ਆਪਣੀਆਂ ਜੜ੍ਹਾਂ ਨਾਲ ਜੁੜੇ ਰਹੋ
ਮਨੁੱਖ ਆਪਣੀ ਰੋਜ਼ੀ-ਰੋਟੀ ਦੇ ਚੱਕਰ ’ਚ ਵਿਸ਼ਵ ਦੇ ਕਿਸੇ ਵੀ ਦੇਸ਼ ’ਚ ਰਹੇ ਪਰ ਉਸ ਨੂੰ ਉਸਦੇ ਸੰਸਕਾਰ ਆਪਣੀਆਂ ਜੜ੍ਹਾਂ ਤੋਂ ਦੂਰੀ ਨਹੀਂ ਬਣਾਉਣ ਦਿੰਦੇ ਉਨ੍ਹਾਂ ਦੇ ਸੰਸਕਾਰ, ਉਨ੍ਹਾਂ ਦੀ ਸੱਭਿਆਚਾਰਕ ਵਿਰਾਸਤ ਉਸ ਨੂੰ ਆਪਣੇ ਤੋਂ ਵੱਖ ਨਹੀਂ ਹੋਣ ਦਿੰਦੇ ਇਹ ਸੰਸਕਾਰ ਉਸਦੇ ਦਿਲ ਦੀਆਂ ਡੂੰਘਾਈਆਂ ’ਚ ਐਨੇ ਡੂੰਘੇ ਬੈਠੇ ਹੁੰਦੇ ਹਨ ਕਿ ਚਾਹੁੰਦੇ ਹੋਏ ਵੀ ਉਹ ਉਨ੍ਹਾਂ ਨੂੰ ਭੁੱਲ ਨਹੀਂ ਸਕਦੇ
ਇਹੀ ਕਾਰਨ ਹੈ ਕਿ ਪਰਦੇਸ ’ਚ ਰਹਿੰਦੇ ਹੋਏ ਉਹ ਹਰ ਸਮੇਂ ਉੱਥੋਂ ਦੇ ਅਤੇ ਆਪਣੇ ਮਾਹੌਲ ਦੀ ਤੁਲਨਾ ਕਰਦੇ ਰਹਿੰਦੇ ਹਨ ਉੱਥੋਂ ਦੇ ਮਾਹੌਲ ’ਚ ਰੱਚ-ਵੱਸ ਜਾਣਾ ਔਖਾ ਹੁੰਦਾ ਹੈ ਉਨ੍ਹਾਂ ਨੂੰ ਆਪਣਾ ਮਾਹੌਲ ਰਹਿ-ਰਹਿ ਕੇ ਯਾਦ ਆਉਂਦਾ ਹੈ ਆਪਣੇ ਤਿੱਥ-ਤਿਉਹਾਰ, ਆਪਣੇ ਰਸਮਾਂ-ਰਿਵਾਜ਼ ਉਨ੍ਹਾਂ ਨੂੰ ਵਾਰ-ਵਾਰ ਆਪਣਿਆਂ ਤੋਂ ਦੂਰੀ ਦੀ ਯਾਦ ਦਿਵਾਉਂਦੇ ਰਹਿੰਦੇ ਹਨ, ਜੋ ਉਨ੍ਹਾਂ ਦੇ ਦਿਲ ’ਚ ਚੀਸ ਬਣ ਕੇ ਸਿਸਕਦੇ ਰਹਿੰਦੇ ਹਨ
