ਅਸ਼ੀਰਵਾਦ ਪਿਤਾ ਦਾ -ਪ੍ਰੇੇਰਿਕ ਕਹਾਣੀ
ਜਦੋਂ ਮੌਤ ਦਾ ਸਮਾਂ ਨੇੜੇ ਆਇਆ, ਤਾਂ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਧਰਮਪਾਲ ਨੂੰ ਕੋਲ ਸੱਦ ਕੇ ਕਿਹਾ, ‘ਬੇਟਾ! ਮੇਰੇ ਕੋਲ ਐਨੀ ਧਨ-ਦੌਲਤ ਨਹੀਂ ਹੈ ਕਿ ਮੈਂ ਤੈਨੂੰ ਵਿਰਾਸਤ ’ਚ ਦੇ ਸਕਾਂ ਪਰ ਮੈਂ ਜੀਵਨ ਭਰ ਸੱਚਾਈ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਹੈ ਮੈਂ ਤੈਨੂੰ ਅਸ਼ੀਰਵਾਦ ਦਿੰਦਾ ਹਾਂ ਕਿ ਤੂੰ ਜੀਵਨ ’ਚ ਬਹੁੁਤ ਸੁਖੀ ਰਹੇਂਗਾ ਅਤੇ ਮਿੱਟੀ ਨੂੰ ਵੀ ਹੱਥ ਲਾਏਂਗਾ ਤਾਂ ਉਹ ਸੋਨਾ ਬਣ ਜਾਵੇਗੀ’ ਬੇਟੇ ਨੇ ਸਿਰ ਝੁਕਾ ਕੇ ਪਿਤਾ ਜੀ ਦੇ ਪੈਰ ਛੂਹੇ ਪਿਤਾ ਨੇ ਸਿਰ ’ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਅਤੇ ਸੰਤੋਖ ਨਾਲ ਆਪਣਾ ਸਰੀਰ ਤਿਆਗ ਦਿੱਤਾ
ਹੁਣ ਘਰ ਦਾ ਖਰਚ ਬੇਟੇ ਧਰਮਪਾਲ ਨੇ ਸੰਭਾਲਣਾ ਸੀ ਉਸਨੇ ਇੱਕ ਛੋਟੀ ਜਿਹੀ ਰੇਹੜੀ ’ਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੌਲੀ-ਹੌਲੀ ਕਾਰੋਬਾਰ ਵਧਣ ਲੱਗਾ ਇੱਕ ਛੋਟੀ ਜਿਹੀ ਦੁਕਾਨ ਲੈ ਲਈ ਕਾਰੋਬਾਰ ਹੋਰ ਵਧਿਆ ਅਤੇ ਫਿਰ ਸ਼ਹਿਰ ਦੇ ਧਨਾਢ ਲੋਕਾਂ ’ਚ ਉਸਦੀ ਗਿਣਤੀ ਹੋਣ ਲੱਗੀ ਉਸਨੂੰ ਵਿਸ਼ਵਾਸ ਸੀ ਕਿ ਇਹ ਸਭ ਮੇਰੇ ਪਿਤਾ ਦੇ ਅਸ਼ੀਰਵਾਦ ਦਾ ਹੀ ਫ਼ਲ ਹੈ ਕਿਉਂਕਿ ਉਨ੍ਹਾਂ ਨੇੇ ਜੀਵਨ ’ਚ ਦੁੱਖ ਝੱਲਿਆ, ਪਰ ਕਦੇ ਹੌਂਸਲਾ ਨਹੀਂ ਛੱਡਿਆ, ਸ਼ਰਧਾ ਨਹੀਂ ਛੱਡੀ, ਇਮਾਨਦਾਰੀ ਨਹੀਂ ਛੱਡੀ ਇਸ ਲਈ ਉਨ੍ਹਾਂ ਦੀ ਬੋਲੀ (ਭਾਸ਼ਾ) ’ਚ ਦਮ ਸੀ ਅਤੇ ਉਨ੍ਹਾਂ ਦਾ ਅਸ਼ੀਰਵਾਦ ਸਾਕਾਰ ਹੋਇਆ, ਜਿਸ ਨਾਲ ਮੈਂ ਸੁਖੀ ਹੋਇਆ ਉਸਦੇ ਮੂੰਹੋਂ ਵਾਰ-ਵਾਰ ਇਹ ਗੱਲ ਨਿੱਕਲਦੀ ਸੀ
ਇੱਕ ਦਿਨ ਇੱਕ ਦੋਸਤ ਨੇ ਪੁੱਛਿਆ, ‘ਤੇਰੇ ਪਿਤਾ ’ਚ ਐਨਾ ਦਮ ਸੀ, ਤਾਂ ਉਹ ਖੁਦ ਅਮੀਰ ਕਿਉਂ ਨਹੀਂ ਹੋਏ? ਸੁਖੀ ਕਿਉਂ ਨਹੀਂ ਹੋਏ?’
