ਵਿਰਸਾ – Punjabi Virsa ਹੁਣ ਨਾ ਰਹੀ ਹੱਥ-ਪੱਖੀਆਂ ਦੀ ਅਹਿਮੀਅਤ – ਜੇਕਰ ਪੁਰਾਤਨ ਪੰਜਾਬ ਦੇ ਉਹਨਾਂ ਸਮਿਆਂ ਦੀ ਗੱਲ ਕਰੀਏ ਜਦੋਂ ਪੰਜਾਬ ਵਿੱਚ ਅਜੇ ਬਿਜਲੀ ਨਹੀਂ ਸੀ ਆਈ ਜਾਂ ਫਿਰ ਕਿਸੇ ਟਾਵੇਂ-ਟਾਵੇਂ ਘਰ ਵਿਚ ਹੀ ਬਿਜਲੀ ਜਗਦੀ ਹੁੰਦੀ ਸੀ ਉਦੋਂ ਕੁੜੀਆਂ ਆਪਣੇ ਦਾਜ ਦਾ ਸਾਰਾ ਸਾਮਾਨ ਆਪਣੀ ਪਸੰਦ ਦਾ ਆਪਣੇ ਹੱਥੀਂ ਬਣਾਇਆ ਕਰਦੀਆਂ ਸਨ ਦਰੀਆਂ, ਖੇਸ, ਚਤੱਈਆਂ, ਦੌੜੇ, ਪੱਖੀਆਂ, ਨਾਲੇ, ਫੁਲਕਾਰੀਆਂ, ਚਾਦਰਾਂ, ਸਿਰ੍ਹਾਣੇ ਤੇ ਹੋਰ ਵੀ ਜ਼ਰੂਰੀ ਸਾਮਾਨ ਜਿਸ ਵਿਚ ਉਹਨਾਂ ਦੀ ਚਾਹਨਾ ਹੁੰਦੀ ਸੀ, ਉਹ ਸਭ ਚੀਜ਼ਾਂ ਘਰ ਵਿਚ ਹੀ ਬਣਾਉਣ ਦਾ ਰਿਵਾਜ਼ ਸੀ।
ਘਰੇ ਖੱਡੀਆਂ ਪੱਟ ਕੇ ਤਾਣੀ ਤਣ ਕੇ ਇਹ ਸਾਰੇ ਕੰਮ ਹੱਥੀਂ ਕਰਨੇ ਪੱਖੀਆਂ ਦੇ ਕਈ-ਕਈ ਨਮੂਨੇ ਬਣਾਉਣੇ ਇਸ ਤਰ੍ਹਾਂ ਦਰੀਆਂ ਦੇ ਨਮੂਨਿਆਂ ਦੀ ਬਹੁਤਾਤ ਦਾ ਰਿਵਾਜ਼ ਸਿਖਰਾਂ ’ਤੇ ਰਿਹਾ ਹੈ ਪੁਰਾਤਨ ਪੰਜਾਬ ਵਿਚ ਹੱਥੀਂ ਬੁਣੇ ਨਾਲਿਆਂ ਦਾ ਬਹੁਤ ਰਿਵਾਜ਼ ਰਿਹਾ ਹੈ ਬੇਸ਼ੱਕ ਸਾਡੇ ਲੋਕ ਗੀਤਾਂ ਵਿਚ ਪਟਿਆਲੇ ਸ਼ਹਿਰ ਦੇ ਨਾਲਿਆਂ ਦਾ ਜ਼ਿਕਰ ਵੀ ਆਉਂਦਾ ਹੈ ਪਰ ਪੁਰਾਤਨ ਸਮਿਆਂ ਵਿਚ ਘਰਾਂ ’ਚ ਹੱਥੀਂ ਨਾਲੇ ਬੁਣਨ ਦਾ ਰਿਵਾਜ ਰਿਹਾ ਹੈ ਜੇਕਰ ਪੱਖੀਆਂ ਦੀ ਗੱਲ ਕਰੀਏ ਤਾਂ ਇਹ ਘੰਦੂਈ ਜਾਂ ਕਰੋਸ਼ੀਏ ਨਾਲ ਬਹੁਤ ਸਾਰੇ ਨਮੂਨਿਆਂ ਦੀਆਂ ਬਣਾਈਆਂ ਜਾਂਦੀਆਂ ਰਹੀਆਂ ਹਨ ਇਸ ਨੂੰ ਬਣਾ ਕੇ ਵਧੀਆ ਹੱਥਿਆਂ ’ਤੇ ਬੁਣ ਕੇ ਝਾਲਰ ਲਾਈ ਜਾਂਦੀ ਸੀ।
