Sweet Behavior ਸਰਲ ਵਿਹਾਰ ਰੱਖੋ
ਮਨੁੱਖ ਦਾ ਵਿਹਾਰ ਅਜਿਹਾ ਹੋਣਾ ਚਾਹੀਦੈ ਕਿ ਉਹ ਸਭ ਦੇ ਦਿਲਾਂ ’ਚ ਸਦਾ ਲਈ ਵੱਸ ਜਾਵੇ ਲੋਕ ਚਾਹ ਕੇ ਵੀ ਉੁਸਨੂੰ ਭੁੱਲ ਨਾ ਸਕਣ ਸਾਰੇ ਉਸਨੂੰ ਉਸਦੀ ਦਿਆਲਤਾ, ਸਾਦਗੀ, ਸਭ ਨੂੰ ਆਪਣਾ ਬਣਾ ਲੈਣ ਦੀ ਕਲਾ, ਨਿਹਸਵਾਰਥ ਸਭ ਦੀ ਮੱਦਦ ਕਰਨ ਆਦਿ ਦੇ ਗੁਣਾਂ ਕਾਰਨ ਹਮੇਸ਼ਾ ਲਈ ਯਾਦ ਰੱਖਣ ਮਨੁੱਖ ਨੂੰ ਆਪਣੇ ਸੁਭਾਅ-ਵਿਹਾਰ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ ਜਦੋਂ ਉਹ ਦੂਜਿਆਂ ਦੇ ਦਿਲਾਂ ’ਚ ਵੱਸ ਜਾਂਦਾ ਹੈ ਤਾਂ ਉਸਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ ਲੋਕਾਂ ਦੀਆਂ ਉਸ ਤੋਂ ਹੋਰ ਜ਼ਿਆਦਾ ਉਮੀਦਾਂ ਹੋਣ ਲੱਗਦੀਆਂ ਹਨ
ਮਨੁੱਖ ਦੀ ਕਠੋਰਤਾ ਜਾਂ ਕਰੂਰਤਾ ਸਾਹਮਣੇ ਵਾਲੇ ਨੂੰ ਤੋੜ ਕੇ ਰੱਖ ਦਿੰਦੀ ਹੈ ਉਹ ਕਿਸੇ ਦਾ ਪਿਆਰਾ ਨਹੀਂ ਬਣ ਸਕਦਾ ਦੂਜੇ ਸ਼ਬਦਾਂ ’ਚ ਕਹੀਏ ਤਾਂ ਤਲਵਾਰ ਦੇ ਦਮ ’ਤੇ ਕਿਸੇ ਦਾ ਦਿਲ ਨਹੀਂ ਜਿੱਤਿਆ ਜਾ ਸਕਦਾ ਅਜਿਹੇ ਵਿਅਕਤੀ ਦਾ ਦੂਜਿਆਂ ਦਾ ਦਿਲ ਜਿੱਤਣ ਦਾ ਸੁਫਨਾ ਸਾਕਾਰ ਹੋਣਾ ਅਸੰਭਵ ਜਿਹਾ ਹੋ ਜਾਂਦਾ ਹੈ ਕੋਈ ਵੀ ਸਖ਼ਤ ਸੁਭਾਅ ਵਾਲੇ ਵਿਅਕਤੀ ਨੂੰ ਪਸੰਦ ਨਹੀਂ ਕਰਦਾ ਅਤੇ ਨਾ ਹੀ ਉਸ ਨਾਲ ਦੋਸਤੀ ਕਰਨਾ ਚਾਹੁੰਦਾ ਹੈ ਮਨੁੱਖ ਦੀ ਕਠੋਰਤਾ ਉਸਦੇ ਹੰਕਾਰ ਦੀ ਪ੍ਰਤੀਕ ਹੁੰਦੀ ਹੈ ਉਸਨੂੰ ਸਭ ਨਾਲੋਂ ਤੋੜ ਦਿੰਦੀ ਹੈ
ਇੱਕ ਬੋਧ-ਕਥਾ ਕੁਝ ਸਮਾਂ ਪਹਿਲਾਂ ਪੜ੍ਹੀ ਸੀ, ਮੈਨੂੰ ਬਹੁਤ ਪਸੰਦ ਆਈ ਇਸ ’ਚ ਦੱਸਿਆ ਗਿਆ ਹੈ ਕਿ ਇੱਕ ਹਥੌੜਾ ਜਿੰਦਰੇ ਨੂੰ ਸਿਰਫ ਤੋੜ ਸਕਦਾ ਹੈ, ਉਸਨੂੰ ਖੋਲ੍ਹ ਨਹੀਂ ਸਕਦਾ ਇੱਕ ਛੋਟੀ ਜਿਹੀ ਚਾਬੀ ਬਹੁਤ ਹੀ ਸਰਲਤਾ ਨਾਲ ਵੱਡੇ ਤੋਂ ਵੱਡੇ ਜਿੰਦਰੇ ਨੂੰ ਖੋਲ੍ਹ ਦਿੰਦੀ ਹੈ ਇਸਦਾ ਕਾਰਨ ਹੈ ਕਿ ਉਹ ਜਿੰਦਰੇ ਦੇ ਅੰਦਰ ਨੂੰ ਛੂਹ ਲੈਂਦੀ ਹੈ ਇਸ ਲਈ ਉਸਦਾ ਦਿਲ ਜਿੱਤ ਲੈਂਦੀ ਹੈ ਅਤੇ ਇਸ ਲਈ ਉਹ ਜਿੰਦਰਾ ਖੁੱਲ੍ਹ ਜਾਂਦਾ ਹੈ ਇਸ ਕਥਾ ਨੂੰ ਥੋੜ੍ਹੇ ਬਦਲਾਅ ਅਤੇ ਸੋਧ ਤੋਂ ਬਾਅਦ ਇੱਥੇ ਦੇ ਰਹੀ ਹਾਂ
ਇੱਕ ਜਿੰਦਰੇ ਬਣਾਉਣ ਵਾਲੇ ਦੀ ਦੁਕਾਨ ’ਤੇ ਚਾਬੀਆਂ ਬਣਾਈਆਂ ਜਾਂਦੀਆਂ ਸਨ ਉੱਥੇ ਇੱਕ ਹਥੌੜਾ ਵੀ ਪਿਆ ਹੁੰਦਾ ਸੀ ਇੱਕ ਦਿਨ ਉਸ ਹਥੌੜੇ ਨੇ ਚਾਬੀ ਤੋਂ ਪੁੱਛਿਆ, ‘ਮੈਂ ਤੇਰੇ ਤੋਂ ਜ਼ਿਆਦਾ ਤਾਕਤਵਰ ਹਾਂ, ਮੇਰੇ ਅੰਦਰ ਲੋਹਾ ਵੀ ਤੇਰੇ ਤੋਂ ਜ਼ਿਆਦਾ ਹੈ ਆਕਾਰ ’ਚ ਵੀ ਤੇਰੇ ਤੋਂ ਵੱਡਾ ਹਾਂ ਪਰ ਫਿਰ ਵੀ ਮੈਨੂੰ ਜਿੰਦਰਾ ਤੋੜਨ ’ਚ ਬਹੁਤ ਸਮਾਂ ਲੱਗਦਾ ਹੈ ਤੂੰ ਏਨੀ ਛੋਟੀ ਏਂ ਫਿਰ ਵੀ ਏਨੀ ਆਸਾਨੀ ਨਾਲ ਮਜ਼ਬੂਤ-ਤੋਂ-ਮਜ਼ਬੂਤ ਜਿੰਦਰਾ ਕਿਵੇਂ ਖੋਲ੍ਹ ਦਿੰਦੀ ਹੈਂ?’
Sweet Behavior ਚਾਬੀ ਨੇ ਮੁਸਕਰਾ ਕੇ ਹਥੌੜੇ ਨੂੰ ਕਿਹਾ, ‘ਤੁਸੀਂ ਜਿੰਦਰੇ ’ਤੇ ਉੱਪਰੋਂ ਵਾਰ ਕਰਦੇ ਹੋ ਅਤੇ ਉਸਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਪਰ ਮੈਂ ਜਿੰਦਰੇ ਦੇ ਅੰਦਰ ਤੱਕ ਜਾਂਦੀ ਹਾਂ, ਉਸਦੇ ਅੰਤਰ-ਹਿਰਦੇ ਨੂੰ ਛੂੰਹਦੀ ਹਾਂ ਘੁੰਮ ਕੇ ਜਿੰਦਰੇ ਨੂੰ ਬੇਨਤੀ ਕਰਦੀ ਹਾਂ ਅਤੇ ਜਿੰਦਰਾ ਖੁੱਲ੍ਹ ਜਾਂਦਾ ਹੈ’
