ਬਿਨਾਂ ਕਹੀ ਗੱਲ -ਬਾਲ ਕਹਾਣੀ Unsaid thing -Children’s story
ਕੰਚਨਗੜ੍ਹ ਨਾਂਅ ਦੀ ਇੱਕ ਰਿਆਸਤ ਸੀ ਪਰ ਉਹ ਖੁਸ਼ਹਾਲ ਨਹੀਂ ਸੀ ਬਹੁਤ ਗਰੀਬੀ ਸੀ ਉਦੋਂ ਕੰਚਨਗੜ੍ਹ ’ਚ ਗਰੀਬ ਲੋਕ ਅਤੇ ਬੰਜਰ ਧਰਤੀ ਚਾਰੇ ਪਾਸੇ ਭੁੱਖਮਰੀ ਸੀ ਕੰਚਨਗੜ੍ਹ ਦੇ ਰਾਜਾ ਕੰਚਨਦੇਵ ਆਪਣੀ ਰਿਆਸਤ ਨੂੰ ਦੇਖ ਕੇ ਬਹੁਤ ਦੁਖੀ ਸਨ ਉਨ੍ਹਾਂ ਨੂੰ ਉਪਾਅ ਨਹੀਂ ਸੁੱਝ ਰਿਹਾ ਸੀ ਲੱਗਦਾ ਸੀ, ਰਿਆਸਤ ਕੁਝ ਦਿਨਾਂ ’ਚ ਮਿਟ ਜਾਵੇਗੀ ਕੰਚਨਗੜ੍ਹ ਦੇ ਲੋਕ ਰਿਆਸਤ ਛੱਡ ਕੇ ਕਿਤੇ ਚਲੇ ਜਾਣ ਦੀ ਸੋਚਿਆ ਕਰਦੇ
ਇੱਕ ਦਿਨ ਰਾਜਾ ਕੰਚਨਦੇਵ ਆਪਣੀ ਰਿਆਸਤ ਦੀ ਹਾਲਤ ਤੋਂ ਬਹੁਤ ਚਿੰਤਿਤ ਹੋ ਉੱਠੇ ਅਚਾਨਕ ਉਨ੍ਹਾਂ ਕੋਲ ਇੱਕ ਸਾਧੂ ਆਇਆ ਲੰਮੇ ਵਾਲ, ਭਗਵੇਂ ਕੱਪੜੇ ਰਾਜੇ ਨੇ ਉੱਠ ਕੇ ਸਾਧੂ ਨੂੰ ਪ੍ਰਣਾਮ ਕੀਤਾ
‘‘ਖੁਸ਼ ਰਹੋ ਬੇਟਾ!’’ ਸਾਧੂ ਨੇ ਰਾਜੇ ਨੂੰ ਅਸ਼ੀਰਵਾਦ ਦਿੱਤਾ ਕੰਚਨਦੇਵ ਨੇ ਸਾਧੂ ਨੂੰ ਆਪਣੀ ਰਿਆਸਤ ਬਾਰੇ ਦੱਸਿਆ ਕੁਝ ਕਰਨ ਦੀ ਅਰਜੋਈ ਕੀਤੀ ਸਾਧੂ ਮੁਸਕਰਾ ਕੇ ਬੋਲੇ, ‘‘ਕੰਚਨਗੜ੍ਹ ਸੱਚਮੁੱਚ ਕੰਚਨਗੜ੍ਹ ਹੈ ਇਸ ਦੇ ਹੇਠਾਂ ਸੋਨੇ ਦੀ ਖਾਨ ਹੈ’’ ਐਨਾ ਕਹਿ ਕੇ ਸਾਧੂ ਚਲੇ ਗਏ
