Simple people

ਨਿਸ਼ਕਪਟ ਹੁੰਦੇ ਹਨ ਸਿੱਧੇ ਸਰਲ ਲੋਕ

ਲੋੜ ਤੋਂ ਜ਼ਿਆਦਾ ਸਿੱਧਾ ਹੋਣਾ ਮਨੁੱਖ ਲਈ ਹਿੱਤਕਰ ਨਹੀਂ ਹੁੰਦਾ ਉਸਨੂੰ ਸਮੇਂ-ਸਮੇਂ ’ਤੇ ਨੁਕਸਾਨ ਝੱਲਣਾ ਪੈਂਦਾ ਹੈ ਸਿੱਧੇ ਹੋਣ ਦਾ ਅਰਥ ਹੁੰਦਾ ਹੈ ਸਰਲ ਹੋਣਾ, ਛਲ-ਕਪਟ ਤੋਂ ਦੂਰ ਰਹਿਣਾ ਅਤੇ ਦੁਨੀਆਂ ’ਚ ਹੋਣ ਵਾਲੇ ਮਾੜੇ ਕਾਰਿਆਂ ’ਚ ਸ਼ਾਮਲ ਨਾ ਹੋਣਾ ਆਦਿ ਅਜਿਹੇ ਵਿਅਕਤੀ ਨੂੰ ਲੋਕ ਮੂਰਖ ਸਮਝਣ ਦੀ ਭੁੱਲ ਕਰ ਬੈਠਦੇ ਹਨ ਜਿਨ੍ਹਾਂ ਦੇ ਮਨ ’ਚ ਮੈਲ਼ ਭਰੀ ਹੁੰਦੀ ਹੈ, ਉਨ੍ਹਾਂ ਨੂੰ ਸੱਚੇ ਅਤੇ ਸਿੱਧੇ ਲੋਕ ਪੱਛੜੇ ਹੋਏ ਪ੍ਰਤੀਤ ਹੁੰਦੇ ਹਨ ਆਮ ਭਾਸ਼ਾ ’ਚ ਅਜਿਹੇ ਲੋਕਾਂ ਨੂੰ ਬੈਕਵਰਡ ਕਹਿ ਕੇ ਅਪਮਾਨਿਤ ਕੀਤਾ ਜਾਂਦਾ ਹੈ।

ਬਹੁਤ ਸਮਾਂ ਪਹਿਲਾਂ ਇੱਕ ਕਹਾਣੀ ਪੜ੍ਹੀ ਸੀ ਕਿ ਇੱਕ ਸੱਪ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਦਾ ਸੀ ਉਸਨੇ ਕਈ ਲੋਕਾਂ ਨੂੰ ਡੰਗ ਲਿਆ ਸੀ ਜਿਸ ਨਾਲ ਕੁਝ ਲੋਕਾਂ ਦੀ ਮੌਤ ਹੋ ਗਈ ਉਸ ਦੀਆਂ ਹਰਕਤਾਂ ਤੋਂ ਦੁਖੀ ਹੋ ਕੇ,  ਲੋਕ ਇਕੱਠੇ ਹੋ ਕੇ ਇੱਕ ਮਹਾਤਮਾ ਜੀ ਦੇ ਕੋਲ ਗਏ ਉਨ੍ਹਾਂ ਨੂੰ ਅਰਜ਼ ਕੀਤੀ ਕਿ ਉਹ ਉਨ੍ਹਾਂ ਦੀ ਮੱਦਦ ਕਰਨ ਮਹਾਤਮਾ ਜੀ ਉਸ ਥਾਂ ’ਤੇ ਗਏ ਜਿੱਥੇ ਸੱਪ ਰਹਿੰਦਾ ਸੀ।

ਉਨ੍ਹਾਂ ਨੇ ਉਸਨੂੰ ਕਿਹਾ- ਤੂੰ ਲੋਕਾਂ ਨੂੰ ਡੰਗਦਾ ਹੈਂ, ਉਨ੍ਹਾਂ ਨੂੰ ਪੇ੍ਰਸ਼ਾਨ ਕਰਦਾ ਹੈਂ, ਇਹ ਤਾਂ ਬਹੁਤ ਗਲਤ ਗੱਲ ਹੈ। ਸੱਪ ਨੇ ਮਹਾਤਮਾ ਜੀ ਤੋਂ ਪੁੱਛਿਆ ਕਿ ਡੰਗਣਾ ਤਾਂ ਮੇਰਾ ਸੁਭਾਅ ਹੈ, ਇਸ ਨੂੰ ਮੈਂ ਕਿਵੇਂ ਛੱਡ ਸਕਦਾ ਹਾਂ? ਮਹਾਤਮਾ ਜੀ ਨੇ ਕ੍ਰੋਧਿਤ ਹੁੰਦੇ ਉਸਨੂੰ ਕਿਹਾ, ‘ਤੈਨੂੰ ਅਧਰਮੀ ਜੀਵ ਨੂੰ ਤਾਂ ਨਰਕ ’ਚ ਵੀ ਥਾਂ ਨਹੀਂ ਮਿਲ ਸਕੇਗੀ’ ਇਸ ’ਤੇ ਸੱਪ ਨੇ ਪੁੱਛਿਆ, ‘ਮੈਨੂੰ ਕੀ ਕਰਨਾ ਚਾਹੀਦਾ?’ ਉਨ੍ਹਾਂ ਕਿਹਾ, ‘ਤੂੰ ਲੋਕਾਂ ਨੂੰ ਦੁਖੀ ਕਰਨਾ ਛੱਡ ਦੇ ਇਸ ਨਾਲ ਤੇਰਾ ਭਲਾ ਹੋਵੇਗਾ’।

ਸੱਪ ਨੇ ਮਹਾਤਮਾ ਜੀ ਨੂੰ ਭਰੋਸਾ ਦਿੰਦੇ ਹੋਏ ਕਿਹਾ, ‘ਮੈਂ ਤੁਹਾਡੀ ਗੱਲ ਸਮਝ ਗਿਆ ਹੁਣ ਤੋਂ ਮੈਂ ਕਿਸੇ ਨੂੰ ਨਹੀਂ ਡੰਗਾਂਗਾ’ ਹੁਣ ਸੱਪ ਆਪਣੇ ਸੁਭਾਅ ਦੇ ਉਲਟ ਸਾਧੂ ਸੁਭਾਅ ਦਾ ਬਣ ਗਿਆ ਉਸਨੇ ਲੋਕਾਂ ਨੂੰ ਡੰਗਣਾ ਛੱਡ ਦਿੱਤਾ ਬੱਸ ਫਿਰ ਕੀ ਸੀ, ਸ਼ਰਾਰਤੀ ਬੱਚਿਆਂ ਨੇ ਉਸਦੇ ਨੱਕ ’ਚ ਦਮ ਕਰਨਾ ਸ਼ੁਰੂ ਕਰ ਦਿੱਤਾ ਕਦੇ ਉਹ ਉਸਦੀ ਪੂਛ ਮਰੋੜ ਦਿੰਦੇ ਤਾਂ ਕਦੇ ਉਸ ਨੂੰ ਪੱਥਰ ਮਾਰ ਦਿੰਦੇ ਹੌਲੀ-ਹੌਲੀ ਸੱਪ ਦੀ ਦੁਰਦਸ਼ਾ ਹੋਣ ਲੱਗੀ ਇੱਕ ਦਿਨ ਲਹੂ-ਲੁਹਾਣ ਹੋਇਆ ਉਹ ਮਹਾਤਮਾ ਜੀ ਕੋਲ ਪਹੁੰਚਿਆ ਅਤੇ ਕਹਿਣ ਲੱਗਾ, ‘ਮਹਾਤਮਾ ਜੀ ਮੈਂ ਤੁਹਾਨੂੰ ਬਚਨ ਦਿੱਤਾ ਸੀ ਕਿ ਹੁਣ ਮੈਂ ਕਿਸੇ ਨੂੰ ਨਹੀਂ ਡੰਗਾਂਗਾ ਮੈਂ ਆਪਣੇ ਬਚਨ ਦੀ ਰੱਖਿਆ ਕੀਤੀ ਪਰ ਦੇਖੋ ਤਾਂ ਉਨ੍ਹਾਂ ਬੱਚਿਆਂ ਮੇਰੀ ਕੀ ਦੁਰਦਸ਼ਾ ਕਰ ਦਿੱਤੀ ਹੈ’।

