ਸ਼ਬਦਾਂ ਦੀ ਵਰਤੋਂ
ਸਿਰਫ ਮਨੁੱਖ ਨੂੰ ਹੀ ਪਰਮਾਤਮਾ ਨੇ ਵਾਣੀ ਜਾਂ ਖੁਲ ਕੇ ਬੋਲਣ ਵਰਗੀ ਨੇਮਤ ਦਿੱਤੀ ਹੈ ਉਸਦੇ ਕਾਰਨ ਹੀ ਉਹ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ ਸ਼ਬਦ, ਜਿਨ੍ਹਾਂ ਦਾ ਅਸੀਂ ਸਾਰੇ ਮਨੁੱਖ ਉੱਚਾਰਣ ਕਰਦੇ ਹਾਂ, ਉਹ ਸਾਡੇ ਕਰਮ ਦਾ ਹੀ ਇੱਕ ਰੂਪ ਹੁੰਦੇ ਹਨ ਜਦੋਂ ਮਨੁੱਖ ਉਨ੍ਹਾਂ ਨੂੰ ਬੋਲਦਾ ਹੈ ਤਾਂ ਉਸਦੇ ਬੋਲਣ ਨਾਲ ਉਸਦੇ ਸੰਸਕਾਰਾਂ ਦਾ ਵੀ ਪਤਾ ਲੱਗਦਾ ਹੈ ਇਸ ਲਈ ਸਿਆਣੇ ਸਮਝਾਉਂਦੇ ਹਨ ਕਿ ਆਪਣੇ ਹਰ ਸ਼ਬਦ ਨੂੰ ਬੋਲਣ ਤੋਂ ਪਹਿਲਾਂ ਉਸਨੂੰ ਤੋਲ ਲੈਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਉਸਦਾ ਮਾੜਾ ਨਤੀਜਾ ਸਿਰਫ ਮਨੁੱਖ ਨੂੰ ਖੁਦ ਹੀ ਨਹੀਂ ਭੋਗਣਾ ਪੈਂਦਾ ਸਗੋਂ ਉਸਦਾ ਪੂਰਾ ਆਲਾ-ਦੁਆਲਾ ਉਸ ਨਾਲ ਪ੍ਰਭਾਵਿਤ ਹੁੰਦਾ ਹੈ
ਸੰਸਾਰ ’ਚ ਸਿਰਫ ਮਨੁੱਖ ਹੀ ਇੱਕੋ-ਇੱਕ ਅਜਿਹਾ ਪ੍ਰਾਣੀ ਹੈ ਜਿਸ ਦਾ ਜ਼ਹਿਰ ਉਸਦੇ ਦੰਦਾਂ ’ਚ ਨਹੀਂ ਸਗੋਂ ਉਸਦੇ ਸ਼ਬਦਾਂ ’ਚ ਹੁੰਦਾ ਹੈ ਜਿਨ੍ਹਾਂ ਦਾ ਉਹ ਉੱਚਾਰਣ ਕਰਦਾ ਹੈ ਮਨੁੱਖ ਦੀ ਇਹ ਵਾਣੀ ਉਸਨੂੰ ਉੱਚੇ ਸਿੰਘਾਸਣ ’ਤੇ ਬਿਠਾਉਂਦੀ ਹੈ ਜਾਂ ਹੇਠਾਂ ਪਾਤਾਲ ’ਚ ਧੱਕ ਦਿੰਦੀ ਹੈ ਮਨੁੱਖ ਦਾ ਮਿੱਠਾ ਅਤੇ ਕੌੜਾ ਵਿਹਾਰ ਉਸਦੇ ਵਿਕਾਸ ਜਾਂ ਪਤਨ ਦਾ ਕਾਰਨ ਬਣਦਾ ਹੈ ਉਸਦੇ ਕਾਰਨ ਸਮਾਜ ’ਚ ਉਸਦੀ ਪਹਿਚਾਣ ਬਣਦੀ ਹੈ ਉਸਦੇ ਬੋਲਚਾਲ ਦੇ ਢੰਗ ਨਾਲ ਉਸਦੇ ਦੋਸਤਾਂ ਤੇ ਦੁਸ਼ਮਣਾਂ ਦੀ ਗਿਣਤੀ ਬਣਦੀ ਹੈ
ਜੇਕਰ ਮਨੁੱਖ ਹਰ ਸਮੇਂ ਵਿਅੰਗ ਕੱਸਦਾ ਰਹਿੰਦਾ ਹੈ ਤਾਂ ਉਸਦੇ ਸਾਥੀ ਵੀ ਉਸ ਤੋਂ ਕਿਨਾਰਾ ਕਰਨ ਲੱਗਦੇ ਹਨ ਇਹ ਕੌੜੇ ਸ਼ਬਦ ਸਾਹਮਣੇ ਵਾਲੇ ਦੇ ਦਿਲ ’ਤੇ ਡੂੰਘਾ ਵਾਰ ਕਰਦੇ ਹਨ ਕੋਈ ਵੀ ਵਿਅਕਤੀ ਅਪਮਾਨਿਤ ਨਹੀਂ ਹੋਣਾ ਚਾਹੁੰਦਾ ਸਾਰੇ ਲੋਕ ਉਸ ਨਾਲ ਨਫ਼ਰਤ ਕਰਨ ਲੱਗਦੇ ਹਨ ਆਪਣੀ ਇਸ ਕੌੜੀ ਜ਼ੁਬਾਨ ਕਾਰਨ ਉਹ ਸਮਾਜ ਤੋਂ ਕੱਟਿਆ ਜਾਂਦਾ ਹੈ ਜਦੋਂ ਤੱਕ ਉਹ ਆਪਣੇ ਸ਼ਬਦਾਂ ’ਤੇੇ ਕੰਟਰੋਲ ਨਹੀਂ ਕਰਦਾ, ਉਦੋਂ ਤੱਕ ਸਭ ਉਸ ਤੋਂ ਦੂਰ ਹੀ ਰਹਿੰਦੇ ਹਨ ਇਸ ਵਾਣੀ ਦੀ ਦੁਰਵਰਤੋਂ ਕਰਨ ਨਾਲ ਭਿਆਨਕ ਉਲਟ-ਫੇਰ ਹੋ ਸਕਦਾ ਹੈ ਕਵੀ ਰਹੀਮ ਨੇ ਸਹੀ ਹੀ ਕਿਹਾ ਹੈ-
ਰਹੀਮਨ ਜਿਭਯ ਬਾਵਰੀ, ਕਹਿ ਗਈ ਸਰਗ ਪਾਤਾਲ
ਆਪ ਤੋ ਭੀਤਰ ਹੀ ਰਹੀ, ਜੂਤੇ ਖਾਤ ਕਪਾਲ
ਅਰਥਾਤ ਜੀਭ ਅਪਸ਼ਬਦ ਬੋਲ ਕੇ, ਖੁਦ ਤਾਂ ਮੂੰਹ ਦੇ ਅੰਦਰ ਲੁਕ ਜਾਂਦੀ ਹੈ ਪਰ ਛਿੱਤਰ ਵਿਚਾਰੇ ਸਿਰ ’ਤੇ ਪੈਂਦੇ ਹਨ ਕਬੀਰਦਾਸ ਜੀ ਕਹਿੰਦੇ ਹਨ ਕਿ ਕੌੜੇ ਬੋਲ ਸਰੀਰ ਨੂੰ ਸਾੜਦੇ ਹਨ ਇਸ ਤੋਂ ਉਲਟ ਸਭ ਨਾਲ ਮਿੱਠਾ ਬੋਲਣ ਵਾਲੇ ਵਿਅਕਤੀ ਦੇ ਸਾਥੀਆਂ ਦੀ ਗਿਣਤੀ ਲਗਾਤਾਰ ਵਧਦੀ ਰਹਿੰਦੀ ਹੈ ਉਹ ਸਭ ਦਾ ਹਰਮਨਪਿਆਰਾ ਬਣ ਜਾਂਦਾ ਹੈ ਅਤੇ ਲੋਕ ਉਸਨੂੰ ਆਪਣੇ ਸਿਰ-ਅੱਖਾਂ ’ਤੇ ਬਿਠਾਉਂਦੇ ਹਨ ਸਭ ਪਾਸੇ ਉਸਦੀ ਚਰਚਾ ਹੁੰਦੀ ਹੈ ਲੋਕ ਉਸਦੀ ਪ੍ਰਸੰਸਾ ਕਰਦੇ ਨਹੀਂ ਥੱਕਦੇ ਇਸ ਤਰ੍ਹਾਂ ਕਈ ਹੱਥ ਉਸਦਾ ਸਾਥ ਦੇਣ ਲਈ ਅੱਗੇ ਵਧਣ ਲੱਗਦੇ ਹਨ ਉਸਦੇ ਸੁੱਖ-ਦੁੱਖ ’ਚ ਸਾਥ ਦੇਣ ਲਈ ਤਿਆਰ ਹੋ ਜਾਂਦੇ ਹਨ ਮਿੱਠੇ ਬੋਲ ਜਖ਼ਮ ’ਤੇ ਮੱਲ੍ਹਮ ਲਾਉਣ ਦਾ ਕੰਮ ਕਰਦੇ ਹਨ ਉਹ ਉਸ ਠੰਢੇ ਪਾਣੀ ਵਰਗੇ ਹੁੰਦੇ ਹਨ, ਜੋ ਭਿਆਨਕ ਅੱਗ ਨੂੰ ਵੀ ਬੁਝਾ ਸਕਦੇ ਹਨ ਇਸ ਲਈ ਕਬੀਰਦਾਸ ਜੀ ਸਾਨੂੰ ਸਮਝਾਉਂਦੇ ਹੋਏ ਕਹਿ ਰਹੇ ਹਨ-