ਵਿਦੇਸ਼ਾਂ ’ਚ ਰਹਿਣ ਵਾਲੇ ਆਪਣੇ ਤਿਉਹਾਰਾਂ ਨੂੰ ਆਪਣੇ ਪਰਿਵਾਰਾਂ ਨਾਲ ਨਾ ਮਨਾ ਸਕਣ ਦੀ ਉਦਾਸੀ ਨੂੰ ਦੂਰ ਕਰਨ ਲਈ ਉੱਥੇ ਰਹਿਣ ਵਾਲੇ ਦੋਸਤਾਂ ਨਾਲ ਮਨਾਉਂਦੇ ਹਨ ਇਸੇ ਤਰ੍ਹਾਂ ਉਹ ਜਿੰਨਾ ਸੰਭਵ ਹੋਵੇ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਬਚਾਈ ਰੱਖਣ ਦਾ ਇੱਕ ਸਾਰਥਿਕ ਯਤਨ ਕਰਦੇ ਹਨ
ਸਮਾਂ ਅਤੇ ਹਲਾਤਾਂ ਕਾਰਨ ਉਸ ਦਾ ਆਪਣੇ ਦੇਸ਼ ਪਰਤਣਾ ਸੰਭਵ ਨਹੀਂ ਹੋ ਸਕਦਾ ਪਰ ਉਨ੍ਹਾਂ ਦਾ ਮਨ ਇਹੀ ਕਹਿੰਦਾ ਹੈ ਕਿ ਉਹ ਕਿਸੇ ਵੀ ਪਲ, ਕਿਸੇ ਵੀ ਤਰ੍ਹਾਂ ਉੱਡ ਕੇ ਆਪਣਿਆਂ ਵਿਚ ਆ ਜਾਣ ਫਿਰ ਤੋਂ ਪੁਰਾਣੇ ਦਿਨਾਂ ਦੀ ਤਰ੍ਹਾਂ ਖੂਬ ਮਸਤੀ ਕਰਨ, ਧਮਾਲ ਪਾਉਣ, ਆਪਣੇ ਸੁੱਖ-ਦੁੱਖ ਸਾਂਝੇ ਕਰਨ ਪਰ ਉਹ ਆਪਣੀ ਇਸ ਚਾਹਤ ਨੂੰ ਆਪਣੀਆਂ ਮਜ਼ਬੂਰੀਆਂ ਕਾਰਨ ਆਪਣੇ ਮਨ ਦੇ ਕਿਸੇ ਅਣਜਾਣ ਕੋਨੇ ’ਚ ਦਫਨਾ ਦੇਣ ਲਈ ਮਜ਼ਬੂਰ ਹੋ ਜਾਂਦੇ ਹਨ
ਅਸੀਂ ਦੇਖਦੇ ਹਾਂ ਕਿ ਪ੍ਰਵਾਸੀ ਪੰਛੀ ਇੱਕ ਖਾਸ ਮੌਸਮ ’ਚ ਦੂਜੇ ਦੇਸ਼ਾਂ ’ਚ ਜਾਂਦੇ ਹਨ ਜਿੱਥੇ ਮੌਸਮ ਬੀਤਾ ਕੇ ਉਹ ਵਾਪਸ ਆ ਜਾਂਦੇ ਹਨ ਆਪਣੇ ਦੇਸ਼ ਦੀ ਮਿੱਟੀ ਦੀ ਇਹ ਖਿੱਚ ਸ਼ਾਇਦ ਉਨ੍ਹਾਂ ਪਰਿੰਦਿਆਂ ਨੂੰ ਵਾਪਸ ਲੈ ਜਾਂਦੀ ਹੈ ਹਰ ਸਾਲ ਉਹ ਆਉਂਦੇ ਹਨ ਅਤੇ ਫਿਰ ਵਾਪਸ ਚਲੇ ਜਾਂਦੇ ਹਨ, ਉੱਥੋਂ ਦੇ ਹੋ ਕੇ ਨਹੀਂ ਰਹਿ ਜਾਂਦੇ
ਬੇਜ਼ੁਬਾਨ ਪੰਛੀਆਂ ਦੇ ਮਨ ’ਚ ਜੇਕਰ ਆਪਣੀ ਮਿੱਟੀ ਦੇ ਪ੍ਰਤੀ ਐਨੀ ਖਿੱਚ ਹੋ ਸਕਦੀ ਹੈ ਤਾਂ ਫਿਰ ਇਨਸਾਨ ਦੇ ਮਨ ’ਚ ਅਜਿਹਾ ਭਾਵ ਆ ਜਾਣਾ ਸੁਭਾਵਿਕ ਹੁੰਦਾ ਹੈ ਵਾਲਮੀਕੀ ਰਮਾਇਣ ਦਾ ਇੱਕ ਪ੍ਰਸੰਗ ਹੈ ਜਿੱਥੇ ਭਗਵਾਨ ਰਾਮ ਯੁੱਧ ਤੋਂ ਬਾਅਦ ਆਪਣੇ ਛੋਟੇ ਭਰਾ ਲਕਸ਼ਮਣ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਸੋਨੇ ਨਾਲ ਬਣੀ ਲੰਕਾ ਦਾ ਕੋਈ ਮੋਹ ਨਹੀਂ ਹੈ ਉਨ੍ਹਾਂ ਨੂੰ ਆਪਣੀ ਮਾਤਾ ਅਤੇ ਆਪਣੀ ਜਨਮਭੂਮੀ ਨਾਲ ਪਿਆਰ ਹੈ- ਨ ਮੇ ਸਵਰਨਮਈ ਲੰਕੌਪਿ ਰੋਚਤੇ ਲਕਸ਼ਮਣ ਜਨਨੀ ਜਨਮਭੂਮੀਸ਼ਚ ਸਵਰਗਾਦਪੀ ਗਰੀਅਸੀ
ਅਰਥਾਤ, ਹੇ ਲਕਸ਼ਮਣ! ਮੈਨੂੰ ਸੋਨੇ ਦੀ ਇਹ ਲੰਕਾ ਵੀ ਪਸੰਦ ਨਹੀਂ ਹੈ ਮੇਰੀ ਮਾਤਾ ਅਤੇ ਮੇਰੀ ਜਨਮਭੂਮੀ ਸਵਰਗ ਤੋਂ ਵੀ ਮਹਾਨ ਹਨ
ਇਸ ਤੋਂ ਵਧ ਕੇ ਆਪਣੀ ਜਨਮਭੂਮੀ ਦੇ ਪ੍ਰਤੀ ਲਗਾਅ ਦਾ ਕੋਈ ਹੋਰ ਉਦਾਹਰਨ ਨਹੀਂ ਹੋ ਸਕਦਾ ਜੇਕਰ ਉਹ ਚਾਹੁੰਦੇ ਤਾਂ ਯੁੱਧ ’ਚ ਜਿੱਤੀ ਹੋਈ ਲੰਕਾ ’ਤੇ ਰਾਜ ਕਰ ਸਕਦੇ ਸਨ, ਪਰ ਨਹੀਂ ਉਨ੍ਹਾਂ ਨੇ ਤਾਂ ਵਿਭੀਸ਼ਣ ਨੂੰ ਲੰਕਾ ਸੌਂਪ ਦਿੱਤੀ ਅਤੇ ਖੁਦ ਚਲੇ ਆਏ ਆਪਣੀ ਜਨਮਭੂਮੀ ਅਯੁੱਧਿਆ ’ਚ ਆਪਣਿਆਂ ’ਚ
