ਬਾਲ ਕਹਾਣੀ- ਲਾਲੂ ਦੀ ਉਡਾਣ
ਲਾਲੂ ਬਾਂਦਰ ਨੂੰ ਹਵਾਈ ਜਹਾਜ਼ ’ਚ ਬੈਠ ਕੇ ਉੱਡਣ ਦਾ ਬੜਾ ਸ਼ੌਂਕ ਸੀ, ਪਰ ਉਸ ਕੋਲ ਐਨੇ ਪੈਸੇ ਨਹੀਂ ਸਨ ਕਿ ਉਹ ਟਿਕਟ ਕਟਾ ਕੇ ਹਵਾਈ ਜਹਾਜ਼ ’ਚ ਬੈਠ ਸਕੇ। ਇੱਕ ਦਿਨ ਉਸਨੂੰ ਪਤਾ ਲੱਗਾ ਕਿ ਉਸਦਾ ਦੋਸਤ ਮੀਕੂ ਖਰਗੋਸ਼ ਹਵਾਈ ਜਹਾਜ਼ ਦਾ ਪਾਇਲਟ ਬਣ ਗਿਆ ਹੈ ਤਾਂ ਉਹ ਖੁਸ਼ ਹੋਇਆ ‘‘ਹੁਣ ਮੇਰੇ ਮਨ ਦੀ ਮੁਰਾਦ ਜ਼ਰੂਰ ਪੂਰੀ ਹੋ ਜਾਵੇਗੀ’’, ਇਹ ਸੋਚ ਕੇ ਉਹ ਯਾਤਰਾ ਦੀ ਤਿਆਰੀ ਕਰਕੇ ਆਪਣੇ ਮੋਢੇ ’ਤੇ ਬੈਗ ਲਮਕਾਈ ਹਵਾਈ ਅੱਡੇ ਪਹੁੰਚ ਗਿਆ।
ਉੱਥੇ ਇੱਕ ਜਹਾਜ਼ ਉੱਡਣ ਲਈ ਤਿਆਰ ਖੜ੍ਹਾ ਸੀ ਯਾਤਰੀ ਇੱਕ-ਇੱਕ ਕਰਕੇ ਉਸ ਵਿੱਚ ਸਵਾਰ ਹੋ ਰਹੇ ਸਨ ਉਦੋਂ ਉਸਨੂੰ ਮੀਕੂ ਖਰਗੋਜ਼ ਨਜ਼ਰ ਆਇਆ ਜੋ ਹਵਾਈ ਜਹਾਜ਼ ਉਡਾਉਣ ਲਈ ਆਪਣੇ ਇੱਕ ਸਹਿਯੋਗੀ ਪਾਇਲਟ ਨਾਲ ਹਵਾਈ ਜਹਾਜ਼ ਵੱਲ ਜਾ ਰਿਹਾ ਸੀ। ਉਸਨੂੰ ਦੇਖਦੇ ਹੀ ਲਾਲੂ ਉਸਨੂੰ ਨਾਂਅ ਨਾਲ ਬੁਲਾਉਂਦੇ ਹੋਏ ਤੇਜੀ ਨਾਲ ਉਸ ਵੱਲ ਭੱਜਿਆ, ‘‘ਮੀਕੂ… ਕਾਫੀ ਦਿਨਾਂ ਬਾਅਦ ਦਿਖਾਈ ਦਿੱਤੇ’’।
ਮੀਕੂ ਨੇ ਹੈਰਾਨੀ ਨਾਲ ਕਿਹਾ, ‘‘ਕਿੱਥੇ ਜਾ ਰਹੇ ਹੋ ਤੁਸੀਂ?’’
