ਜ਼ਰੂਰੀ ਹੈ ਰਸੋਈ ’ਚ ਟਾਈਮ ਐਂਡ ਸਪੇਸ ਮੈਨੇਜਮੈਂਟ: ਵੱਡੇ ਸ਼ਹਿਰਾਂ ’ਚ ਹੁਣ ਘਰ ਛੋਟੇ ਹੁੰਦੇ ਜਾ ਰਹੇ ਹਨ ਕਿਉਂਕਿ ਵੱਡੇ ਸ਼ਹਿਰਾਂ ’ਚ ਆਸ-ਪਾਸ ਪਿੰਡਾਂ ਦੇ ਲੋਕ ਵੀ ਰੁਜ਼ਗਾਰ ਲੱਭਣ ਲਈ ਸ਼ਹਿਰ ਆ ਜਾਂਦੇ ਹਨ ਅਜਿਹੇ ’ਚ ਰਿਹਾਇਸ਼ੀ ਸਮੱਸਿਆ ਵੱਧਦੀ ਜਾ ਰਹੀ ਹੈ ਹੁਣ ਵੱਡੇ ਘਰਾਂ ਦੀ ਥਾਂ ਛੋਟੇ ਮਲਟੀ ਸਟੋਰੀ ਫਲੈਟਾਂ ਨੇ ਲੈ ਲਈ ਹੈ ਸਾਂਝੇ ਪਰਿਵਾਰ ਵੀ ਖਿੱਲਰ ਕੇ ਸਿੰਗਲ ਪਰਿਵਾਰ ’ਚ ਸਿਮਟਦੇ ਜਾ ਰਹੇ ਹਨ।
ਛੋਟੇ ਫਲੈਟਾਂ ’ਚ ਬੈਡ ਰੂਮ, ਰਸੋਈ, ਡ੍ਰਾਇੰਗ ਰੂਮ ਸਭ ਛੋਟੇ ਆਕਾਰ ਦੇ ਹੁੰਦੇ ਹਨ ਵੱਡੇ ਸ਼ਹਿਰਾਂ ’ਚ ਔਰਤਾਂ ਵੀ ਜ਼ਿਆਦਾਤਰ ਕੰਮਕਾਜੀ ਹੁੰਦੀਆਂ ਹਨ ਭੱਜ-ਦੌੜ ਦੇ ਯੁੱਗ ’ਚ ਹਰ ਕਿਸੇ ਕੋਲ ਸਮੇਂ ਦੀ ਕਮੀ ਹੈ ਅਜਿਹੇ ’ਚ ਜ਼ਿਆਦਾ ਸਮੱਸਿਆਵਾਂ ਨਾਲ ਔਰਤ ਨੂੰ ਹੀ ਜੂਝਣਾ ਪੈਂਦਾ ਹੈ ਕਿਉਂਕਿ ਉਸ ’ਤੇ ਦੂਹਰੀ ਜਿੰਮੇਵਾਰੀ ਜੋ ਆਣ ਪੈਂਦੀ ਹੈ ਜੇਕਰ ਤੁਸੀਂ ਥੋੜ੍ਹੀ ਜਿਹੀ ਸਮਝਦਾਰੀ ਵਰਤੋ ਤਾਂ ਤੁਸੀਂ ਉਸ ਛੋਟੇ ਜਿਹੇ ਘਰ ਨੂੰ ਚੰਗੀ ਤਰ੍ਹਾਂ ਮੈਨੇਜ਼ ਕਰ ਸਕਦੇ ਹੋ।
ਬੱਸ ਅਪਣਾਓ ਟਾਈਮ ਮੈਨੇਜਮੈਂਟ ਅਤੇ ਸਪੇਸ ਮੈਨੇਜ਼ਮੈਂਟ ਦੇ ਫਾਰਮੂਲੇ ਨੂੰ
