ਆਪਣੀਆਂ ਕਮਜ਼ੋਰੀਆਂ ਸਾਰਿਆਂ ਨੂੰ ਨਾ ਦੱਸੋ
ਇਨਸਾਨ ਜਦੋਂ ਕਿਸੇ ਨੂੰ ਆਪਣਾ ਸਮਝਣ ਲੱਗਦਾ ਹੈ ਤਾਂ ਦਿਲ ਦੀਆਂ ਗਹਿਰਾਈਆਂ ’ਚ ਸਦੀਆਂ ਤੋਂ ਦੱਬੇ ਪਏ ਡੂੰਘੇ ਰਾਜ ਤੱਕ ਦੱਸ ਦਿੰਦਾ ਹੈ ਸਹੀ ਹੈ, ਜਿਸ ਨਾਲ ਮਨ ਮਿਲ ਜਾਵੇ,
ਉਸ ਦੇ ਸਾਹਮਣੇ ਤਾਂ ਦਿਲ ’ਚ ਛੁਪੀਆਂ ਰਾਜਦਾਰ ਗੱਲਾਂ ਖੁਦ ਹੀ ਖੁੱਲ੍ਹ ਜਾਂਦੀਆਂ ਹਨ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਜੋ ਆਪਣੇ ਦਿਲ ਦੇ ਕਰੀਬ ਆ ਜਾਂਦਾ ਹੈ, ਪਤਾ ਨਹੀਂ ਕਿਉਂ ਉਸ ਤੋਂ ਛੁਪਾਉਣਾ ਗਲਤ ਅਤੇ ਸੌਤੇਲਾਪਣ ਜਿਹਾ ਲੱਗਣ ਲੱਗਦਾ ਹੈ ਇਸੇ ਵਜ੍ਹਾ ਨਾਲ ਅਸੀਂ ਅਤੇ ਤੁਸੀਂ ਸਾਹਮਣੇ ਵਾਲੇ ਨੂੰ ਰਾਜਦਾਰ ਗੱਲਾਂ ਵੀ ਦੱਸ ਦਿੰਦੇ ਹਾਂ
ਗੱਲ ਠੀਕ ਵੀ ਹੈ ਸਾਹਮਣੇ ਵਾਲਾ ਤੁਹਾਡਾ ਹਮਰਾਜ ਹੈ, ਗਹਿਰਾ ਦੋਸਤ ਹੈ ਉਸ ਨਾਲ ਅੰਦਰ ਦੀ ਗੱਲ ਕਰਨ ’ਚ ਕੋਈ ਬੁਰਾਈ ਨਹੀਂ ਹੈ ਕਿਉਂਕਿ ਦੋਸਤ ਤਾਂ ਦੋਸਤ ਹੁੰਦਾ ਹੈ ਉਸ ਤੋਂ ਇਨਸਾਨ ਕੁਝ ਛੁਪਾਉਣਾ ਚਾਹ ਕੇ ਵੀ ਨਹੀਂ ਛੁਪਾ ਸਕਦਾ
ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਸੀਂ ਦਿਲ ’ਚ ਕੋਈ ਸਮੱਸਿਆ ਅਤੇ ਕੋਈ ਵਿਅਕਤੀਗਤ ਕਮੀ ਦਬਾਈ ਹੋਈ ਹੈ ਉਸਨੂੰ ਦੋਸਤ ਸਾਹਮਣੇ ਉਜ਼ਾਗਰ ਕਰਦੇ ਹੋ ਤਾਂ ਉਹ ਨਾ ਸਿਰਫ਼ ਸਮੱਸਿਆ ਦਾ ਹੱਲ ਦੱਸਦਾ ਹੈ ਸਗੋਂ ਤੁਹਾਡੀ ਸਮੱਸਿਆ ਨੂੰ ਹੱਲ ਕਰਵਾਉਣ ’ਚ ਵੀ ਜਿੰਨੀ ਸੰਭਵ ਹੋ ਸਕੇ ਮੱਦਦ ਕਰਦਾ ਹੈ ਗੱਲ ਇੱਥੋਂ ਤੱਕ ਤਾਂ ਠੀਕ ਹੈ ਪਰ ਕਦੇ-ਕਦੇ ਇਹ ਵੀ ਦੇਖਿਆ ਜਾਂਦਾ ਹੈ ਕਿ ਜਿਸਨੂੰ ਤੁਸੀਂ ਕੁਝ ਦਿਨਾਂ ਤੋਂ ਜਾਣ ਰਹੇ ਹੋ ਜਾਂ ਥੋੜ੍ਹਾ ਸਮਾਂ ਪਹਿਲਾਂ ਜਾਣ-ਪਛਾਣ ਹੋਈ ਹੈ, ਥੋੜ੍ਹੀ ਬਹੁਤ ਮਿੱਤਰਤਾ ਵੀ ਵਧ ਗਈ ਹੈ,
ਉਸ ’ਤੇ ਵੀ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ, ਆਪਣਾ ਹਮਦਰਦ, ਆਪਣਾ ਹਮਰਾਜ਼ ਸਮਝ ਲੈਂਦੇ ਹੋ ਅਤੇ ਭਾਵੁਕਤਾ ’ਚ ਬਹਿ ਕੇ ਰਾਜਦਾਰ ਗੱਲਾਂ ਤੱਕ ਦੱਸ ਦਿੰਦੇ ਹੋ ਜੋ ਜ਼ਿਆਦਾਤਰ ਸਾਡੇ ਅਤੇ ਤੁਹਾਡੇ ਲਈ ਇੱਕ ਵੱਡੀ ਸਮੱਸਿਆ ਬਣਕੇ ਸਾਹਮਣੇ ਆਉਂਦੀ ਹੈ ਥੋੜ੍ਹੇ ਸਮੇਂ ਦੇ ਕਿਸੇ ਜਾਣਕਾਰ ’ਤੇ ਵਿਸ਼ਵਾਸ ਕਰਕੇ ਭਾਵੁਕਤਾ ’ਚ ਬਹਿ ਕੇ ਅਤੇ ਸਾਹਮਣੇ ਵਾਲੇ ਤੋਂ ਥੋੜ੍ਹਾ ਜਿਹਾ ਪਿਆਰ, ਆਤਮੀਅਤਾ ਅਤੇ ਅਪਨਾਪਣ ਪਾ ਕੇ ਆਪਣੇ ਦਿਲ ਦਾ ਡੂੰਘਾ ਰਾਜ ਦੱਸ ਦੇਣਾ ਕਿੱਥੋਂ ਦੀ ਸਿਆਣਪ ਹੈ?
ਸਾਹਮਣੇ ਵਾਲਾ ਤੁਹਾਡੇ ਦਿਲ ਦੇ ਕਿੰਨ੍ਹੇ ਵੀ ਕਰੀਬ ਕਿਉਂ ਨਾ ਆ ਜਾਵੇ? ਤੁਸੀਂ ਉਸ ਨਾਲ ਖੁੱਲ੍ਹੋ ਹੀ ਨਾ ਦਿਲ ’ਚ ਛੁਪਿਆ ਕੋਈ ਅਜਿਹਾ ਰਾਜ ਨਾ ਦੱਸੋ, ਜਿਸਦੇ ਉਜ਼ਾਗਰ ਹੋਣ ’ਤੇ ਤੁਹਾਡੀ ਮਾਨ-ਮਰਿਆਦਾ ’ਤੇ ਕੋਈ ਦਾਗ ਆਵੇ ਅਤੇ ਤੁਹਾਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪਵੇ ਜਾਂ ਤੁਹਾਡੇ ਲਈ ਕੋਈ ਨਵੀਂ ਮੁਸੀਬਤ ਖੜ੍ਹੀ ਹੋ ਜਾਣ ਦੀ ਸੰਭਾਵਨਾ ਹੋਵੇ
ਸਾਹਮਣੇ ਵਾਲੇ ਦਾ ਵਿਵਹਾਰ ਤੁਹਾਡੇ ਪ੍ਰਤੀ ਕਿੰਨਾ ਵੀ ਚੰਗਾ-ਸੱਚਾ ਕਿਉਂ ਨਾ ਹੋਵੇ, ਦਿਲ ਦੀ ਕੋਈ ਗੱਲ ਨਾ ਦੱਸੋ ਯਾਦ ਰੱਖੋ ਕਿ ਕਿਸੇ ਵੀ ਇਨਸਾਨ ਨੂੰ ਥੋੜ੍ਹੀ ਮੁਲਾਕਾਤ ’ਚ ਅਤੇ ਥੋੜ੍ਹੇ ਦਿਨਾਂ ’ਚ ਪਛਾਣਿਆ ਨਹੀਂ ਜਾ ਸਕਦਾ ਸਾਹਮਣੇ ਵਾਲੇ ਦਾ ਵਿਵਹਾਰ ਦੋਸਤ ਵਾਂਗ ਹੋ ਸਕਦਾ ਹੈ ਪਰ ਹਰ ਕੋਈ ਸੱਚਾ ਦੋਸਤ ਹੋਵੇ, ਹਮਰਾਜ਼ ਹੋਵੇ ਜਿਸ ’ਤੇ ਭਰੋਸਾ ਕੀਤਾ ਜਾਵੇ, ਅਜਿਹਾ ਬਹੁਤ ਘੱਟ ਹੁੰਦਾ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਆਦਮੀ ਦਿਸਦਾ ਕੁਝ ਹੈ ਅਤੇ ਨਿਕਲਦਾ ਕੁਝ ਹੋਰ ਹੈ
ਅਖੀਰ ਤੁਸੀਂ ਕਿਸੇ ਵੀ ਅਜ਼ਨਬੀ ਨਾਲ ਥੋੜ੍ਹੇ ਸਮੇਂ ਦੀਆਂ ਮੁਲਾਕਾਤਾਂ ’ਚ ਹੀ ਉਸ ’ਤੇ ਭਰੋਸਾ ਨਾ ਕਰਨ ਲੱਗੋ ਅਤੇ ਨਾ ਹੀ ਉਸਦੇ ਵਿਵਹਾਰ, ਆਤਮੀਅਤਾ ਤੋਂ ਪ੍ਰਭਾਵਿਤ ਹੋ ਕੇ ਅਤੇ ਭਾਵੁਕਤਾ ’ਚ ਵਹਿ ਕੇ ਦਿਲ ਦਾ ਰਾਜ ਅਤੇ ਅੰਦਰ ਦੀ ਗੱਲ ਦੱਸੋ ਹਾਂ, ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਜਿਸ ’ਤੇ ਪੂਰਾ ਭਰੋਸਾ ਹੋਵੇ, ਉਸ ਦੋਸਤ ਨਾਲ ਅੰਦਰ ਦੀ ਗੱਲ ਬਿਨਾ ਸ਼ੱਕ ਕਰ ਸਕਦੇ ਹੋ ਪਰ ਉਸ ਨੂੰ ਸਭ ਕੁਝ ਨਾ ਦੱਸੋ ਇਹ ਯਾਦ ਵੀ ਰੱਖੋ ਕਿ ਕੁਝ ਗੱਲਾਂ ਆਪਣੇ ਤੱਕ ਸੀਮਤ ਰੱਖਣਾ ਹੀ ਬਿਹਤਰ ਹੁੰਦਾ ਹੈ
ਪ੍ਰੇਮ ਕੁਮਾਰ