ਬੱਤੀਆਂ ਵਾਲੇ ਦੀਵੇ ਡੰਗਰਾਂ ਵਾਲੇ ਦਲਾਨ ਦੀ ਸੋਭਾ ਹੋਇਆ ਕਰਦੇ ਸਨ lanterns
ਪੁਰਾਤਨ ਪੰਜਾਬ ਦੀਆਂ ਜੇ ਪੁਰਾਣੀਆਂ ਗੱਲਾਂ ਕਰੀਏ ਤਾਂ ਉਨ੍ਹਾਂ ਸਮਿਆਂ ’ਚ ਪੇਂਡੂ ਖਿੱਤਿਆਂ ਵਿੱਚ ਹਾਲੇ ਬਿਜਲੀ ਨਹੀਂ ਸੀ ਪਹੁੰਚੀ ਪਰ ਡੰਗਰ, ਵੱਛਾ, ਬਲਦ, ਊਠ ਰੱਖਣ ਦਾ ਰਿਵਾਜ਼ ਚਰਮ ਸੀਮਾ ’ਤੇ ਸੀ ਕਰੀਬ-ਕਰੀਬ ਸਾਰੇ ਹੀ ਘਰਾਂ ਵਿੱਚ ਦੁਧਾਰੂ ਪਸ਼ੂ ਰੱਖਣ ਦੇ ਨਾਲ-ਨਾਲ ਖੇਤੀਬਾੜੀ ਲਈ ਬਲਦ ਜਾਂ ਊਠ ਵੀ ਰੱਖੇ ਜਾਂਦੇ ਸਨ ਹੋਰਨਾਂ ਫਸਲਾਂ ਦੇ ਨਾਲ-ਨਾਲ ਗੁਆਰੇ ਦੀ ਫਸਲ ਵੀ ਬਹੁਤ ਬੀਜੀ ਜਾਂਦੀ ਸੀ ਕਿਉਂਕਿ ਗੁਆਰਾ ਹੀ ਊਠ ਦੀ ਮਨਭਾਉਂਦੀ ਖੁਰਾਕ ਹੁੰਦੀ ਹੈ।
ਕੱਚੇ ਘਰਾਂ ਵਿੱਚ ਇੱਕ ਬਹੁਤ ਵੱਡਾ ਕਮਰਾ ਪਸ਼ੂਆਂ ਲਈ ਅਲੱਗ ਬਣਾਇਆ ਜਾਂਦਾ ਸੀ ਜਿਸ ਨੂੰ ਪੰਜਾਬ ਦੇ ਕਈ ਖਿੱਤਿਆਂ ’ਚ ‘ਦਲਾਨ’ ਵੀ ਕਿਹਾ ਜਾਂਦਾ ਸੀ ਉਂਜ ਮਾਲਵਾ ਖੇਤਰ ਵਿੱਚ ਵੱਡੇ ਦਲਾਨ ਵਿੱਚ ਦੀ ਹੀ ਅੰਦਰ ਘਰ ਜਾਣ ਲਈ ਲਾਂਘਾ ਹੁੰਦਾ ਸੀ ਤੇ ਹਵਾ ਲਈ ਵੀ ਚਾਰੇ ਪਾਸੇ ਜਾਲੀਦਾਰ ਬਾਰੀਆਂ ਰੱਖਣ ਕਰਕੇ ਹਵਾ ਦੀ ਕ੍ਰਾਸਿੰਗ ਹੋਇਆ ਕਰਦੀ ਸੀ ਆਮ ਕਹਾਵਤ ਵੀ ਹੈ ਕਿ ਕੱਚੇ ਘਰ ਠੰਢੇ ਤੇ ਪੱਕੇ ਘਰ ਗਰਮ ਹੁੰਦੇ ਸਨ ਇਹ ਬਿਲਕੁਲ ਸੱਚਾਈ ਹੈ ਕਿ ਕੱਚੇ ਘਰਾਂ ਦੀਆਂ ਕੰਧਾਂ ਕੱਚੀਆਂ ਇੱਟਾਂ ਦੇ ਨਾਲ ਕਾਫੀ ਚੌੜੀਆਂ ਕੱਢੀਆਂ ਜਾਂਦੀਆਂ ਸਨ ਅਤੇ ਇਸੇ ਲਈ ਮਕਾਨ ਅੰਦਰੋਂ ਠੰਢੇ ਹੋਇਆ ਕਰਦੇ ਸਨ।
ਪਸ਼ੂ-ਡੰਗਰ ਵਾਲੇ ਦਲਾਨ ਕਹਿ ਲਈਏ ਜਾਂ ਫਿਰ ਵੱਡਾ ਕਮਰਾ, ਉਸ ਵਿੱਚ ਹਨ੍ਹੇਰੇ-ਸਵੇਰੇ ਪਸ਼ੂਆਂ ਨੂੰ ਬੰਨ੍ਹਣ ਲਈ ਚਾਨਣ ਦੀ ਜ਼ਰੂਰਤ ਹੁੰਦੀ ਸੀ ਤੇ ਇਸ ਕੰਮ ਲਈ ਬੱਤੀਆਂ ਵਾਲੇ ਦੀਵੇ, ਲਾਲਟੈਨ ਜਾਂ ਫਿਰ ਚਿਮਨੀ ਵਾਲੇ ਲੈਂਪ ਹੋਇਆ ਕਰਦੇ ਸਨ, ਜਿਸ ਨੂੰ ਜ਼ਿਆਦਾਤਰ ਮਿੱਟੀ ਦੇ ਤੇਲ ਨਾਲ ਜਗਾਇਆ ਜਾਂਦਾ ਰਿਹਾ ਹੈ। ਉਨ੍ਹਾਂ ਸਮਿਆਂ ਵਿੱਚ ਅਜੋਕੇ ਸਮਿਆਂ ਵਾਂਗ ਮਿੱਟੀ ਦਾ ਤੇਲ ਕਾਰਡਾਂ ਵਗੈਰਾ ’ਤੇ ਮਿਲਣ ਦਾ ਝੰਜਟ ਨਹੀਂ ਸੀ ਸਗੋਂ ਜਿੰਨਾ ਮਰਜ਼ੀ ਤੇ ਜਿੱਥੋਂ ਮਰਜ਼ੀ ਮਿੱਟੀ ਦਾ ਤੇਲ ਲੈ ਲੈਂਦੇ ਮੈਨੂੰ ਅੱਜ ਵੀ ਯਾਦ ਹੈ ਸਾਡੇ ਪਿੰਡ ਦੱਦਾਹੂਰ ਵਿੱਚ ਵੀ ਇੱਕ ਤਾਰਾ ਸਿੰਘ ਦੀ ਹੱਟੀ ਸੀ, ਉਸ ਨੇ ਘਿਓ ਵਾਲੇ ਪੀਪੇ ਵਿੱਚ ਮਿੱਟੀ ਦਾ ਤੇਲ ਪਾ ਕੇ ਰੱਖਣਾ।
ਵਿੱਚ ਇੱਕ ਪਲ਼ੀ ਹੋਣੀ, ਚੁਆਨੀ-ਅਠਿਆਨੀ ਦਾ ਇੱਕ ਪਲ਼ੀ ਤੇਲ ਦੇਣਾ ਜਿੰਨਾ ਮਰਜ਼ੀ ਤੇ ਜਦੋਂ ਮਰਜ਼ੀ ਲੈ ਆਉਣਾ, ਕਦੇ ਕੋਈ ਤੋਟ ਨਹੀਂ ਸੀ ਆਉਂਦੀ ਉਹੀ ਤੇਲ ਦੀਵੇ, ਲਾਲਟੈਨ ਤੇ ਲੈਂਪ ਵਿੱਚ ਪਾ ਕੇ ਰਾਤ ਨੂੰ ਚਾਨਣ ਲਈ ਜਗਾਉਣੇ ਤੇ ਰਾਤਾਂ ਨੂੰ ਉਸੇ ਦੇ ਚਾਨਣ ਵਿੱਚ ਹੀ ਪੜ੍ਹਦੇ ਰਹੇ ਹਾਂ। ਲਾਲਟੈਨ ਜਾਂ ਫਿਰ ਲੈਂਪ ਦੀ ਚਿਮਨੀ ਨੂੰ ਹਰ ਰੋਜ਼ ਸਾਫ ਜ਼ਰੂਰ ਕਰਨਾ ਪੈਂਦਾ ਸੀ ਬੱਤੀ ਵੱਡੀ-ਛੋਟੀ ਕਰਨ ਲਈ ਇੱਕ ਪਾਸੇ ਇੱਕ ਫਿਰਕੀ ਜਿਹੀ ਲੱਗੀ ਹੁੰਦੀ ਸੀ, ਉਸ ਨੂੰ ਸੱਜੇ ਪਾਸੇ ਘੁਮਾਉਣਾ ਤਾਂ ਬੱਤੀ ਉੱਪਰ ਚੁੱਕੀ ਜਾਣੀ ਤੇ ਚਾਨਣ ਵੱਧ ਹੋ ਜਾਂਦਾ, ਜੇ ਖੱਬੇ ਪਾਸੇ ਘੁਮਾਉਣਾ ਤਾਂ ਬੱਤੀ ਥੱਲੇ ਚਲੀ ਜਾਣੀ ਭਾਵ ਚਾਨਣ ਘੱਟ ਹੋ ਜਾਂਦਾ।
