ਬਰਸਾਤੀ ਬਿਮਾਰੀਆਂ ਤੋਂ ਬਚਾਓ ਖੁਦ ਨੂੰ Seasonal Diseases
ਮੀਂਹ ਆਉਂਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸਿਰ ਚੁੱਕ ਕੇ ਪ੍ਰੇਸ਼ਾਨ ਕਰਨ ਲਈ ਖੜ੍ਹੀਆਂ ਹੋ ਜਾਂਦੀਆਂ ਹਨ ਮੀਂਹ ’ਚ ਹੋਣ ਵਾਲੀਆਂ ਪ੍ਰਮੁੱਖ ਬਿਮਾਰੀਆਂ ’ਚ ਅਪੱਚ, ਮਲੇਰੀਆ, ਖੁਰਕ, ਛਪਾਕੀ ਅਤੇ ਆਮ ਬੁਖਾਰ ਜਿਹੀਆਂ ਬਿਮਾਰੀਆਂ ਹੁੰਦੀਆਂ ਹਨ ਇਸਦੇ ਨਾਲ ਹੀ ਸਰਦੀ, ਖੰਘ ਆਦਿ ਦਾ ਪ੍ਰਕੋਪ ਵੀ ਵਧਦਾ ਹੈ ਮੀਂਹ ’ਚ ਆਪਣੀ ਪੂਰੀ ਹਿਫਾਜ਼ਤ ਕਰਨਾ ਅਤੇ ਸਿਹਤਮੰਦ ਰਹਿਣਾ ਤੁਹਾਡਾ ਫਰਜ਼ ਬਣ ਜਾਂਦਾ ਹੈ ਬਰਸਾਤੀ ਰੋਗਾਂ ਤੋਂ ਬਚਣ ਲਈ ਕੁਝ ਪ੍ਰਮੁੱਖ ਘਰੇਲੂ ਇਲਾਜ ਪੇਸ਼ ਹਨ:-
Table of Contents
ਅਪੱਚ:-
ਮੀਂਹ ’ਚ ਪਾਚਣ ਸ਼ਕਤੀ ਬਹੁਤ ਕਮਜ਼ੋਰ ਹੋ ਜਾਇਆ ਕਰਦੀ ਹੈ ਜਿਸ ਨਾਲ ਭੋਜਨ ਪਚਣ ’ਚ ਬਹੁਤ ਦਿੱਕਤ ਹੁੰਦੀ ਹੈ ਭੁੱਖ ਨਾ ਲੱਗਣਾ, ਪੇਟ ’ਚ ਗੈਸ ਬਣਨਾ, ਜਲਣ, ਜੀ ਕੱਚਾ ਹੋਣਾ ਆਦਿ ਇਸ ਦੇ ਲੱਛਣ ਹਨ ਅਪੱਚ ਹੋਣ ’ਤੇ ਹੇਠ ਲਿਖੇ ਇਲਾਜ ਕਾਮਯਾਬ ਹੁੰਦੇ ਹਨ:-
- ਅਦਰਕ ਦਾ ਰਸ, ਨਿੰਬੂ ਦਾ ਰਸ, ਸੇਂਧਾ ਨਮਕ ਇਕੱਠੇ ਮਿਲਾ ਕੇ ਭੋਜਨ ਦੇ ਸ਼ੁਰੂ ’ਚ ਨਿਯਮਤ ਲੈਂਦੇ ਰਹਿਣ ਨਾਲ ਪਾਚਣ ਕਿਰਿਆ ਠੀਕ ਹੁੰਦੀ ਹੈ ਅਤੇ ਪਾਚਣ ਅਗਨੀ ਵਧਦੀ ਹੈ