ਰਾਜੇ ਨੇ ਖੁਦਾਈ ਕਰਵਾਈ ਉੱਥੇ ਸੋਨੇ ਦੀ ਖਾਨ ਨਿੱਕਲੀ ਬਹੁਤ ਸੋਨਾ ਸੀ ਉਸ ਖਾਨ ’ਚ ਰਾਜੇ ਦਾ ਖਜ਼ਾਨਾ ਸੋਨੇ ਨਾਲ ਭਰ ਗਿਆ ਰਾਜੇ ਨੇ ਆਪਣੇ ਰਾਜ ’ਚ ਜਗ੍ਹਾ-ਜਗ੍ਹਾ ਮੁਫਤ ਭੋਜਨ ਘਰ ਬਣਵਾਏ, ਦਵਾਖਾਨੇ ਖੁਲ੍ਹਵਾਏ, ਚਰਾਂਦਾਂ ਬਣਵਾ ਦਿੱਤੀਆਂ ਹੁਣ ਉੱਥੇ ਕੋਈ ਦੁਖੀ ਨਹੀਂ ਸੀ ਸਭ ਲੋਕ ਖੁਸ਼ ਸਨ, ਪਰ ਉਹ ਆਲਸੀ ਹੋ ਗਏ ਸਨ ਕੋਈ ਵੀ ਕੰਮ ਨਹੀਂ ਕਰਦਾ ਸੀ ਮੁਫਤ ਭੋਜਨ ਜੋ ਮਿਲਣ ਲੱਗਾ ਸੀ ਉਨ੍ਹਾਂ ਨੂੰ ਮੰਤਰੀ ਨੇ ਰਾਜੇ ਨੂੰ ਬਹੁਤ ਸਮਝਾਇਆ, ‘‘ਮਹਾਰਾਜ, ਲੋਕ ਆਲਸੀ ਹੁੰਦੇ ਜਾ ਰਹੇ ਹਨ ਉਨ੍ਹਾਂ ਨੂੰ ਕੰਮ ਦਿੱਤਾ ਜਾਵੇ’’ ਪਰ ਰਾਜੇ ਨੇ ਮੰਤਰੀ ਦੀ ਗੱਲ ਨੂੰ ਸੁਣ ਕੇ ਟਾਲ਼ ਦਿੱਤਾ ਕੰਚਨਗੜ੍ਹ ਨੂੰ ਖੁਸ਼ਹਾਲ ਦੇਖ ਕੇ ਗੁਆਂਢੀ ਰਿਆਸਤ ਦਾ ਰਾਜਾ ਸੜਨ (ਬਹੁਤ ਈਰਖਾ ਕਰਨ) ਲੱਗਾ ਸੀ ਅਚਾਨਕ ਗੁਆਂਢੀ ਰਾਜੇ ਨੇ ਕੰਚਨਗੜ੍ਹ ’ਤੇ ਚੜ੍ਹਾਈ ਕਰ ਦਿੱਤੀ ਮੰਗ ਕੀਤੀ, ‘‘ਜਾਂ ਤਾਂ ਸੋਨਾ ਦਿਓ ਜਾਂ ਲੜੋ’’
ਕੰਚਨਗੜ੍ਹ ਦੇ ਆਲਸੀ ਲੋਕਾਂ ਨੇ ਰਾਜੇ ਨੂੰ ਕਿਹਾ, ‘‘ਬਹੁਤ ਸੋਨਾ ਹੈ, ਕੁਝ ਦੇ ਦਿਓ ਬੇਕਾਰ ਖੂਨ ਕਿਉਂ ਡੋਲ੍ਹਿਆ ਜਾਵੇ?’’ ਰਾਜੇ ਨੇ ਲੋਕਾਂ ਦੀ ਗੱਲ ਮੰਨ ਲਈ ਸੋਨਾ ਦੇ ਦਿੱਤਾ ਕੁਝ ਦਿਨਾਂ ਬਾਅਦ ਗੁਆਂਢੀ ਰਾਜੇ ਨੇ ਫਿਰ ਕੰਚਨਗੜ੍ਹ ’ਤੇ ਚੜ੍ਹਾਈ ਕਰ ਦਿੱਤੀ ਇਸ ਵਾਰ ਉਸ ਦਾ ਲਾਲਚ ਹੋਰ ਵਧ ਗਿਆ ਸੀ ਇਸੇ ਤਰ੍ਹਾਂ ਉਸਨੇ ਕਈ ਵਾਰ ਕੰਚਨਗੜ੍ਹ ਤੋਂ ਸੋਨਾ ਲਿਆ ਇੱਕ ਦਿਨ ਮੰਤਰੀ ਨੇ ਕੰਚਨਦੇਵ ਨੂੰ ਘੁੰਮਣ ਲਈ ਕਿਹਾ ਉਹ ਰਾਜੇ ਨੂੰ ਸ਼ਹਿਰ ਤੋਂ ਪੂਰਬ ਵੱਲ ਬਣੇ, ਗੁਲਾਬ ਦੇ ਬਾਗ ਵੱਲ ਲੈ ਗਿਆ ਥੋੜ੍ਹੀ ਦੂਰ ਜਾਣ ’ਤੇ ਕੰਚਨਦੇਵ ਨੇ ਦੇਖਿਆ, ਮੈਦਾਨ ’ਚ ਦੂਰ ਤੱਕ ਦਾਣੇ ਖਿੱਲਰੇ ਹਨ ਕਾਫੀ ਕਬੂਤਰ ਉੱਥੇ ਦਾਣਾ ਚੁਗ ਰਹੇ ਹਨ ਪਰ ਇਹ ਕੀ? ਥੋੜ੍ਹੀ ਦੂਰ ਕੁਝ ਕਬੂਤਰ ਮਰੇ ਪਏ ਸਨ ਰਾਜੇ ਨੇ ਮਰੇ ਹੋਏ ਕਬੂਤਰਾਂ ਬਾਰੇ ਮੰਤਰੀ ਤੋਂ ਪੁੱਛਿਆ ਮੰਤਰੀ ਨੇ ਦੱਸਿਆ, ‘‘ਮਹਾਰਾਜ ਦੀ ਆਗਿਆ ਨਾਲ ਪੰਛੀਆਂ ਨੂੰ ਮੁਫਤ ਦਾਣਾ ਵੀ ਪਾਇਆ ਜਾਂਦਾ ਹੈ’’
‘‘ਫਿਰ ਇਹ ਕਬੂਤਰ ਮਰੇ ਕਿਵੇਂ?’’ ਕੰਚਨਦੇਵ ਨੇ ਮੰਤਰੀ ਤੋਂ ਪੁੱਛਿਆ ‘‘ਮਹਾਰਾਜ, ਇਨ੍ਹਾਂ ਨੂੰ ਸ਼ਿਕਾਰੀ ਪੰਛੀਆਂ ਨੇ ਮਾਰਿਆ ਹੈ ਸ਼ਿਕਾਰੀ ਪੰਛੀਆਂ ਨੂੰ ਇਹ ਪਤਾ ਹੈ ਕਿ ਕਬੂਤਰ ਦਾਣਾ ਚੁਗਣ ਇੱਥੇ ਆਉਂਦੇ ਹਨ’’ ਕੰਚਨਦੇਵ ਇਹ ਸੁਣ ਕੇ ਪ੍ਰੇਸ਼ਾਨ ਹੋ ਗਏ ਅਗਲੇ ਦਿਨ ਮੰਤਰੀ ਫਿਰ ਉਨ੍ਹਾਂ ਨੂੰ ਦੂਜੀ ਦਿਸ਼ਾ ਦਾ ਬਾਗ ਦਿਖਾਉਣ ਲੈ ਗਿਆ ਪਰ ਦੂਜੀ ਦਿਸ਼ਾ ’ਚ ਵੀ ਉਹੀ ਦ੍ਰਿਸ਼ ਸੀ ਰਾਜੇ ਨੇ ਮੰਤਰੀ ਤੋਂ ਪੁੱਛਿਆ, ਤਾਂ ਉਸਨੇ ਉੱਤਰ ਦਿੱਤਾ, ‘‘ਸ਼ਿਕਾਰੀ ਪੰਛੀ ਇਨ੍ਹਾਂ ਨੂੰ ਵੀ ਮਾਰ ਦਿੰਦੇ ਹਨ’’ ‘‘ਤਾਂ ਕਬੂਤਰ ਭੱਜਦੇ ਕਿਉਂ ਨਹੀਂ?’’ ‘‘ਭੱਜਦੇ ਹਨ, ਪਰ ਲਾਲਚ ਐਨਾ ਜ਼ਬਰਦਸਤ ਹੈ ਕਿ ਫਿਰ ਆ ਜਾਂਦੇ ਹਨ’’ ਮੰਤਰੀ ਨੇ ਰਾਜੇ ਨੂੰ ਦੱਸਿਆ ਰਾਜੇ ਨੇ ਮੰਤਰੀ ਨੂੰ ਕਿਹਾ, ‘‘ਦਾਣਾ ਪਾਉਣਾ ਬੰਦ ਕਰ ਦਿਓ’’ ਮੰਤਰੀ ਨੇ ਉਵੇਂ ਹੀ ਕੀਤਾ