- ਦਾਲ-ਚੌਲ ਪਕਾਉਣ ਤੋਂ ਕੁਝ ਸਮਾਂ ਪਹਿਲਾਂ ਭਿਉਂ ਦੇਣ ਨਾਲ ਸਮੇਂ ਤੇ ਗੈਸ ਦੋਵਾਂ ਦੀ ਬੱਚਤ ਹੋਵੇਗੀ ਜੋ ਖਾਣੇ ਅਤੇ ਨਾਸ਼ਤੇ ’ਚ ਬਣਾਉਣਾ ਹੋਵੇ, ਉਸਨੂੰ ਇੱਕ ਰਾਤ ਪਹਿਲਾਂ ਪਲੈਨ ਕਰ ਲਓ ਇਸ ਨਾਲ ਸਵੇਰੇ-ਸ਼ਾਮ ਸੋਚਣ ਦਾ ਸਮਾਂ ਵੀ ਬਚੇਗਾ ਅਤੇ ਉਸ ਹਿਸਾਬ ਨਾਲ ਤਿਆਰੀ ਕਰਨ ’ਚ ਦਿਮਾਗ ਵੀ ਖਰਾਬ ਨਹੀਂ ਹੋਵੇਗਾ।
- ਭਾਂਡਿਆਂ ਨੂੰ ਖਾਣੇ ਦੀ ਮਾਤਰਾ ਅਨੁਸਾਰ ਪ੍ਰਯੋਗ ਵਿਚ ਲਿਆਓ ਤਾਂ ਕਿ ਪਾਣੀ, ਗੈਸ ਅਤੇ ਸਮਾਂ ਸਭ ਨੂੰ ਬਚਾਇਆ ਜਾ ਸਕੇ।
- ਦਾਲ ਬਣਾਉਂਦੇ ਸਮੇਂ ਪਹਿਲਾਂ ਹੀ ਘਿਓ ਜਾਂ ਮੱਖਣ ’ਚ ਜੀਰਾ, ਟਮਾਟਰ, ਪਿਆਜ, ਅਦਰਕ ਭੁੰਨ੍ਹ ਕੇ ਦਾਲ ਪਾਓ ਤਾਂ ਕਿ ਤੜਕੇ ’ਚ ਅਲੱਗ ਸਮਾਂ ਖਰਾਬ ਨਾ ਹੋਵੇ ਅਤੇ ਭਾਂਡੇ ਵੀ ਘੱਟ ਜੂਠੇ ਹੋਣ ਪਹਿਲਾਂ ਦਾਲ ਭਿਉਂ ਦਿਓ।
- ਜੇਕਰ ਮਹਿਮਾਨਾਂ ਨੇ ਪਹਿਲਾਂ ਸੂਚਿਤ ਕਰਕੇ ਆਉਣਾ ਹੋਵੇ ਤਾਂ ਮੈਨਿਊ ਪਹਿਲਾਂ ਤਿਆਰ ਕਰ ਲਓ ਤਾਂ ਕਿ ਸੋਚਣ ਦਾ ਸਮਾਂ ਬਚ ਸਕੇ ਅਤੇ ਬਾਜ਼ਾਰੋਂ ਪਹਿਲਾਂ ਸਭ ਅਰੇਂਜ ਕਰਕੇ ਰੱਖ ਲਓ ਹੋ ਸਕੇ ਤਾਂ ਮਸਾਲੇ ਆਦਿ ਇੱਕ ਰਾਤ ਪਹਿਲਾਂ ਤਿਆਰ ਕਰਕੇ ਫਰਿੱਜ਼ ’ਚ ਰੱਖ ਦਿਓ ਸਲਾਦ ਸਮਾਂ ਰਹਿੰਦੇ ਕੱਟ ਕੇ ਟਪਰਵੇਅਰ ਡੱਬੇ ’ਚ ਰੱਖ ਕੇ ਸਟੋਰ ਕਰ ਲਓ।
- ਡੈਜ਼ਰਟ (ਮਿੱਠਾ) ਜੋ ਵੀ ਬਣਾਉਣਾ ਹੋਵੇ, ਉਸਨੂੰ ਠੰਢਾ ਕਰਨ ਲਈ ਕਾਫੀ ਸਮੇਂ ਦੀ ਜ਼ਰੂਰਤ ਪੈਂਦੀ ਹੈ ਉਸਨੂੰ ਪਹਿਲਾਂ ਪਲੈਨ ਕਰਕੇ ਤਿਆਰ ਕਰ ਲਓ ਜੇਕਰ ਸਮੇਂ ਦੀ ਕਮੀ ਹੈ ਤਾਂ ਕੁਝ ਮਿੱਠਾ ਬਾਜਾਰੋਂ ਮੰਗਵਾ ਕੇ ਰੱਖ ਲਓ।