ਤਾਂ ਕਿ ਝੱਲ ਮਾਰੀ ਤੋਂ ਹਵਾ ਜ਼ਿਆਦਾ ਦੇਵੇ ਰਾਤੀਂ ਸੌਣ ਲੱਗਿਆਂ ਤਕਰੀਬਨ ਹਰ ਮੰਜੇ ਦੇ ਸਿਰ੍ਹਾਣੇ ਇੱਕ-ਇੱਕ ਹੱਥ ਪੱਖੀ ਰੱਖਣ ਦਾ ਰਿਵਾਜ਼ ਵੀ ਰਿਹਾ ਹੈ ਘਰ ਆਏ ਮਹਿਮਾਨ ਨੂੰ ਵੀ ਚਾਹ-ਪਾਣੀ ਦੇ ਨਾਲ ਪੱਖੀ ਵੀ ਦਿੱਤੀ ਜਾਂਦੀ ਰਹੀ ਹੈ, ਉਸ ਦੀ ਆਓ ਭਗਤ ਵਿਚ ਕੋਈ ਕਸਰ ਨਹੀਂ ਸੀ ਛੱਡੀ ਜਾਂਦੀ ਜੇਕਰ ਕਿਸੇ ਮਹਿਮਾਨ ਦੀ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਨਾਲ ਸੇਵਾ ਕਰਦੇ ਸਨ, ਉੱਥੇ ਹੱਥੀਂ ਪੱਖੀ ਵੀ ਝੱਲੀ ਜਾਂਦੀ ਸੀ ਕਿਉਂਕਿ ਬਿਜਲੀ ਦੀ ਘਾਟ ਕਾਰਨ ਅੰਤਾਂ ਦੀ ਗਰਮੀ ਤੋਂ ਨਿਜ਼ਾਤ ਦਵਾਉਣ ਲਈ ਪੱਖੀ ਦੀ ਮੱਦਦ ਲਈ ਜਾਂਦੀ ਸੀ। ਹੱਥ ਪੱਖੀ ਦੇ ਬਹੁਤ ਦਿਲ ਟੁੰਬਵੇਂ ਨਮੂਨੇ ਹੁੰਦੇ ਸਨ, ਸ਼ੀਸ਼ਿਆਂ ਵਾਲੀ ਪੱਖੀ, ਘੁੰਗਰੂਆਂ ਵਾਲੀ ਪੱਖੀ, ਝਾਲਰ ਵਾਲੀ ਪੱਖੀ, ਲੋਗੜੀ ਵਾਲੀ ਪੱਖੀ, ਫੁੱਲਾਂ ਵਾਲੀ ਪੱਖੀ ਆਦਿ ਜਿਹੜੇ ਇਹਨਾਂ ਪੱਖੀਆਂ ਦੇ ਹੱਥੇ ਜਾਂ ਕਹਿ ਲਈਏ ਹੱਥੀਆਂ ਉਹ ਵੀ ਕਈ ਅਲੱਗ-ਅਲੱਗ ਕਿਸਮ ਦੀਆਂ ਹੁੰਦੀਆਂ ਸਨ।
ਕੋਈ ਘੁੰਮਣ ਵਾਲਾ, ਕੋਈ ਸਥਿਰ ਤੇ ਕੋਈ ਘੁੰਮਣ ’ਤੇ ਆਵਾਜ਼ ਕਰਦਾ ਸੀ ਪੁਰਾਤਨ ਸਮੇਂ ਵਿੱਚ ਮਾਵਾਂ, ਦਾਦੀ ਉਮਰ ਦੀਆਂ ਸਵਾਣੀਆਂ, ਭੈਣਾਂ ਆਦਿ ਸਾਰੀ-ਸਾਰੀ ਰਾਤ ਹੱਥੀਂ ਪੱਖੀ ਝੱਲਿਆ ਕਰਦੀਆਂ ਸਨ। ਛੋਟੇ ਬੱਚਿਆਂ ਨੂੰ ਪੱਖੀ ਝੱਲ ਕੇ ਸਵਾਉਣਾ ਤੇ ਫਿਰ ਸਾਰੀ ਰਾਤ ਪੱਖੀ ਝੱਲਦਿਆਂ ਹੀ ਲੰਘ ਜਾਣੀ ਕਿ ਮਤੇ ਬੱਚਾ ਜਾਗ ਨਾ ਜਾਏ ਹੱਥੀਂ ਬੁਣੀਆਂ ਪੱਖੀਆਂ ਪੁਰਾਤਨ ਸਮੇਂ ਵਿਚ ਦਾਜ ਦਾ ਵੀ ਇੱਕ ਅਨਿੱਖੜਵਾਂ ਅੰਗ ਹੋਇਆ ਕਰਦੀਆਂ ਸਨ। ਹੁਣ ਅਗਾਂਹ ਵਧੂ ਸਮੇਂ ਆ ਚੁੱਕੇ ਹਨ ਤੇ ਇਹਨਾਂ ਪੱਖੀਆਂ ਦੀ ਕੋਈ ਵੀ ਅਹਿਮੀਅਤ ਨਹੀਂ ਰਹੀ ਹੁਣ ਕੋਈ ਵੀ ਕੁੜੀ-ਕੱਤਰੀ ਇਹ ਦਾਜ ਵਾਲਾ ਸਾਮਾਨ ਹੱਥੀਂ ਤਿਆਰ ਨਹੀਂ ਕਰਦੀ।
ਸਗੋਂ ਇਹ ਉਪਰੋਕਤ ਸਾਰਾ ਹੀ ਦਾਜ ਵਾਲਾ ਸਾਮਾਨ ਸ਼ਹਿਰ-ਬਜ਼ਾਰ ਵਿਚ ਉਪਲੱਬਧ ਹੈ ਹੁਣ ਵਿਆਹ ਘੱਟ ਤੇ ਮੁੰਡੇ-ਕੁੜੀਆਂ ਦੇ ਸੌਦੇ ਜ਼ਿਆਦਾ ਹੁੰਦੇ ਹਨ ਭਾਵ ਬਾਹਰ ਦੀ ਦੌੜ ਵਿਚ ਸਾਰਾ ਹੀ ਪੰਜਾਬ ਗ੍ਰਸਤ ਹੋਇਆ ਪਿਆ ਹੈ ਇਸ ਕਰਕੇ ਕੁੜੀ ਨੂੰ ਬਾਹਰ ਭੇਜਣਾ, ਫਿਰ ਕੁੜੀ ਨੇ ਮੁੰਡੇ ਨੂੰ ਵਿਦੇਸ਼ ਲੈ ਜਾਣਾ, ਇਹੋ-ਜਿਹੇ ਸੌਦੇ ਹੋ ਰਹੇ ਹਨ ਅਤੇ ਠੱਗੀਆਂ ਵੀ ਵੱਜ ਰਹੀਆਂ ਹਨ ਇਹੋ-ਜਿਹੇ ਪੱਖੀਆਂ, ਦਰੀਆਂ, ਖੇਸ, ਚਤੱਈਆਂ, ਦੋੜੇ, ਫੁਲਕਾਰੀਆਂ, ਚਾਦਰਾਂ, ਸਿਰ੍ਹਾਣੇ ਕੀਹਦੇ ਯਾਦ ਹਨ ਹੁਣ ਸਾਰਾ ਤਾਣਾ ਪੇਟਾ ਹੀ ਉਲਝਿਆ ਪਿਆ ਹੈ
ਪਰ ਆਮ ਕਹਾਵਤ ਹੈ ਕਿ ਕਿਸੇ ਵੀ ਚੀਜ਼ ਦਾ ਕਦੇ ਬੀਜ ਨਾਸ ਨਹੀਂ ਹੁੰਦਾ ਹਾਲੇ ਵੀ ਪਿੰਡਾਂ-ਸ਼ਹਿਰਾਂ ਵਿਚ ਕਈ ਮਾਤਾਂ, ਬੀਬੀਆਂ ਨੇ ਹੱਥੀਂ ਬਣਾਈਆਂ ਹੋਈਆਂ ਪੱਖੀਆਂ, ਚਾਦਰਾਂ, ਸਿਰ੍ਹਾਣੇ, ਨਾਲੇ, ਫੁਲਕਾਰੀਆਂ ਆਦਿ ਸੰਭਾਲ-ਸੰਭਾਲ ਰੱਖੇ ਹੋਏ ਹਨ ਜਿਨ੍ਹਾਂ ਵਿੱਚੋਂ ਪੁਰਾਤਨ ਪੰਜਾਬ ਦੀ ਝਲਕ ਨਜ਼ਰ ਵੀ ਪੈਂਦੀ ਹੈ ਤੇ ਪੁਰਾਤਨ ਪੰਜਾਬ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ।