ਉਹ ਬਿਨਾਂ ਤਾਰਾਂ ਦੇ ਟੈਲੀਫੋਨ ਸੁਣਦਾ ਹੈ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਭੈਣ ਪਿਆਰੀ ਇੰਸਾਂ ਉਰਫ ਰਾਮ ਪਿਆਰੀ ਇੰਸਾਂ ਪਤਨੀ ਸਚਖੰਡ ਵਾਸੀ ਦੀਵਾਨ ਚੰਦ ਇੰਸਾਂ ਕੀਰਤੀ ਨਗਰ ਸਰਸਾ ਤੋਂ ਆਪਣੇ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀਆਂ ਆਪਣੇ ਨਾਲ ਬੀਤੀਆਂ ਕੁਝ ਅਲੌਕਿਕ ਘਟਨਾਵਾਂ ਦਾ ਜ਼ਿਕਰ ਕਰਦੀ ਹੈ:- Experiences of Satsangis
ਲਗਭਗ 1980 ਦੀ ਗੱਲ ਹੈ ਉਸ ਸਮੇਂ ਕਪਾਹ-ਨਰਮੇ ਦੀ ਚੁਗਾਈ ਦੀ ਸੇਵਾ ਚੱਲ ਰਹੀ ਸੀ ਸਰਸਾ ਸ਼ਹਿਰ ਦੀਆਂ ਅਸੀਂ ਪੰਜ-ਛੇ ਭੈਣਾਂ ਪੂਜਨੀਕ ਪਰਮਪਿਤਾ ਜੀ ਦੇ ਦਰਸ਼ਨਾਂ ਦੇ ਲਈ ਡੇਰਾ ਸੱਚਾ ਸੌਦਾ ਸਰਸਾ ਦਰਬਾਰ ’ਚ ਆਈਆਂ ਹੋਈਆਂ ਸੀ ਅਸੀਂ ਆਪਸ ’ਚ ਸਲਾਹ-ਮਸ਼ਵਰਾ ਕੀਤਾ ਕਿ ਆਪਾਂ ਭੱਠੇ ਵਾਲੇ ਖੇਤ ’ਚ ਨਰਮਾ ਚੁਗਣ ਦੇ ਲਈ ਚੱਲੀਏ ਉਹ ਖੇਤ ਸ਼ਾਹ ਮਸਤਾਨਾ ਜੀ ਧਾਮ ਤੋਂ ਲਗਭਗ ਇੱਕ ਕਿਲੋਮੀਟਰ ਦੀ ਦੂਰੀ ’ਤੇ ਹੈ ਅਸੀਂ ਪੈਦਲ ਚੱਲ ਕੇ ਖੇਤ ’ਚ ਪਹੁੰਚ ਗਈਆਂ ਅਤੇ ਨਰਮਾ ਚੁਗਣ ਲੱਗੀਆਂ ਫਿਰ ਸਾਨੂੰ ਖਿਆਲ ਆਇਆ ਕਿ ਸਾਨੂੰ ਦਰਬਾਰ ਦੇ ਲੰਗਰ ਘਰ ’ਚ ਦੱਸ ਕੇ ਆਉਣਾ ਚਾਹੀਦਾ ਸੀ।
ਕਿ ਅਸੀਂ ਖੇਤ ’ਚ ਨਰਮਾ ਚੁਗਣ ਲਈ ਜਾ ਰਹੀਆਂ ਹਾਂ ਅਤੇ ਜਦੋਂ ਅਸੀਂ ਦੱਸਿਆ ਹੀ ਨਹੀਂ ਤਾਂ ਸਾਡੇ ਲਈ ਚਾਹ-ਲੰਗਰ ਕਿੱਥੋਂ ਆਵੇਗਾ! ਅਸੀਂ ਪਛਤਾਵਾ ਕਰਨ ਲੱਗੀਆਂ ਕਿ ਸਾਨੂੰ ਦੱਸ ਕੇ ਆਉਣਾ ਚਾਹੀਦਾ ਸੀ ਫਿਰ ਅਸੀਂ ਆਪਸ ਵਿਚ ਸਲਾਹ-ਮਸ਼ਵਰਾ ਕਰਕੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਲਾਇਆ ਅਤੇ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਹਾਜ਼ਰ-ਨਾਜ਼ਰ ਮੰਨਦੇ ਹੋਏ ਅਰਦਾਸ ਕਰ ਦਿੱਤੀ ਕਿ ਪਿਤਾ ਜੀ, ਸਾਨੂੰ ਮਾਫ਼ ਕਰਨਾ, ਅਸੀਂ ਲੰਗਰ-ਘਰ ’ਚ ਦੱਸਣਾ ਭੁੱਲ ਗਈਆਂ ਪਿਤਾ ਜੀ, ਆਪ ਜੀ ਹੀ ਤੇਰਾਵਾਸ ਦੀ ਖਿੜਕੀ ਖੋਲ੍ਹ ਕੇ ਲੰਗਰ ਘਰ ਵਿਚ ਕਹਿ ਦਿਓ ਕਿ ਭੱਠੇ ਵਾਲੇ ਖੇਤ ਵਿਚ ਸੇਵਾਦਾਰ ਲਾਂਗਰੀ ਲੰਗਰ ਲੈ ਜਾਓ। ਅਰਦਾਸ ਦੇ ਕੁਝ ਸਮਾਂ ਬਾਅਦ ਹੀ ਸੇਵਾਦਾਰ ਲਾਂਗਰੀ ਚਾਹ। ਪਾਣੀ, ਲੱਸੀ ਅਤੇ ਲੰਗਰ ਲੈ ਕੇ ਭੱਠੇ ਵਾਲੇ ਖੇਤ ਪਹੁੰਚ ਗਏ ਉਹਨਾਂ ਸੇਵਾਦਾਰਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਪੂਜਨੀਕ ਪਰਮ ਪਿਤਾ ਜੀ ਨੇ ਲੰਗਰ-ਘਰ ’ਚ ਸੰਦੇਸ਼ ਭੇਜਿਆ ਕਿ ਛੇਤੀ ਤੋਂ ਛੇਤੀ ਚਾਹ, ਪਾਣੀ, ਲੱਸੀ, ਲੰਗਰ ਲੈ ਕੇ ਭੱਠੇ ਵਾਲੇ ਖੇਤ ਜਾਓ, ਉੱਥੇ ਬੀਬੀਆਂ ਨਰਮਾ ਚੁਗ ਰਹੀਆਂ ਹਨ।
ਐਨਾ ਸੁਣ ਕੇ ਸਾਨੂੰ ਬਹੁਤ ਖੁਸ਼ੀ ਹੋਈ ਫਿਰ ਸ਼ਾਮ ਨੂੰ ਜਦੋਂ ਅਸੀਂ ਵਾਪਸ ਦਰਬਾਰ ਵਿਚ ਆਈਆਂ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਪੁੱਛਿਆ, ‘‘ਬੇਟਾ! ਤੁਸੀਂ ਲੰਗਰ-ਘਰ ਵਿਚ ਦੱਸ ਕੇ ਕਿਉਂ ਨਹੀਂ ਗਈਆਂ?’’ ਅਸੀਂ ਸਾਰੀਆਂ ਭੈਣਾਂ ਨੇ ਪੂਜਨੀਕ ਪਰਮ ਪਿਤਾ ਜੀ ਤੋਂ ਮਾਫੀ ਮੰਗਦੇ ਹੋਏ ਕਿਹਾ ਕਿ ਪਿਤਾ ਜੀ, ਅਸੀਂ ਸਭ ਨੇ ਆਪ ਜੀ ਨੂੰ ਫਰਿਆਦ ਕੀਤੀ ਸੀ ਕਿ ਆਪ ਜੀ ਤੇਰਾਵਾਸ ਦੀ ਖਿੜਕੀ ਖੋਲ੍ਹ ਕੇ ਲਾਂਗਰੀਆਂ ਨੂੰ ਕਹਿ ਦਿਓ ਕਿ ਭੱਠੇ ਵਾਲੇ ਖੇਤ ਲੰਗਰ ਪਹੁੰਚਾ ਦਿਓ ਪੂਜਨੀਕ ਪਰਮ ਪਿਤਾ ਜੀ ਨੇ ਫੁਰਮਾਇਆ, ‘‘ਅਸੀਂ ਫਿਰ ਖਿੜਕੀ ਖੋਲ੍ਹ ਕੇ ਲਾਂਗਰੀਆਂ ਨੂੰ ਕਹਿ ਦਿੱਤਾ ਨਾ! ਆਇੰਦਾ ਵਾਸਤੇ ਐਸੀ ਗਲਤੀ ਨਹੀਂ ਕਰਨੀ ਲੰਗਰ-ਘਰ ਵਿਚ ਕਹਿ ਕੇ, ਦੱਸ ਕੇ ਜਾਣਾ ਹੈ ਉੱਥੇ ਚਾਹ-ਪਾਣੀ ਲੰਗਰ ਨਾ ਪਹੁੰਚਦਾ ਤਾਂ ਤੁਹਾਨੂੰ ਕਿੰਨੀ ਪ੍ਰੇਸ਼ਾਨੀ ਹੁੰਦੀ’’ ਇਸ ਤਰ੍ਹਾਂ ਪੂਜਨੀਕ ਪਰਮਪਿਤਾ ਜੀ ਦੇ ਕੋਲ ਬਿਨਾਂ ਤਾਰਾਂ ਦੇ ਟੈਲੀਫੋਨ ਪਹੁੰਚ ਗਿਆ।
ਫਿਲਮਾਂ ਬਣਾਵਾਂਗੇ:-
ਭੈਣ ਪਿਆਰੀ ਇੰਸਾਂ ਦੱਸਦੀ ਹੈ ਕਿ ਦੁਪਹਿਰ ਦਾ ਸਮਾਂ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇਰਾਵਾਸ ਤੋਂ ਬਾਹਰ ਆਏ ਹੋਏ ਸਨ ਪੂਜਨੀਕ ਪਰਮ ਪਿਤਾ ਜੀ ਕੁਰਸੀ ਤੇ ਬਿਰਾਜਮਾਨ ਹੋ ਗਏ ਅਸੀਂ ਸਾਰੀਆਂ ਭੈਣਾਂ ਵੀ ਜੋ ਸ਼ਾਹ ਮਸਤਾਨਾ ਜੀ ਧਾਮ ’ਚ ਸੇਵਾ ਕਰ ਰਹੀਆਂ ਸੀ, ਭੱਜ ਕੇ ਪੂਜਨੀਕ ਪਰਮਪਿਤਾ ਜੀ ਦੀ ਪਵਿੱਤਰ ਹਜ਼ੂਰੀ ’ਚ ਆ ਗਈਆਂ ਪੂਜਨੀਕ ਪਰਮਪਿਤਾ ਜੀ ਨੇ ਸਾਡੇ ’ਤੇ ਆਪਣੀ ਪਵਿੱਤਰ ਦ੍ਰਿਸ਼ਟੀ ਪਾਉਂਦੇ ਹੋਏ ਫਰਮਾਇਆ ਕਿ ‘ਬੇਟਾ, ਤੁਸੀਂ ਸੇਵਾ ਛੱਡ ਕੇ ਆ ਗਈਆਂ!’ ਅਸੀਂ ਕਿਹਾ ਕਿ ਪਿਤਾ ਜੀ ਅਸੀਂ ਤਾਂ ਆਪ ਜੀ ਦੇ ਦਰਸ਼ਨ ਕਰਨ ਲਈ ਆਈਆਂ ਹਾਂ ਅਸੀਂ ਸਾਰੀਆਂ ਭੈਣਾਂ ਨੇ ਜੋ ਗੱਲ ਪਹਿਲਾਂ ਸੋਚ ਰੱਖੀ ਸੀ।