- ਜੇਕਰ ਰਸੇਦਾਰ ਸਬਜ਼ੀ ਬਣਾਉਣੀ ਹੈ ਤਾਂ ਇੱਕ ਪਾਸੇ ਮਸਾਲਾ ਭੁੰਨ੍ਹੋ ਅਤੇ ਦੂਜੇ ਪਾਸੇ ਤਰੀ ਲਈ ਪਾਣੀ ਉੱਬਲਣ ਲਈ ਰੱਖ ਦਿਓ ਮਸਾਲਾ ਅਤੇ ਸਬਜੀ ਭੁੰਨ੍ਹੇ ਜਾਣ ’ਤੇ ਉੱਬਲਿਆ ਪਾਣੀ ਪਾ ਦਿਓ ਸਬਜ਼ੀ ਜਲਦੀ ਤਿਆਰ ਹੋ ਜਾਵੇਗੀ।
- ਟੀ.ਵੀ. ਆਦਿ ਦੇਖਦੇ ਸਮੇਂ ਮਟਰ ਛਿੱਲ ਕੇ ਰੱਖ ਦਿਓ ਸਬਜ਼ੀ ਕੱਟ ਕੇ ਫੂਡ ਗ੍ਰੈਡਿਡ ਪਲਾਸਟਿਕ ਥੈਲੀ ’ਚ ਰੱਖ ਦਿਓ ਜਾਂ ਟਾਈਟ ਡੱਬਿਆਂ ’ਚ ਰੱਖ ਦਿਓ ਦਾਲ, ਚੌਲ, ਮਸਾਲੇ ਵੀ ਪਹਿਲਾਂ ਤੋਂ ਹੀ ਸਾਫ ਕਰਕੇ ਡੱਬਿਆਂ ’ਚ ਭਰ ਕੇ ਰੱਖ ਦਿਓ ਤਾਂ ਕਿ ਬਣਾਉਂਦੇ ਸਮੇਂ ਸਮਾਂ ਬਚਾਇਆ ਜਾ ਸਕੇ ਪਿਆਜ, ਲਸਣ ਵੀ ਕੱਟ ਕੇ ਟਾਈਟ ਡੱਬਿਆਂ ’ਚ ਰੱਖ ਸਕਦੇ ਹੋ ਟਮਾਟਰ ਸਸਤੇ ਹੋਣ ’ਤੇ ਟਮੈਟੋ ਪਿਊਰੀ ਬਣਾ ਕੇ ਫਰਿੱਜ਼ ’ਚ ਰੱਖ ਦਿਓ ਚਾਹੋ ਤਾਂ ਬਰਫ ਜਮਾਉਣ ਵਾਲੀ ਟਰੇਅ ’ਚ ਟੋਮੈਟੋ ਪਿਊਰੀ ਭਰ ਦਿਓ, ਫਿਰ ਕਿਊਬਜ ਨੂੰ ਏਅਰਟਾਈਟ ਡੱਬੇ ’ਚ ਭਰ ਕੇ ਫਰਿੱਜ਼ਰ ’ਚ ਰੱਖ ਦਿਓ ਲੋੜ ਅਨੁਸਾਰ ਵਰਤਦੇ ਰਹੋ।
- ਮਾਚਿਸ, ਮੋਮਬੱਤੀ, ਲਾਈਟਰ, ਚਾਕੂ, ਕੈਂਚੀ, ਬੋਤਲ ਓਪਨਰ ਅਜਿਹੀ ਥਾਂ ’ਤੇ ਰੱਖੋ ਜਿੱਥੋਂ ਅਸਾਨੀ ਨਾਲ ਚੁੱਕ ਕੇ ਵਰਤੇ ਜਾ ਸਕਣ ਹੋ ਸਕੇ ਤਾਂ ਲਾਈਟਰ, ਕੈਂਚੀ, ਚਾਕੂ ਆਦਿ ਨੂੰ ਹੋਲਡਰ ’ਚ ਲਟਕਾ ਦਿਓ ਜਗ੍ਹਾ ਦੀ ਬੱਚਤ ਹੋਵੇਗੀ ਅਤੇ ਲੱਭਣ ’ਚ ਅਸਾਨੀ ਹੋਵੇਗੀ।
