ਰਾਜਾ, ਮੱਖੀ ਤੇ ਫ਼ਿਤਰਤ -ਮਿੰਨੀ ਕਹਾਣੀ Children’s Story
ਇਕ ਰਾਜੇ ਨੇ ਕਿਸੇ ਫ਼ਕੀਰ ਬਾਰੇ ਸੁਣਿਆ ਕਿ ਉਹ ਬੜੀ ਹੀ ਵਿਲੱਖਣ ਗੱਲ ਕਰਦਾ ਹੈ। ਰਾਜੇ ਦਾ ਹੁਕਮ ਹੋਇਆ ਫ਼ਕੀਰ ਨੂੰ ਦਰਬਾਰ ਵਿੱਚ ਬੁਲਾਇਆ ਜਾਵੇ। ਸੈਨਿਕ ਫ਼ਕੀਰ ਨੂੰ ਲੈਕੇ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ। ਮਹਾਰਾਜ! ਅਸਾ ਨੂੰ ਕਿਵੇਂ ਯਾਦ ਕੀਤਾ! ਮੈਂ ਸੁਣਿਐ! ਤੁਸੀਂ ਬੜੀਆਂ ਵਿਲੱਖਣ ਗੱਲਾਂ ਦੱਸਦੇ ਹੋ। ਰਾਜੇ ਨੇ ਫ਼ਕੀਰ ਤੋਂ ਪੁੱਛਿਆ। ਦੱਸੋ ਫਿਰ ਕੋਈ ਵਿੱਲਖਣ ਗੱਲ!!
ਇੰਨੇ ਨੂੰ ਫ਼ਕੀਰ ਦੀ ਨਜ਼ਰ ਉਥੇ ਬੈਠੀਆਂ ਮੱਖੀਆਂ ’ਤੇ ਪਈ। ਫ਼ਕੀਰ ਨੇ ਕਿਹਾ, ਰਾਜਨ!! ਕੁਝ ਚੀਜ਼ਾਂ ਆਪਣੀ ਫਿਤਰਤ ਨਹੀਂ ਛੱਡਦੀਆਂ, ਭਾਵੇਂ ਤੁਸੀਂ ਕੋਈ ਵੀ ਯਤਨ ਕਰੋ, ਕਿੰਨਾ ਵੀ ਭਲਾ ਕਰੋ, ਕਿੰਨਾ ਵੀ ਸਿਰ ਮੱਥੇ ਤੇ ਬਿਠਾਓ। ਉਦਾਹਰਣ ਦਿਓ ਜ਼ਰਾ! ਰਾਜੇ ਨੇ ਮੱਥੇ ਤਿਓੜੀ ਪਾਉਂਦੇ ਹੋਏ ਫ਼ਕੀਰ ਕੋਲੋਂ ਪੁੱਛਿਆ। ਮਹਾਰਾਜ! ਜਿਵੇਂ ਕਿ ਮੱਖੀ। ਮੱਖੀ!! ਹਾ! ਹਾ! ਹਾ!… ਇਹ ਵੀ ਕੋਈ ਵਿਲੱਖਣ ਗੱਲ ਐ! ਅਖ਼ੇ! ਮੱਖੀ! ਮੈਂ ਇਹਦੀ ਫਿਤਰਤ ਬਦਲ ਦਿਆਂਗਾ ਤੇ ਜੇ ਇਸਦੀ ਫਿਤਰਤ ਬਦਲ ਗਈ ਤਾਂ ਤੇਰਾ ਸਿਰ ਕਲਮ ਕਰ ਦਿੱਤਾ ਜਾਵੇਗਾ।
ਰਾਜੇ ਨੇ ਆਪਣੇ ਸਭ ਤੋਂ ਸੂਝਵਾਨ ਮੰਤਰੀ ਨੂੰ ਬੁਲਾਇਆ ਤੇ ਕਿਹਾ ਚਾਹੇ ਕੁਝ ਵੀ ਕਰੋ ਮੱਖੀਆਂ ਦੀ ਫਿਤਰਤ ਬਦਲੋ। ਮੰਤਰੀ ਨੇ ਕਿਹਾ ਮਹਾਰਾਜ! ਇਹ ਕਿਹੜਾ ਵੱਡੀ ਗੱਲ ਐ, ਮੰਤਰੀ ਨੇ ਕਿਸੇ ਖਾਲੀ ਜਗ੍ਹਾ ਤੇ ਜਾਲ ਲਾ ਕੇ ਉਸ ਵਿੱਚ ਤਰ੍ਹਾਂ-ਤਰ੍ਹਾਂ ਦੇ ਸੁਗੰਧੀ ਵਾਲੇ ਪੌਦੇ ਲਾ ਦਿੱਤੇ ਤੇ ਉਸ ਵਿੱਚ ਮੱਖੀਆਂ ਦਾ ਲਾਰਵਾ ਛੱਡ ਦਿੱਤਾ। ਜਦੋਂ ਲਾਰਵਾ ਮੱਖੀ ਬਣ ਗਿਆ ਤਾਂ ਉਹਨਾਂ ਨੇ ਫੁੱਲਾਂ ’ਤੇ ਬੈਠਣਾ ਸ਼ੁਰੂ ਕਰ ਦਿੱਤਾ। ਮੰਤਰੀ ਨੇ ਰਾਜੇ ਨੂੰ ਇਸ ਬਾਰੇ ਸੂਚਿਤ ਕੀਤਾ ਕਿ ਮਹਾਰਾਜ! ਮੱਖੀਆਂ ਦੀ ਫਿਤਰਤ ਬਦਲ ਗਈ ਹੈ ਹੁਣ ਉਹ ਫੁੱਲਾਂ ’ਤੇ ਬੈਠਦੀਆਂ ਹਨ।
ਤੁਸੀਂ ਖੁਦ ਚੱਲ ਕੇ ਵੇਖ ਸਕਦੇ ਹੋਂ। ਅੱਛਾ! ਰਾਜਾ ਇਹ ਸਭ ਵੇਖਕੇ ਬਹੁਤ ਖੁਸ਼ ਸੀ ਅਤੇ ਉਸ ਨੇ ਕਿਹਾ ਜਾਓ!! ਉਸ ਫ਼ਕੀਰ ਨੂੰ ਦਰਬਾਰ ਵਿੱਚ ਬੁਲਾਕੇ ਭਰੀ ਸਭਾ ਵਿੱਚ ਉਸ ਨੂੰ ਝੂਠਾ ਸਾਬਤ ਕਰੋ? ਫ਼ਕੀਰ ਨੂੰ ਸੈਨਿਕਾਂ ਨੇ ਪਕੜ ਕੇ ਰਾਜੇ ਦੇ ਦਰਬਾਰ ਵਿੱਚ ਪੇਸ਼ ਕੀਤਾ। ਤੇਰੀ ਆਖ਼ਰੀ ਇੱਛਾ ਕੀ ਹੈ, ਜਲਦੀ ਦੱਸ ਤਾਂ ਜੋ ਤੇਰਾ ਸਿਰ ਕਲਮ ਕੀਤਾ ਜਾ ਸਕੇ।
ਮਹਾਰਾਜਾ! ਤੁਸੀਂ ਗ਼ਲਤ ਹੋ ਬੇਸ਼ੱਕ ਤੁਸੀਂ ਮੱਖੀ ਨੂੰ ਫੁੱਲਾਂ ਤੇ ਬੈਠਦੇ ਵੇਖਿਆ ਹੈ ਪਰ ਉਹਨਾਂ ਨੇ ਆਪਣੀ ਫ਼ਿਤਰਤ ਨਹੀਂ ਬਦਲੀ। ਮੇਰੀ ਆਖ਼ਰੀ ਇੱਛਾ ਹੈ ਕਿ ਮੇਰੇ ਨਾਲ ਜਿੱਥੇ ਜਾਲ ਲੱਗਿਆ ਹੈ ਉੱਥੇ ਚੱਲਿਆ ਜਾਵੇ ਤਾਂ ਜੋ ਮੈਂ ਇਹ ਸਾਬਤ ਕਰ ਸਕਾਂ। ਰਾਜੇ ਸਮੇਤ ਸਾਰੇ ਜਾਲ ਕੋਲ ਚਲੇ ਗਏ। ਰਾਜਨ! ਮੇਰੀ ਇੱਛਾ ਹੈ ਕਿ ਇਹਨਾਂ ਸੁਗੰਧਿਤ ਪੌਦਿਆਂ ਦੇ ਨਾਲ ਇੱਥੇ ਕੁਝ ਗੰਦਗੀ ਵੀ ਸੁਟਵਾ ਦਿੱਤੀ ਜਾਵੇ। ਫੁੱਲਾਂ ਦੇ ਨਾਲ-ਨਾਲ ਤੁਰੰਤ ਗੰਦਗੀ ਸੁਟਵਾ ਦਿੱਤੀ ਗਈ। ਵੇਖਦੇ ਹੀ ਵੇਖਦੇ ਮੱਖੀ ਗੰਦਗੀ ਵੱਲ ਉੱਡ ਕੇ ਗੰਦਗੀ ਵਿੱਚ ਮਸ਼ਗੂਲ ਹੋ ਗਈ।
ਇਹ ਸਾਰਾ ਵੇਖਕੇ ਰਾਜਾ ਬਹੁਤ ਦੁਖੀ ਹੋਇਆ ਤੇ ਸੋਚਣ ਲੱਗਿਆ ਕਿ ਮੈਂ ਇਸ ਦੀ ਇੰਨੀ ਕੇਅਰ ਕੀਤੀ ਅਤੇ ਇੰਨੇ ਸੁਗੰਧਿਤ ਫੁੱਲਾਂ ਵਿੱਚ ਰੱਖਿਆ ਪਰ ਇਹ ਤਾਂ ਬੜੀ ਘਟੀਆ ਨਿਕਲੀ ਆਖ਼ਰ ਗੰਦਗੀ ਹੀ ਇਹਨੂੰ ਚੰਗੀ ਲੱਗੀ। ਦੁੱਖੀ ਨਾ ਹੋਵੇ ਰਾਜਨ!! ਕੁਝ ਲੋਕ ਇਸ ਮੱਖੀ ਤੋਂ ਵੀ ਗੰਦੇ ਹੁੰਦੇ ਹਨ ਤੁਸੀਂ ਉਹਨਾਂ ਦੀੰ ਜਿੰਨੀ ਮਰਜ਼ੀ ਕੇਅਰ ਕਰੋ, ਜਿੰਨਾ ਮਰਜ਼ੀ ਉਹਨਾਂ ਦਾ ਭਲਾ ਕਰੋ ਉਹ ਤੁਹਾਨੂੰ ਟਿੱਚ ਜਾਣਦੇ ਹੋਏ ਆਪਣੀ ਫਿਤਰਤ ਤੋਂ ਬਾਜ਼ ਨਹੀਂ ਆਉਂਦੇ। ਇੰਨਾ ਸੁਣਦਿਆਂ ਰਾਜਾ ਸਾਰਾ ਰਾਜ-ਪਾਟ ਛੱਡ ਕੇ ਫ਼ਕੀਰ ਨਾਲ ਪੈਦਲ ਹੋ ਤੁਰਿਆ।
-ਬੱਗਾ ਸਿੰਘ ਪਿੰਡ ਥਾਂਦੇਵਾਲਾ, ਸ੍ਰੀ ਮੁਕਤਸਰ ਸਾਹਿਬ































