- ਸੁੰਢ, ਕਾਲੀ ਮਿਰਚ, ਸੇਂਧਾ ਨਮਕ ਸਾਰੇ ਦਸ-ਦਸ ਗ੍ਰਾਮ ਦੀ ਮਾਤਰਾ ’ਚ ਲੈ ਕੇ ਪੀਸ ਕੇ ਅਤੇ ਛਾਣ ਕੇ ਰੱਖ ਲਓ ਇਸ ’ਚ ਚਾਰ ਸੌ ਗ੍ਰਾਮ ਕਿਸ਼ਮਿਸ਼ ਮਿਲਾ ਕੇ ਚਟਨੀ ਬਣਾ ਲਓ ਇਸ ਨੂੰ ਕੱਚ ਦੇ ਭਾਂਡੇ ’ਚ ਰੱਖ ਲਓ ਇਸ ’ਚੋਂ ਪੰਜ ਤੋਂ ਦਸ ਗ੍ਰਾਮ ਦੀ ਮਾਤਰਾ ’ਚ ਲੈ ਕੇ ਸਵੇਰੇ-ਸ਼ਾਮ ਸੇਵਨ ਕਰਦੇ ਰਹਿਣ ਨਾਲ ਪਾਚਣ ਕਿਰਿਆ ਠੀਕ ਹੁੰਦੀ ਹੈ
ਖੁਰਕ:-
ਮੀਂਹ ’ਚ ਖੁਰਕ ਦਾ ਪ੍ਰਕੋਪ ਬਹੁਤ ਹੀ ਵਧ ਜਾਂਦਾ ਹੈ ਦੂਸ਼ਿਤ ਪਾਣੀ ਦੇ ਸੰਪਰਕ ’ਚ ਆਉਣ ਨਾਲ ਇਹ ਰੋਗ ਹੱਥ ਦੀਆਂ ਉਂਗਲਾਂ ’ਚ ਸਭ ਤੋਂ ਪਹਿਲਾਂ ਹੁੰਦਾ ਹੈ, ਉਸ ਤੋਂ ਬਾਅਦ ਪੂਰੇ ਸਰੀਰ ’ਚ ਫੈਲਦਾ ਹੈ ਖੁਰਕ ਹੋਣ ’ਤੇ ਹੇਠ ਲਿਖੇ ਇਲਾਜ ਕਰਨੇ ਲਾਭਕਾਰੀ ਹੁੰਦੇ ਹਨ:-
- ਅਰਹਰ ਦੀ ਦਾਲ ਨੂੰ ਦਹੀਂ ਨਾਲ ਪੀਸ ਕੇ ਲਾਉਂਦੇ ਰਹਿਣ ਨਾਲ ਤਿੰਨ-ਚਾਰ ਦਿਨਾਂ ’ਚ ਹੀ ਸਰੀਰ ਦੇ ਕਿਸੇ ਵੀ ਅੰਗ ਦੀ ਖੁਰਕ ਖ਼ਤਮ ਹੋ ਜਾਂਦੀ ਹੈ
- ਤਾਜ਼ੇ ਨਾਰੀਅਲ ਅਤੇ ਟਮਾਟਰ ਦੇ ਰਸ ਨੂੰ ਬਰਾਬਰ ਮਾਤਰਾ ’ਚ ਮਿਲਾ ਕੇ ਖੁਰਕ ਵਾਲੀ ਥਾਂ ’ਤੇ ਲਾਉਂਦੇ ਰਹਿਣ ਨਾਲ ਖੁਰਕ ਖਤਮ ਹੋ ਜਾਂਦੀ ਹੈ
- ਸੰਤਰਿਆਂ ਦੇ ਛਿਲਕਿਆਂ ਨੂੰ ਪੀਸ ਕੇ ਖੁਰਕ ਵਾਲੀ ਥਾਂ ’ਤੇ ਲਾਉਂਦੇ ਰਹਿਣ ਨਾਲ ਪੁਰਾਣੀ ਤੋਂ ਪੁਰਾਣੀ ਖੁਰਕ ਤਿੰਨ-ਚਾਰ ਦਿਨਾਂ ਦੇ ਅੰਦਰ ਹੀ ਠੀਕ ਹੋ ਜਾਂਦੀ ਹੈ
ਮਲੇਰੀਆ ਬੁਖਾਰ:-