ਸਾਡੇ ਮਨੀਸ਼ੀ ਕਹਿੰਦੇ ਹਨ ਕਿ ਮਨੁੱਖ ਨੂੰ ਆਪਣੇ ਦੇਸ਼, ਆਪਣੇ ਭੇਸ ਅਤੇ ਆਪਣੀ ਸੰਸਕ੍ਰਿਤੀ ਨਾਲ ਪਿਆਰ ਹੋਣਾ ਚਾਹੀਦਾ ਹੈ ਜਿਸ ਨੂੰ ਪਿਆਰ ਨਹੀਂ ਹੈ, ਉਹ ਮਨੁੱਖ ਕਹਾਉਣ ਯੋਗ ਨਹੀਂ ਹੈ ਸ਼ਾਇਦ ਇਹੀ ਕਾਰਨ ਹੈ ਕਿ ਦਹਾਕਿਆਂ ਪਹਿਲਾਂ ਵਿਦੇਸ਼ਾਂ ’ਚ ਜਾ ਵੱਸੇ ਅਤੇ ਉੱਥੋਂ ਦੀ ਨਾਗਰਿਕਤਾ ਲੈ ਕੇ ਰਚ-ਵੱਸ ਜਾਣ ਵਾਲੇ ਭਾਰਤੀ, ਕਈ ਸਾਲ ਬੀਤ ਜਾਣ ਅਤੇ ਪੀੜ੍ਹੀਆਂ ਦੇ ਬਦਲ ਜਾਣ ਤੋਂ ਬਾਅਦ ਵੀ ਭਾਰਤੀ ਹੀ ਕਹਾਉਂਦੇ ਹਨ ਰਾਜਨੀਤਿਕ ਭਾਸ਼ਾ ’ਚ ਉਨ੍ਹਾਂ ਨੂੰ ਭਾਰਤੀ ਮੂਲ ਦਾ ਕਹਿ ਦਿੱਤਾ ਜਾਂਦਾ ਹੈ
ਐਨਾ ਸਭ ਹੋ ਜਾਣ ਤੋਂ ਬਾਅਦ ਵੀ ਮੌਤ ਦੇ ਸਮੇਂ ਆਪਣੇ ਦੇਸ਼ ਦੀ ਮਿੱਟੀ ਨਾ ਪਾ ਸਕਣ ਦੀ ਚੀਸ ਉਨ੍ਹਾਂ ਦੇ ਮਨਾਂ ’ਚ ਰਹਿੰਦੀ ਹੈ ਇਸ ਲਈ ਹੀ ਬਹੁਤ ਸਾਰੇ ਲੋਕ ਜਦੋਂ ਸਮਾਂ ਮਿਲਦਾ ਹੈ, ਤਾਂ ਆਪਣੇ ਭਾਰਤ ਦੇਸ਼ ਆ ਕੇ ਆਪਣੇ ਜੀਆਂ ਦੀਆਂ ਸੰਭਾਲ ਕੇ ਰੱਖੀਆਂ ਗਈਆਂ ਅਸਥੀਆਂ ਗੰਗਾ ਜੀ ’ਚ ਪ੍ਰਵਾਹਿਤ ਕਰਦੇ ਹਨ ਹਾਲਾਤ ਅਤੇ ਸਮਾਂ ਮਨੁੱਖ ਨੂੰ ਆਪਣੇ ਦੇਸ਼ ਅਤੇ ਮਾਹੌਲ ਤੋਂ ਦੂਰ ਤਾਂ ਕਰ ਸਕਦੇ ਹਨ ਪਰ ਉਨ੍ਹਾਂ ਦੇ ਦਿਲਾਂ ਨੂੰ ਨਹੀਂ ਇਹੀ ਕਾਰਨ ਹੈ ਕਿ ਪਰਦੇਸ ਦੀ ਧਰਤੀ ’ਤੇ ਰਹਿਣ ਵਾਲੇ ਆਪਣੇ ਦੇਸ਼ ਦੀ ਖੁਸ਼ਬੂ ਨੂੰ ਭੁੱਲ ਨਹੀਂ ਪਾਉਂਦੇ ਸਗੋਂ ਉਸ ਨੂੰ ਬਹੁਮੁੱਲ ਨਗੀਨਿਆਂ ਵਾਂਗ ਸੰਜੋਅ ਕੇ ਰੱਖਦੇ ਹਨ
-ਚੰਦਰ ਪ੍ਰਭਾ ਸੂਦ