ਅਗਲੇ ਦਿਨ ਰਾਜਾ ਫਿਰ ਘੁੰਮਣ ਗਿਆ ਦੇਖਿਆ, ਦਾਣਾ ਤਾਂ ਨਹੀਂ ਹੈ ਪਰ ਕਬੂਤਰ ਆ-ਜਾ ਰਹੇ ਹਨ ਉੱਡਦੇ ਹਨ, ਫਿਰ ਆ ਜਾਂਦੇ ਹਨ ਰਾਜੇ ਨੇ ਮੰਤਰੀ ਤੋਂ ਪੁੱਛਿਆ ਮੰਤਰੀ ਨੇ ਕਿਹਾ, ‘‘ਮਹਾਰਾਜ, ਇਨ੍ਹਾਂ ਨੂੰ ਬਿਨਾਂ ਕੋਸ਼ਿਸ਼ ਦੇ ਹੀ ਦਾਣਾ ਮਿਲ ਰਿਹਾ ਸੀ ਇਹ ਹੁਣ ਦਾਣੇ-ਚੋਗੇ ਦੀ ਤਲਾਸ਼ ਦੀ ਆਦਤ ਭੁੱਲ ਚੁੱਕੇ ਹਨ ਆਲਸੀ ਹੋ ਗਏ ਹਨ ਸ਼ਿਕਾਰੀ ਪੰਛੀ ਇਸ ਗੱਲ ਨੂੰ ਜਾਣਦੇ ਹਨ, ਕਿ ਕਬੂਤਰ ਤਾਂ ਇੱਥੇ ਆਉਣਗੇ ਉਹ ਅਸਾਨੀ ਨਾਲ ਇਨ੍ਹਾਂ ਨੂੰ ਮਾਰ ਦਿੰਦੇ ਹਨ’’
ਰਾਜਾ ਸੋਚ ’ਚ ਪੈ ਗਏ ਸ਼ਾਮ ਨੂੰ ਉਨ੍ਹਾਂ ਨੇ ਮੰਤਰੀ ਨੂੰ ਸੱਦਿਆ ਤੇ ਕਿਹਾ, ‘‘ਸ਼ਹਿਰ ਦੇ ਸਾਰੇ ਮੁਫਤ ਭੋਜਨ ਘਰ ਬੰਦ ਕਰਵਾ ਦਿਓ ਜੋ ਮਿਹਨਤ ਕਰਨ, ਉਹੀ ਖਾਣ ਲੋਕ ਨਿਕੰਮੇ ਹੁੰਦੇ ਜਾ ਰਹੇ ਹਨ ਅਤੇ ਹਾਂ, ਇੱਕ ਗੱਲ ਹੋਰ, ਮੈਂ ਹੁਣ ਦੁਸ਼ਮਣ ਦੇ ਸੋਨਾ ਮੰਗਣ ’ਤੇ ਸੋਨਾ ਨਹੀਂ ਦੇਵਾਂਗਾ, ਲੜਾਂਗਾ ਜਾਓ, ਸੈਨਾ ਨੂੰ ਮਜ਼ਬੂਤ ਕਰੋ’’ ਮੰਤਰੀ ਰਾਜੇ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਬੋਲਿਆ, ‘‘ਮਹਾਰਾਜ, ਮੈਂ ਤਾਂ ਬਹੁਤ ਦਿਨਾਂ ਤੋਂ ਇਹੀ ਗੱਲ ਕਹਿਣਾ ਚਾਹੁੰਦਾ ਸੀ ਪਰ ਤੁਹਾਡੇ ਕਰੋਧ ਦੇ ਡਰ ਨਾਲ ਚੁੱਪ ਰਿਹਾ’’ ਸੁਣ ਕੇ ਰਾਜਾ ਹੱਸ ਪਏ ਅਤੇ ਬੋਲੇ, ‘‘ਤੁਹਾਨੂੰ ਮੰਨ ਗਏ ਤੁਸੀਂ ਬਿਨਾਂ ਕਹੇ ਵੀ ਆਪਣੀ ਗੱਲ ਖੂਬ ਕਹਿਣਾ ਜਾਣਦੇ ਹੋ’’
-ਨਰਿੰਦਰ ਦੇਵਾਂਗਣ