‘‘ਮੈਂ ਤੈਨੂੰ ਮਿਲਣ ਆਇਆ ਸੀ’’ ਲਾਲੂ ਬੋਲਿਆ
‘‘ਇਸ ਸਮੇਂ ਤਾਂ ਮੈਂ ਹਵਾਈ ਜਹਾਜ਼ ਲੈ ਕੇ ਜਾਵਾਂਗਾ’’ ਮੀਕੂ ਨੇ ਆਪਣੀ ਘੜੀ ਦੇਖਦੇ ਹੋਏ ਕਿਹਾ, ‘‘ਉਡਾਣ ਦਾ ਸਮਾਂ ਹੋ ਗਿਆ ਹੈ ਇੱਦਾਂ ਕਰੋ, ਤੁਸੀਂ ਕੱਲ੍ਹ ਮੇਰੇ ਘਰ ਮਿਲੋ, ਇਹ ਰਿਹਾ ਮੇਰਾ ਕਾਰਡ’’ ਐਨਾ ਕਹਿ ਕੇ ਮੀਕੂ ਨੇ ਉਸਨੂੰ ਆਪਣਾ ਕਾਰਡ ਫੜਾ ਦਿੱਤਾ। ਲਾਲੂ ਨੇ ਕਾਰਡ ਆਪਣੀ ਜੇਬ੍ਹ ’ਚ ਰੱਖ ਕੇ ਕਿਹਾ, ‘‘ਯਾਰ, ਮੈਨੂੰ ਵੀ ਆਪਣੇ ਨਾਲ ਹਵਾਈ ਜਹਾਜ਼ ’ਚ ਲੈ ਚੱਲ ਨਾ ਮੈਂ ਪੂਰੀ ਤਿਆਰੀ ਨਾਲ ਆਇਆ ਹਾਂ’’।
‘‘ਤੂੰ ਜਾਣਾ ਕਿੱਥੇ ਹੈ?’’
‘‘ਕਿਤੇ ਵੀ, ਮੈਂ ਤਾਂ ਬੱਸ ਹਵਾਈ ਜਹਾਜ਼ ’ਚ ਬੈਠ ਕੇ ਉੱਡਣਾ ਚਾਹੁੰਦਾ ਹਾਂ’’
‘‘ਇਸ ਸਮੇਂ ਮੈਂ ਤੈਨੂੰ ਆਪਣੇ ਨਾਲ ਨਹੀਂ ਲਿਜਾ ਸਕਦਾ’’ ਮੀਕੂ ਨੇ ਆਪਣੀ ਮਜ਼ਬੂਰੀ ਦੱਸੀ ਅਤੇ ਹਵਾਈ ਜਹਾਜ਼ ਵੱਲ ਵਧ ਗਿਆ
ਲਾਲੂ ਨਿਰਾਸ਼ ਹੋ ਕੇ ਵਾਪਸ ਚਲਾ ਗਿਆ ਉਹ ਇੱਕ ਪਾਰਕ ’ਚ ਬੈਠ ਕੇ ਕੁਝ ਸੋਚਣ ਲੱਗਾ, ਉਦੋਂ ਉਸਨੂੰ ਆਪਣੇ ਇੱਕ ਵਿਦੇਸ਼ੀ ਦੋਸਤ ਸਾਈਬੇਰੀਆਈ ਸਾਰਸ ਦਾ ਖਿਆਲ ਆਇਆ ਉਸਦਾ ਵਿਦੇਸ਼ੀ ਦੋਸਤ ਹਰ ਸਾਲ ਸਰਦੀ ਬਿਤਾਉਣ ਸੈਂਕੜੇ ਪੰਛੀਆਂ ਨਾਲ ਭਾਰਤ ਆਉਂਦਾ ਸੀ। ਕੋਲ ਹੀ ਇੱਕ ਪੰਛੀਆਂ ਦਾ ਪਾਰਕ ਸੀ ਉਹ ਮੋਢੇ ’ਤੇ ਬੈਗ ਲਮਕਾਈ ਬਾਗ ’ਚ ਪਹੁੰਚ ਕੇ ਆਪਣੇ ਦੋਸਤ ਨੂੰ ਲੱਭਣ ਲੱਗਾ ਜਲਦ ਹੀ ਉਸਨੂੰ ਉਸਦਾ ਦੋਸਤ ਮਿਲ ਗਿਆ।
ਲਾਲੂ ਨੇ ਉਸ ਤੋਂ ਉਸਦਾ ਹਾਲ-ਚਾਲ ਪੁੱਛਿਆ
