨ ਹਨ! ਸਭ ਕੁਝ ਉਹ ਹੀ ਕਰਵਾ ਰਹੇ ਹਨ, ਕਰ ਰਹੇ ਹਨ ਅਤੇ ਕਰਦੇ ਰਹਿਣਗੇ, ਇਹ ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਹੈ।
ਜਿਸ ਨੂੰ ਸਤਿਗੁਰੂ ਨਿਵਾਜ਼ ਦਿੰਦਾ ਹੈ, ਦੁਨੀਆਂ ਵਿੱਚ ਹਿੰਮਤ ਨਹੀਂ ਹੁੰਦੀ ਉਸ ਨੂੰ ਮਿਟਾ ਸਕੇ। ਉਹ ਮਾਲਕ ਜਿਸ ’ਤੇ ਰਹਿਮਤ ਕਰਦਾ ਹੈ, ਦਇਆ-ਮਿਹਰ ਕਰਦਾ ਹੈ, ਉਸ ਦੀਆਂ ਝੋਲੀਆਂ ਦਇਆ-ਮਿਹਰ, ਰਹਿਮਤ ਨਾਲ ਲਬਾਲਬ ਜ਼ਰੂਰ ਭਰ ਦਿੰਦਾ ਹੈ। ਇਹ ਉਸ ਦੀ ਦਇਆ-ਮਿਹਰ ਰਹਿਮਤ ਦਾ ਕਮਾਲ ਹੈ। ਉਹ ਜਿਸ ਨੂੰ ਨਾਮ ਦਿੰਦਾ ਹੈ, ਨਿਵਾਜ਼ਨ ਦਾ ਮਤਲਬ, ਜਿਸ ਨੂੰ ਸਿਮਰਨ ਦਾ ਤਰੀਕਾ ਦੱਸਦਾ ਹੈ ਅਤੇ ਮੁਰੀਦ ਬਚਨਾਂ ’ਤੇ ਅਮਲ ਕਰੇ ਤਾਂ ਬੇਪਰਵਾਹ ਜੀ ਦੇ ਬਚਨ ਹਨ, ਸ਼ਾਹ ਸਤਿਨਾਮ ਜੀ ਮਹਾਰਾਜ ਨੇ ਸਾਫ਼ ਫ਼ਰਮਾਇਆ ਹੈ-‘ਜੇ ਬੰਦਾ ਆਖੇ ਤੇਰਾ ਹਾਂ, ਤਾਂ ਘਾਟ ਨੀ ਰਹਿੰਦੀ ਬੰਦੇ ਨੂੰ।।’ ਕਿ ਕਹਿ ਦੇਵੇ ਕਿ ਮੈਂ ਤੇਰਾ ਹਾਂ, ਕਹਿਣ ਦਾ ਮਤਲਬ ਬੁਰਾਈਆਂ ਛੱਡ ਦੇਵੇ, ਬਚਨਾਂ ’ਤੇ ਅਮਲ ਕਰੇ, ਸਿਮਰਨ ਕਰੇ ਤਾਂ ਉਸ ਇਨਸਾਨ ਨੂੰ ਕਮੀ ਨਹੀਂ ਰਹਿੰਦੀ। ਤਾਂ ਭਾਈ! ਅਜਿਹੇ ਪਾਕ-ਪਵਿੱਤਰ ਬਚਨ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਾਕ-ਪਵਿੱਤਰ ਮੁਖਾਰਬਿੰਦ ਤੋਂ ਸੁਣੇ।
‘ਗੁਨਾਹਗਾਰੋਂ ਕੋ ਦਾਤਾ ਪਿਆਰ ਜੋ ਦੀਆ,
ਵਰਣਨ ਉਸਕਾ ਜਾਏ ਨਾ ਕੀਆ।’
ਇਹ ਤਾਂ ਇੱਕ ਜ਼ੁਬਾਨ ਹੈ, ਕਿਸੇ ਦੀ ਗੱਲ ਨਹੀਂ, ਅਸੀਂ ਆਪਣੀ ਗੱਲ ਕਰ ਰਹੇ ਹਾਂ, ਚਰਚਾ ਕਰ ਰਹੇ ਹਾਂ ਜੋ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ, ਪਿਆਰ-ਮੁਹੱਬਤ ਦਾ ਵਰਣਨ ਕਰੀਏ ਤਾਂ ਇਹ ਇੱਕ ਜ਼ੁਬਾਨ ਕੀ, ਰੋਮ-ਰੋਮ ਜ਼ੁਬਾਨ ਹੋਵੇ, ਸਾਲ, 10 ਸਾਲ ਜਾਂ 15 ਸਾਲ ਜਾਂ 60-70 ਸਾਲ ਕੀ, ਹਜ਼ਾਰਾਂ ਸਾਲ ਹੋਣ ਤਾਂ ਵੀ ਅਜਿਹੇ ਮੁਰਸ਼ਿਦੇ-ਕਾਮਿਲ ਦਾ ਵਰਣਨ ਲਿਖ-ਬੋਲ ਕੇ ਕਰਨਾ ਅਸੰਭਵ ਹੈ, ਨਹੀਂ ਕੀਤਾ ਜਾ ਸਕਦਾ। ਉਸ ਅਹਿਸਾਸ ਲਈ ਸਾਡੇ ਕੋਲ ਕੋਈ ਸ਼ਬਦ ਨਹੀਂ ਹਨ। ਬਸ ਇੱਕ ਹੀ ਸ਼ਬਦ ਹੈ, ਹੇ ਮੁਰਸ਼ਿਦੇ-ਕਾਮਿਲ, ਹੇ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ! ਤੂੰ ਧੰਨ ਹੈਂ, ਧੰਨ ਹੈਂ, ਧੰਨ ਹੈਂ, ਤੇਰੀ ਮਹਿਮਾ ਅਪਰੰਪਾਰ ਹੈ। ਤੂੰ ਦਇਆ-ਮਿਹਰ ਦਾ ਸਾਗਰ ਹੈਂ ਅਤੇ ਜੀਵਾਂ ਦਾ ਅਧਾਰ ਹੈ, ਇੰਜ ਹੀ ਉੱਧਾਰ ਕਰਨਾ, ਸਭ ਨੂੰ ਦਇਆ-ਮਿਹਰ, ਰਹਿਮਤ ਬਖਸ਼ਣਾ, ਹਰ ਕੋਈ ਤੇਰਾ ਬੰਦਾ ਹੈ, ਹਰ ਕੋਈ ਆਪਸ ਵਿੱਚ ਪ੍ਰੇਮ ਕਰੇ, ਬੇਗਰਜ਼-ਨਿਹਸਵਾਰਥ ਅਤੇ ਤੂੰ ਦਇਆ-ਮਿਹਰ, ਰਹਿਮਤ ਨਾਲ ਉਨ੍ਹਾਂ ਦੀਆਂ ਝੋਲੀਆ ਭਰ। ਹੇ ਮਾਲਕ ! ਇਹ ਯਕੀਨ ਹੈ, ਤੂੰ ਦਇਆ-ਮਿਹਰ ਵਿੱਚ ਕਮੀ ਨਹੀਂ ਛੱਡਦਾ। ਕਮੀ ਇਨਸਾਨ ਵਿੱਚ ਆ ਜਾਂਦੀ ਹੈ, ਪਰ ਤੂੰ ਫਿਰ ਵੀ ਮੁਆਫ਼ ਕਰਦਾ ਹੈ।
ਇੱਕ ਵਾਰ ਜੇਕਰ ਕੋਈ ਤੈਨੂੰ ਛੁਪ ਕੇ ਯਾਦ ਕਰਦਾ ਹੈ ਤਾਂ ਤੂੰ ਉਸ ਦੀਆਂ ਝੋਲੀਆਂ ਦਇਆ-ਮਿਹਰ ਨਾਲ ਭਰ ਦਿੰਦਾ ਹੈਂ, ਅਜਿਹਾ ਹੁੰਦੇ ਵੇਖਿਆ ਹੈ। ਤਾਂ ਅਜਿਹੇ ਮੁਰਸ਼ਿਦੇ-ਕਾਮਿਲ ਦਾ ਬਹੁਤ-ਬਹੁਤ ਸ਼ੁਕਰ ਕਰਦੇ ਹਾਂ, ਧੰਨਵਾਦ ਕਰਦੇ ਹਾਂ, ਧੰਨ-ਧੰਨ ਕਹਿੰਦੇ ਹਾਂ ਜੀ। ਅਜਿਹੇ ਮੁਰਸ਼ਿਦੇ-ਕਾਮਿਲ ਜਿਨ੍ਹਾਂ ਦਾ ਪਿਆਰ-ਮੁਹੱਬਤ ਸਭ ਤੋਂ ਨਿਆਰਾ ਹੈ। ਜਿਵੇਂ ਜੇਕਰ ਕੋਈ ਇਹ ਪੁੱਛੇ ਕਿ ਪਾਣੀ ਅਤੇ ਮੱਛੀ ਦਾ ਕੀ ਸੰਬੰਧ ਹੈ ਤਾਂ ਪੁੱਛਣ ਵਾਲੇ ਦੀ ਕਮੀ ਹੈ, ਜ਼ਾਹਰਾ ਤੌਰ ’ਤੇ ਸਾਫ਼ ਨਜ਼ਰ ਆਉਂਦਾ ਹੈ, ਸ਼ਮ੍ਹਾਂ-ਪਰਵਾਨੇ ਦਾ ਸੰਬੰਧ ਹੈ, ਕੋਈ ਦੱਸਣ ਦੀ ਜ਼ਰੂਰਤ ਨਹੀਂ ਹੈ। ਉਸੇ ਤਰ੍ਹਾਂ ਇੱਕ ਮੁਰੀਦ ਆਪਣੇ ਗੁਰੂ-ਮੁਰਸ਼ਿਦੇ-ਕਾਮਿਲ ਨਾਲ ਜੁੜਿਆ ਰਹਿੰਦਾ ਹੈ। ਉਸ ਦੇ ਲਈ ਸਭ ਕੁਝ ਉਸ ਦਾ ਸਤਿਗੁਰੂ, ਮੁਰਸ਼ਿਦੇ-ਕਾਮਿਲ ਹੈ, ਜੋ ਉਸ ਨੂੰ ਰਾਹ ਵਿਖਾਉਂਦਾ ਹੈ। ਕਿਉਂਕਿ ਉਹ ਆਪਣੇ ਸਵਾਰਥ ਲਈ ਨਹੀਂ ਬਲਕਿ ਪਰਮਾਰਥ ਲਈ ਬਚਨ ਕਰਦਾ ਹੈ ਅਤੇ ਮੁਰੀਦ ਹਮੇਸ਼ਾ ਆਪਣੇ ਮੁਰਸ਼ਿਦੇ-ਕਾਮਿਲ ਲਈ ਹਰ ਸਮੇਂ ਪਰਵਾਨੇ ਵਾਂਗ ਤੜਫ਼ਦਾ ਹੈ, ਉਸ ਦੀ ਯਾਦ ਵਿੱਚ ਸਮਾਂ ਲਗਾਉਂਦਾ ਹੈ ਅਤੇ ਫਿਰ ਗੁਰੂ ਜਦੋਂ ਨਾਮ ਬਖਸ਼ਦਾ ਹੈ, ਉਸ ਦੀ ਦਇਆ-ਮਿਹਰ ਨਾਲ ਉਹ ਸਤਿਗੁਰੂ, ਅੱਲ੍ਹਾ, ਰਾਮ ਮਾਲਕ ਦਾ ਸਵਰੂਪ ਜ਼ਰੂਰ ਨਜ਼ਰ ਆਂਦਾ ਹੈ ਜੋ ਅਮਲ ਕਰਦੇ ਹਨ। ਭਜਨ ਦੇ ਅਖੀਰ ਵਿੱਚ ਆਇਆ ਜੀ-
‘ਸ਼ਾਹ ਸਤਿਨਾਮ ਜੀ ਮਾਲਕ ਪਿਆਰੇ, ਖੰਡ-ਬ੍ਰਹਿਮੰਡ ਸਭ ਤੇਰੇ ਸਹਾਰੇ।
ਖਾਕ ਦਾਸ ਕੋ ਮੀਤ ਬਨਾਇਆ, ਹਉਂ ਬਲਿਹਾਰੇ ਜਾਊਂ ਦਾਤਾ ਤਿਹਾਰੇ।
ਸਭ ਕੀਆ, ਕਰ ਰਹੇ ਹੋ, ਕਰਨਾ ਸਭ ਕੁਛ ਤੂੰ ਹੀ ਯਾਰਾ, ਯਾਰਾ, ਯਾਰਾ।।’
ਇਸ ਬਾਰੇ ਲਿਖਿਆ ਹੈ ਜੀ-
ਸਤਿਨਾਮ ਸੱਚੇ ਮਾਲਕ ਦਾ ਨਾਂਅ ਹੈ ਜੋ ਖੰਡਾਂ-ਬ੍ਰਹਿਮੰਡਾਂ ਨੂੰ ਲਈ ਖੜ੍ਹਾ ਹੈ ਅਤੇ ਹਰ ਇੱਕ ਦੇ ਅੰਦਰ ਧੁਨਕਾਰਾਂ ਦੇ ਰਿਹਾ ਹੈ।
ਤਾਂ ਉਸ ਮੁਰਸ਼ਿਦੇ-ਕਾਮਿਲ ਦੇ ਪਿਆਰ-ਮੁਹੱਬਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੇ ‘ਯਾਰ’ ਸ਼ਬਦ ਦੀ ਵਰਤੋਂ ਕਰਕੇ ਸੁਣਾਇਆ, ਇਸ ਦੇ ਨਾਲ ਇੱਕ ਗੱਲ ਜੁੜੀ ਹੋਈ ਹੈ, ਮਾਲਕ ਦਾ ਪਰ-ਉਪਕਾਰ, ਰਹਿਮਤ, ਦਇਆ-ਮਿਹਰ ਦੀ। ਇੱਕ ਵਾਰ ਸੇਵਾ ਕਰਕੇ ਅਸੀਂ ਆ ਰਹੇ ਸੀ ਅਤੇ ਮੁਰਸ਼ਿਦੇ-ਕਾਮਿਲ ਨੂੰ ਮਿਲੇ। ਗੱਲਬਾਤ ਚੱਲੀ ਤਾਂ ਬੇਪਰਵਾਹ ਜੀ ਨੇ ਇਸ਼ਾਰਾ ਕੀਤਾ, ਸਾਨੂੰ ਬੁਲਾਇਆ ਅਤੇ ਕਹਿਣ ਲੱਗੇ, ਤੁਹਾਨੂੰ ਪੇ੍ਰਮ ਦੀ ਨਿਸ਼ਾਨੀ ਦਿੰਦੇ ਹਾਂ, ਅੱਗੇ ਤਾਂ ਤੁਸੀਂ ਭਗਤ ਸੀ, ਪਰ ਅੱਜ ਤੋਂ ਅਸੀਂ ਆਪਸ ਵਿੱਚ ਪੱਕੇ ‘ਯਾਰ’ ਹਾਂ। ਤਾਂ ਉਸ ਮੁਰਸ਼ਿਦੇ-ਕਾਮਿਲ ਦੀ ਕਹਾਣੀ ਉਹ ਜਾਣੇ। ਕੋਈ ਸਮਝ ਨਹੀਂ ਸਕਿਆ ਕੀ ਗੱਲ ਹੈ, ਸਮਝ ਉਦੋਂ ਆਈ ਜਦੋਂ ਉਨ੍ਹਾਂ ਨੇ ਸਾਰਿਆਂ ਨੂੰ ਸਮਝਾਇਆ। ਉਹ ਮਾਲਕ ਜਾਣੇ, ਉਨ੍ਹਾਂ ਦੇ ਪਾਕ-ਪਵਿੱਤਰ ਬਚਨ।
ਡੇਢ ਸਾਲ ਬੇਪਰਵਾਹ ਮੁਰਸ਼ਿਦੇ-ਕਾਮਿਲ ਦੇ ਨਾਲ ਬੈਠਦੇ ਰਹੇ, ਬਾਡੀ ਸਵਰੂਪ ਵਿੱਚ, ਬਾਕੀ ਤਾਂ ਉਹ ਜਾਣੇ ਉਸ ਦਾ ਕੰਮ ਜਾਣੇ। ਤਾਂ ਹਰ ਗੱਲ ’ਤੇ ਫ਼ਰਮਾਇਆ ਕਰਦੇ ਕਿ ਭਾਈ! ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ। ਇਹ ਨਾ ਸੋਚ ਲੈਣਾ ਕਿ ਅਸੀਂ ਬਦਲ ਰਹੇ ਹਾਂ। ਡੇਢ ਸਾਲ, ਇੱਕ ਦਿਨ ਨਹੀਂ, ਦੋ ਦਿਨ ਨਹੀਂ, 15 ਦਿਨ ਨਹੀਂ। ਫਿਰ ਵੀ ਇਨਸਾਨ ਕੋਈ ਨਾ ਸਮਝੇ, ਉਹ ਜਾਣੇ ਉਸ ਦਾ ਮਾਲਕ ਜਾਣੇ, ਮਾਲਕ ਸਭ ਦਾ ਭਲਾ ਕਰੇ, ਪਰ ਉਸ ਮੁਰਸ਼ਿਦੇ-ਕਾਮਿਲ ਨੇ ਕੀ ਸਮਝਾਇਆ, ਗ੍ਰੰਥਾਂ ਵਿੱਚ ਕੀ ਲਿਖਾਇਆ ਹੈ, ਕੀ ਦੱਸਿਆ ਹੈ, ਇਹ ਕਹਿਣ ਦੀ ਗੱਲ ਨਹੀਂ ਹੈ ਅਤੇ ਰੂਹਾਨੀਅਤ ਦੀ ਕਿਤਾਬ ਵਿੱਚ ਅਜਿਹਾ ਕਦੇ ਵੀ ਪੜਿ੍ਹਆ ਨਹੀਂ, ਇਹ ਤਾਂ ਅਸੀਂ ਪੜਿ੍ਹਆ, ਕਿਉਂਕਿ ਮੁਰਸ਼ਿਦੇ-ਕਾਮਿਲ ਦੀ ਹੀ ਦਇਆ-ਮਿਹਰ, ਰਹਿਮਤ ਨਾਲ ਬਹੁਤ ਹੀ ਪਾਕ-ਪਵਿੱਤਰ ਗ੍ਰੰਥਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ।
ਇਹ ਤਾਂ ਅਸੀਂ ਪੜਿ੍ਹਆ ਕਿ ਜਦੋਂ ਵੀ ਸਤਿਗੁਰੂ, ਮੁਰਸ਼ਿਦੇ-ਕਾਮਿਲ ਸਰੀਰਕ ਤੌਰ ’ਤੇ ਇਸ ਦੁਨੀਆ ਤੋਂ ਆਪਣੇ ਨਿੱਜ ਮੁਕਾਮ ਜਾਂਦੇ ਹਨ ਤਾਂ ਇਹ ਕਹਿੰਦੇ ਹਨ ਕਿ ਮੇਰੇ ਬਾਅਦ ਇਹ, ਮੇਰੇ ਬਾਅਦ ਉਹ ਜਾਂ ਫਿਰ ਕੋਈ ਪ੍ਰਸਾਦ ਦਿੰਦੇ ਹਨ, ਪਰ ਇਹ ਪਹਿਲੀ ਵਾਰ ਸੁਣਿਆ, ਸ਼ਾਇਦ ਤੁਸੀਂ ਵੀ ਪਹਿਲੀ ਵਾਰ ਸੁਣਿਆ ਹੋਵੇ ਬਾਕੀ ਪਤਾ ਨਹੀਂ। ਅਸੀਂ ਤਾਂ ਪਹਿਲੀ ਵਾਰ ਸੁਣ ਰਹੇ ਹਾਂ ਕਿ ਅਸੀਂ ਹਾਂ, ਅਸੀਂ ਸੀ ਅਤੇ ਅਸੀਂ ਹੀ ਰਹਾਂਗੇ ਤਾਂ ਅਜਿਹੇ ਮੁਰਸ਼ਿਦੇ-ਕਾਮਿਲ ਦਾ ਪਰ-ਉਪਕਾਰ, ਇੱਕ ਜ਼ਰ੍ਹੇ ਨੂੰ, ਅਸੀਂ ਤਾਂ ਖਾਕ ਹਾਂ, ਇਸ ਖਾਕ ਨੂੰ ਆਫ਼ਤਾਬ ਬਣਾ ਦਿੱਤਾ। ਉਨ੍ਹਾਂ ਦਾ ਹੀ ਪ੍ਰਕਾਸ਼ ਦੁਨੀਆਂ ਲੈ ਰਹੀ ਹੈ ਅਤੇ ਉਨ੍ਹਾਂ ਦੀ ਦਇਆ-ਮਿਹਰ, ਰਹਿਮਤ ਨਾਲ ਮਾਲਾਮਾਲ ਹੋ ਰਹੀ ਹੈ।
ਅਸੀਂ ਤਾਂ ਤੁਹਾਡੇ ਚੌਂਕੀਦਾਰ ਹਾਂ, ਖਾਕ ਹਾਂ, ਕਰਨ ਵਾਲਾ ਉਹ ਸਤਿਗੁਰੂ, ਉਹ ਮਾਲਕ ਹੈ, ਦਇਆ-ਮਿਹਰ, ਰਹਿਮਤ ਦਾ ਦਾਤਾ ਹੈ ਅਤੇ ਕਈ ਵਾਰ ਏਨੀ ਭੀੜ ਹੈ, ਮੁਰਸ਼ਿਦੇ-ਕਾਮਿਲ ਦੇ ਪਾਕ-ਪਵਿੱਤਰ ਜਨਮ ਮਹੀਨੇ ਵਿੱਚ ਕਿਸੇ ਦੇ ਦਿਲ ਨੂੰ ਠੇਸ ਲੱਗ ਜਾਂਦੀ ਹੈ, ਮਹਿਸੂਸ ਹੁੰਦਾ ਹੈ, ਕਿਉਂਕਿ ਭੀੜ ਵਿੱਚ ਧੱਕਾ ਵੀ ਲਗਦਾ ਹੈ, ਨਵੇਂ ਜੀਵ ਆਉਂਦੇ ਹਨ, ਧੱਕੇ ਵਿੱਚ ਆ ਜਾਂਦੇ ਹਨ, ਸੇਵਾਦਾਰ ਉਨ੍ਹਾਂ ਨੂੰ ਰੋਕਦੇ ਹਨ, ਉਹ ਅੱਗੇ ਆਉਣਾ ਚਾਹੁੰਦੇ ਹਨ, ਕਈ ਵਾਰ ਬਹਿਸ, ਤਕਰਾਰ ਵੀ ਹੋ ਜਾਂਦੀ ਹੈ, ਤਾਂ ਭਾਈ! ਜੇਕਰ ਅਜਿਹਾ ਕਿਸੇ ਦੇ ਨਾਲ ਕੋਈ ਗੱਲ ਹੋ ਜਾਂਦੀ ਹੈ ਤਾਂ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਮਾਲਕ ਉਨ੍ਹਾਂ ਨੂੰ ਤਾਕਤ ਦੇਵੇ ਅਤੇ ਜਿਨ੍ਹਾਂ ਤੋਂ ਅਜਿਹਾ ਜੋ ਜਾਂਦਾ ਹੈ ਉਨ੍ਹਾਂ ਨੂੰ ਮੁਆਫ਼ ਕੀਤਾ ਜਾਵੇ ਕਿਉਂਕਿ ਸਤਿਗੁਰੂ ਨੇ ਮੁਆਫ਼ ਕਰਨਾ ਸਿਖਾਇਆ ਹੈ, ਕਿਸੇ ਨੂੰ ਅਜਿਹਾ ਬੁਰਾ ਕਹਿਣਾ ਨਹੀਂ ਸਿਖਾਇਆ ।
ਤਾਂ ਕਿਸੇ ਤੋਂ ਅਜਿਹਾ ਕੁਝ ਹੋ ਜਾਂਦਾ ਹੈ ਤਾਂ ਮਹਿਸੂਸ ਨਾ ਕਰੇ, ਉਸ ਦੇ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਦੇ ਵੀ ਅਜਿਹੀ ਗੱਲ ਨੂੰ ਦਿਲ ਵਿੱਚ ਨਾ ਲਾਓ। ਕਿਸੇ ਦੇ ਨਾਲ ਵੀ ਅਜਿਹਾ ਹੋ ਜਾਂਦਾ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਉਂਦੀ ਹੈ ਤਾਂ ਦਿਲ ’ਤੇ ਨਾ ਲਾਉਣਾ। ਉਸ ਮੁਰਸ਼ਿਦੇ-ਕਾਮਿਲ ਦੇ ਪਿਆਰ ਦਾ ਅੰਦਰ ਜਜ਼ਬਾ ਰੱਖੋ ਅਤੇ ਸੇਵਾਦਾਰ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ, ਜਿੰਨਾ ਹੋ ਸਕੇ, ਪਿਆਰ ਨਾਲ, ਝੁਕ ਜਾਓ ਕਿਉਂਕਿ ਸੱਚੇ ਸੌਦਾ ਦਾ ਅਸੂਲ ਹੈ,‘ਝੁਕ ਗਿਆ ਸੋ ਪਾ ਗਿਆ, ਤਨ ਗਿਆ ਸੋ ਗਵਾ ਗਿਆ।’ ਭਾਵ ਦੀਨਤਾ-ਨਿਮਰਤਾ ਰੱਖੋ, ਜ਼ੁਬਾਨ ’ਤੇ ਮਿਠਾਸ ਰੱਖੋ, ਹੱਥ ਜੋੜ ਕੇ ਵੀ ਉਹ ਗੱਲ ਕਹਿ ਸਕਦੇ ਹੋ ਜੋ ਖਰਵੀਂ ਅਵਾਜ ਵਿੱਚ ਕਹਿੰਦੇ ਹੋ। ਅਜਿਹਾ ਸਾਰੀ ਸਾਧ-ਸੰਗਤ ਧਿਆਨ ਰੱਖੇ।
‘ਸ਼ਾਹ ਸਤਿਨਾਮ ਜੀ’ ਮਾਲਕ ਪਿਆਰੇ, ਖੰਡ-ਬ੍ਰਹਿਮੰਡ ਸਭ ਤੇਰੇ ਸਹਾਰੇ।
ਖਾਕ ਦਾਸ ਕੋ ਮੀਤ ਬਨਾਇਆ, ਹਉਂ ਬਲਿਹਾਰੇ ਜਾਊਂ ਦਾਤਾ ਤਿਹਾਰੇ।
ਸਭ ਕੀਆ, ਕਰ ਰਹੇ ਕਰਨਾ ਸਭ ਕੁਛ ਤੂੰ ਹੀ
ਯਾਰਾ, ਯਾਰਾ, ਯਾਰਾ, ਦੋਨੋਂ ਜਹਾਂ ਮੇਂ ਸਤਿਗੁਰੂ ਪਿਆਰਾ।।
ਸੱਚੇ ਮੁਰਸ਼ਿਦੇ-ਕਾਮਿਲ ਦਾ ਇਹ ਪਾਕ-ਪਵਿੱਤਰ ਜਨਮ ਮਹੀਨਾ ਹੈ ਅਤੇ ਉਸ ਮਾਲਕ, ਸਤਿਗੁਰੂ ਅੱਗੇ ਹਮੇਸ਼ਾ ਇਹੀ ਦੁਆ-ਪ੍ਰਾਰਥਨਾ ਕਰਦੇ ਹਾਂ ਕਿ ਹੇ ਮਾਲਕ! ਦਇਆ-ਮਿਹਰ, ਰਹਿਮਤ ਕਰ, ਜੋ ਇਨਸਾਨ ਅਗਿਆਨਤਾਵੱਸ ਕੁਝ ਕਰ ਬੈਠਦਾ ਹੈ, ਕੁਝ ਕਹਿ ਬੈਠਦਾ ਹੈ, ਜਾਣੇ-ਅਣਜਾਣੇ ਵਿੱਚ, ਤੂੰ ਦਇਆ-ਮਿਹਰ, ਰਹਿਮਤ ਦਾ ਦਾਤਾ ਹੈਂ, ਉਨ੍ਹਾਂ ਦੀਆਂ ਗਲਤੀਆਂ ਮੁਆਫ਼ ਕਰ ਅਤੇ ਅਜਿਹੀ ਤਾਕਤ ਦੇ ਕਿ ਉਹ ਤੇਰੇ ਪ੍ਰਕਾਸ਼ ਦੇ ਸਹਾਰੇ ਤੁਰਦੇ ਹੋਏ ਆਪਣੀ ਮੰਜ਼ਿਲੇ-ਮਕਸੂਦ ’ਤੇ ਪਹੁੰਚਣ ਅਤੇ ਤੇਰੇ ਦਰਸ਼-ਦੀਦਾਰ ਦੇ ਕਾਬਲ ਬਣ ਸਕਣ, ਇਹ ਮਾਲਕ ਸਭ ’ਤੇ ਰਹਿਮਤ ਕਰ, ਦਇਆ-ਮਿਹਰ ਰੱਖ।
ਕਈ ਸੱਜਣਾਂ ਦੀਆਂ ਚਿੱਠੀਆਂ ਵੀ ਆਉਂਦੀਆਂ ਹਨ, ਕਈ ਸੱਜਣ ਉਂਜ ਹੀ ਪੁੱਛਦੇ ਹਨ ਕਿ ਪਿਤਾ ਜੀ! ਤੁਸੀਂ ਪਰਮ ਪਿਤਾ ਜੀ ਦੇ ਨਾਲ ਆਪਣਾ ਕੋਈ ਅਹਿਸਾਸ ਦੱਸੋ। ਅਹਿਸਾਸ ਦੱਸਣ ਲਈ ਜ਼ੁਬਾਨ ਕਈ ਵਾਰ ਸਾਥ ਨਹੀਂ ਦਿੰਦੀ ਅਤੇ ਅੱਖਾਂ ਵੀ ਸਾਥ ਨਹੀਂ ਦਿੰਦੀਆਂ, ਪਰ ਫਿਰ ਵੀ ਖ਼ਿਆਲ ਵਿੱਚ ਆਇਆ ਕਿਉਂਕਿ ਕਈ ਵਾਰ ਕਈ ਚਿੱਠੀਆਂ ਵਿੱਚ ਕਈ ਸੱਜਣ ਪੁੱਛਦੇ ਹਨ, ਗੱਲ ਹੈ 1989 ਦੀ। ਬੇਪਰਵਾਹ ਸੱਚੇ ਮੁਰਸ਼ਿਦੇ-ਕਾਮਿਲ ਨੇ ਇੱਕ ਬਹਾਨਾ ਜਿਹਾ ਬਣਾਇਆ ਕਿ ਬਿਮਾਰੀ ਹੈ। ਉਹ ਜਾਣਨ, ਡਾਕਟਰ ਜਾਣਨ ਬੇਪਰਵਾਹ ਜੀ ਬੀਕਾਨੇਰ ਚਲੇ ਗਏ। ਉੱਥੇ ਸੱਚੇ ਮੁਰਸ਼ਿਦੇ-ਕਾਮਿਲ ਦੀ ਰਹਿਮਤ ਨਾਲ ਖਾਕ ਨੂੂੰ ਸਮਾਂ ਮਿਲਿਆ, ਦਾਸ ਵੀ ਉੱਥੇ ਪਹੁੰਚਿਆ, ਉਨ੍ਹਾਂ ਦੀ ਸੇਵਾ ਵਿੱਚ ਚਾਰ-ਪੰਜ ਸੇਵਾਦਾਰ ਅਸੀਂ ਪਹੁੰਚੇ। ਸੇਵਾ ਕਰਦੇ, ਹੱਥ ਵਿੱਚ ਝਾੜੂ ਫੜ੍ਹ ਲੈਂਦੇ। ਮੁਰਸ਼ਿਦੇ-ਕਾਮਿਲ ਇੱਕ ਜਗ੍ਹਾ ਘੁੰਮਣ ਜਾਂਦੇ। ਉੱਥੇ ਬਹੁਤ ਕੰਕਰ ਸਨ, ਛੋਟੇ-ਛੋਟੇ ਪੱਥਰ ਸਨ।
ਤਾਂ ਅਸੀਂ ਜਦੋਂ ਉੱਥੇ ਗਏ ਅਤੇ ਵੇਖਿਆ ਕਿ ਸਾਰਿਆਂ ਨੇ ਕਿ ਮੁਰਸ਼ਿਦੇ-ਕਾਮਿਲ ਜਾਂਦੇ ਹਨ, ਕਦਮਾਂ ਹੇਠਾਂ ਥੋੜ੍ਹੇ ਕੰਕਰ ਆਉਂਦੇ ਹਨ, ਕੋਈ ਸੱਜਣ ਸਾਥ ਸਹਾਰਾ ਦਿੰਦਾ ਹੈ ਤਾਂ ਖ਼ਿਆਲ ਆਇਆ। ਅਸੀਂ ਝਾੜੂ ਚੁੱਕਿਆ ਅਤੇ ਚੱਲ ਪਏ ਉੱਥੇ, ਪਰਮ ਪਿਤਾ ਜੀ ਕੁਝ ਕਦਮ 10, 20, 30 ਜਾਂ ਫਿਰ 35-40 ਕਦਮ ਹੀ ਤੁਰਦੇ ਤਾਂ ਉੱਥੋਂ ਤੱਕ ਸਫ਼ਾਈ ਕਰਦੇ ਕਿ ਸਤਿਗੁਰੂ ਇੱਥੋਂ ਤੱਕ ਆਉਣਗੇ। ਇੱਕ ਦਿਨ, ਸਤਿਗੁਰੂ ਖ਼ਿਆਲ ਦੇਣ ਵਾਲਾ ਹੈ, ਉਹ ਜਾਣੇ ਉਸ ਦਾ ਕੰਮ ਜਾਣੇ, ਖ਼ਿਆਲ ਆਇਆ, ਨਾਲ ਵਾਲੇ ਕਹਿਣ ਲੱਗੇ ਕਿ ਏਨਾ ਹੀ ਕਾਫ਼ੀ ਹੈ ਸਾਫ਼ ਹੈ, ਅਸੀਂ ਕਿਹਾ, ਨਹੀਂ! ਅੱਜ ਅਖੀਰ ਤੱਕ ਜਾਵਾਂਗੇ। ਨਾਲ ਵਾਲੇ ਕਹਿਣ ਲੱਗੇ ਕਿ ਉੱਥੋਂ ਤੱਕ ਤਾਂ 400-500 ਕਦਮ ਹਨ, ਏਨਾ ਤਾਂ ਬੇਪਰਵਾਹ ਜੀ ਕਦੇ ਤੁਰਦੇ ਹੀ ਨਹੀਂ, ਉਹ ਹੱਸਣ ਲੱਗੇ। ਅਸੀਂ ਕਿਹਾ, ਕੋਈ ਗੱਲ ਨਹੀਂ ਭਾਈ! ਆਪਾਂ ਤਾਂ ਚਲਦੇ ਹਾਂ।