ਇਹ ਸੁਣ ਕੇ ਮਹਾਤਮਾ ਜੀ ਨੇ ਉਸ ਨੂੰ ਕਿਹਾ, ‘ਮੈਂ ਤੈਨੂੰ ਲੋਕਾਂ ਨੂੰ ਨਾ ਡੰਗਣ ਲਈ ਕਿਹਾ ਸੀ ਇਹ ਤਾਂ ਨਹੀਂ ਕਿਹਾ ਸੀ ਕਿ ਆਤਮ-ਰੱਖਿਆ ਲਈ ਲੋਕਾਂ ’ਤੇ ਫੁੱਕਾਰਨਾ ਛੱਡ ਦਿਓ’। ਹੁਣ ਸੱਪ ਨੂੰ ਸਮਝ ਆ ਗਈ ਕਿ ਸਰਲਤਾ ਇੱਕ ਬਹੁਤ ਵੱਡਾ ਗੁਣ ਹੈ ਉਸ ਨੂੰ ਜ਼ਰੂਰ ਅਪਣਾਉਣਾ ਚਾਹੀਦੈ ਪਰ ਸਤਾਏ ਜਾਣ ’ਤੇ ਉਸ ਦਾ ਵਿਰੋਧ ਜ਼ਰੂਰ ਕਰਨਾ ਚਾਹੀਦਾ ਹੈ ਪਰ ਆਪਣੀ ਆਤਮ-ਰੱਖਿਆ ਲਈ ਫੁੱਕਾਰਨਾ ਵੀ ਜ਼ਰੂਰੀ ਹੈ ਜਿਸ ਨਾਲ ਲੋਕ ਡਰ ਕੇ ਭੱਜ ਜਾਣ ਅਤੇ ਸਤਾਉਣ ਨਾ ਨਹੀਂ ਤਾਂ ਜ਼ਹਿਰ ਰਹਿਤ ਸੱਪ ਤੋਂ ਕੋਈ ਵੀ ਨਹੀਂ ਡਰਦਾ ਹੇਠ ਲਿਖੇ ਸ਼ਲੋਕ ’ਚ ਭਰਤਰੀਹਰੀ ਜੀ ਨੇ ‘ਨੀਤਿਸ਼ਤਕਮ’ ਗ੍ਰੰਥ ’ਚ ਉਦਾਹਰਨ ਸਮੇਤ ਇਸ ਗੱਲ ਨੂੰ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ।

ਨਾਤਯੰਤੰ ਸਰਲੇਨ ਭਾਵਿਅੰ ਗਤਵਾ ਪਸ਼ਯ ਵਨਸਥਲੀਮ
ਛਿਧੰਤੇ ਸਰਲਾਸਤਰਤ ਕੁਬਜਾਸਤਿਸ਼ਠੰਤੀ ਪਾਦਪਾ

ਅਰਥਾਤ ਆਪਣੇ ਵਿਹਾਰ ’ਚ ਬਹੁਤੇ ਸਿੱਧੇ ਨਾ ਰਹੋ ਤੁਸੀਂ ਜੇਕਰ ਜੰਗਲ ਜਾ ਕੇ ਦੇਖਦੇ ਹੋ ਤਾਂ ਦੇਖੋਗੇ ਕਿ ਜੋ ਦਰੱਖਤ ਸਿੱਧੇ ਉੱਗਦੇ ਹਨ, ਉਨ੍ਹਾਂ ਨੂੰ ਕੱਟ ਲਿਆ ਗਿਆ ਅਤੇ ਜੋ ਦਰੱਖਤ ਵਿੰਗ-ਟੇਢੇ ਹੁੰਦੇ ਹਨ, ਉਹ ਖੜ੍ਹੇ ਹਨ ਇਸ ਸਲੋਕ ਤੋਂ ਇਹੀ ਸਮਝ ਆ ਰਿਹਾ ਹੈ ਕਿ ਜ਼ਿਆਦਾ ਸਿੱਧੇ ਹੋਣ ’ਤੇ ਦਰੱਖਤ ਵੀ ਕੱਟ ਲਏ ਜਾਂਦੇ ਹਨ ਜੋ ਟੇਢੇ ਹੁੰਦੇ ਹਨ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ ਭਾਵ ਲੋੜ ਤੋਂ ਜ਼ਿਆਦਾ ਸਰਲ ਹੋਣ ਵਾਲਿਆਂ ਨੂੰ ਸਦਾ ਨੁਕਸਾਨ ਝੱਲਣਾ ਪੈਂਦਾ ਹੈ ਟੇਢੇ ਜਾਂ ਮਾੜੇ ਲੋਕ ਉਸੇ ਤਰ੍ਹਾਂ ਛੱਡ ਦਿੱਤੇ ਜਾਂਦੇ ਹਨ ਜਿਵੇਂ ਦੁਸ਼ਟ ਗ੍ਰਹਿਾਂ ਨੂੰ ਸਭ ਤਿਆਗ ਦਿੰਦੇ ਹਨ ਉਨ੍ਹਾਂ ਦੇ ਪ੍ਰਕੋਪ ਤੋਂ ਬਚਣ ਲਈ ਉਪਾਅ ਕਰਦੇ ਹਨ।

ਸਰਲ-ਸੁਹਿਰਦ ਹੋਣਾ ਬਹੁਤ ਚੰਗੇ ਗੁਣ ਹਨ ਪਰ ਇਸ ਦਾ ਇਹ ਅਰਥ ਕਦੇ ਨਹੀਂ ਕਿ ਹਰ ਕੋਈ ਲਤਾੜ ਕੇ ਤੁਰਦਾ ਬਣੇ ਉਸ ਸਮੇਂ ਮਨੁੱਖ ਬੱਸ ਠੱਗਿਆ ਹੋਇਆ ਜਿਹਾ ਦੇਖਦਾ ਰਹਿ ਜਾਵੇ ਇੱਕ ਛੋਟੀ ਜਿਹੀ ਕੀੜੀ ਜੋ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਉਂਦੀ ਹੈ ਜੇਕਰ ਉਸਨੂੰ ਛੇੜਿਆ ਜਾਵੇ ਤਾਂ ਉਹ ਵੀ ਵਿਰੋਧ ਕਰਦੀ ਹੈ ਇਸੇ ਤਰ੍ਹਾਂ ਮਨੁੱਖ ਨੂੰ ਵੀ ਮੌਕਾ ਆਉਣ ’ਤੇ ਵਿਰੋਧ ਕਰਨਾ ਚਾਹੀਦਾ ਹੈ ਨਾਲ ਹੀ ਗੁੱਸੇ ਦਾ ਪ੍ਰਦਰਸ਼ਨ ਵੀ ਕਰਨਾ ਚਾਹੀਦਾ ਹੈ ਇੱਥੇ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਹਾਂ ਕਿ ਦੁਸ਼ਟ ਆਪਣੀ ਦੁਸ਼ਟਤਾ ਤੋਂ ਬਾਜ ਨਹੀਂ ਆਉਂਦੇ ਤਾਂ ਸਾਨੂੰ ਆਪਣੇ ਚੰਗੇ ਗੁਣਾਂ ਦਾ ਤਿਆਗ ਨਹੀਂ ਕਰਨਾ ਚਾਹੀਦਾ।

-ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!