ਬਰਸਾਤੀ ਮੱਛਰਾਂ ਦੇ ਕੱਟਣ ਨਾਲ ਮਲੇਰੀਆ ਬੁਖਾਰ ਹੁੰਦਾ ਹੈ ਮੱਛਰਦਾਨੀ ਲਾ ਕੇ ਸੌਣਾ ਬਰਸਾਤ ’ਚ ਲਾਭਦਾਇਕ ਹੁੰਦਾ ਹੈ ਮਲੇਰੀਆ ਬੁਖਾਰ ’ਚ ਹੇਠ ਲਿਖੀਆਂ ਔਸ਼ਧੀਆਂ ਕਾਰਗਰ ਹੁੰਦੀਆਂ ਹਨ:-
- ਕਰੇਲੇ ਦੇ ਤਿੰਨ ਪੱਤਿਆਂ ਨੂੰ ਕਾਲੀ ਮਿਰਚ (ਗੋਲਕੀ) ਦੇ ਤਿੰਨ ਦਾਣਿਆਂ ਨਾਲ ਪੀਸ ਕੇ ਦਿਨ ’ਚ ਤਿੰਨ ਵਾਰ ਮਰੀਜ਼ ਨੂੰ ਪਿਆਉਂਦੇ ਰਹਿਣ ਨਾਲ ਮਲੇਰੀਏ ਦਾ ਬੁਖਾਰ ਠੀਕ ਹੁੰਦਾ ਹੈ
- ਤੁਲਸੀ ਦੇ 6 ਪੱਤਿਆਂ ਨੂੰ ਇੱਕ ਕਾਲੀ ਮਿਰਚ ਅਤੇ ਇੱਕ ਪਿੱਪਲੀ ਨਾਲ ਮਿਲਾ ਕੇ ਪਾਣੀ ਨਾਲ ਪੀਸ ਲਓ ਇਸ ਨੂੰ ਖੰਡ-ਪਾਣੀ ਨਾਲ ਮਿਲਾ ਕੇ ਪੀਂਦੇ ਰਹਿਣ ਨਾਲ ਮਲੇਰੀਆ ਬੁਖਾਰ ਠੀਕ ਹੋ ਜਾਂਦਾ ਹੈ
ਆਮ ਬੁਖਾਰ:-
ਬਰਸਾਤ ਦੇ ਮੌਸਮ ’ਚ ਭਿੱਜਣ ਨਾਲ ਆਮ ਬੁਖਾਰ, ਜ਼ੁਕਾਮ ਅਤੇ ਖੰਘ ਹੋ ਜਾਂਦੀ ਹੈ ਇਨ੍ਹਾਂ ਤੋਂ ਮੁਕਤੀ ਪਾਉਣ ਲਈ ਹੇਠ ਲਿਖੇ ਇਲਾਜ ਕਾਰਗਰ ਹਨ:-
- ਭੋਜਨ ਤੋਂ ਬਾਅਦ ਸ਼ਹਿਦ ’ਚ ਅਦਰਕ ਦਾ ਰਸ ਮਿਲਾ ਕੇ ਚੱਟਣ ਨਾਲ ਖੰਘ ਤੇ ਬੁਖਾਰ ਠੀਕ ਹੁੰਦਾ ਹੈ
- ਚਾਹ ’ਚ ਅੱਧਾ ਚਮਚ ਦਾਲਚੀਨੀ, ਦੋ ਵੱਡੀਆਂ ਇਲਾਇਚੀਆਂ ਤੇ ਇੱਕ ਚੂੰਢੀ ਸੁੰਢ ਦਾ ਚੂਰਨ ਮਿਲਾ ਕੇ ਪੀਣ ਨਾਲ ਬੁਖਾਰ ਅਤੇ ਜ਼ੁਕਾਮ ਸ਼ਾਂਤ ਹੁੰਦਾ ਹੈ
- ਸਵੇਰੇ 7-8 ਤੁਲਸੀ ਦੇ ਪੱਤਿਆਂ ਤੇ 3-4 ਕਾਲੀਆਂ ਮਿਰਚਾਂ ਲੈ ਕੇ ਇਕੱਠੇ ਚਬਾ ਕੇ ਖਾਣ ਨਾਲ ਬੁਖਾਰ ਤੇ ਜ਼ੁਕਾਮ ਦੇ ਨਾਲ ਹੀ ਖੰਘ ਨੂੰ ਵੀ ਆਰਮ ਮਿਲਦਾ ਹੈ
-ਪੂਨਮ ਦਿਨਕਰ