Naturopathy

ਨੈਚੁਰੋਪੈਥੀ ਯੋਗ, ਖੁਰਾਕ ਤੇ ਪੰਚਕਰਮ ਸਮੇਤ 9ਇਲਾਜ ਵਿਧੀਆਂ

ਨੈਚੁਰੋਪੈਥੀ ਇੱਕ ਕੁਦਰਤੀ ਇਲਾਜ ਪ੍ਰਣਾਲੀ ਹੈ, ਜਿਸ ਵਿੱਚ ਸਰੀਰ ਨੂੰ ਬਿਨਾਂ ਦਵਾਈਆਂ ਦੇ ਸਿਹਤਮੰਦ ਰੱਖਣ ’ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਦਾ ਮੰਨਣਾ ਹੈ ਕਿ ਸਾਡਾ ਸਰੀਰ ਆਪਣੇ-ਆਪ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ, ਬੱਸ ਲੋੜ ਹੈ ਸਹੀ ਖੁਰਾਕ, ਸਹੀ ਰੁਟੀਨ ਅਤੇ ਕੁਦਰਤੀ ਇਲਾਜਾਂ ਦੀ। ਨੈਚੁਰੋਪੈਥੀ ਵਿੱਚ ਰੋਗ ਨੂੰ ਦਬਾਉਣ ਦੀ ਬਜਾਏ ਉਸ ਦੀ ਜੜ੍ਹ ਨੂੰ ਸਮਝ ਕੇ ਇਲਾਜ ਕੀਤਾ ਜਾਂਦਾ ਹੈ। ਇਸ ਵਿੱਚ ਖੁਰਾਕ, ਯੋਗ, ਪਾਣੀ, ਮਿੱਟੀ ਅਤੇ ਹੋਰ ਕੁਦਰਤੀ ਤਰੀਕਿਆਂ ਨਾਲ ਸਰੀਰ, ਮਨ ਅਤੇ ਜੀਵਨ ਸ਼ੈਲੀ ਨੂੰ ਸੰਤੁਲਿਤ ਕੀਤਾ ਜਾਂਦਾ ਹੈ।

ਖੁਰਾਕ ਚਿਕਿੱਤਸਾ:

ਖੁਰਾਕ ਚਿਕਿੱਤਸਾ ਨੈਚੁਰੋਪੈਥੀ ਦੀ ਸਭ ਤੋਂ ਮੁੱਢਲੀ ਅਤੇ ਅਸਰਦਾਰ ਵਿਧੀ ਮੰਨੀ ਜਾਂਦੀ ਹੈ। ਇਸ ਵਿੱਚ ਭੋਜਨ ਨੂੰ ਹੀ ਦਵਾਈ ਦਾ ਦਰਜਾ ਦਿੱਤਾ ਜਾਂਦਾ ਹੈ। ਮਰੀਜ਼ ਦੀ ਉਮਰ, ਕੰਮ ਦੀ ਪ੍ਰਕਿਰਤੀ, ਪਾਚਨ ਸਮਰੱਥਾ ਅਤੇ ਰੋਗ ਦੀ ਕਿਸਮ ਨੂੰ ਧਿਆਨ ਵਿੱਚ ਰੱਖ ਕੇ ਉਸ ਦੀ ਖੁਰਾਕ ਤੈਅ ਕੀਤੀ ਜਾਂਦੀ ਹੈ। ਇਸ ਵਿਧੀ ਵਿੱਚ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਪੁੰਗਰੇ ਅਨਾਜ, ਸਾਬਤ ਅਨਾਜ ਅਤੇ ਕੁਦਰਤੀ ਪੀਣ ਵਾਲੇ ਪਦਾਰਥਾਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਜ਼ਿਆਦਾ ਤਲੇ-ਭੁੱਜੇ, ਰਿਫਾਇੰਡ, ਪ੍ਰੋਸੈੱਸਡ ਅਤੇ ਰਸਾਇਣਕ ਚੀਜ਼ਾਂ ਵਾਲੇ ਭੋਜਨ ਤੋਂ ਦੂਰੀ ਰੱਖੀ ਜਾਂਦੀ ਹੈ। ਸਹੀ ਖੁਰਾਕ ਪਾਚਨ ਤੰਤਰ ਨੂੰ ਮਜ਼ਬੂਤ ਕਰਦੀ ਹੈ, ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ ਦੂਰ ਕਰਦੀ ਹੈ ਅਤੇ ਰੋਗ-ਰੋਕੂ ਸਮਰੱਥਾ ਨੂੰ ਵਧਾਉਂਦੀ ਹੈ। ਲੰਮੇ ਸਮੇਂ ਤੱਕ ਸੰਤੁਲਿਤ ਕੁਦਰਤੀ ਖੁਰਾਕ ਅਪਣਾਉਣ ਨਾਲ ਸ਼ੂਗਰ, ਮੋਟਾਪਾ, ਕਬਜ਼, ਗੈਸ, ਹਾਈ ਬਲੱਡ ਪ੍ਰੈਸ਼ਰ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਵਿੱਚ ਸੁਧਾਰ ਦੇਖਿਆ ਜਾਂਦਾ ਹੈ।

ਜਲ ਚਿਕਿੱਤਸਾ:

ਜਲ ਚਿਕਿੱਤਸਾ ਵਿੱਚ ਪਾਣੀ ਨੂੰ ਇਲਾਜ ਦਾ ਜ਼ਰੀਆ ਬਣਾਇਆ ਜਾਂਦਾ ਹੈ। ਪਾਣੀ ਦੇ ਤਾਪਮਾਨ ਅਤੇ ਵਰਤੋਂ ਦੇ ਤਰੀਕੇ ਅਨੁਸਾਰ ਇਸ ਦਾ ਅਸਰ ਸਰੀਰ ’ਤੇ ਵੱਖੋ-ਵੱਖਰਾ ਹੁੰਦਾ ਹੈ। ਹੌਟ ਬਾਥ, ਕੋਲਡ ਬਾਥ, ਸਟੀਮ ਬਾਥ, ਹਿੱਪ ਬਾਥ, ਸਪਾਈਨਲ ਬਾਥ ਅਤੇ ਪੈਕ ਵਰਗੇ ਇਲਾਜ ਇਸ ਵਿੱਚ ਸ਼ਾਮਲ ਹਨ। ਠੰਢੇ ਪਾਣੀ ਦੀ ਵਰਤੋਂ ਨਾਲ ਸੋਜ ਅਤੇ ਦਰਦ ਘੱਟ ਹੁੰਦਾ ਹੈ, ਜਦੋਂਕਿ ਗਰਮ ਪਾਣੀ ਨਾਲ ਖੂਨ ਦਾ ਵਹਾਅ ਵਧੀਆ ਹੁੰਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਮਿਲਦਾ ਹੈ। ਜਲ ਚਿਕਿਤਸਾ ਦਾ ਮਕਸਦ ਸਰੀਰ ’ਚੋਂ ਜ਼ਹਿਰੀਲੇ ਤੱਤ ਬਾਹਰ ਕੱਢਣਾ ਅਤੇ ਚਮੜੀ, ਪਾਚਨ ਅਤੇ ਨਸਾਂ ਦੇ ਤੰਤਰ ਨੂੰ ਸਰਗਰਮ ਕਰਨਾ ਹੈ। ਇਹ ਵਿਧੀ ਨੀਂਦ ਨਾ ਆਉਣ, ਤਣਾਅ, ਜੋੜਾਂ ਦੇ ਦਰਦ, ਮੋਟਾਪਾ ਤੇ ਚਮੜੀ ਸੰਬੰਧੀ ਸਮੱਸਿਆਵਾਂ ਵਿੱਚ ਲਾਭਦਾਇਕ ਮੰਨੀ ਜਾਂਦੀ ਹੈ। ਨਿਯਮਤ ਅਤੇ ਸਹੀ ਤਰੀਕੇ ਨਾਲ ਜਲ ਚਿਕਿਤਸਾ ਅਪਣਾਉਣ ਨਾਲ ਸਰੀਰ ਵਿੱਚ ਤਾਜ਼ਗੀ, ਤਾਕਤ ਅਤੇ ਸੰਤੁਲਨ ਦਾ ਅਹਿਸਾਸ ਹੁੰਦਾ ਹੈ।

Also Read:  ਤੇਰੇ ਤੋਂ ਹੀ ਪੁੱਛਿਆ ਜਾਇਆ ਕਰੇਗਾ -ਸਤਿਸੰਗੀਆਂ ਦੇ ਅਨੁਭਵ

ਮਿੱਟੀ ਚਿਕਿਤਸਾ:

ਮਿੱਟੀ ਚਿਕਿਤਸਾ ਕੁਦਰਤ ਦੇ ਸਭ ਤੋਂ ਪੁਰਾਣੇ ਇਲਾਜ ਤਰੀਕਿਆਂ ਵਿੱਚੋਂ ਇੱਕ ਹੈ। ਇਸ ਵਿੱਚ ਸਾਫ਼ ਅਤੇ ਠੰਢੀ ਮਿੱਟੀ ਦਾ ਲੇਪ ਸਰੀਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਪੇਟ, ਅੱਖਾਂ, ਮੱਥੇ ਜਾਂ ਪੂਰੇ ਸਰੀਰ ’ਤੇ ਲਾਇਆ ਜਾਂਦਾ ਹੈ। ਮਿੱਟੀ ਵਿੱਚ ਮੌਜੂਦ ਖਣਿੱਜ ਤੱਤ ਸਰੀਰ ਦੀ ਵਾਧੂ ਗਰਮੀ ਨੂੰ ਸੋਖ ਲੈਂਦੇ ਹਨ, ਜਿਸ ਨਾਲ ਸੋਜ ਅਤੇ ਜਲਨ ਵਿੱਚ ਰਾਹਤ ਮਿਲਦੀ ਹੈ। ਇਹ ਚਮੜੀ ਰੋਗਾਂ, ਮੁਹਾਸਿਆਂ, ਐਲਰਜੀ, ਬੁਖਾਰ ਅਤੇ ਮਾਨਸਿਕ ਤਣਾਅ ਵਿੱਚ ਖਾਸ ਲਾਭਦਾਇਕ ਮੰਨੀ ਜਾਂਦੀ ਹੈ। ਮਿੱਟੀ ਦਾ ਲੇਪ ਖੂਨ ਦੇ ਵਹਾਅ ਨੂੰ ਸੰਤੁਲਿਤ ਕਰਦਾ ਹੈ ਅਤੇ ਸਰੀਰ ਨੂੰ ਠੰਢਕ ਦਿੰਦਾ ਹੈ। ਪੇਟ ’ਤੇ ਮਿੱਟੀ ਲਾਉਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਵਿੱਚ ਸੁਧਾਰ ਆਉਂਦਾ ਹੈ। ਨਿਯਮਤ ਮਿੱਟੀ ਚਿਕਿਤਸਾ ਲੈਣ ਨਾਲ ਸਰੀਰ ਕੁਦਰਤੀ ਤੌਰ ’ਤੇ ਸ਼ਾਂਤ, ਸੰਤੁਲਿਤ ਅਤੇ ਊਰਜਾਵਾਨ ਮਹਿਸੂਸ ਕਰਦਾ ਹੈ।

ਯੋਗ ਅਤੇ ਪ੍ਰਾਣਾਯਾਮ:

ਯੋਗ ਅਤੇ ਪ੍ਰਾਣਾਇਆਮ ਨੈਚੁਰੋਪੈਥੀ ਦਾ ਅਨਿੱਖੜਵਾਂ ਹਿੱਸਾ ਹਨ। ਯੋਗ ਆਸਣ ਸਰੀਰ ਦੀ ਲਚਕ ਵਧਾਉਂਦੇ ਹਨ, ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਅੰਗਾਂ ਦੀ ਕਾਰਜ-ਸਮਰੱਥਾ ਸੁਧਾਰਦੇ ਹਨ। ਪ੍ਰਾਣਾਯਾਮ ਰਾਹੀਂ ਸਾਹ ਪ੍ਰਕਿਰਿਆ ਕੰਟਰੋਲ ਹੁੰਦੀ ਹੈ, ਜਿਸ ਨਾਲ ਫੇਫੜਿਆਂ ਦੀ ਸਮਰੱਥਾ ਵਧਦੀ ਹੈ ਅਤੇ ਮਾਨਸਿਕ ਤਣਾਅ ਘੱਟ ਹੁੰਦਾ ਹੈ। ਧਿਆਨ (ਮੈਡੀਟੇਸ਼ਨ) ਮਨ ਨੂੰ ਸਥਿਰ ਅਤੇ ਇਕਾਗਰ ਬਣਾਉਂਦਾ ਹੈ। ਨਿਯਮਤ ਯੋਗ ਅਭਿਆਸ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਡਿਪ੍ਰੈਸ਼ਨ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਵਿੱਚ ਸਕਾਰਾਤਮਕ ਬਦਲਾਅ ਦੇਖਿਆ ਜਾਂਦਾ ਹੈ।