ਧਰਮਪਾਲ ਨੇ ਕਿਹਾ ਕਿ ਮੈਂ ਪਿਤਾ ਦੀ ਤਾਕਤ ਦੀ ਗੱਲ ਨਹੀਂ ਕਰ ਰਿਹਾ ਹਾਂ, ਮੈਂ ਉਨ੍ਹਾਂ ਦੇ ਅਸ਼ੀਰਵਾਦ ਦੀ ਤਾਕਤ ਦੀ ਗੱਲ ਕਰ ਰਿਹਾ ਹਾਂ’
ਇਸ ਤਰ੍ਹਾਂ ਉਹ ਵਾਰ-ਵਾਰ ਆਪਣੇ ਪਿਤਾ ਦੇ ਅਸ਼ੀਰਵਾਦ ਦੀ ਗੱਲ ਕਰਦਾ, ਤਾਂ ਲੋਕਾਂ ਨੇ ਉਸਦਾ ਨਾਂਅ ਹੀ ਰੱਖ ਦਿੱਤਾ, ‘ਪਿਤਾ ਦਾ ਅਸ਼ੀਰਵਾਦ’! ਧਰਮਪਾਲ ਨੂੰ ਇਸ ਨਾਲ ਬੁਰਾ ਨਹੀਂ ਲੱਗਦਾ ਉਹ ਕਹਿੰਦਾ ਕਿ ਮੈਂ ਆਪਣੇ ਪਿਤਾ ਦੇ ਅਸ਼ੀਰਵਾਦ ਦੇ ਕਾਬਲ ਨਿੱਕਲਾਂ, ਇਹੀ ਚਾਹੁੰਦਾ ਹਾਂ ਅਜਿਹਾ ਕਰਦੇ ਹੋਏ ਕਈ ਸਾਲ ਬੀਤ ਗਏ ਉਹ ਵਿਦੇਸ਼ਾਂ ’ਚ ਕਾਰੋਬਾਰ ਕਰਨ ਲੱਗਾ ਜਿੱਥੇ ਵੀ ਕਾਰੋਬਾਰ ਕਰਦਾ, ਉਸ ਨੂੰ ਬਹੁਤ ਫਾਇਦਾ ਹੁੰਦਾ ਇੱਕ ਵਾਰ ਉਸਦੇੇ ਮਨ ’ਚ ਆਇਆ ਕਿ ਮੈਨੂੰ ਫਾਇਦਾ ਹੀ ਫਾਇਦਾ ਹੁੰਦਾ ਹੈ ਤਾਂ ਮੈਂ ਇੱਕ ਵਾਰ ਨੁਕਸਾਨ ਦਾ ਅਨੁਭਵ ਕਰਾਂ
ਉਸਨੇ ਆਪਣੇ ਇੱਕ ਦੋਸਤ ਤੋਂ ਪੁੱਛਿਆ ਕਿ ਅਜਿਹਾ ਕਾਰੋਬਾਰ ਦੱਸ, ਜਿਸ ’ਚ ਮੈਨੂੰ ਨੁਕਸਾਨ ਹੋਵੇ ਦੋਸਤ ਨੂੰ ਲੱਗਾ ਕਿ ਇਸ ਨੂੰ ਆਪਣੀ ਸਫਲਤਾ ਦਾ ਅਤੇ ਪੈਸਿਆਂ ਦਾ ਘੁਮੰਡ ਆ ਗਿਆ ਹੈ ਇਸ ਦਾ ਘੁਮੰਡ ਦੂਰ ਕਰਨ ਲਈ ਇਸਨੂੰ ਅਜਿਹਾ ਕੰਮ ਦੱਸਾਂ ਕਿ ਇਸ ਨੂੰ ਨੁਕਸਾਨ ਹੀ ਨੁਕਸਾਨ ਹੋਵੇ ਉਸਨੇ ਉਸਨੂੰ ਦੱਸਿਆ ਕਿ ਤੁਸੀਂ ਭਾਰਤ ’ਚ ਲੌਂਗ ਖਰੀਦੋ ਅਤੇ ਜਹਾਜ਼ ’ਚ ਭਰ ਕੇ ਅਫਰੀਕਾ ਦੇ ਜੰਜੀਬਾਰ ’ਚੋਂ ਜਾ ਕੇ ਵੇਚੋ ਧਰਮਪਾਲ ਨੂੰ ਇਹ ਗੱਲ ਠੀਕ ਲੱਗੀ ਕਿਉਂਕਿ ਜੰਜੀਬਾਰ ਤਾਂ ਲੌਂਗ ਦਾ ਦੇਸ਼ ਹੈ ਉੱਥੋਂ ਲੌਂਗ ਭਾਰਤ ’ਚ ਲਿਆਉਂਦੇ ਹਨ ਅਤੇ ਇੱਥੇ 10-12 ਗੁਣਾ ਭਾਅ ’ਤੇ ਵੇਚਦੇ ਹਨ ਭਾਰਤ ’ਚ ਖਰੀਦ ਕੇ ਜੰਜੀਬਾਰ ’ਚ ਵੇਚੇ ਤਾਂ ਸਾਫ ਨੁਕਸਾਨ ਸਾਹਮਣੇ ਦਿਸ ਰਿਹਾ ਹੈ ਪਰ ਧਰਮਪਾਲ ਨੇ ਤੈਅ ਕੀਤਾ ਕਿ ਮੈਂ ਭਾਰਤ ’ਚੋਂ ਲੌਂਗ ਖਰੀਦ ਕੇ ਜੰਜੀਬਾਰ ਖੁਦ ਲੈ ਕੇ ਜਾਵਾਂਗਾ ਦੇਖਾਂ ਕਿ ਪਿਤਾ ਦਾ ਅਸ਼ੀਰਵਾਦ ਕਿੰਨਾ ਸਾਥ ਦਿੰਦਾ ਹੈ
ਨੁਕਸਾਨ ਦਾ ਅਨੁਭਵ ਲੈਣ ਲਈ ਉਸਨੇ ਭਾਰਤ ’ਚੋਂ ਲੌਂਗ ਖਰੀਦੇ ਅਤੇ ਜਹਾਜ਼ ’ਚ ਭਰ ਕੇ ਜੰਜੀਬਾਰ ਦੀਪ ਪਹੁੰਚਿਆ ਜੰਜੀਬਾਰ ’ਚ ਸੁਲਤਾਨ ਦਾ ਰਾਜ ਸੀ ਉੱਥੋਂ ਦੇ ਵਪਾਰੀਆਂ ਨਾਲ ਮਿਲਣ ਲਈ ਧਰਮਪਾਲ ਜਹਾਜ਼ ਤੋਂ ਉੱਤਰ ਕੇ ਲੰਮੇ ਰੇਤਲੇ ਰਸਤੇ ’ਤੇ ਜਾ ਰਿਹਾ ਸੀ ਉਸਨੂੰ ਸਾਹਮਣਿਓਂਂ ਸੁਲਤਾਨ ਵਰਗਾ ਵਿਅਕਤੀ ਪੈਦਲ ਸਿਪਾਹੀਆਂ ਨਾਲ ਆਉਂਦਾ ਦਿਖਾਈ ਦਿੱਤਾ ਉਸਨੇ ਕਿਸੇ ਤੋਂ ਪੁੱਛਿਆ ਕਿ ਇਹ ਕੌਣ ਹੈ? ਉਨ੍ਹਾਂ ਕਿਹਾ ਕਿ ਇਹ ਸੁਲਤਾਨ ਹੈ ਸੁਲਤਾਨ ਨੇ ਉਸਨੂੰ ਸਾਹਮਣੇ ਦੇਖ ਕੇ ਉਸਦਾ ਨਾਂਅ ਪਤਾ ਤੇ ਇੱਥੇ ਆਉਣ ਦਾ ਮੰਤਵ ਪੁੱਛਿਆ ‘ਮੈਂ ਭਾਰਤ ਦੇ ਗੁਜਰਾਤ ਦੇ ਖੰਭਾਤ ਦਾ ਵਪਾਰੀ ਹਾਂ ਅਤੇ ਇੱਥੇ ਵਪਾਰ ਕਰਨ ਆਇਆ ਹਾਂ’ ਧਰਮਪਾਲ ਨੇ ਸਹਿਜ਼ ਭਾਵ ਨਾਲ ਜਵਾਬ ਦਿੱਤਾ ਸੁਲਤਾਨ ਨੇ ਉਸ ਨੂੰ ਵਪਾਰੀ ਜਾਣ ਕੇ ਉਸਦਾ ਆਦਰ ਕੀਤਾ ਅਤੇ ਉਸ ਨਾਲ ਗੱਲਾਂ ਕਰਨ ਲੱਗਾ ਧਰਮਪਾਲ ਨੇ ਦੇਖਿਆ ਕਿ ਸੁਲਤਾਨ ਦੇ ਨਾਲ ਸੈਂਕੜੇ ਸਿਪਾਹੀ ਹਨ, ਪਰ ਉਨ੍ਹਾਂ ਦੇ ਹੱਥਾਂ ’ਚ ਤਲਵਾਰ, ਬੰਦੂਕ ਆਦਿ ਕੁਝ ਵੀ ਨਾ ਹੋ ਕੇ ਵੱਡੀਆਂ-ਵੱਡੀਆਂ ਛਾਨਣੀਆਂ ਹਨ! ਉਸਨੂੰ ਹੈਰਾਨੀ ਹੋਈ ਉਸਨੇ ਨਿਮਰਤਾ ਪੂਰਵਕ ਸੁਲਤਾਨ ਤੋਂ ਪੁੱਛਿਆ ਕਿ ਤੁਹਾਡੇ ਸੈਨਿਕ ਐਨੀਆਂ ਛਾਨਣੀਆਂ ਲੈ ਕੇ ਕਿਉਂ ਜਾ ਰਹੇ ਹਨ?
ਸੁਲਤਾਨ ਨੇ ਹੱਸ ਕੇ ਕਿਹਾ ਕਿ ਗੱਲ ਇਹ ਹੈ ਕਿ ਅੱਜ ਸਵੇਰੇ ਮੈਂ ਸਮੁੰਦਰ ਦੇ ਕੰਢੇ ’ਤੇ ਘੁੰਮਣ ਆਇਆ ਸੀ ਉਦੋਂ ਮੇਰੀ ਉਂਗਲੀ ’ਚੋਂ ਇੱਕ ਅੰਗੂਠੀ ਇੱਥੇ ਕਿਤੇ ਲੱਥ ਕੇ ਡਿੱਗ ਗਈ ਹੁਣ ਰੇਤ ’ਚ ਅੰਗੂਠੀ ਕਿੱਥੇ ਡਿੱਗੀ, ਪਤਾ ਨਹੀਂ ਇਸ ਲਈ ਮੈਂ ਇਨ੍ਹਾਂ ਸੈਨਿਕਾਂ ਨੂੰ ਨਾਲ ਲੈ ਕੇ ਆਇਆ ਹਾਂ ਇਹ ਰੇਤ ਛਾਣ ਕੇ ਮੇਰੀ ਅੰਗੂਠੀ ਉਸ ’ਚੋਂ ਲੱਭਣਗੇ ਧਰਮਪਾਲ ਨੇ ਕਿਹਾ ਕਿ ਅੰਗੂਠੀ ਬਹੁਤ ਮਹਿੰਗੀ ਹੋਵੇਗੀ! ਸੁਲਤਾਨ ਕਹਿੰਦਾ, ‘ਨਹੀਂ! ਉਸ ਤੋਂ ਬਹੁਤ ਜ਼ਿਆਦਾ ਕੀਮਤ ਵਾਲੀਆਂ ਅਣਗਿਣਤ ਅੰਗੂਠੀਆਂ ਮੇਰੇ ਕੋਲ ਹਨ, ਪਰ ਉਹ ਅੰਗੂਠੀ ਇੱਕ ਫਕੀਰ ਦਾ ਅਸ਼ੀਰਵਾਦ ਹੈ ਇਸ ਲਈ ਮੇਰੇ ਮਨ ’ਚ ਉਸ ਅੰਗੂਠੀ ਦਾ ਮੁੱਲ ਸਲਤਨਤ ਤੋਂ ਵੀ ਜ਼ਿਆਦਾ ਹੈ’
ਐਨਾ ਕਹਿ ਕੇ ਸੁਲਤਾਨ ਨੇ ਫਿਰ ਪੁੱਛਿਆ ਕਿ ਬੋਲੋ ਸੇਠ! ਤੁਸੀਂ ਕੀ ਮਾਲ ਲੈ ਕੇ ਆਏ ਹੋ?’ ਧਰਮਪਾਲ ਨੇ ਕਿਹਾ, ‘ਲੌਂਗ!’ ਸੁਲਤਾਨ ਦੀ ਹੈਰਾਨੀ ਦਾ ਟਿਕਾਣਾ ਨਾ ਰਿਹਾ ਉਸ ਨੇ ਕਿਹਾ ਕਿ ‘ਇਹ ਤਾਂ ਲੌਂਗ ਦਾ ਹੀ ਦੇਸ਼ ਹੈ ਸੇਠ, ਇੱਥੇ ਲੌਂਗ ਵੇਚਣ ਆਏ ਹੋ! ਕਿਸਨੇ ਤੁਹਾਨੂੰ ਅਜਿਹੀ ਸਲਾਹ ਦਿੱਤੀ? ਜ਼ਰੂਰ ਉਹ ਕੋਈ ਤੁਹਾਡਾ ਦੁਸ਼ਮਣ ਹੋਵੇਗਾ! ਇੱਥੇ ਤਾਂ ਇੱਕ ਪੈਸੇ ’ਚ ਮੁੱਠੀ ਭਰ ਕੇ ਲੌਂਗ ਮਿਲਦੇ ਹਨ ਇੱਥੇ ਲੌਂਗ ਕੌਣ ਖਰੀਦੇਗਾ ਅਤੇ ਤੁਸੀਂ ਕੀ ਕਮਾਓਗੇ?’ ਧਰਮਪਾਲ ਨੇ ਕਿਹਾ ਕਿ ਮੈਂ ਇਹੀ ਦੇਖਣਾ ਹੈ ਕਿ ਇੱਥੇ ਵੀ ਮੁਨਾਫਾ ਹੁੰਦਾ ਹੈ ਜਾਂ ਨਹੀਂ ਮੇਰੇ ਪਿਤਾ ਦੇ ਅਸ਼ੀਰਵਾਦ ਨਾਲ ਅੱਜ ਤੱਕ ਮੈਂ ਜੋ ਕੰਮ ਕੀਤਾ ਹੈ, ਉਸ ’ਚ ਮੁਨਾਫਾ ਹੀ ਮੁਨਾਫਾ ਹੋਇਆ ਹੈ ਤਾਂ ਹੁਣ ਮੈਂ ਦੇਖਣਾ ਚਾਹੁੰਦਾ ਹਾਂ ਕਿ ਉਨ੍ਹਾਂ ਦਾ ਅਸ਼ੀਰਵਾਦ ਇੱਥੇ ਵੀ ਫ਼ਲਦਾ ਹੈ ਜਾਂ ਨਹੀਂ
ਸੁਲਤਾਨ ਨੇ ਪੁੱਛਿਆ, ‘ਪਿਤਾ ਦਾ ਅਸ਼ੀਰਵਾਦ! ਇਸਦਾ ਕੀ ਮਤਲਬ?’ ਧਰਮਪਾਲ ਨੇ ਕਿਹਾ, ‘ਮੇਰੇ ਪਿਤਾ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕਰਦੇ ਰਹੇ, ਪਰ ਪੈਸਾ ਨਹੀਂ ਕਮਾ ਸਕੇ ਉਨ੍ਹਾਂ ਨੇ ਮਰਦੇ ਸਮੇਂ ਮੈਨੂੰ ਰੱਬ ਦਾ ਨਾਂਅ ਲੈ ਕੇ ਮੇਰੇ ਸਿਰ ’ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਸੀ ਕਿ ਤੇਰੇ ਹੱਥ ’ਚ ਮਿੱਟੀ ਵੀ ਸੋਨਾ ਬਣ ਜਾਵੇਗੀ ਅਜਿਹਾ ਬੋਲਦੇ-ਬੋਲਦੇ ਧਰਮਪਾਲ ਹੇਠਾਂ ਝੁਕਿਆ ਤੇ ਜ਼ਮੀਨ ਦੀ ਰੇਤ ’ਚੋਂ ਇੱਕ ਮੁੱਠੀ ਭਰੀ ਅਤੇ ਸਮਰਾਟ ਸੁਲਤਾਨ ਦੇ ਸਾਹਮਣੇ ਮੁੱਠੀ ਖੋਲ੍ਹ ਕੇ ਉਂਗਲੀਆਂ ’ਚੋਂ ਰੇਤ ਹੇਠਾਂ ਕੇਰੀ, ਤਾਂ ਧਰਮਪਾਲ ਅਤੇ ਸੁਲਤਾਨ ਦੋਵਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਉਸਦੇ ਹੱਥ ’ਚ ਇੱਕ ਹੀਰੇ ਜੜੀ ਅੰਗੂਠੀ ਸੀ ਅਤੇ ਇਹ ਉਹੀ ਸੁਲਤਾਨ ਦੀ ਗੁੰਮ ਹੋਈ ਅੰਗੂਠੀ ਸੀ