ਕਿੰਨੀ ਗੂੜ੍ਹ-ਗੰਭੀਰ ਗੱਲ ਕਹੀ ਹੈ ਚਾਬੀ ਨੇ ਕਿ ਮੈਂ ਜਿੰਦਰੇ ਦੇ ਅੰਤਰ-ਹਿਰਦੇ ਨੂੰ ਛੂੰਹਦੀ ਹਾਂ, ਇਸ ਲਈ ਉਹ ਖੁੱਲ੍ਹ ਜਾਂਦਾ ਹੈ
ਮਨੁੱਖ ਕਿੰਨਾ ਵੀ ਤਾਕਤਵਰ ਹੋਵੇ, ਉਸਦੇ ਕੋਲ ਕਿੰਨੀ ਵੀ ਤਾਕਤ ਹੋਵੇ, ਜਦੋਂ ਤੱਕ ਉਹ ਦੂਜਿਆਂ ਦੇ ਦਿਲ ’ਚ ਨਹੀਂ ਉੱਤਰੇਗਾ, ਉਨ੍ਹਾਂ ਦੇ ਅੰਤਰ-ਹਿਰਦੇ ਨੂੰ ਨਹੀਂ ਛੂਹ ਸਕੇਗਾ, ਉਦੋਂ ਤੱਕ ਕੋਈ ਉਸਦਾ ਸਨਮਾਨ ਨਹੀਂ ਕਰਦਾ ਇਹ ਕਹਾਣੀ ਸਾਨੂੰ ਸਮਝਾ ਰਹੀ ਹੈ ਕਿ ਮਨੁੱਖ ਨੂੰ ਹਥੌੜੇ ਵਾਂਗ ਕਰੂਰ ਜਾਂ ਕਠੋਰ ਨਹੀਂ ਬਣਨਾ ਚਾਹੀਦਾ ਉਸਦੇ ਵਾਰ ਨਾਲ ਜਿੰਦਰਾ ਖੁੱਲ੍ਹਦਾ ਨਹੀਂ ਹੈ ਸਗੋਂ ਟੁੱਟ ਜਾਂਦਾ ਹੈ ਠੀਕ ਉਵੇਂ ਹੀ ਜੇਕਰ ਵਿਅਕਤੀ ਆਪਣੀ ਸਰੀਰਕ ਤਾਕਤ ਦੇ ਦਮ ’ਤੇ ਕਿਸੇ ਨੂੰ ਜਿੱਤਣਾ ਚਾਹੁੰਦਾ ਹੈ ਅਤੇ ਵੱਸ ’ਚ ਕਰਨਾ ਚਾਹੁੰਦਾ ਹੈ ਤਾਂ ਉਹ ਸੌ ਪ੍ਰਤੀਸ਼ਤ ਅਸਫਲ ਰਹਿੰਦਾ ਹੈ ਤਾਕਤ ਦੀ ਵਰਤੋਂ ਕਰਕੇ ਦੂਜੇ ਵਿਅਕਤੀ ਨੂੰ ਹਰਾਇਆ ਜਾ ਸਕਦਾ ਹੈ, ਉਸਦਾ ਮਨੋਬਲ ਤੋੜਿਆ ਜਾ ਸਕਦਾ ਹੈ, ਪਰ ਕਿਸੇ ਦੇ ਦਿਲ ਨੂੰ ਨਹੀਂ ਛੂਹਿਆ ਜਾ ਸਕਦਾ ਕਿਸੇ ਦੇ ਦਿਲ ’ਚ ਆਪਣੀ ਥਾਂ ਬਣਾਉਣਾ ਬਹੁਤ ਔਖਾ ਕੰਮ ਹੁੰਦਾ ਹੈ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਮਨੁੱਖ ਚਾਬੀ ਦੇ ਵਾਂਗ ਸਰਲ ਬਣ ਜਾਵੇ ਤਾਂ ਸਭ ਦੇ ਦਿਲਾਂ ਦੇ ਮਜ਼ਬੂਤ ਜਿੰਦਰੇ ਖੋਲ੍ਹ ਕੇ ਉਨ੍ਹਾਂ ’ਤੇ ਰਾਜ ਕਰ ਸਕਦਾ ਹੈ ਲੋਕ ਉਸ ’ਤੇ ਵਿਸ਼ਵਾਸ ਕਰਕੇ ਆਪਣੇ ਰਹੱਸ ਉਸ ਕੋਲ ਉਜਾਗਰ ਕਰ ਸਕਦੇ ਹਨ ਉਸਦੀ ਸਰਲਤਾ ਹੀ ਉਸਦੀ ਲੋਕਪ੍ਰਿਅਤਾ ਦਾ ਬਹੁਤ ਵੱਡਾ ਕਾਰਨ ਹੁੰਦੀ ਹੈ
-ਚੰਦਰ ਪ੍ਰਭਾ ਸੂਦ