ਖੁਦ ਤੋਂ ਖੁਦ ਤੱਕ ਦਾ ਸਫ਼ਰ journey
ਇਹ ਗੱਲ ਕੁਝ ਮਹੀਨੇ ਪਹਿਲਾਂ ਦੀ ਹੈ ਮੈਂ ਜ਼ਿਆਦਾਤਰ ਸਮਾਂ ਉਦਾਸ ਰਹਿਣ ਲੱਗੀ ਸੀ ਇਸ ਤੋਂ ਪਹਿਲਾਂ ਕਿ ਮੈਂ ਪਾਠਕਾਂ ਨਾਲ ਕੁਝ ਸਾਂਝਾ ਕਰਾਂ, ਆਪਣੇ ਬਾਰੇ ਥੋੜ੍ਹਾ ਦੱਸਣਾ ਚਾਹਾਂਗੀ ਮੈਂ ਇੱਕ ਕਾਲੇਜ ਪ੍ਰੋਫੈਸਰ ਹਾਂ ਕਿਹਾ ਜਾਂਦਾ ਹੈ ਕਿ ਅਧਿਆਤਮਿਕ ਖੇਤਰ ’ਚ ਸੱਚੇ ਗੁਰੂ ਪਹਿਲਾਂ ਖੁਦ ਅਭਿਆਸ ਕਰਦੇ ਹਨ ਅਤੇ ਫਿਰ ਸ਼ਿਸ਼ਾਂ ਨੂੰ ਸਿਖਾਉਂਦੇ ਹਨ, ਪਰ ਸੰਸਾਰਿਕ ਜੀਵਨ ’ਚ ਅਧਿਆਪਕ ਜਾਂ ਗੁਰੂ ਨੂੰ ਬੱਚਿਆਂ ਨੂੰ ਸਿਖਾਉਂਦੇ-ਸਿਖਾਉਂਦੇ ਖੁਦ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ
ਇੱਕ ਛੋਟੇ ਜਿਹੇ ਲੇਖਕ ਦੇ ਰੂਪ ’ਚ ਮੇਰਾ ਮਨ ਅਕਸਰ ਚਾਹੁੰਦਾ ਹੈ ਕਿ ਮੈਂ ਦੂਜਿਆਂ ਨਾਲ ਅਜਿਹਾ ਅਨੁਭਵ ਸਾਂਝਾ ਕਰਾਂ, ਜੋ ਸ਼ਾਇਦ ਉਨ੍ਹਾਂ ਦੇ ਜੀਵਨ ’ਚ ਸਕਾਰਾਤਮਕ ਬਦਲਾਅ ਲਿਆ ਸਕੇ ਜੀਵਨ ਦੇ ਉਤਰਾਅ-ਚੜ੍ਹਾਅ ’ਚ ਕੁਝ ਸਮੱਸਿਆਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ, ਜਿਵੇਂ ਕਿਸੇ ਨੂੰ ਲਾ-ਇਲਾਜ ਬਿਮਾਰੀ ਹੋ ਜਾਵੇ, ਉੱਥੇ ਦਵਾਈ-ਦਾਰੂ ਤੋਂ ਇਲਾਵਾ ਕੋਈ ਵਿਕਲਪ ਨਹੀਂ ਬੱਚਦਾ ਪਰ ਰੋਜ਼ਾਨਾ ਦੀ ਜ਼ਿੰਦਗੀ ’ਚ ਅਸੀਂ ਕਈ ਵਾਰ ਆਪਣੀ ਹੀ ਸੋਚ ’ਚ ਐਨੇ ਉੱਲਝ ਜਾਂਦੇ ਹਾਂ ਕਿ ਉਹ ਹਰ ਪਲ ਦੀ ਸ਼ਾਂਤੀ ਖੋਹ ਲੈਂਦੀ ਹੈ ਅਤੇ ਅਸੀਂ ਬਿਨਾਂ ਕਿਸੇ ਠੋਸ ਕਾਰਨ ਦੇ ਅੰਦਰ ਹੀ ਅੰਦਰ ਪ੍ਰੇਸ਼ਾਨ ਰਹਿੰਦੇ ਹਾਂ ਕੁਝ ਅਜਿਹਾ ਹੀ ਮੇਰੇ ਨਾਲ ਵੀ ਹੋ ਰਿਹਾ ਸੀ
ਬਾਹਰ ਤੋਂ ਦੇਖਣ ਨੂੰ ਤਾਂ ਸਭ ਕੁਝ ਆਮ ਜਿਹਾ ਹੀ ਲੱਗ ਰਿਹਾ ਸੀ ਨਾ ਕੋਈ ਵੱਡਾ ਦੁੱਖ, ਨਾ ਕੋਈ ਵਿਵਾਦ, ਨਾ ਕੋਈ ਅਸਲ ਸਮੱਸਿਆ ਫਿਰ ਵੀ ਅੰਦਰ ਇੱਕ ਭਾਰੀਪਣ ਲਗਾਤਾਰ ਬਣਿਆ ਰਹਿੰਦਾ ਸੀ ਮੈਂ ਕਿਸੇ ਨਾਲ ਆਪਣੀ ਗੱਲ ਸਾਂਝਾ ਵੀ ਨਹੀਂ ਕਰ ਪਾ ਰਹੀ ਸੀ, ਕਿਉਂਕਿ ਸੱਚ ਕਹਾਂ ਤਾਂ, ਕੋਈ ‘ਸਮੱਸਿਆ’ ਸੀ ਹੀ ਨਹੀਂ ਸਿਰਫ ਵਿਚਾਰ ਸਨ, ਲਗਾਤਾਰ ਚੱਲਦੇ ਹੋਏ, ਬਿਨ੍ਹਾਂ ਰੁਕੇ, ਬਿਨਾਂ ਥਮੇ ਕਦੇ ਅਤੀਤ ਦੀਆਂ ਛੋਟੀਆਂ-ਛੋਟੀਆਂ ਘਟਨਾਵਾਂ ਵਾਰ-ਵਾਰ ਮਨ ’ਚ ਉੱਭਰ ਆਉਂਦੀਆਂ ਕਿ ਅਜਿਹਾ ਕਿਉਂ ਹੋਇਆ, ਅਜਿਹਾ ਨਹੀਂ ਹੋਣਾ ਚਾਹੀਦਾ ਸੀ!
ਤਾਂ ਕਦੇ ਮਨ ਭਵਿੱਖ ਨੂੰ ਲੈ ਕੇ ਡਰ ਤੇ ਅਨਿਸ਼ਚਤਤਾ ਦੀਆਂ ਕਹਾਣੀਆਂ ਘੜ੍ਹ ਲੈਂਦਾ ਵਰਤਮਾਨ ’ਚ ਰਹਿੰਦੇ ਹੋਏ ਵੀ ਮੈਂ ਬਿਨਾਂ ਕਿਸੇ ਠੋਸ ਪ੍ਰਮਾਣ ਦੇ ਦੂਜਿਆਂ ਦੇ ਬਾਰੇ ’ਚ ਅਨੁਮਾਨ ਲਗਾਉਣ ਲੱਗਦੀ ਸੀ ‘ਉਸਨੇ ਮੈਨੂੰ ਗਲਤ ਸਮਝਿਆ ਹੋਵੇਗਾ’, ‘ਉਹ ਮੇਰੇ ਬਾਰੇ ਕੀ ਸੋਚ ਰਹੇ ਹੋਣਗੇ ਅਜਿਹੀਆਂ ਅਣਥੱਕ ਸੋਚਾਂ ਮੈਨੂੰ ਅੰਦਰ ਤੋਂ ਥਕਾ ਰਹੀਆਂ ਸਨ, ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਅਸਲੀ ਪ੍ਰੇਸ਼ਾਨੀ ਆਖਰ ਹੈ ਕਿੱਥੇ ਅੰਦਰ ਹੀ ਅੰਦਰ ਮੈਂ ਹਰ ਵਿਅਕਤੀ ਤੇ ਹਰ ਸਥਿਤੀ ’ਚ ਆਪਣੀ ਬੇਚੈਨੀ ਦੀ ਵਜ੍ਹਾ ਲੱਭ ਰਹੀ ਸੀ ਕਾਲਜ ਦੇ ਹਾਊਸ ਕੰਪੀਟੀਸ਼ਨ ਲਈ ਜਦੋਂ ਮੈਂ ਲਾਇਬ੍ਰੇਰੀ ’ਚ ਨੈਤਿਕ ਸਿੱਖਿਆ ਦੀਆਂ ਕਿਤਾਬਾਂ ਨੂੰ ਦੇਖ ਰਹੀ ਸੀ,
ਉਦੋਂ ਉੱਥੇ ਲਿਖੀ ਇੱਕ ਕਹਾਣੀ ਨੇ ਮੈਨੂੰ ਮੇਰੀ ਮਾਨਸਿਕ ਸਥਿਤੀ ’ਤੇ ਡੂੰਘਾਈ ਨਾਲ ਸੋਚਣ ਲਈ ਮਜ਼ਬੂਰ ਕਰ ਦਿੱਤਾ ਇੱਕ ਪ੍ਰਸਿੱਧ ਮੰਦਰ ’ਚ ਰੋਜ਼ ਸੈਂਕੜੇ ਭਗਤ ਆਉਂਦੇ ਸਨ ਕੋਈ ਸੋਨਾ ਚੜਾਉਂਦਾ, ਕੋਈ ਪੈਸੇ ਅਤੇ ਕੋਈ ਨਾਰੀਅਲ ਆਦਿ ਮੰਦਰ ਦੀ ਦਾਨ-ਪੇਟੀ ਹਮੇਸ਼ਾ ਭਰੀ ਰਹਿੰਦੀ ਸੀ, ਪਰ ਪਿੰਡ ’ਚ ਝਗੜੇ, ਈਰਖਾ ਤੇ ਹੰਕਾਰ ਜਿਉਂ ਦੇ ਤਿਉਂ ਬਣੇ ਰਹਿੰਦੇ ਸਨ ਇੱਕ ਦਿਨ ਇੱਕ ਸੰਤ ਮੰਦਰ ਪਹੁੰਚੇ ਅਤੇ ਉਨ੍ਹਾਂ ਨੇ ਪੁਜਾਰੀ ਨੂੰ ਕਿਹਾ ਕਿ ਅੱਜ ਦਾਨ-ਪੇਟੀ ਬੰਦ ਕਰ ਦਿੱਤੀ ਜਾਵੇ ਭਗਤ ਹੈਰਾਨ ਹੋ ਗਏ! ਕਿਸੇ ਨੇ ਪੁੱਛਿਆ, ‘ਮਹਾਰਾਜ, ਬਿਨਾਂ ਦਾਨ ਦੇ ਪੂਜਾ ਕਿਵੇਂ….?’
ਸੰਤ ਮੁਸਕਰਾਏ ਅਤੇ ਬੋਲੇ, ‘ਅੱਜ ਭਗਵਾਨ ਨੇ ਦਾਨ ਨਹੀਂ, ਹਿਸਾਬ ਮੰਗਿਆ ਹੈ’ ਮੰਦਰ ਦੇ ਬਾਹਰ ਇੱਕ ਛੋਟੀ ਜਿਹੀ ਪੇਟੀ ਰੱਖੀ ਗਈ, ਜਿਸ ’ਤੇ ਲਿਖਿਆ ਸੀ-‘ਆਪਣੇ ਕਰਮਾਂ ਦਾ ਲੇਖਾ ਪਾਓ’ ਭਗਤਾਂ ਨੂੰ ਕਿਹਾ ਗਿਆ ਕਿ ਇਸ ਪੇਟੀ ’ਚ ਅੱਜ ਦਾ ਸੱਚ ਹੀ ਪਾਉਣਾ ਹੈ ਪਹਿਲਾ ਭਗਤ ਕਾਫੀ ਦੇਰ ਸੋਚਦਾ ਰਿਹਾ ਅਤੇ ਫਿਰ ਬੋਲਿਆ ਕਿ ਉਸਨੇ ਅੱਜ ਆਪਣੇ ਨੌਕਰ ਨੂੰ ਧੋਖੇ ਨਾਲ ਤਨਖਾਹ ਘੱਟ ਦਿੱਤੀ ਹੈ ਦੂਜੀ ਔਰਤ ਨੇ ਸਵੀਕਾਰ ਕੀਤਾ ਕਿ ਉਹ ਰੋਜ਼ ਪੂਜਾ ਕਰਦੀ ਹੈ, ਪਰ ਆਪਣੀ ਨੂੰਹ (ਬਹੂ) ਨੂੰ ਝੂਠ ਬੋਲ ਕੇ ਬੇਟੇ ਨਾਲ ਲੜਾ ਦਿੰਦੀ ਹੈ ਇੱਕ ਵਿਅਕਤੀ ਨੇ ਕਿਹਾ ਕਿ ਉਹ ਮੰਦਰ ਤਾਂ ਰੋਜ਼ਾਨਾ ਆਉਂਦਾ ਹੈ, ਪਰ ਮਨ ’ਚ ਦੂਜਿਆਂ ਤੋਂ ਸੜਦਾ ਹੈ ਹੌਲੀ-ਹੌਲੀ ਪੇਟੀ ਪਰਚੀਆਂ ਨਾਲ ਨਹੀਂ, ਪਛਤਾਵੇ ਨਾਲ ਭਰਨ ਲੱਗੀ
ਸ਼ਾਮ ਨੂੰ ਸੰਤ ਬੋਲੇ ਕਿ ਅੱਜ ਭਗਵਾਨ ਬਹੁਤ ਖੁਸ਼ ਹੈ, ਕਿਉਂਕਿ ਅੱਜ ਲੋਕਾਂ ਨੇ ਆਪਣੇ ਦੋਸ਼ ਭਗਵਾਨ ਨੂੰ ਨਹੀਂ, ਖੁਦ ਨੂੰ ਦਿਖਾਏ ਹਨ ਭਗਵਾਨ ਤਾਂ ਅੰਤਰਯਾਮੀ ਹੈ, ਪਰ ਇਨਸਾਨ ਕਦੇ-ਕਦੇ ਸਭ ਕੁਝ ਜਾਣਦੇ ਹੋਏ ਵੀ ਅਨਜਾਣ ਬਣਿਆ ਰਹਿੰਦਾ ਹੈ ਜਾਂ ਇੰਜ ਕਹੋ ਕਿ ਉਹ ਦੋ ਪਲ ਆਪਣੇ ਲਈ ਕੱਢ ਕੇ ਇਹ ਅਹਿਸਾਸ ਹੀ ਨਹੀਂ ਕਰ ਸਕਦਾ ਕਿ ਉਹ ਕੀ ਕਰ ਰਿਹਾ ਹੈ ਅਤੇ ਉਸਨੂੰ ਕੀ ਕਰਨਾ ਚਾਹੀਦਾ ਹੈ ਖੁਦ ਨੂੰ ਜਾਣਨ ਲਈ ਸਮਾਂ ਕੱਢਣਾ ਉਸਨੂੰ ਸਮੇਂ ਦੀ ਬਰਬਾਦੀ ਲੱਗਦਾ ਹੈ ਉਸੇ ਦਿਨ ਤੋਂ ਹੀ ਪਿੰਡ ’ਚ ਝਗੜੇ ਘੱਟ ਹੋਣ ਲੱਗੇ, ਕਿਉਂਕਿ ਲੋਕਾਂ ਨੇ ਦੂਜਿਆਂ ਨੂੰ ਸੁਧਾਰਨ ਤੋਂ ਪਹਿਲਾਂ ਖੁਦ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਸੀ, ਖੁਦ ਨੂੰ ਸੁਧਾਰਨਾ ਸ਼ੁਰੂ ਕਰ ਦਿੱਤਾ ਸੀ
ਇਹ ਕਹਾਣੀ ਮੇਰੇ ਲਈ ਦਰਪਣ ਦੀ ਤਰ੍ਹਾਂ ਸੀ ਮੈਂ ਸਮਝ ਗਈ ਕਿ ਮੇਰੀ ਬੇਚੈਨੀ ਦਾ ਕਾਰਨ ਕੋਈ ਬਾਹਰੀ ਸਥਿਤੀ ਨਹੀਂ, ਸਗੋਂ ਮੇਰੀ ਆਪਣੀ ਸੋਚ ਸੀ ਮੈਂ ਈਸ਼ਵਰ ਤੋਂ ਸ਼ਾਂਤੀ ਮੰਗ ਰਹੀ ਸੀ, ਪਰ ਖੁਦ ਨੂੰ ਕੋਈ ਸਵਾਲ ਨਹੀਂ ਕਰ ਰਹੀ ਸੀ ਇੱਥੋਂ ਹੀ ਆਤਮ-ਮੁੱਲਾਂਕਣ ਦਾ ਮਹੱਤਵ ਮੇਰੇ ਜੀਵਨ ’ਚ ਸਪੱਸ਼ਟ ਹੋਣ ਲੱਗਿਆ ਸੀ ਇਸੇ ਕਹਾਣੀ ਦੀਆਂ ਹੇਠਲੀਆਂ ਪੰਕਤੀਆਂ ’ਚ ਮਨੋਵਿਗਿਆਨਕ ਪੱਧਰ ’ਤੇ ਵੀ ਇਸੇ ਸੱਚ ਦੀ ਪੁਸ਼ਟੀ ਕੀਤੀ ਗਈ ਸੀ ਮਨੋਵਿਗਿਆਨ ਅਨੁਸਾਰ ਸਾਡਾ ਦਿਮਾਗ ਹਰ ਰੋਜ਼ ਹਜ਼ਾਰਾਂ ਵਿਚਾਰ ਪੈਦਾ ਕਰਦਾ ਹੈ, ਜਿਨ੍ਹਾਂ ’ਚ ਜ਼ਿਆਦਾਤਰ ਜਾਂ ਤਾਂ ਅਤੀਤ ਨਾਲ ਜੁੜੇ ਹੁੰਦੇ ਹਨ
ਜਾਂ ਇੱਥੇ ਭਵਿੱਖ ਦੀਆਂ ਆਸ਼ੰਕਾਵਾਂ ਨਾਲ ਜਦੋਂ ਅਸੀਂ ਇਨ੍ਹਾਂ ਵਿਚਾਰਾਂ ਦਾ ਵਿਸ਼ਲੇਸ਼ਣ ਨਹੀਂ ਕਰਦੇ, ਤਾਂ ਤਨਾਅ ਨਾਲ ਜੁੜਿਆ ਹਾਰਮੋਨ ਕਾਰਟੀਸੋਲ ਵਧਣ ਲੱਗਦਾ ਹੈ, ਜਿਸ ਨਾਲ ਉਦਾਸੀ, ਬੇਚੈਨੀ ਤੇ ਥੱਕਾਣ ਵਧਦੀ ਹੈ ਇਸ ਤੋਂ ਉਲਟ, ਜਦੋਂ ਵਿਅਕਤੀ ਆਪਣੇ ਵਿਚਾਰਾਂ ’ਤੇ ਸਵਾਲ ਕਰਦਾ ਹੈ ਕਿ ‘ਇਹ ਸੋਚ ਸੱਚ ਹੈ ਜਾਂ ਸਿਰਫ ਅਨੁਮਾਨ!’ ਤਾਂ ਦਿਮਾਗ ਦਾ ਉਹ ਹਿੱਸਾ ਸਰਗਰਮ ਹੁੰਦਾ ਹੈ ਜੋ ਸੰਤੁਲਨ ਤੇ ਗਿਆਨ ਨਾਲ ਜੁੜਿਆ ਹੈ ਤਾਂ ਇਹੀ ਪ੍ਰਕਿਰਿਆ ਆਤਮ-ਮੁੱਲਾਂਕਣ ਕਹਾਉਂਦੀ ਹੈ
ਉਦੋਂ ਮੇਰਾ ਮੱਥਾ ਸੱਚ ’ਚ ਖਣਕ ਗਿਆ ਮੈਨੂੰ ਪੂਜਨੀਕ ਪਿਤਾ ਜੀ ਦੀ ਉਹ ਗੱਲ ਯਾਦ ਆਈ, ਜੋ ਉਹ ਹਰ ਸਤਿਸੰਗ ’ਚ ਵਾਰ-ਵਾਰ ਕਹਿੰਦੇ ਹਨ, ‘‘ਰਾਤ ਨੂੰ ਸੋਣ ਤੋਂ ਪਹਿਲਾਂ ਸਿਰਫ ਪੰਜ ਮਿੰਟ ਆਪਣਾ ਸੈਲਫ ਅਵੈਲਿਊਏਸ਼ਨ ਕਰਿਆ ਕਰੋ ਤਾਂ ਤੁਸੀਂ ਖੁਦ ਜਾਣ ਜਾਓਗੇ ਕਿ ਪੂਰੇ ਦਿਨ ’ਚ ਮੈਂ ਕਿੱਥੇ ਸਹੀ ਸੀ ਅਤੇ ਕਿੱਥੇ ਸੁਧਾਰ ਦੀ ਜਰੂਰਤ ਹੈ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਕਿਸ ਦਾ ਬੇਵਜ੍ਹਾ ਦਿਲ ਦੁਖਾਇਆ, ਕਿਸਦੀ ਸਿਰਫ ਜਲਣ ਨਾਲ ਨਿੰਦਿਆ ਜਾਂ ਚੁਗਲੀ ਕੀਤੀ ਤੇ ਕਿਸ ਦੇ ਨਾਲ ਠੱਗੀ ਮਾਰੀ ਆਦਿ ਇੱਕ ਸਤਿਸੰਗੀ ਨੂੰ ਸਿਰਫ ਪੰਜ ਮਿੰਟਾਂ ਦੇ ਸਿਮਰਨ ਤੋਂ ਬਾਅਦ ਕੀਤਾ ਗਿਆ ਇਹ ਆਤਮਚਿੰਤਨ ਆਪਣੀ ਹਰ ਕਮੀ ਤੇ ਹਰ ਗਲਤੀ ਦਾ ਸੌ ਪ੍ਰਤੀਸ਼ਤ ਅਹਿਸਾਸ ਕਰਾ ਦਿੰਦਾ ਹੈ
ਇਸ ਤੋਂ ਬਾਅਦ ਕੀਤਾ ਗਿਆ ਸਿਮਰਨ ਉਨ੍ਹਾਂ ਗਲਤੀਆਂ ਦਾ ਪਛਤਾਵਾ ਤੇ ਫਲ ਵੀ ਖਤਮ ਕਰ ਦਿੰਦਾ ਹੈ ਅਤੇ ਆਤਮਾ ਫੁੱਲ ਦੀ ਤਰ੍ਹਾਂ ਹਲਕੀ ਹੋ ਜਾਂਦੀ ਹੈ ਹੌਲੀ-ਹੌਲੀ ਮੈਨੂੰ ਇਹ ਵੀ ਸਮਝ ਆਇਆ ਕਿ ਆਤਮ-ਮੁੱਲਾਂਕਣ ਕੋਈ ਆਧੁਨਿਕ ਖੋਜ ਨਹੀਂ ਹੈ, ਇਹ ਤਾਂ ਸਾਡੇ ਧਰਮ, ਸਾਡੀਆਂ ਪਰੰਪਰਾਵਾਂ ਅਤੇ ਸੰਤਾਂ ਦੀਆਂ ਸਿੱਖਿਆਵਾਂ ਦਾ ਮੂਲ-ਅਧਾਰ ਰਿਹਾ ਹੈ ਫਰਕ ਸਿਰਫ ਸ਼ਬਦਾਂ ਦਾ ਹੈ ਪਹਿਲਾਂ ਇਸਨੂੂੰ ਆਤਮਚਿੰਤਨ ਕਿਹਾ ਗਿਆ ਸੀ ਅਤੇ ਅੱਜ ਇਸਨੂੰ ਸੈਲਫ ਐਵੈਲਿਊਏਸ਼ਨ ਕਿਹਾ ਜਾਂਦਾ ਹੈ ਧਰਮ ਹਮੇਸ਼ਾ ਇਹੀ ਸਿਖਾਉਂਦਾ ਆਇਆ ਹੈ ਕਿ ਬਾਹਰ ਦੀ ਦੁਨੀਆਂ ਬਦਲਣ ਤੋਂ ਪਹਿਲਾਂ ਆਪਣੇ ਅੰਦਰ ਝਾਕੋ ਸੰਤਾਂ ਨੇ ਵਾਰ-ਵਾਰ ਸਮਝਾਇਆ ਕਿ ਦੁੱਖ ਦੀ ਜੜ੍ਹ ਹਾਲਾਤ ਨਹੀਂ, ਸਗੋਂ ਸਾਡੀ ਆਪਣੀ ਹੀ ਸੋਚ ਹੈ
ਅੱਜ ਇਹ ਅਨੁਭਵ ਸਾਂਝਾ ਕਰਨ ਦਾ ਉਦੇਸ਼ ਸਿਰਫ ਇੱਕ ਕਹਾਣੀ ਸੁਣਾਉਣਾ ਨਹੀਂ, ਸਗੋਂ ਇਹ ਦੱਸਣਾ ਹੈ ਕਿ ਹਰ ਉਦਾਸੀ ਦਾ ਕਾਰਨ ਕੋਈ ਵੱਡਾ ਦੁੱਖ ਨਹੀਂ ਹੁੰਦਾ ਅਤੇ ਹਰ ਸਮੱਸਿਆ ਦਾ ਹੱਲ ਬਾਹਰ ਨਹੀਂ ਮਿਲਦਾ ਤਾਂ ਸੰਤਾਂ ਮਹਾਂਪੁਰਸ਼ਾਂ ਨੇ ਇਸੇ ਗੱਲ ’ਤੇ ਹੀ ਜ਼ੋਰ ਦਿੱਤਾ ਹੈ ਕਿ ਆਪਣੀ ਹਰ ਸਮੱਸਿਆ ਤੇ ਮਾਨਸਿਕ ਉਲਝਣ ਤੋਂ ਬਾਹਰ ਨਿਕਲਣ ਲਈ ਆਪਣੇ ਵਿਚਾਰ ਦੇ ਸੱਚ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਮੇਰੀ ਉਦਾਸੀ ਬਾਹਰੀ ਪਰਸਥਿਤੀਆਂ ਦੀ ਦੇਣ ਨਹੀਂ ਸੀ, ਸਗੋਂ ਮੇਰੀਆਂ ਖੁਦ ਦੀਆਂ ਹੀ ਆਦਤਾਂ ਦਾ ਕਾਰਨ ਸੀ ਅਤੇ ਆਦਤਾਂ ਬਦਲੀਆਂ ਜਾ ਸਕਦੀਆਂ ਹਨ ਬਸ ਖੁਦ ਨੂੰ ਦੇਖਣ, ਸਵੀਕਾਰ ਕਰਨ ਤੇ ਸੁਧਾਰਨ ਦਾ ਸਾਹਸ ਚਾਹੀਦਾ ਹੈ
ਜਦੋਂ ਅਸੀਂ ਦੂਜਿਆ ਦਾ ਮੁੱਲਾਂਕਣ ਜੋ ਇਨਸਾਨ ਦੇ ਦੁਖੀ ਰਹਿਣ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ, ਨੂੰ ਛੱਡ ਕੇ ਖੁਦ ਦਾ ਆਤਮ-ਮੁੱਲਾਂਕਣ ਸ਼ੁਰੂ ਕਰਦੇ ਹਾਂ, ਤਾਂ ਉਦੋਂ ਜੀਵਨ ’ਚ ਅਸਲੀ ਸ਼ਾਂਤੀ ਦੀ ਐਂਟਰੀ ਹੁੰਦੀ ਹੈ ਤਾਂ ਉਮੀਦ ਹੈ ਕਿ ਤੁਸੀਂ ਹਰ ਰੋਜ਼ ਸ਼ਾਮ ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਐੱਮਐੱਸ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਿਰਫ ਆਪਣੇ ਲਈ ਪੰਜ-ਪੰਜ ਮਿੰਟ ਕੱਢ ਕੇ, ਸੋਚ ਦੇ ਡੂੰਘੇ ਘੰੁਮਣ ਘੇਰ ਵਿੱਚੋਂ ਬਾਹਰ ਨਿਕਲਣ ਦੇ ਇਸ ਤਰੀਕੇ ਨੂੰ ਵਿਅਰਥ ਨਹੀਂ ਸਮਝੋਗੇ -ਰੇਖਾ ਇੰਸਾਂ, ਖੰਨਾ
































































