ਤੈਨੂੰ ਕਿਹਾ, ਪੈਸੇ ਗਿਣ ਲਾ… ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ
ਮਾਤਾ ਲਾਜਵੰਤੀ ਇੰਸਾਂ ਪਤਨੀ ਸੱਚਖੰਡ ਵਾਸੀ ਪ੍ਰਕਾਸ਼ ਰਾਮ ਕਲਿਆਣ ਨਗਰ ਸਰਸਾ ਤੋਂ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਆਪਣੇ ’ਤੇ ਹੋਈ ਅਪਾਰ ਰਹਿਮਤ ਦਾ ਵਰਣਨ ਕਰਦੀ ਹੈ:-
ਕਰੀਬ 1981 ਦੀ ਗੱਲ ਹੈ ਕਿ ਉਸ ਸਮੇਂ ਅਸੀਂ ਪਿੰਡ ਸਾਦਿਕ ਜ਼ਿਲ੍ਹਾ ਫਰੀਦਕੋਟ ਵਿਖੇ ਰਹਿੰਦੇ ਸੀ ਉੱਥੋਂ ਕਈ ਸੇਵਾਦਾਰ ਭਾਈ ਡੇਰਾ ਸੱਚਾ ਸੌਦਾ ਸਰਸਾ ਵਿਖੇ ਮਹੀਨੇਵਾਰੀ ਸਤਿਸੰਗ ’ਤੇ ਸੇਵਾ ਕਰਨ ਲਈ ਆਇਆ ਕਰਦੇ ਸਨ
ਉਹਨਾਂ ਵਿੱਚ ਅਸੀਂ ਦੋ ਔਰਤਾਂ ਵੀ ਸ਼ਾਮਲ ਸੀ ਉਸ ਸਮੇਂ ਬੱਸਾਂ ਦੇ ਕਿਰਾਏ ਘੱਟ ਸਨ ਮੈਂ ਸੌ ਰੁਪਏ ਵਿੱਚੋਂ ਬੱਸ ਦਾ ਕਿਰਾਇਆ, ਖਾਣ-ਪੀਣ ਦਾ ਖਰਚਾ ਕਰਕੇ ਬਾਕੀ ਪੈਸੇ ਵਾਪਸ ਘਰ ਲੈ ਜਾਇਆ ਕਰਦੀ ਸੀ ਇੱਕ ਵਾਰ ਮੇਰਾ ਬੇਟਾ ਮੈਨੂੰ ਕਹਿਣ ਲੱਗਿਆ, ਮੰਮੀ, ਹਰ ਮਹੀਨੇ ਸੌ ਰੁਪਇਆ ਖਰਚਾ ਕਰਕੇ ਆਪਾਂ ਕਿਵੇਂ ਪੂਰੇ ਆਵਾਂਗੇ ਮੈਂ ਉਸ ਨੂੰ ਕੋਈ ਜਵਾਬ ਨਾ ਦਿੱਤਾ, ਪਰ ਆਪਣੇ ਅੰਦਰੋਂ-ਅੰਦਰ ਮਨ ਵਿੱਚ ਸੋਚਿਆ ਕਿ ਮੈਂ ਅੱਗੇ ਤੋਂ ਘਰੋਂ ਕਿਰਾਇਆ ਨਹੀਂ ਮੰਗਣਾ ਮੈਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ
ਕਿ ਪਿਤਾ ਜੀ, ਘਰ ਦੇ ਤਾਂ ਮੈਨੂੰ ਆਉਣ ਨਹੀਂ ਦਿੰਦੇ, ਹੁਣ ਤੁਸੀਂ ਹੀ ਕੋਈ ਕਿਰਾਏ-ਭਾੜੇ ਦਾ ਇੰਤਜ਼ਾਮ ਕਰੋ ਤਾਂ ਕਿ ਮੈਂ ਸਤਿਸੰਗ ’ਤੇ ਆ ਸਕਾਂ ਜਦੋਂ ਮੈਂ ਇਸ ਸ਼ੰਸ਼ੋਪੰਜ ਵਿਚ ਸੀ ਤਾਂ ਮੇਰੀ ਮਾਂ ਦਾ ਜਲਾਲਾਬਾਦ ਤੋਂ ਸੁਨੇਹਾ ਆਇਆ ਕਿ ਮੈਂ ਬਹੁਤ ਬਿਮਾਰ ਹਾਂ, ਦੁਖੀ ਹਾਂ ਮੈਨੂੰ ਮਿਲ ਜਾਓ ਉਸ ਸਮੇਂ ਮੇਰੇ ਕੋਲ ਕੇਵਲ ਪੰਜਾਹ ਰੁਪਏ ਸਨ ਮੈਂ ਸਾਦਿਕ ਤੋਂ ਬਸ ਚੜ੍ਹ ਕੇ ਗੁਰੂਹਰਸਹਾਏ ਚਲੀ ਗਈ ਗੁਰੂਹਰਸਹਾਏ ਬੱਸ ਤੋਂ ੳੁੱਤਰ ਕੇ ਜਦੋਂ ਮੈਂ ਰੇਲਵੇ ਸਟੇਸ਼ਨ ’ਤੇ ਜਾਣ ਲੱਗੀ ਤਾਂ ਸੜਕ ’ਤੇ ਦੁਕਾਨਾਂ ਦੇ ਅੱਗੇ ਇੱਕ ਚਾਂਦੀ ਦਾ ਵੱਡਾ ਸਾਰਾ ਟੁਕੜਾ ਪਿਆ ਸੀ, ਜਿੱਥੋਂ ਦੀ ਆਮ ਲੋਕ ਲੰਘ ਰਹੇ ਸਨ ਮੈਂ ਉਹ ਚਾਂਦੀ ਦਾ ਟੁਕੜਾ ਚੁੱਕਿਆ ਤੇ ਉੱਥੇ ਦੁਕਾਨ ਦੇ ਅੱਗੇ ਖੜ੍ਹ ਗਈ ਕਿ ਕਿਸੇ ਦਾ ਡਿੱਗਿਆ ਹੋਵੇਗਾ ਕੋਈ ਪੁੱਛੇਗਾ ਤਾਂ ਮੈਂ ਦੇ ਦੇਵਾਂਗੀ ਮੈਂ ਉੱਥੇ ਕਾਫੀ ਦੇਰ ਤੱਕ ਖੜ੍ਹੀ ਰਹੀ ਉਸ ਸਮੇਂ ਮੈਨੂੰ ਮੇਰੇ ਸਤਿਗੁਰੂ ਪਰਮ ਪਿਤਾ ਜੀ ਨੇ ਆਵਾਜ਼ ਦਿੱਤੀ, ‘‘ਬੇਟਾ, ਤੂੰ ਸਤਿਸੰਗ ’ਤੇ ਨਹੀਂ ਜਾਣਾ’’ ਫਿਰ ਮੈਨੂੰ ਸਮਝ ਆ ਗਈ ਕਿ ਮੇਰੇ ਸਤਿਗੁਰੂ ਨੇ ਮੇਰੇ ਕਿਰਾਏ ਦਾ ਪ੍ਰਬੰਧ ਕੀਤਾ ਹੈ ਮੈਂ ਚਾਂਦੀ ਦਾ ਟੁਕੜਾ ਸਾਢੇ ਤਿੰਨ ਸੌ ਰੁਪਏ ਵਿਚ ਵੇਚ ਦਿੱਤਾ ਮੈਂ ਮਾਂ ਦੀ ਰਾਜੀ ਖੁਸ਼ੀ ਪੁੱਛੀ ਤਾਂ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਕੁਝ ਦਿਨਾਂ ਲਈ ਮੇਰੇ ਕੋਲ ਰਹਿ ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਸਵੇਰੇ ਸਰਸੇ ਸਤਿਸੰਗ ’ਤੇ ਜਾਣਾ ਹੈ
ਮੈਂ ਰਹਿ ਨਹੀਂ ਸਕਦੀ ਮੇਰੀ ਮਾਂ ਰੋਣ ਲੱਗ ਪਈ ਕਿ ਤੂੰ ਇਸ ਦੁੱਖ ਵਿੱਚ ਮੇਰੇ ਕੋਲ ਨਹੀਂ ਰਹਿ ਸਕਦੀ ਮੈਂ ਕਿਹਾ ਕਿ ਸਤਿਸੰਗ ਤੋਂ ਵਾਪਸ ਆ ਕੇ ਮੈਂ ਤੇਰੇ ਕੋਲ ਆ ਜਾਵਾਂਗੀ ਪਰ ਮੇਰੀ ਮਾਂ ਨਾ ਮੰਨੀ ਮੈਂ ਆਪਣੇ ਸਤਿਗੁਰੂ ਪੂਜਨੀਕ ਪਰਮ ਪਿਤਾ ਜੀ ਅੱਗੇ ਅਰਦਾਸ ਕਰ ਦਿੱਤੀ ਕਿ ਪਿਤਾ ਜੀ, ਮੇਰੀ ਮਾਂ ਨੂੰ ਠੀਕ ਕਰ ਦਿਓ ਤਾਂ ਕਿ ਮੈਂ ਸਤਿਸੰਗ ’ਤੇ ਆ ਸਕਾਂ ਪੂਜਨੀਕ ਪਰਮ ਪਿਤਾ ਜੀ ਨੇ ਉਸੇ ਰਾਤ ਮੇਰੀ ਮਾਂ ਨੂੰ ਤੰਦਰੁਸਤ ਕਰ ਦਿੱਤਾ ਤਾਂ ਮੇਰੀ ਮਾਂ ਨੇ ਮੈਨੂੰ ਆਪਣੇ ਆਪ ਕਹਿ ਦਿੱਤਾ ਕਿ ਜਾ ਸਤਿਸੰਗ ’ਤੇ ਜਾ ਆ ਮੈਂ ਡੇਰਾ ਸੱਚਾ ਸੌਦਾ ਸਰਸਾ ਸਤਿਸੰਗ ’ਤੇ ਪਹੁੰਚ ਗਈ
ਇਸ ਤੋਂ ਬਾਅਦ ਮੈਂ ਕਮੇਟੀ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਕਮੇਟੀ ਦੀ ਰਕਮ ਵਧਦੀ-ਵਧਦੀ ਸੋਲਾਂ ਹਜ਼ਾਰ ਰੁਪਏ ਤੱਕ ਅੱਪੜ ਗਈ ਇਸ ਵਿੱਚੋਂ ਮੇਰਾ ਕਿਰਾਇਆ-ਭਾੜਾ ਤੇ ਖਰਚਾ ਨਿਕਲ ਆਉਂਦਾ ਸੀ ਮੈਨੂੰ ਪੈਸੇ ਦੀ ਕਦੇ ਕਮੀ ਨਾ ਆਈ ਇੱਕ ਵਾਰ ਘਰੇਲੂ ਜ਼ਰੂਰਤਾਂ ਕਰਕੇ ਮੇਰਾ ਹੱਥ ਤੰਗ ਹੋ ਗਿਆ ਮੈਨੂੰ ਫਿਕਰ ਹੋ ਗਿਆ ਕਿ ਹੁਣ ਮੈਂ ਸਤਿਸੰਗ ’ਤੇ ਕਿਵੇਂ ਜਾਵਾਂਗੀ ਉਹਨਾਂ ਦਿਨਾਂ ਵਿੱਚ ਸੋਲਾਂ ਹਜ਼ਾਰ ਰੁਪਏ ਦੀ ਕਮੇਟੀ ਸੀ ਰਾਤ ਨੂੰ ਪੈਸੇ ਇਕੱਠੇ ਹੋ ਗਏ ਅਗਲੇ ਦਿਨ ਸੁਬ੍ਹਾ ਹੀ ਉਹ ਪੈਸੇ ਕਮੇਟੀ ਚੁੱਕਣ ਵਾਲੇ ਨੂੰ ਦੇਣੇ ਸਨ
ਜਦੋਂ ਮੈਂ ਉਹ ਪੈਸਾ ਕਮੇਟੀ ਚੁੱਕਣ ਵਾਲੇ ਨੂੰ ਦੇਣ ਵਾਸਤੇ ਉਹਨਾਂ ਦੇ ਘਰ ਜਾਣ ਲੱਗੀ ਤਾਂ ਰਸਤੇ ਵਿਚ ਮੈਨੂੰ ਮੇਰੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਵਾਜ਼ ਆਈ, ‘‘ਬੇਟਾ, ਪੈਸੇ ਗਿਣ ਲਾ’’ ਪਰ ਮੈਂ ਪਿਤਾ ਜੀ ਦੀ ਆਵਾਜ਼ ਨੂੰ ਅਨਸੁਣੀ ਕਰ ਦਿੱਤਾ ਤੇ ਸੋਚਿਆ ਕਿ ਜਲਦੀ-ਜਲਦੀ ਪੈਸੇ ਦੇ ਕੇ ਆਪਣਾ ਕੰਮ ਨਬੇੜਾਂ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਝਿੜਕਦੇ ਹੋਏ ਗਰਮ ਲਹਿਜੇ ਵਿਚ ਕਿਹਾ, ‘‘ਤੈਨੂੰ ਕਿਹਾ ਪੈਸੇ ਗਿਣ ਲਾ’’ ਫਿਰ ਮੈਂ ਰੁਕ ਗਈ ਤੇ ਵਾਪਸ ਆਪਣੇ ਘਰ ਆ ਗਈ ਜਦੋਂ ਮੈਂ ਪੈਸੇ ਗਿਣੇ ਤਾਂ ਚਾਰ ਹਜ਼ਾਰ ਰੁਪਏ ਵੱਧ ਸਨ ਮੈਂ ਵੈਰਾਗ ਵਿਚ ਆ ਗਈ ਮੈਂ ਪੂਜਨੀਕ ਪਿਤਾ ਜੀ ਦਾ ਲੱਖ-ਲੱਖ ਸ਼ੁੱਕਰ ਕੀਤਾ, ਜਿਹਨਾਂ ਨੇ ਉਹਨਾਂ ਪੈਸਿਆਂ ਵਿੱਚ ਚਾਰ ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ
ਇਸ ਵੇਲੇ ਮੇਰੀ ਉਮਰ ਕਰੀਬ 80 ਸਾਲ ਹੈ ਮੇਰੀ ਜ਼ਿੰਦਗੀ ਵਿਚ ਕਦੇ ਵੀ ਐਸਾ ਸਮਾਂ ਨਹੀਂ ਆਇਆ ਜਦੋਂ ਮੇਰੇ ਸਤਿਗੁਰੂ ਕੁੱਲ ਮਾਲਕ ਨੇ ਮੇਰੀ ਜ਼ਰੂਰਤ ਨੂੰ ਪੂਰਾ ਨਾ ਕੀਤਾ ਹੋਵੇ
ਜਿਵੇਂ ਕਿ ਕਿਸੇ ਮਹਾਤਮਾ ਦਾ ਕਥਨ ਹੈ:-
ਪੂਰਾ ਦਾਤਾ ਜਿਨ੍ਹਾਂ ਨੂੰ ਮਿਲਿਆ, ਉਹਨਾਂ ਨੂੰ ਹੋਰ ਮੰਗਣ ਦੀ ਲੋੜ ਨਹੀਂ
ਦਰ-ਦਰ ’ਤੇ ਜਾਣਾ ਮੁੱਕ ਗਿਆ, ਇੱਕੋ ਦੀ ਹੈ ਲੋੜ ਰਹੀ
ਮਿੱਤਰ ਬਣਿਆ ਸਤਿਗੁਰ ਜਿਸ ਦਾ, ਉਸ ਨੂੰ ਕੋਈ ਥੋੜ ਨਹੀਂ
ਜੋ ਕੁਝ ਦਰ ’ਤੇ ਜਾ ਕੇ ਮੰਗਦਾ, ਉਹ ਖਾਲੀ ਦਿੰਦਾ ਮੋੜ ਨਹੀਂ
ਮੇਰੇ ਬੱਚੇ ਵੀ ਪਰਮਾਰਥੀ ਕਾਰਜਾਂ ਵਿੱਚ ਮੇਰਾ ਸਾਥ ਦਿੰਦੇ ਹਨ ਅਤੇ ਸਤਿਗੁਰ ਉਹਨਾਂ ਵਿੱਚ ਵਸ ਕੇ ਵੀ ਮੇਰੀ ਹਰ ਤਰ੍ਹਾਂ ਮੱਦਦ ਕਰਦਾ ਹੈ ਮੈਂ ਆਪਣੇ ਸਤਿਗੁਰੂ ਦੀਆਂ ਰਹਿਮਤਾਂ ਅਤੇ ਅਹਿਸਾਨਾਂ ਦਾ ਬਦਲਾ ਕਦੇ ਵੀ ਤੇ ਕਿਵੇਂ ਵੀ ਨਹੀਂ ਚੁਕਾ ਸਕਦੀ, ਬਸ ਧੰਨ-ਧੰਨ ਹੀ ਕਹਿ ਸਕਦੀ ਹਾਂ ਹੁਣ ਮੇਰੀ ਆਪਣੇ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਵਰੂਪ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਮੇਰੀ ਓੜ ਨਿਭਾ ਦੇਣਾ ਜੀ