ਕਰਮਾਂ ਦੇ ਫਲ ਤੋਂ ਬਚਣਾ ਸੰਭਵ ਨਹੀਂ ਹੈ – ਕਰਮ ਕੀਤੇ ਬਿਨਾਂ ਮਨੁੱਖ ਇੱਕ ਪਲ ਵੀ ਖਾਲੀ ਨਹੀਂ ਬੈਠ ਸਕਦਾ ਕਦੇ ਉਹ ਸ਼ੁੱਭ ਕਰਮ ਕਰਦਾ ਹੈ, ਤਾਂ ਕਦੇ ਅਣਜਾਣੇ ’ਚ ਅਸ਼ੁੱਭ ਕਰਮ ਕਰ ਬੈਠਦਾ ਹੈ ਇਸੇ ਜਨਮ ਦੇ ਕੀਤੇ ਕੁਝ ਕਰਮਾਂ ਦਾ ਫਲ ਉਹ ਭੋਗਦਾ ਹੈ, ਤਾਂ ਕੁਝ ਪਿਛਲੇ ਜਨਮਾਂ ਦੇ ਬਚੇ ਹੋਏ ਕਰਮਾਂ ਦਾ ਫਲ ਉਸ ਨੂੰ ਭੋਗਣਾ ਪੈਂਦਾ ਹੈ ਇਸ ਕਰਮਾਂ ਦੇ ਫਲ ਨੂੰ ਭੋਗਣ ਲਈ ਉਸ ਦੀ ਮਰਜ਼ੀ ਨਹੀਂ ਪੁੱਛੀ ਜਾਂਦੀ ਲਾਜ਼ਮੀ ਤੌਰ ’ਤੇ ਉਸ ਨੂੰ ਇਨ੍ਹਾਂ ਨੂੰ ਭੋਗਣਾ ਹੀ ਪੈਂਦਾ ਹੈ
ਜ਼ਿੰਦਗੀ ਦਾ ਕੈਲਕੁਲੇਸ਼ਨ ਭਾਵੇਂ ਕਿੰਨੀ ਵਾਰ ਕਿਉਂ ਨਾ ਕਰ ਲਿਆ ਜਾਵੇ ਪਰ ਸੁੱਖ-ਦੁੱਖ ਦਾ ਅਕਾਊਂਟ ਕਦੇ ਵੀ ਸਮਝ ਹੀ ਨਹੀਂ ਆ ਸਕਦਾ ਜਦੋਂ ਟੋਟਲ ਭਾਵ ਜਮ੍ਹਾ ਕੀਤਾ ਜਾਵੇ ਤਾਂ ਸਮਝ ’ਚ ਆਉਂਦਾ ਹੈ ਕਿ ਇਸ ਜੀਵਨ ’ਚ ਇਨ੍ਹਾਂ ਕੀਤੇ ਕਰਮਾਂ ਤੋਂ ਬਿਨਾਂ ਹੋਰ ਕੁਝ ਵੀ ਬੈਲੇਂਸ (ਬਾਕੀ) ਨਹੀਂ ਬਚਦਾ ਇਹੀ ਸਭ ਤੋਂ ਵੱਡਾ ਅਟੱਲ ਸੱਚ ਹੈ, ਇਸ ਨੂੰ ਸੰਸਾਰ ਦੇ ਹਰ ਜੀਵ ਨੂੰ ਸਵੀਕਾਰਨਾ ਹੀ ਪੈਂਦਾ ਹੈ
ਮਹਾਂਭਾਰਤ ਵਿਚ ਵੇਦਵਿਆਸ ਜੀ ਨੇ ਬੜੇ ਹੀ ਸੁੰਦਰ ਸ਼ਬਦਾਂ ’ਚ ਇਹਨਾਂ ਕਰਮਾਂ ਦੇ ਫਲ ਦੇ ਵਿਧਾਨ ਦੇ ਵਿਸ਼ੇ ’ਚ ਲਿਖਿਆ ਹੈ-
ਅਚੋਧਮਾਨਾਨਿ ਯਥਾ, ਪੁਸ਼ਪਾਣਿ ਫਲਾਨਿ ਚ
ਸਵੰ ਕਾਲੰ ਨਾਤਿਵਰਤੰਤੇ, ਤਥਾ ਕਰਮ ਪੁਰਾਕ੍ਰਤਮ