ਪਰ ਤੇਲ ਹਰ ਰੋਜ਼ ਪਾਉਣਾ ਪੈਂਦਾ ਸੀ ਲਾਲਟੈਨ ਤੇ ਲੈਂਪ ਦੀ ਚਿਮਨੀ ਸਾਫ ਕਰਕੇ ਹਰ ਰੋਜ਼ ਤੇਲ ਪਾ ਕੇ ਰਸੋਈ ਜਾਂ ਸੌਣ ਵਾਲੇ ਕਮਰਿਆਂ ਜਾਂ ਫਿਰ ਜਿੱਥੇ ਬੱਚਿਆਂ ਨੇ ਪੜ੍ਹਨਾ ਹੁੰਦਾ ਸੀ, ਉੱਥੇ ਜਗਾਇਆ ਜਾਂਦਾ ਸੀ ਪਰ ਬੱਤੀ ਵਾਲਾ ਦੀਵਾ ਸਿਰਫ ਤੇ ਸਿਰਫ ਡੰਗਰਾਂ ਵਾਲੇ ਕੋਠੇ ਵਿੱਚ ਜਗਾਇਆ ਜਾਂਦਾ ਸੀ। ਸਿਆਲਾਂ ਵਿੱਚ ਪਸ਼ੂਆਂ ਥੱਲੇ ਸੁੱਕ ਪਾਉਣੀ, ਵੇਲੇ-ਕੁਵੇਲੇ ਪੱਠੇ ਪਾਉਣੇ ਜਾਂ ਫਿਰ ਮੀਂਹ-ਕਣੀ ਵਿੱਚ ਇਸ ਦੀਵੇ ਦੀ ਵਰਤੋਂ ਕਰਨੀ ਜੇਕਰ ਕਿਤੇ ਹਨੇ੍ਹਰੀ ਜਾਂ ਝੱਖੜ ਚੱਲ ਪੈਣਾ ਤਾਂ ਇਹ ਦੀਵੇ ਨਹੀਂ ਸੀ ਕੰਮ ਦਿੰਦੇ ਫਿਰ ਲਾਲਟੈਨ ਜਾਂ ਲੈਂਪ ਨਾਲ ਕੰਮ ਲੈ ਲੈਣਾ ਪਰ ਜ਼ਿਆਦਾਤਰ ਇਨ੍ਹਾਂ ਬੱਤੀ ਵਾਲੇ ਦੀਵਿਆਂ ਤੋਂ ਹੀ ਡੰਗਰਾਂ ਵਾਲੇ ਦਲਾਨ ਜਾਂ ਕੋਠਿਆਂ ਵਿੱਚ ਕੰਮ ਲੈਂਦੇ ਰਹੇ ਹਨ।
ਸਾਡੇ ਪੁਰਖੇ ਇਨ੍ਹਾਂ ਵਿਚਲੀ ਬੱਤੀ ਦੁਕਾਨ ਤੋਂ ਮਿਲ ਜਾਣੀ, ਨਹੀਂ ਤਾਂ ਪੁਰਾਣੀਆਂ ਬੀਬੀਆਂ ਨੇ ਘਰੇ ਹੀ ਕਿਸੇ ਪੁਰਾਣੇ ਕੱਪੜੇ ਦੀ ਬੱਤੀ ਵੱਟ ਲੈਣੀ ਜਿਸ ਵਿੱਚ ਥੋੜ੍ਹੀ-ਬਹੁਤੀ ਰੂੰ ਵੀ ਪਾ ਲੈਣੀ ਤੇ ਘਰੇ ਹੀ ਬੱਤੀ ਵੱਟ ਕੇ ਦੀਵੇ ਵਿੱਚ ਪਾ ਲੈਣੀ ਤੇ ਚਾਨਣ ਕਰ ਲੈਣਾ ਸੋ ਦੋਸਤੋ! ਗੱਲ ਤਾਂ ਸਮੇਂ-ਸਮੇਂ ਦੀ ਹੀ ਹੁੰਦੀ ਹੈ, ਹੁਣ ਜੇਕਰ ਅਜੋਕੀ ਪੀੜ੍ਹੀ ਨੂੰ ਇਹ ਗੱਲਾਂ ਦੱਸਦੇ ਹਾਂ ਤਾਂ ਉਹ ਹੱਸ-ਹੱਸ ਕੇ ਹੀ ਕਮਲੇ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਗੱਲਾਂ ’ਤੇ ਯਕੀਨ ਹੀ ਨਹੀਂ ਆਉਂਦਾ ਇਹ ਤਾਂ ਸਿਰਫ ਓਹੀ ਸਮਝ ਸਕਦੇ ਹਨ ਜਿਨ੍ਹਾਂ ਨੇ ਇਹ ਸਮੇਂ ਆਪ ਖੁਦ ਹੰਢਾਏ ਹਨ ਜਾਂ ਇਨ੍ਹਾਂ ਦੀਵਿਆਂ ਦੀ ਲੋਅ ਵਿੱਚ ਪੜ੍ਹੇ ਹਨ।