‘‘ਦੋਸਤ, ਤੁਸੀਂ ਕਿਤੇ ਜਾਣ ਦੀ ਤਿਆਰੀ ’ਚ ਹੋ?’’ ਉਸਦੇ ਮੋਢੇ ’ਤੇ ਬੈਗ ਦੇਖ ਕੇ ਸਾਰਸ ਨੇ ਪੁੱਛਿਆ
‘‘ਹਾਂ ਦੋਸਤ’’ ਲਾਲੂ ਬੋਲਿਆ, ‘‘ਮੈਂ ਹਵਾਈ ਜਹਾਜ਼ ’ਚ ਬੈਠ ਕੇ ਉੱਡਣਾ ਚਾਹੁੰਦਾ ਸੀ, ਪਰ ਮੀਕੂ ਮੈਨੂੰ ਨਹੀਂ ਲੈ ਗਿਆ’’
‘‘ਨਿਰਾਸ਼ ਕਿਉਂ ਹੁੰਦੇ ਹੋ, ਫਿਰ ਕਦੇ ਚਲੇ ਜਾਣਾ’’ ਸਾਰਸ ਨੇ ਸਮਝਾਉਂਦੇ ਹੋਏ ਕਿਹਾ, ‘‘ਮੀਕੂ ਤੈਨੂੰ ਅਚਾਨਕ ਆਪਣੇ ਨਾਲ ਕਿਵੇਂ ਲਿਜਾ ਸਕਦਾ ਸੀ’’। ਫਿਰ ਲਾਲੂ ਕੁਝ ਸੋਚਦਾ ਹੋਇਆ ਬੋਲਿਆ, ‘‘ਦੋਸਤ, ਕੀ ਤੁਸੀਂ ਮੈਨੂੰ ਆਪਣੀ ਪਿੱਠ ’ਤੇ ਬਿਠਾ ਕੇ ਉੱਡ ਸਕਦੇ ਹੋ? ਮੈਨੂੰ ਅਸਮਾਨ ’ਚ ਉੱਡਣ ਦਾ ਬਹੁਤ ਸ਼ੌਂਕ ਹੈ’’। ਇਸ ’ਤੇ ਸਾਰਸ ਨੇ ਹੱਸ ਕੇ ਕਿਹਾ, ‘‘ਤੂੰ ਮੈਨੂੰ ਹਵਾਈ ਜਹਾਜ਼ ਸਮਝ ਲਿਆ ਹੈ ਕਿ? ਖੈਰ, ਮੈਂ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਾਂਗਾ, ਚੱਲੋ, ਆ ਜਾਓ, ਸਵਾਰ ਹੋ ਜਾਓ ਮੇਰੀ ਪਿੱਠ ’ਤੇ’’ ਲਾਲੂ ਖੁਸ਼ੀ-ਖੁਸ਼ੀ ਉਸਦੀ ਪਿੱਠ ’ਤੇ ਸਵਾਰ ਹੋ ਗਿਆ ‘‘ਮੇਰੀ ਧੌਣ ਫੜ ਕੇ ਚੰਗੀ ਤਰ੍ਹਾਂ ਬੈਠਣਾ’’ ਸਾਰਸ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ, ‘‘ਦੇਖਣਾ, ਕਿਤੇ ਡਿੱਗ ਨਾ ਜਾਣਾ ਜੇਕਰ ਡਿੱਗ ਗਏ ਤਾਂ ਹੱਡੀ ਪੱਸਲੀ ਟੁੱਟ ਜਾਵੇਗੀ’’।
