ਈਸ਼ਵਰ ਦੀ ਕਿਰਪਾ ਦੇ ਪਾਤਰ- ਈਸ਼ਵਰ ਦੀ ਨਜ਼ਰ ’ਚ ਉਹ ਲੋਕ ਉਸਦੀ ਕਿਰਪਾ ਦੇ ਪਾਤਰ ਹੁੰਦੇ ਹਨ ਜੋ ਸੱਚੇ ਮਨ ਨਾਲ ਅਤੇ ਲਗਨ ਨਾਲ ਉਸਦੀ ਭਗਤੀ ਕਰਦੇ ਹਨ ਦਿਆਲੂ ਪਰਉਪਕਾਰੀ ਸੱਜਣ ਲੋਕਾਂ ਨੂੰ ਉਹ ਖੁਦ ਪਸੰਦ ਕਰਦਾ ਹੈ ਜੋ ਲੋਕ ਛਲ-ਕਪਟ ਕਰਦੇ ਹਨ, ਕਾਲੇ ਦਿਲ ਵਾਲੇ ਹੁੰਦੇ ਹਨ, ਉਹ ਉਸਨੂੰ ਪਿਆਰੇ ਨਹੀਂ ਲੱਗਦੇ ਉਹ ਉਨ੍ਹਾਂ ਲੋਕਾਂ ਨੂੰ ਸਮੇਂ-ਸਮੇਂ ’ਤੇ ਸੁਧਰ ਜਾਣ ਲਈ ਚਿਤਾਵਨੀ ਦਿੰਦਾ ਰਹਿੰਦਾ ਹੈ ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਆਪਣੇ ਅਚਾਰ-ਵਿਹਾਰ ਨੂੰ ਸੁਧਾਰਨਾ ਚਾਹੁੰਦੇ ਹਨ ਜਾਂ ਨਹੀਂ।
ਕੁਝ ਦਿਨ ਪਹਿਲਾਂ ਵਟਸਅੱਪ ’ਤੇ ਇੱਕ ਸੰਤ-ਮਹਾਂਪੁਰਸ਼ ਦੀ ਕਥਾ ਪੜ੍ਹੀ ਸੀ ਜੋ ਬਹੁਤ ਪ੍ਰੇਰਕ ਸੀ ਇਸ ਵਿਚ ਉਹ ਇੱਕ ਦੇਵਦੂਤ ਦੀ ਡਾਇਰੀ ਦੇਖਦੇ ਹਨ ਜਿਸ ’ਚ ਉਨ੍ਹਾਂ ਦਾ ਨਾਂਅ ਈਸ਼ਵਰ ਦੇ ਪਿਆਰੇ ਲੋਕਾਂ ਦੀ ਸੂਚੀ ’ਚ ਸੀ ਇਸ ਕਥਾ ਨੂੰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਤੁਹਾਨੂੰ ਵੀ ਯਕੀਨਨ ਇਹ ਪਸੰਦ ਆਵੇਗੀ।
ਇੱਕ ਸੰਤ ਈਸ਼ਵਰ ਭਗਤੀ ’ਚ ਐਨੇ ਲੀਨ ਰਹਿੰਦੇ ਸਨ ਕਿ ਉਨ੍ਹਾਂ ਨੂੰ ਦੀਨ-ਦੁਨੀਆਂ ਦੀ ਕੋਈ ਖਬਰ ਨਹੀਂ ਰਹਿੰਦੀ ਸੀ ਉਨ੍ਹਾਂ ਦੇ ਮੁੱਖ-ਮੰਡਲ ’ਤੇ ਸਦਾ ਅਲੌਕਿਕ ਤੇਜ਼ ਝਲਕਦਾ ਸੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਦੂਰ-ਦੂਰ ਤੋਂ ਉਨ੍ਹਾਂ ਦੇ ਦਰਸ਼ਨਾਂ ਲਈ ਆਉਂਦੇ ਸਨ ਉਹ ਨਿਰਪੱਖ ਰਹਿ ਕੇ ਸਭ ਨੂੰ ਉਪਦੇਸ਼ ਦਿੰਦੇ ਸਨ। ਉਹ ਰੋਜ਼ਾਨਾ ਵਾਂਗ ਉਸ ਦਿਨ ਵੀ ਸੁਵੇਰੇ ਚਾਰ ਵਜੇ ਉੱਠ ਕੇ ਭਗਵਤ ਭਜਨ ਕਰਦੇ ਹੋਏ ਆਪਣੀ ਮਸਤੀ ’ਚ ਜਾ ਰਹੇ ਸਨ ਕਿ ਉਨ੍ਹਾਂ ਦੀ ਨਜ਼ਰ ਇੱਕ ਦੇਵਦੂਤ ’ਤੇ ਪਈ ਜਿਸ ਦੇ ਹੱਥ ’ਚ ਇੱਕ ਡਾਇਰੀ ਸੀ ਉਸ ਸੰਤ ਨੇ ਫਰਿਸ਼ਤੇ ਤੋਂ ਡਾਇਰੀ ਬਾਰੇ ਪੁੱਛਿਆ ਫਰਿਸ਼ਤੇ ਨੇ ਦੱਸਿਆ, ਡਾਇਰੀ ’ਚ ਉਨ੍ਹਾਂ ਲੋਕਾਂ ਦੇ ਨਾਂਅ ਹਨ ਜੋ ਈਸ਼ਵਰ ਨੂੰ ਯਾਦ ਕਰਦੇ ਹਨ।
ਸੰਤ ਦੇ ਮਨ ’ਚ ਡਾਇਰੀ ’ਚ ਆਪਣਾ ਨਾਂਅ ਦੇਖਣ ਦੀ ਇੱਛਾ ਹੋਈ ਫਰਿਸ਼ਤੇ ਨੇ ਉਨ੍ਹਾਂ ਨੂੰ ਡਾਇਰੀ ’ਚ ਆਪਣਾ ਨਾਂਅ ਦੇਖਣ ਲਈ ਦੇ ਦਿੱਤੀ ਜਦੋਂ ਉਨ੍ਹਾਂ ਨੇ ਡਾਇਰੀ ਖੋਲ੍ਹ ਕੇ ਦੇਖੀ ਤਾਂ ਉਨ੍ਹਾਂ ਦਾ ਨਾਂਅ ਉਸ ’ਚ ਕਿਤੇ ਵੀ ਨਹੀਂ ਸੀ ਸੰਤ ਥੋੜ੍ਹਾ ਮੁਸਕਰਾਉਂਦੇ ਹੋਏ ਆਪਣੀ ਮਸਤੀ ’ਚ, ਪ੍ਰਭੂ ਦਾ ਨਾਮ ਜਪਦੇ ਹੋਏ ਉੱਥੋਂ ਚਲੇ ਗਏ ਦੂਜੇ ਦਿਨ ਵੀ ਉਹੀ ਫਰਿਸ਼ਤਾ ਉਨ੍ਹਾਂ ਨੂੰ ਦਿਖਾਈ ਦਿੱਤਾ ਪਰ ਸੰਤ ਨੇ ਅਣਦੇਖਿਆ ਕਰ ਦਿੱਤਾ ਫਿਰ ਉਸ ਫਰਿਸ਼ਤੇ ਨੇ ਉਨ੍ਹਾਂ ਨੂੰ ਡਾਇਰੀ ਦੇਖਣ ਲਈ ਕਿਹਾ ਜਿਉਂ ਹੀ ਉਨ੍ਹਾਂ ਨੇ ਡਾਇਰੀ ਖੋਲ੍ਹੀ ਤਾਂ ਦੇਖਿਆ ਕਿ ਸਭ ਤੋਂ ਉੱਪਰ ਉਨ੍ਹਾਂ ਦਾ ਨਾਂਅ ਹੈ ਇਸ ’ਤੇ ਸੰਤ ਨੇ ਹੱਸ ਕੇ ਉਸ ਫਰਿਸ਼ਤੇ ਤੋਂ ਪੁੱਛਿਆ ਕਿ ਕੀ ਭਗਵਾਨ ਦੇ ਘਰ ਵੀ ਦੋ-ਦੋ ਡਾਇਰੀਆਂ ਹਨ? ਕੱਲ੍ਹ ਵਾਲੀ ਡਾਇਰੀ ’ਚ ਮੇਰਾ ਨਾਂਅ ਨਹੀਂ ਸੀ ਪਰ ਅੱਜ ਸਭ ਤੋਂ ਉੱਪਰ ਹੈ।
ਇਹ ਸੁਣਦੇ ਹੀ ਫਰਿਸਤੇ ਨੇ ਕਿਹਾ ਕਿ ਕੱਲ੍ਹ ਤੁਸੀਂ ਜੋ ਡਾਇਰੀ ਦੇਖੀ ਸੀ, ਉਸ ’ਚ ਉਨ੍ਹਾਂ ਲੋਕਾਂ ਦੇ ਨਾਂਅ ਸਨ ਜੋ ਈਸ਼ਵਰ ਨਾਲ ਪਿਆਰ ਕਰਦੇ ਹਨ ਅੱਜ ਵਾਲੀ ਡਾਇਰੀ ’ਚ ਉਨ੍ਹਾਂ ਲੋਕਾਂ ਦੇ ਨਾਂਅ ਹਨ ਜਿਨ੍ਹਾਂ ਨੂੰ ਈਸ਼ਵਰ ਖੁਦ ਪਿਆਰ ਕਰਦਾ ਹੈ ਐਨਾ ਸੁਣਦੇ ਹੀ ਸੰਤ ਰੋਣ ਲੱਗਾ ਅਤੇ ਬਹੁਤ ਸਮੇਂ ਤੱਕ ਸਿਰ ਝੁਕਾਈ ਖੜ੍ਹਾ ਰਿਹਾ ਰੋਂਦੇ ਹੋਏ ਉਹ ਕਹਿਣ ਲੱਗੇ, ‘ਮਾਲਕ ਜੇਕਰ ਮੈਂ ਕੱਲ੍ਹ ਤੇਰੇ ’ਤੇ ਜ਼ਰਾ ਜਿਹਾ ਵੀ ਅਵਿਸ਼ਵਾਸ ਕਰ ਲੈਂਦਾ ਤਾਂ ਮੇਰਾ ਨਾਂਅ ਕਿਤੇ ਨਾ ਹੁੰਦਾ ਮੇਰੀ ਥੋੜ੍ਹੀ ਜਿਹੀ ਸਹਿਣਸ਼ੀਲਤਾ ਦਾ ਤੂੰ ਮੈਨੂੰ ਅਭਾਗੇ ਨੂੰ ਐਨਾ ਵੱਡਾ ਇਨਾਮ ਦੇ ਦਿੱਤਾ ਤੂੰ ਸੱਚੀਂ ਬਹੁਤ ਦਿਆਲੂ ਹੈਂ ਮਾਲਕ! ਤੇਰੇ ਤੋਂ ਜ਼ਿਆਦਾ ਪਿਆਰ ਕਰਨ ਵਾਲਾ ਕੋਈ ਹੋਰ ਹੋ ਹੀ ਨਹੀਂ ਸਕਦਾ।
ਇਹ ਕਥਾ ਸਾਨੂੰ ਮਨੁੱਖਾਂ ਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਈਸ਼ਵਰ ਦਾ ਪਿਆਰਾ ਭਗਤ ਬਣਨ ਲਈ ਕਿਸੇ ਖਾਸ ਤਾਮ-ਝਾਮ ਦੀ ਲੋੜ ਨਹੀਂ ਪੈਂਦੀ, ਬੱਸ ਆਪਣੀ ਸੱਚੀ ਭਾਵਨਾ ਨਾਲ ਉਸਦਾ ਸਦਾ ਸਿਮਰਨ ਕਰਨਾ ਚਾਹੀਦੈ ਈਸ਼ਵਰ ਦੀ ਭਗਤੀ ਸੱਚੇ ਮਨ ਨਾਲ ਨਾ ਕਰਕੇ ਜੋ ਉਸਦਾ ਪ੍ਰਦਰਸ਼ਨ ਕਰਦੇ ਹਨ, ਉਹ ਪਰਮਾਤਮਾ ਦੇ ਨਾਲ ਨਹੀਂ, ਖੁਦ ਨਾਲ ਹੀ ਛਲ ਕਰਦੇ ਹਨ ਅਜਿਹੇ ਢੋਂਗੀ ਲੋਕਾਂ ਨੂੰ ਇਸ ਦੁਨੀਆਂ ਦੇ ਲੋਕ ਵੀ ਪਸੰਦ ਨਹੀਂ ਕਰਦੇ ਤਾਂ ਫਿਰ ਉਹ ਮਾਲਕ ਕਿਵੇਂ ਉਨ੍ਹਾਂ ਨੂੰ ਆਪਣਾ ਪਿਆਰਾ ਮੰਨ ਸਕਦਾ ਹੈ? ਈਸ਼ਵਰ ਦੀ ਭਗਤੀ ਕਰਨ ’ਚ ਆਪਣੇ ਅੰਤਿਮ ਸਾਹਾਂ ਤੱਕ ਡਟੇ ਰਹਿਣਾ ਚਾਹੀਦਾ ਹੈ ਆਪਣੇ ਮਨ ’ਚ ਪ੍ਰਭੂ ਪ੍ਰਤੀ ਪੂਰੀ ਆਸਥਾ ਅਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਬਰ ਦਾ ਲੜ ਭੁੱਲ ਕੇ ਵੀ ਨਹੀਂ ਛੱਡਣਾ ਚਾਹੀਦਾ ਦੇਰ-ਸਵੇਰ ਉਸਦੀ ਕਿਰਪਾ ਦੀ ਵਰਖਾ ਜ਼ਰੂਰ ਹੋਵੇਗੀ, ਇਹੀ ਸੱਚ ਹੈ।
-ਚੰਦਰ ਪ੍ਰਭਾ ਸੂਦ