ਉਹ ਹੀ ਗੰਲ ਪੂਜਨੀਕ ਪਰਮਪਿਤਾ ਜੀ ਦੀ ਹਜ਼ੂਰੀ ’ਚ ਅਰਦਾਸ ਕਰ ਦਿੱਤੀ ਕਿ ਪਿਤਾ ਜੀ, ਆਪਣੇ ਨਾਲ ਸਾਡੀ ਫਿਲਮ ਬਣਾ ਦਿਓ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ ਕਿ ‘ਜਦ ਅਸੀਂ ਫਿਲਮਾਂ ਬਣਾਵਾਂਗੇ ਤਾਂ ਤੁਹਾਡੀ ਵੀ ਬਣਾ ਦੇਵਾਂਗੇ’ ਅਸੀਂ ਅਰਜ਼ ਕੀਤੀ ਕਿ ਪਿਤਾ ਜੀ, ਸਾਡੀ ਤਾਂ ਹੁਣੇ ਬਣਾ ਦਿਓ, ਆਪ ਆਪਣੀ ਬਾਅਦ ’ਚ ਬਣਾ ਲੈਣਾ ਪੂਜਨੀਕ ਪਰਮਪਿਤਾ ਜੀ ਨੇ ਉਸੇ ਸ਼ਾਮ ਨੂੰ ਫਿਲਮ ਬਣਾਉਣ (ਕੈਮਰੇ) ਵਾਲੇ ਭਾਈ ਨੂੰ ਬੁਲਾ ਲਿਆ ਅਤੇ ਸਾਡੀ ਸਾਰੀਆਂ ਸੇਵਾਦਾਰ ਭੈਣਾਂ ਦੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇੱਕ-ਇੱਕ ਕਰਕੇ ਸਾਰਿਆਂ ਦੀ ਫਿਲਮ ਬਣਾਈ, ਫੋਟੋ ਲਈ।
ਪੂਜਨੀਕ ਪਰਮਪਿਤਾ ਜੀ ਨੇ ਬਚਨ ਕੀਤੇ ਸਨ ਕਿ ਅਸੀਂ ਫਿਲਮਾਂ ਬਣਾਵਾਗੇ ਤਾਂ ਉਹ ਬਚਨ ਪੂਜਨੀਕ ਪਰਮਪਿਤਾ ਜੀ ਨੇ ਆਪਣੇ ਮੌਜ਼ੂਦਾ ਸਵਰੂਪ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਵਰੂਪ ’ਚ ਪੂਰੇ ਕੀਤੇ ਪੂਜਨੀਕ ਗੁਰੂ ਜੀ ਨੇ ਐੱਮਐੱਸਜੀ ਦੇ ਨਾਂਅ ਨਾਲ ਅਨੇਕਾਂ ਸਾਫ-ਸੁਥਰੀਆਂ ਤੇ ਸਵਸੱਥ ਫਿਲਮਾ ਬਣਾਈਆਂ ਹਨ, ਇਹ ਸਾਰੀ ਸਾਧ-ਸੰਗਤ ਤੇ ਸਾਰੀ ਦੁਨੀਆ ਜਾਣਦੀ ਹੈ ਪੂਜਨੀਕ ਪਰਮਪਿਤਾ ਜੀ ਅਤੇ ਮੌਜੂਦਾ ਸਵਰੂਪ ਸੱਚੇ ਰੂਹਾਨੀ ਰਹਿਬਰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨ ਕਮਲਾਂ ’ਚ ਇਹੀ ਅਰਦਾਸ ਹੈ ਕਿ ਮੈਨੂੰ ਸੇਵਾ-ਸਿਮਰਨ ਦਾ ਬਲ ਬਖ਼ਸ਼ਣਾ ਜੀ ਅਤੇ ਮੇਰੀ ਓੜ ਨਿਭਾ ਦੇਣਾ ਜੀ। Experiences of Satsangis