ਅਸੀਂ ਝਾੜੂ ਲਿਆ ਅਤੇ ਉੱਥੋਂ ਤੱਕ ਸਫ਼ਾਈ ਕਰਨ ਚਲੇ ਗਏ। ਜਦੋਂ ਅੱਗੇ ਉੱਥੋਂ ਤੱਕ ਜਗ੍ਹਾ ਨਹੀਂ, ਬਹੁਤ ਨੀਵੀ ਜਗ੍ਹਾ ਸੀ, ਡੂੰਘੀ ਸੀ ਤਾਂ ਉੱਥੇ ਜਾ ਕੇ ਰੁਕ ਗਏ ਉਹ ਹੱਸਣ ਲੱਗੇ, ਕਹਿਣ ਲੱਗੇ ਉਂਜ ਹੀ ਮਿਹਨਤ ਕਰ ਰਹੇ ਹੋ, ਕੀ ਫਾਇਦਾ? ਸਤਿਗੁਰੂ ਜੀ ਤਾਂ ਇੱਥੋਂ ਤੱਕ ਆਉਂਦੇ ਹੀ ਨਹੀਂ। ਅਸੀਂ ਕਿਹਾ, ਭਾਈ! ਉਹ ਜਾਣੇ, ਉਸ ਦਾ ਕੰਮ ਜਾਣੇ। ਆਪਣਾ ਜੋ ਕੰਮ ਹੈ, ਆਪਣਾ ਫਰਜ਼ ਅਦਾ ਕਰੋ, ਬਾਕੀ ਮਾਲਕ ਜਾਣੇ ਤਾਂ ਅਗਲੇ ਦਿਨ ਕੀ ਹੋਇਆ, ਅਚਾਨਕ, ਸੱਚੇ ਮੁਰਸ਼ਿਦੇ-ਕਾਮਿਲ ਆਏ, ਉਨ੍ਹਾਂ ਦੀ ਖੇਡ ਦੀ ਗੱਲ ਹੈ, ਉਨ੍ਹਾਂ ਦੀ ਮਹਿਮਾ ਹੈ, ਪਹਿਲਾਂ ਦੋ ਸੱਜਣ ਉਨ੍ਹਾਂ ਨੂੂੰ ਸਹਾਰਾ ਦਿੰਦੇ, ਬੇਪਰਵਾਹ ਜੀ ਤੁਰਦੇ, ਉਸ ਦਿਨ ਬੇਪਰਵਾਹ ਜੀ ਕਹਿੰਦੇ ਕਿ ਹਟੋ! ਏਨਾ ਤੇਜ਼ ਭੱਜੇ ਕਿ ਉਹ ਪਿੱਛੇ ਰਹਿ ਗਏ ਅਤੇ ਬੇਪਰਵਾਹ ਜੀ ਬਿਲਕੁਲ ਅਖੀਰ ਤੱਕ ਜਾ ਪਹੁੰਚੇ, 500 ਕਦਮ।
ਤਾਂ ਇਹ ਉਨ੍ਹਾਂ ਦੇ ਰਹਿਮੋ-ਕਰਮ ਦਾ ਕਮਾਲ ਹੈ, ਕਿੱਥੇ 15 ਕਦਮ ਤੁਰਦੇ ਸਨ। ਇਹ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਪਹਿਲਾਂ ਪਤਾ ਲੱਗਿਆ, ਇਹ ਉਹ ਜਾਣੇ, ਉਨ੍ਹਾਂ ਨੇ ਕੀ ਕੀਤਾ, ਉਨ੍ਹਾਂ ਦੇ ਪਿਆਰ ਨੇ ਕੀ ਕੀਤਾ, ਉਨ੍ਹਾਂ ਦੀ ਮੁਹੱਬਤ ਨੇ ਕੀ ਕੀਤਾ ਅਸੀਂ ਤਾਂ ਦਿਨ-ਰਾਤ ਉਨ੍ਹਾਂ ਦੇ ਦਰਸ਼-ਦੀਦਾਰ ਲਈ ਬੈਠੇ ਰਹਿੰਦੇ ਸੀ ਕਿ ਦਰਸ਼-ਦੀਦਾਰ ਹੋਣ, ਕਿਵੇਂ ਹੋਣ, ਕਿਵੇਂ ਝਲਕ ਮਿਲੇ ਤਾਂ ਉਹ ਮੁਰਸ਼ਿਦੇ-ਕਾਮਿਲ ਦੀ ਰਹਿਮਤ, ਦਇਆ-ਮਿਹਰ ਜਿਸ ਦਾ ਕੋਈ ਲਿਖ-ਬੋਲ ਕੇ ਵਰਣਨ ਨਹੀਂ ਕੀਤਾ ਜਾ ਸਕਦਾ। ਅਸੀਂ ਤਾਂ ਸਿਰਫ਼ ਸੂਰਜ ਨੂੰ ਦੀਵਾ ਵਿਖਾਉਣ ਵਾਂਗ ਤੁਹਾਡੇ ਨਾਲ ਚਰਚਾ ਕੀਤੀ ਹੈ। ਕਰਵਾਉਣ ਵਾਲਾ ਉਹੀ ਹੈ ਸੱਚਾ ਮੁਰਸ਼ਿਦੇ-ਕਾਮਿਲ।