- ਰਸੋਈ ’ਚ ਗੈਸ ਚੁੱਲ੍ਹੇ ਦੇ ਹੇਠਾਂ ਛੋਟੀ ਸੈਲਫ ਬਣਵਾ ਲਓ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਨੂੰ ਉਸ ’ਚ ਰੱਖ ਸਕਦੇ ਹੋ।
- ਭਾਂਡਿਆਂ ਦਾ ਸਟੈਂਡ ਹਮੇਸ਼ਾ ਸਿੰਕ ਦੇ ਨਾਲ ਲਗਵਾਓ ਤਾਂ ਕਿ ਭਾਂਡੇ ਸਾਫ ਹੋਣ ਤੋਂ ਬਾਅਦ ਨਾਲ-ਨਾਲ ਸੰਭਲ ਜਾਣ ਭਾਂਡਿਆਂ ਵਾਲੇ ਸਟੈਂਡ ’ਤੇ ਬੱਚਿਆਂ ਦੇ ਟਿਫਨ ਰੱਖੋ ਤਾਂ ਕਿ ਸੁਬ੍ਹਾ-ਸਵੇਰੇ ਉਨ੍ਹਾਂ ਨੂੰ ਆਸਾਨੀ ਨਾਲ ਵਰਤੋਂ ’ਚ ਲਿਆਂਦਾ ਜਾ ਸਕੇ।
- ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਕੱਚ ਦੇ ਭਾਂਡੇ ਜਿਵੇਂ ਕੁਝ ਕੱਪ ਅਤੇ ਗਲਾਸ ਵੀ ਰਸੋਈ ’ਚ ਰੱਖੋ।
- ਪਲਾਸਟਿਕ ਰੈਕ ’ਚ ਪਿਆਜ, ਆਲੂ ਭਰ ਕੇ ਰੱਖ ਸਕਦੇ ਹੋ ਅਤੇ ਹਰ ਰੋਜ਼ ਵਰਤੋਂ ’ਚ ਆਉਣ ਵਾਲੇ ਸੁੱਕੇ ਮਸਾਲੇ ਵੀ ਰੱਖ ਸਕਦੇ ਹੋ ਖੰਡ, ਪੱਤੀ ਵੀ ਸੁੱਕੇ ਮਸਾਲਿਆਂ ਵਾਲੇ ਰੈਕ ’ਚ ਰੱਖੋ ਤਾਂ ਕਿ ਚਾਹ ਬਣਾਉਂਦੇ ਸਮੇਂ ਜਾਂ ਸਬਜ਼ੀ ਬਣਾਉਂਦੇ ਸਮੇਂ ਇੱਧਰ-ਉੱਧਰ ਲੱਭਣਾ ਨਾ ਪਵੇ।
- ਵੱਡੇ ਭਾਂਡਿਆਂ ਅਤੇ ਖੰਡ, ਚੌਲਾਂ ਦੇ ਡੱਬਿਆਂ ਨੂੰ ਪਿੱਛੇ ਰੱਖੋ ਲੋੜ ਪੈਣ ’ਤੇ ਉਨ੍ਹਾਂ ਨੂੰ ਕੱਢੋ ਰੋਜ਼ਾਨਾ ਦੀ ਲੋੜ ਅਨੁਸਾਰ ਉਨ੍ਹਾਂ ਨੂੰ ਛੋਟੇ ਡੱਬਿਆਂ ’ਚ ਰੱਖੋ।
- ਬਲੈਂਡਰ ਆਦਿ ਨੂੰ ਕੰਧ ’ਤੇ ਹੋਲਡਰ ’ਚ ਲਟਕਾ ਦਿਓ ਤਾਂ ਕਿ ਰਸੋਈ ਦੀ ਸਲੈਬ ਸਾਫ ਰਹੇ ਤਵਾ, ਚਕਲਾ, ਵੇਲਣਾ ਧੋ ਕੇ ਗੈਸ ਚੁੱਲ੍ਹੇ ਦੇ ਨਾਲ ਰੱਖੋ।
-ਨੀਤੂ ਗੁਪਤਾ