ਅਰਥਾਤ ਜਿਵੇਂ ਫੁੱਲ ਅਤੇ ਫਲ ਬਿਨਾਂ ਕਿਸੇ ਦੀ ਪ੍ਰੇਰਨਾ ਦੇ ਖੁਦ ਸਮੇਂ ’ਤੇ ਪ੍ਰਗਟ ਹੋ ਜਾਂਦੇ ਹਨ ਅਤੇ ਸਮੇਂ ਦੀ ਉਲੰਘਣਾ ਨਹੀਂ ਕਰਦੇ, ਉਸੇ ਤਰ੍ਹਾਂ ਪਿਛਲੇ ਜਨਮਾਂ ’ਚ ਕੀਤੇ ਗਏ ਕਰਮ ਵੀ ਸਮਾਂ ਆਉਣ ’ਤੇ ਆਪਣਾ ਚੰਗਾ-ਮਾੜਾ ਫਲ ਦਿੰਦੇ ਹਨ ਅਰਥਾਤ ਕਰਮਾਂ ਦਾ ਫਲ ਲਾਜ਼ਮੀ ਪ੍ਰਾਪਤ ਹੁੰਦਾ ਹੈ, ਸੰਸਾਰ ’ਚ ਉਸ ਤੋਂ ਕੋਈ ਬਚ ਨਹੀਂ ਸਕਦਾ
ਇਸ ਸਲੋਕ ਦਾ ਸਾਰ ਇਹੀ ਹੈ ਕਿ ਇਸ ਸੰਸਾਰ ’ਚ ਹਰ ਕੰਮ ਆਪਣੇ ਸਮੇਂ ’ਤੇ ਹੁੰਦਾ ਹੈ ਰੁੱਖ ’ਤੇ ਫਲ-ਫੁੱਲ ਆਪਣੇ ਸਮੇਂ ’ਤੇ ਲੱਗਦੇ ਹਨ ਉਨ੍ਹਾਂ ਨੂੰ ਕੋਈ ਨਿਰਦੇਸ਼ ਨਹੀਂ ਦਿੰਦਾ, ਉਸੇ ਤਰ੍ਹਾਂ ਮਨੁੱਖ ਦੇ ਚੰਗੇ-ਮਾੜੇ ਕਰਮਾਂ ਦਾ ਫਲ ਵੀ ਉਸ ਨੂੰ ਸਹੀ ਸਮੇਂ ’ਤੇ ਮਿਲ ਜਾਂਦਾ ਹੈ ਉਸ ਦੀ ਚੀਕ-ਪੁਕਾਰ ਜਾਂ ਉਸ ਦੇ ਰੋਣ-ਧੋਣ ਦਾ ਕੋਈ ਅਸਰ ਉਸ ਮਾਲਕ ’ਤੇ ਨਹੀਂ ਹੁੰਦਾ ਕਰਮ ਕਰਦੇ ਸਮੇਂ ਤਾਂ ਮਨੁੱਖ ਬਹੁਤ ਖੁਸ਼ ਹੁੰਦਾ ਹੈ ਪਰ ਉਸ ਦਾ ਫਲ ਭੋਗਦੇ ਸਮੇਂ ਉਹ ਨਿਆਂ ਦੀ ਮੰਗ ਕਰਨ ਲੱਗਦਾ ਹੈ ਜਿਸ ਦਾ ਕੋਈ ਵੀ ਲਾਭ ਨਹੀਂ ਹੁੰਦਾ
ਬੱਚਾ ਭਾਵੇਂ ਸਕੂਲ ’ਚ ਗਲਤੀ ਕਰੇ ਜਾਂ ਭਾਵੇਂ ਘਰ ’ਚ ਕਰੇ, ਉਸ ਨੂੰ ਅਧਿਆਪਕਾਂ ਵੱਲੋਂ ਸਕੂਲ ’ਚ ਅਤੇ ਮਾਪਿਆਂ ਵੱਲੋਂ ਘਰ ’ਚ ਸਜ਼ਾ ਮਿਲਦੀ ਹੈ ਜੇਕਰ ਉਹ ਚੰਗਾ ਕੰਮ ਕਰਦਾ ਹੈ ਤਾਂ ਸਕੂਲ ਅਤੇ ਘਰ ਦੋਵਾਂ ਥਾਵਾਂ ’ਤੇ ਉਸ ਦੀ ਪ੍ਰਸ਼ੰਸਾ ਹੁੰਦੀ ਹੈ ਉਸੇ ਤਰ੍ਹਾਂ ਮਨੁੱਖ ਨੂੰ ਵੀ ਗਲਤੀ ਕਰਨ ’ਤੇ ਦੁੱਖ ਅਤੇ ਤਕਲੀਫ਼ ਦੇ ਤੌਰ ’ਤੇ ਸਜ਼ਾ ਮਿਲਦੀ ਹੈ ਚੰਗਾ ਕੰਮ ਕਰਨ ’ਤੇ ਸੁੱਖਾਂ ਦੇ ਰੂਪ ’ਚ ਉਸ ਨੂੰ ਸ਼ਾਬਾਸ਼ੀ ਮਿਲਦੀ ਹੈ
ਕਰਮ ਦਾ ਸਿਧਾਂਤ ਇਹੀ ਹੈ ਕਿ ਮਨੁੱਖ ਨੂੰ ਈਸ਼ਵਰ ਵੱਲੋਂ ਸੁੱਖ ਅਤੇ ਦੁੱਖ ਉਸਦੇ ਚੰਗੇ-ਮਾੜੇ ਕਰਮਾਂ ਦੇ ਅਨੁਸਾਰ ਹੀ ਮਿਲਦੇ ਹਨ
ਜੇਕਰ ਚੰਗੇ ਕਰਮ ਜ਼ਿਆਦਾ ਹੁੰਦੇ ਹਨ, ਤਾਂ ਮਨੁੱਖ ਨੂੰ ਚੰਗਾ ਘਰ-ਪਰਿਵਾਰ, ਭਰਾ-ਭੈਣ, ਦੌਲਤ ਅਤੇ ਮਾਣ, ਉੱਚ ਸਿੱਖਿਆ, ਚੰਗਾ ਵਪਾਰ ਜਾਂ ਨੌਕਰੀ ਅਤੇ ਚੰਗੀ ਸਿਹਤ ਆਦਿ ਮਿਲਦੇ ਹਨ ਇਸ ਤੋਂ ਉਲਟ ਜੇਕਰ ਮਾੜੇ ਕਰਮ ਜ਼ਿਆਦਾ ਹੁੰਦੇ ਹਨ ਤਾਂ ਆਮ ਘਰ-ਪਰਿਵਾਰ, ਭੈਣ-ਭਰਾ, ਦੌਲਤ ਅਤੇ ਇੱਜਤ-ਮਾਣ, ਸਿੱਖਿਆ ਦੀ ਕਮੀ, ਸਾਧਾਰਨ ਨੌਕਰੀ ਅਤੇ ਸਿਹਤ ਆਦਿ ਸਭ ਮਿਲਦੇ ਹਨ
ਇਸ ਲਈ ਸਾਡੇ ਸ਼ਾਸਤਰ ਅਤੇ ਮਹਾਂਪੁਰਸ਼ ਮਨੁੱਖ ਨੂੰ ਸਦਾ ਚੰਗੇ ਕਰਮ ਕਰਨ ਲਈ ਪ੍ਰੇਰਿਤ ਕਰਦੇ ਹਨ ਮਾੜੇ ਕਰਮਾਂ ਤੋਂ ਮਨੁੱਖ ਨੂੰ ਜਿੰਨਾ ਸੰਭਵ ਹੋ ਸਕੇ ਬਚਣ ਲਈ ਸਲਾਹ ਦਿੰਦੇ ਹਨ ਜੋ ਉਨ੍ਹਾਂ ਦੀ ਪ੍ਰੇਰਨਾ ਨਾਲ ਚੰਗੇ ਕਰਮ ਕਰਦੇ ਹਨ, ਉਹ ਆਪਣਾ ਲੋਕ ਅਤੇ ਪਰਲੋਕ ਸੁਧਾਰ ਲੈਂਦੇ ਹਨ ਜੋ ਲੋਕ ਵਾਰ-ਵਾਰ ਸਮਝਾਉਣ ’ਤੇ ਵੀ ਮਾੜੇ ਕਰਮਾਂ ਵੱਲ ਆਕਰਸ਼ਿਤ ਹੁੰਦੇ ਹਨ, ਉਹ ਆਪਣੇ ਲੋਕ-ਪਰਲੋਕ ਦੋਵੇਂ ਵਿਗਾੜ ਲੈਂਦੇ ਹਨ
ਜਿੱਥੋਂ ਤੱਕ ਹੋ ਸਕੇ ਆਪਣੀ ਬੁੱਧੀ ਦਾ ਸਹਾਰਾ ਲੈਂਦੇ ਹੋਏ ਮਨੁੱਖ ਨੂੰ ਚੰਗੇ ਕਰਮਾਂ ਵੱਲ ਕਦਮ ਵਧਾਉਣਾ ਚਾਹੀਦਾ ਹੈ, ਨਾਲ ਹੀ ਦੂਜਿਆਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ
-ਚੰਦਰ ਪ੍ਰਭਾ ਸੂਦ