‘‘ਮੈਂ ਨਹੀਂ ਡਿਗਾਂਗਾ’’ ਲਾਲੂ ਜੋਸ਼ ’ਚ ਬੋਲਿਆ, ‘‘ਤੁਸੀਂ ਉਡਾਣ ਭਰੋ’’। ਸਾਰਸ ਅਸਮਾਨ ’ਚ ਉਡਾਣ ਭਰਨ ਲੱਗਾ ਪਹਿਲਾਂ ਤਾਂ ਲਾਲੂ ਨੂੰ ਬਹੁਤ ਮਜ਼ਾ ਆਇਆ ਪਰ ਜਦੋਂ ਉਸਨੇ ਹੇਠਾਂ ਦੇਖਿਆ ਤਾਂ ਉਸਨੂੰ ਬਹੁਤ ਡਰ ਲੱਗਣ ਲੱਗਾ ਉਹ ਬੁਰੀ ਤਰ੍ਹਾਂ ਨਾਲ ਘਬਰਾਉਣ ਲੱਗਾ ਇਸੇ ਘਬਰਾਹਟ ’ਚ ਉਹ ਸਾਰਸ ਦੀ ਪਿੱਠ ਤੋਂ ਹੇਠਾਂ ਡਿੱਗ ਪਿਆ। ਚੰਗੀ ਕਿਸਮਤ ਨਾਲ ਸਾਰਸ ਉਸ ਸਮੇਂ ਬਹੁਤ ਉਚਾਈ ’ਤੇ ਨਹੀਂ ਉੱਡ ਰਿਹਾ ਸੀ ਅਤੇ ਇਹ ਵੀ ਚੰਗੀ ਕਿਸਮਤ ਹੀ ਸੀ ਕਿ ਉਹ ਇੱਕ ਬਰਫੀਲੇ ਇਲਾਕੇ ਦੇ ਉੱਪਰ ਉੱਡ ਰਿਹਾ ਸੀ।
ਅਸਮਾਨ ਤੋਂ ਪਲਟੀਆਂ ਖਾਂਦਾ ਲਾਲੂ ਬਰਫ ਨਾਲ ਭਰੀ ਜ਼ਮੀਨ ’ਤੇ ਡਿੱਗ ਗਿਆ ਚੰਗੀ ਕਿਸਮਤ ਨਾਲ ਉਸਨੂੰ ਜ਼ਰਾ ਵੀ ਸੱਟ ਨਹੀਂ ਲੱਗੀ ‘‘ਮੈਂ ਕਹਿੰੰਦਾ ਸੀ ਕਿ ਤੁਸੀਂ ਡਿੱਗ ਜਾਓਗੇ’’ ਸਾਰਸ ਹੇਠਾਂ ਉੱਤਰ ਕੇ ਉਸਦੀ ਹਿੰਮਤ ਵਧਾਉਂਦਾ ਹੋਇਆ ਬੋਲਿਆ, ‘‘ਇਸ ਵਾਰ ਚੰਗੀ ਤਰ੍ਹਾਂ ਬੈਠਣਾ’’। ‘‘ਨਹੀਂ, ਮੈਂ ਨਹੀਂ ਬੈਠਾਂਗਾ, ਮੈਨੂੰ ਬਹੁਤ ਡਰ ਲੱਗਦਾ ਹੈ’’।
‘‘ਅਰੇ, ਬੈਠੋਗੇ ਨਹੀਂ ਤਾਂ ਕੀ ਇੱਥੇ ਪਏ ਰਹੋਗੇ?’’ ਸਾਰਸ ਹੈਰਾਨੀ ਨਾਲ ਬੋਲਿਆ, ‘‘ਇਹ ਬਰਫੀਲਾ ਇਲਾਕਾ ਹੈ ਇੱਥੋਂ ਪੈਦਲ ਤੁਰਦੇ-ਤੁਰਦੇ ਤਾਂ ਤੁਸੀਂ ਜੰਮ ਕੇ ਕੁਲਫੀ ਬਣ ਜਾਓਗੇ’’ ‘‘ਕੁਝ ਵੀ ਹੋਵੇ, ਮੈਂ ਹੁਣ ਤੁਹਾਡੀ ਪਿੱਠ ’ਤੇ ਹਰਗਿਜ਼ ਨਹੀਂ ਬੈਠਾਂਗਾ’’ ਲਾਲੂ ਨੇ ਸਾਫ ਮਨ੍ਹਾ ਕਰ ਦਿੱਤਾ। ‘‘ਤੂੰ ਹੀ ਤਾਂ ਕਿਹਾ ਸੀ ਕਿ ਮੈਨੂੰ ਅਸਮਾਨ ’ਚ ਉੱਡਣ ਦਾ ਬਹੁਤ ਸ਼ੌਂਕ ਹੈ’’। ‘‘ਇਹ ਮੇਰੀ ਭੁੱਲ ਸੀ’’ ਉਹ ਪਛਤਾਉਂਦਾ ਹੋਇਆ ਬੋਲਿਆ, ‘‘ਮੈਨੂੰ ਹਵਾਈ ਜਹਾਜ਼ ’ਚ ਬੈਠ ਕੇ ਆਪਣਾ ਸ਼ੌਂਕ ਪੂਰਾ ਕਰਨਾ ਚਾਹੀਦਾ ਸੀ, ਤੁਹਾਡੀ ਪਿੱਠ ’ਤੇ ਬੈਠ ਕੇ ਨਹੀਂ’’।
‘‘ਖੈਰ, ਹੁਣ ਇਹ ਸੋਚੋ ਕਿ ਇਸ ਬਰਫੀਲੇ ਇਲਾਕੇ ’ਚੋਂ ਜ਼ਲਦੀ ਬਾਹਰ ਕਿਵੇਂ ਨਿੱਕਲੋਗੇ?’’ ਸਾਰਸ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ, ‘‘ਇੱਥੇ ਕਾਫੀ ਠੰਢ ਪੈ ਰਹੀ ਹੈ’’। ਸਾਰਸ ਨੇ ਕੁਝ ਸੋਚ ਕੇ ਕਿਹਾ, ‘‘ਮੈਂ ਕਿਸੇ ਹੈਲੀਕਾਪਟਰ ਨੂੰ ਬੁਲਾ ਕੇ ਲਿਆਉਂਦਾ ਹਾਂ’’ ਇਹ ਕਹਿ ਕੇ ਉਹ ਉੱਡ ਗਿਆ। ਉੱਥੇ ਠੰਢ ਐਨੀ ਜ਼ਿਆਦਾ ਪੈ ਰਹੀ ਸੀ ਕਿ ਲਾਲੂ ਨੂੰ ਆਪਣਾ ਖੂਨ ਜੰਮਦਾ ਜਿਹਾ ਲੱਗਣ ਲੱਗਾ ਉਸਨੇ ਸੋਚਿਆ, ‘‘ਜੇਕਰ ਮੈਂ ਆਪਣੇ-ਆਪ ਨੂੰ ਗਰਮ ਨਹੀਂ ਰੱਖਿਆ ਤਾਂ ਮੈਂ ਮਰ ਜਾਵਾਂਗਾ’’। ਫਿਰ ਉਸਨੂੰ ਆਪਣੇ ਬੈਗ ’ਚ ਰੱਖੇ ਟੇਪਰਿਕਾਰਡ ਦਾ ਖਿਆਲ ਆਇਆ ਉਸਨੇ ਗਾਣੇ ਵਾਲਾ ਕੈਸੇਟ ਲਾ ਕੇ ਚਲਾ ਦਿੱਤਾ ਅਤੇ ਡਾਂਸ ਕਰਨ ਲੱਗਾ ਇਸ ਤਰ੍ਹਾਂ ਉਸਨੇ ਆਪਣਾ ਸਰੀਰ ਗਰਮ ਰੱਖਿਆ। ਉਦੋਂ ਤੱਕ ਸਾਰਸ ਇੱਕ ਹੈਲੀਕਾਪਟਰ ਲੈ ਕੇ ਉੱਥੇ ਪਹੁੰਚ ਗਿਆ ਅਤੇ ਲਾਲੂ ਨੂੰ ਬਚਾ ਲਿਆ ਲਾਲੂ ਨੇ ਆਪਣੇ ਦੋਸਤ ਸਾਰਸ ਦਾ ਧੰਨਵਾਦ ਕਰਦਿਆਂ ਕਿਹਾ, ‘‘ਚਲੋ, ਹਵਾਈ ਜਹਾਜ਼ ’ਤੇ ਨਾ ਸਹੀ, ਹੈਲੀਕਾਪਟਰ ’ਤੇ ਬੈਠਣ ਦਾ ਸ਼ੌਂਕ ਤਾਂ ਪੂਰਾ ਹੋ ਹੀ ਗਿਆ’’।
-ਹੇਮੰਤ ਕੁਮਾਰ ਯਾਦਵ