ਵਰਤ ਚਿਕਿੱਤਸਾ:

ਵਰਤ ਚਿਕਿੱਤਸਾ ਵਿੱਚ ਨਿਯੰਤਰਿਤ ਅਤੇ ਵਿਗਿਆਨਕ ਤਰੀਕੇ ਨਾਲ ਭੋਜਨ ਤੋਂ ਕੁਝ ਸਮੇਂ ਲਈ ਵਿਰਾਮ ਦਿੱਤਾ ਜਾਂਦਾ ਹੈ। ਇਸ ਦਾ ਮਕਸਦ ਪਾਚਨ ਤੰਤਰ ਨੂੰ ਆਰਾਮ ਦੇਣਾ ਅਤੇ ਸਰੀਰ ਦੀ ਸਵੈ-ਇਲਾਜ ਪ੍ਰਕਿਰਿਆ ਨੂੰ ਸਰਗਰਮ ਕਰਨਾ ਹੈ। ਵਰਤ ਦੌਰਾਨ ਸਰੀਰ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲੱਗਦਾ ਹੈ। ਇਹ ਪੂਰਨ ਵਰਤ, ਫਲ ਵਰਤ ਜਾਂ ਤਰਲ ਖੁਰਾਕ ਵਰਤ ਦੇ ਰੂਪ ’ਚ ਕੀਤਾ ਜਾ ਸਕਦਾ ਹੈ। ਮਾਹਿਰ ਦੀ ਨਿਗਰਾਨੀ ਹੇਠ ਰੱਖਿਆ ਗਿਆ ਵਰਤ ਸੁਰੱਖਿਅਤ ਅਤੇ ਲਾਭਦਾਇਕ ਹੁੰਦਾ ਹੈ। ਇਸ ਨਾਲ ਮੋਟਾਪਾ, ਪਾਚਨ ਵਿਗਾੜ, ਐਲਰਜੀ ਅਤੇ ਥਕਾਵਟ ਵਿੱਚ ਸੁਧਾਰ ਦੇਖਿਆ ਜਾਂਦਾ ਹੈ। ਵਰਤ ਸਰੀਰ ਨੂੰ ਹੌਲਾਪਣ, ਮਾਨਸਿਕ ਸਪੱਸ਼ਟਤਾ ਅਤੇ ਊਰਜਾ ਪ੍ਰਦਾਨ ਕਰਦਾ ਹੈ। ਹਾਲਾਂਕਿ ਇਸ ਨੂੰ ਆਪਣੇ-ਆਪ ਨਹੀਂ ਕਰਨਾ ਚਾਹੀਦਾ, ਸਗੋਂ ਮਾਹਿਰ ਦੀ ਸਲਾਹ ਨਾਲ ਕਰਨਾ ਜ਼ਰੂਰੀ ਹੈ।

Also Read:  ਖਰੀਦਦਾਰੀ ’ਚ ਮੁੱਲ-ਭਾਅ ਦੀ ਕਲਾ, ਪੈਸੇ ਅਤੇ ਸਮਾਂ ਦੋਵੇਂ ਹੀ ਬਚਣਗੇ

ਮਾਲਸ਼ ਚਿਕਿਤਸਾ:

ਮਾਲਿਸ਼ ਚਿਕਿਤਸਾ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਆਰਾਮ ਦੇਣ ਵਾਲੀ ਅਸਰਦਾਰ ਵਿਧੀ ਹੈ। ਇਸ ਵਿੱਚ ਤੇਲ ਨਾਲ ਜਾਂ ਬਿਨਾਂ ਤੇਲ ਦੇ ਹੱਥਾਂ ਨਾਲ ਸਰੀਰ ਦੀਆਂ ਮਾਸਪੇਸ਼ੀਆਂ ’ਤੇ ਦਬਾਅ ਦਿੱਤਾ ਜਾਂਦਾ ਹੈ। ਇਸ ਨਾਲ ਖੂਨ ਦਾ ਪ੍ਰਵਾਹ ਬਿਹਤਰ ਹੁੰਦਾ ਹੈ, ਮਾਸਪੇਸ਼ੀਆਂ ਦੀ ਜਕੜਨ ਦੂਰ ਹੁੰਦੀ ਹੈ ਅਤੇ ਤਣਾਅ ਘੱਟ ਹੁੰਦਾ ਹੈ। ਮਾਲਿਸ਼ ਨਾੜੀ ਤੰਤਰ ਨੂੰ ਸ਼ਾਂਤ ਕਰਦੀ ਹੈ ਅਤੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਂਦੀ ਹੈ। ਇਹ ਵਿਧੀ ਖਾਸ ਤੌਰ ’ਤੇ ਪਿੱਠ ਦਰਦ, ਗਰਦਨ ਦਰਦ, ਥਕਾਵਟ ਅਤੇ ਮਾਨਸਿਕ ਤਣਾਅ ਵਿੱਚ ਲਾਭਦਾਇਕ ਮੰਨੀ ਜਾਂਦੀ ਹੈ। ਨਿਯਮਤ ਮਾਲਿਸ਼ ਨਾਲ ਸਰੀਰ ਵਿੱਚ ਲਚਕ ਵਧਦੀ ਹੈ ਅਤੇ ਕੰਮ ਕਰਨ ਦੀ ਸਮਰੱਥਾ ਵਧਦੀ ਹੈ।

ਐਕਿਊਪੰਕਚਰ:

ਐਕਿਊਪੰਕਚਰ ਇੱਕ ਸਹਾਇਕ ਕੁਦਰਤੀ ਇਲਾਜ ਵਿਧੀ ਹੈ, ਜਿਸ ਵਿੱਚ ਸਰੀਰ ਦੇ ਖਾਸ ਊਰਜਾ ਬਿੰਦੂਆਂ ’ਤੇ ਬਹੁਤ ਪਤਲੀਆਂ ਸੂਈਆਂ ਵਰਤੀਆਂ ਜਾਂਦੀਆਂ ਹਨ। ਇਸ ਦਾ ਮਕਸਦ ਸਰੀਰ ਦੀ ਊਰਜਾ ਦੇ ਪ੍ਰਵਾਹ ਨੂੰ ਸੰਤੁਲਿਤ ਕਰਨਾ ਹੈ। ਇਹ ਵਿਧੀ ਦਰਦ ਕੰਟਰੋਲ ਵਿੱਚ ਖਾਸ ਅਸਰਦਾਰ ਮੰਨੀ ਜਾਂਦੀ ਹੈ। ਮਾਈਗ੍ਰੇਨ, ਜੋੜਾਂ ਦੇ ਦਰਦ, ਪਿੱਠ ਦਰਦ, ਗੋਡਾ ਦਰਦ, ਨਸਾਂ ਸੰਬੰਧੀ ਸਮੱਸਿਆਵਾਂ ਅਤੇ ਤਣਾਅ ਵਿੱਚ ਰਾਹਤ ਦਿੰਦੀ ਹੈ। ਐਕਿਊਪੰਕਚਰ ਸਰੀਰ ਦੀ ਕੁਦਰਤੀ ਹੀਲਿੰਗ ਪ੍ਰਕਿਰਿਆ ਨੂੰ ਸਰਗਰਮ ਕਰਦਾ ਹੈ ਅਤੇ ਦਵਾਈਆਂ ’ਤੇ ਨਿਰਭਰਤਾ ਘੱਟ ਕਰਦਾ ਹੈ। ਸਿਖਲਾਈ ਪ੍ਰਾਪਤ ਮਾਹਿਰ ਵੱਲੋਂ ਕੀਤਾ ਗਿਆ ਐਕਿਊਪੰਕਚਰ ਸੁਰੱਖਿਅਤ ਅਤੇ ਅਸਰਦਾਰ ਮੰਨਿਆ ਜਾਂਦਾ ਹੈ।

ਫਿਜ਼ੀਓਥੈਰੇਪੀ:

ਫਿਜ਼ੀਓਥੈਰੇਪੀ ਮੁੱਖ ਤੌਰ ’ਤੇ ਮਾਸਪੇਸ਼ੀਆਂ, ਜੋੜਾਂ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਦੇ ਇਲਾਜ ’ਤੇ ਕੇਂਦਰਿਤ ਹੁੰਦੀ ਹੈ। ਇਸ ਵਿੱਚ ਖਾਸ ਕਸਰਤਾਂ, ਇਲੈਕਟ੍ਰੋੋਥੈਰੇਪੀ ਅਤੇ ਮੈਨੂਅਲ ਤਕਨੀਕਾਂ ਵਰਤੀਆਂ ਜਾਂਦੀਆਂ ਹਨ। ਸੱਟ, ਆੱਪਰੇਸ਼ਨ ਤੋਂ ਬਾਅਦ ਰਿਕਵਰੀ, ਗਠੀਆ, ਸਲਿੱਪ ਡਿਸਕ ਅਤੇ ਲਕਵੇ ਵਰਗੇ ਹਾਲਾਤਾਂ ਵਿੱਚ ਫਿਜ਼ੀਓਥੈਰੇਪੀ ਬਹੁਤ ਸਹਾਇਕ ਹੁੰਦੀ ਹੈ। ਇਹ ਸਰੀਰ ਦੀ ਗਤੀਸ਼ੀਲਤਾ ਸੁਧਾਰਦੀ ਹੈ ਅਤੇ ਦਰਦ ਘੱਟ ਕਰਦੀ ਹੈ। ਨੈਚੁਰੋਪੈਥੀ ਵਿੱਚ ਫਿਜ਼ੀਓਥੈਰੇਪੀ ਨੂੰ ਮੁੜ-ਵਸੇਬੇ ਅਤੇ ਲੰਬੇ ਸਮੇਂ ਦੇ ਸਿਹਤ ਸੁਧਾਰ ਲਈ ਵਰਤਿਆ ਜਾਂਦਾ ਹੈ।

ਪੰਚਕਰਮ:

ਪੰਚਕਰਮ ਆਯੁਰਵੇਦ ਅਧਾਰਿਤ ਸੋਧ ਚਿਕਿਤਸਾ ਹੈ, ਜਿਸ ਨੂੰ ਕਈ ਨੈਚੁਰੋਪੈਥੀ ਅਤੇ ਵੈਲਨੈੱਸ ਸੈਂਟਰਾਂ ਵਿੱਚ ਸਹਾਇਕ ਵਿਧੀ ਦੇ ਰੂਪ ’ਚ ਅਪਣਾਇਆ ਜਾਂਦਾ ਹੈ। ਇਸ ਦਾ ਮਕਸਦ ਸਰੀਰ ’ਚੋਂ ਜੰਮੇ ਦੋਸ਼ਾਂ ਅਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣਾ ਹੈ। ਪੰਚਕਰਮ ਰਾਹੀਂ ਪਾਚਨ, ਚਮੜੀ, ਸਾਹ ਅਤੇ ਨਾੜੀ ਤੰਤਰ ਨੂੰ ਸੰਤੁਲਿਤ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਸਰੀਰ ਨੂੰ ਅੰਦਰੋਂ ਸਾਫ਼ ਕਰਕੇ ਲੰਮੇ ਸਮੇਂ ਦੇ ਸਿਹਤ ਲਾਭ ਪ੍ਰਦਾਨ ਕਰਦੀ ਹੈ। ਸਹੀ ਮਾਰਗਦਰਸ਼ਨ ਅਤੇ ਮਾਹਿਰ ਦੀ ਨਿਗਰਾਨੀ ਹੇਠ ਕੀਤਾ ਗਿਆ ਪੰਚਕਰਮ ਸਰੀਰਕ ਤਾਕਤ, ਮਾਨਸਿਕ ਸਪੱਸ਼ਟਤਾ ਅਤੇ ਰੋਗ-ਰੋਕੂ ਸਮਰੱਥਾ ਵਧਾਉਣ ਵਿੱਚ ਸਹਾਇਕ ਮੰਨਿਆ ਜਾਂਦਾ ਹੈ। -ਡਾ. ਰਵੀ ਕੁਮਾਰ  ਚੀਫ਼ ਮੈਡੀਕਲ ਅਫਸਰ -ਐੱਮਐੱਸਜੀ ਨੈਚੁਰੋਪੈਥੀ ਹਸਪਤਾਲ, ਸਰਸਾ