ਮਧੁਰ ਵਚਨ ਹੈ ਔਸ਼ਧੀ, ਕਟੁਕ ਵਚਨ ਹੈ ਤੀਰ
ਅਰਥਾਤ ਮਧੁਰ ਵਚਨ ਦੂਜੇ ਦੇ ਜ਼ਖਮ ’ਤੇ ਦਵਾਈ ਦਾ ਕੰਮ ਕਰਦੇ ਹਨ ਪਰ ਕੌੜੇ ਸ਼ਬਦ ਉਸਨੂੰ ਤੀਰ ਵਾਂਗ ਚੁਭਦੇ ਹਨ
ਤਜ਼ਰਬੇਕਾਰਾਂ ਦਾ ਕਹਿਣਾ ਹੈ ਕਿ ਤਲਵਾਰ ਜਾਂ ਕਿਸੇ ਹਥਿਆਰ ਦੇ ਵਾਰ ਨਾਲ ਜੋ ਜ਼ਖ਼ਮ ਹੋ ਜਾਂਦਾ ਹੈ, ਉਹ ਇਲਾਜ ਹੋ ਜਾਣ ’ਤੇ ਸਮੇਂ ਅਨੁਸਾਰ ਭਰ ਜਾਂਦਾ ਹੈ, ਪਰ ਸ਼ਬਦਾਂ ਦੇ ਵਾਰ ਨਾਲ ਹੋਣ ਵਾਲਾ ਜ਼ਖ਼ਮ ਨਹੀਂ ਭਰ ਸਕਦਾ ਉਸਦਾ ਤਾਂ ਇਲਾਜ ਵੀ ਸੰਭਵ ਨਹੀਂ ਹੁੰਦਾ ਉਸ ਜ਼ਖਮ ਦੀ ਚੋਭ ਸਦਾ ਪੀੜ ਦਿੰਦੀ ਰਹਿੰਦੀ ਹੈ ਜਦੋਂ ਇਨਸਾਨ ਇਕੱਲਾ ਬੈਠ ਕੇ ਸੋਚਦਾ ਹੈ, ਤਾਂ ਉਦੋਂ ਉਸਦੇ ਸਾਰੇ ਜ਼ਖਮ ਹਰੇ ਹੋ ਜਾਂਦੇ ਹਨ ਅਤੇ ਉਹ ਪੁਰਾਣੇ ਹੋਏ ਦਰਦ ਮੁੜ ਉਸਨੂੰ ਛੁਰੇ ਚੁਭਨ ਵਰਗਾ ਦਰਦ ਦਿੰਦੇ ਹਨ ਉਸ ਸਮੇਂ ਉਹ ਬੇਮਨ ਜਿਹਾ ਹੋ ਕੇ ਉਨ੍ਹਾਂ ਜ਼ਖਮਾਂ ਨੂੰ ਪਲੋਸਣ ਦੀ ਅਸਫ਼ਲ ਕੋਸ਼ਿਸ਼ ਕਰਦਾ ਹੈ
ਇਸ ਪੂਰੇ ਵਿਸ਼ਲੇਸ਼ਣ ਦਾ ਸਾਰ ਇਹੀ ਨਿੱਕਲਦਾ ਹੈ ਕਿ ਸਮਝਦਾਰ ਮਨੁੱਖ ਨੂੰ ਆਪਣੇ ਸ਼ਬਦਾਂ ਦੀ ਵਰਤੋਂ ਸਦਾ ਹੀ ਸੋਚ-ਵਿਚਾਰ ਕੇ, ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਮਨੁੱਖ ਨੂੰ ਨਿਸ਼ਚਿਤ ਹੀ ਅਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਜਿਸ ਨਾਲ ਸਾਹਮਣੇ ਵਾਲੇ ਦੇ ਮਨ ਨੂੰ ਕਿਸੇ ਤਰ੍ਹਾਂ ਦੀ ਠੇਸ ਨਾ ਪਹੁੰਚੇ ਉਸਦਾ ਅੰਤਰ-ਹਿਰਦਾ ਉਸਦੇ ਸ਼ਬਦਾਂ ਦੇ ਵਾਰ ਨਾਲ ਦੁਖੀ ਹੋ ਕੇ ਤਾਰ-ਤਾਰ ਨਾ ਹੋਵੇ
-ਚੰਦਰ ਪ੍ਰਭਾ ਸੂਦ