ਅੰਗੂਠੀ ਦੇਖ ਕੇ ਸੁਲਤਾਨ ਬਹੁਤ ਖੁਸ਼ ਹੋ ਗਿਆ ਅਤੇ ਬੋਲਿਆ, ‘ਵਾਹ ਖੁਦਾ! ਤੇਰੀ ਕਰਾਮਤ ਦਾ ਅੰਤ ਨਹੀਂ! ਤੁਸੀਂ ਪਿਤਾ ਦੇ ਅਸ਼ੀਰਵਾਦ ਨੂੰ ਸੱਚਾ ਕਰਦੇ ਹੋ’ ਧਰਮਪਾਲ ਨੇ ਕਿਹਾ, ‘ਫਕੀਰ ਦੇ ਅਸ਼ੀਰਵਾਦ ਨੂੰ ਵੀ ਉਹੀ ਪਰਮਾਤਮਾ ਸੱਚਾ ਕਰਦਾ ਹੈ’ ਸੁਲਤਾਨ ਹੋਰ ਖੁਸ਼ ਹੋਇਆ ਧਰਮਪਾਲ ਨੂੰ ਗਲੇ ਲਾਇਆ ਅਤੇ ਕਿਹਾ, ‘ਮੰਗ ਸੇਠ! ਅੱਜ ਤੂੰ ਜੋ ਮੰਗੇਂਗਾ ਮੈਂ ਦੇਵਾਂਗਾ’ ਧਰਮਪਾਲ ਨੇ ਕਿਹਾ, ‘ਤੁਸੀਂ 100 ਸਾਲ ਤੱਕ ਜਿਉਂਦੇ ਰਹੋ ਅਤੇ ਪਰਜਾ ਦਾ ਚੰਗੀ ਤਰ੍ਹਾਂ ਪਾਲਣ ਕਰੋ ਪਰਜਾ ਸੁਖੀ ਰਹੇ ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਚਾਹੀਦਾ’
ਸੁਲਤਾਨ ਹੋਰ ਜ਼ਿਆਦਾ ਖੁਸ਼ ਹੋ ਗਿਆ ਉਸਨੇ ਕਿਹਾ ਕਿ ਸੇਠ! ਤੁਹਾਡਾ ਸਾਰਾ ਮਾਲ ਮੈਂ ਅੱਜ ਖਰੀਦਦਾ ਹਾਂ ਤੇ ਤੁਹਾਨੂੰ ਮੂੰਹ ਮੰਗੀ ਕੀਮਤ ਦੇਵਾਂਗਾ’
ਸਿੱਖਿਆ: ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਮਾਤਾ-ਪਿਤਾ ਦੀ ਸੇਵਾ ਦਾ ਫਲ ਨਿਸ਼ਚਿਤ ਤੌਰ ’ਤੇ ਮਿਲਦਾ ਹੈ ਅਸ਼ੀਰਵਾਦ ਵਰਗੀ ਹੋਰ ਕੋਈ ਸੰਪੱਤੀ ਨਹੀਂ ਬੱਚੇ ਦੇ ਮਨ ਨੂੰ ਜਾਣਨ ਵਾਲੀ ਮਾਂ ਤੇ ਭਵਿੱਖ ਨੂੰ ਸਵਾਰਨ ਵਾਲਾ ਪਿਤਾ ਇਹੀ ਦੁਨੀਆਂ ਦੇ ਦੋ ਮਹਾਨ ਜੋਤਸ਼ੀ ਹਨ ਇਸ ਲਈ ਆਪਣੇ ਬਜ਼ੁਰਗਾਂ ਦਾ ਹਮੇਸ਼ਾ ਸਨਮਾਨ ਕਰੋ