ਸਭ ਪਰਮਾਤਮਾ ਨੂੰ ਸੌਂਪ ਦਿਓ
ਮਨੁੱਖੀ ਜੀਵਨ ’ਚ ਬਹੁਤ ਵਾਰ ਕੁਝ ਅਜਿਹੇ ਪਲ ਆਉਂਦੇ ਰਹਿੰਦੇ ਹਨ ਜਦੋਂ ਉਹ ਚਾਰੇ ਪਾਸਿਆਂ ਤੋਂ ਸਮੱਸਿਆਵਾਂ ਨਾਲ ਘਿਰ ਜਾਂਦਾ ਹੈ ਉੱਥੋਂ ਨਿੱਕਲਣ ਦਾ ਉਸਨੂੰ ਕੋਈ ਰਸਤਾ ਨਹੀਂ ਮਿਲਦਾ ਉਸ ਸਮੇਂ ਜਦੋਂ ਉਸਦਾ ਦਿਮਾਗ ਕੋਈ ਫੈਸਲਾ ਨਹੀਂ ਲੈ ਸਕਦਾ, ਉਦੋਂ ਸਭ ਕੁਝ ਪਰਮਾਤਮਾ ਦੇ ਹੱਥਾਂ ’ਚ ਸੌਂਪ ਕੇ ਉਸਨੂੰ ਆਪਣੀਆਂ ਜ਼ਿੰਮੇਵਾਰੀਆਂ ਅਤੇ ਤਰਜ਼ੀਹਾਂ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ
ਇਸ ਤੋਂ ਇਲਾਵਾ ਉਸ ਕੋਲ ਹੋਰ ਕੋਈ ਤਰੀਕਾ ਵੀ ਬਾਕੀ ਨਹੀਂ ਬਚਦਾ ਅਸਲ ’ਚ ਮਾਣ-ਅਪਮਾਨ, ਹਾਰ-ਜਿੱਤ, ਦੁੱਖ-ਸੁੱਖ, ਨਫ਼ਾ-ਨੁਕਸਾਨ, ਜ਼ਿੰਦਗੀ-ਮੌਤ ਆਦਿ ਦਾ ਆਖ਼ਰੀ ਫੈਸਲਾ ਈਸ਼ਵਰ ਕਰਦਾ ਹੈ ਮਨੁੱਖ ਨੂੰ ਸਦਾ ਹੀ ਵਿਸ਼ਵਾਸਪੂਰਵਕ ਉਸ ਮਾਲਕ ਦੇ ਫੈਸਲੇ ਦਾ ਸਨਮਾਨ ਕਰਦੇ ਹੋਏ ਆਪਣਾ ਸਿਰ ਉਸਦੇ ਸਾਹਮਣੇ ਨਿਵਾਂ ਦੇਣਾ ਚਾਹੀਦਾ ਹੈ
ਸੰਸਾਰ ਵਿਚ ਹਰ ਵਿਅਕਤੀ ਨੂੰ ਸਭ ਕੁਝ ਆਪਣਾ ਮਨਚਾਹਿਆ ਨਹੀਂ ਮਿਲਦਾ ਸੰਸਾਰ ’ਚ ਰਹਿੰਦੇ ਹੋਏ ਕੁਝ ਲੋਕ ਉਸਦੀ ਪ੍ਰਸੰਸਾ ਕਰਦੇ ਹਨ ਤਾਂ ਦੂਜੇ ਪਾਸੇ ਕੁਝ ਲੋਕ ਉਸਦੀ ਆਲੋਚਨਾ ਕਰਦੇ ਹਨ ਦੋਵਾਂ ਹੀ ਹਾਲਾਤਾਂ ’ਚ ਮਨੁੱਖ ਨੂੰ ਫਾਇਦਾ ਹੁੰਦਾ ਹੈ ਇੱਕ ਤਰ੍ਹਾਂ ਦੇ ਲੋਕ ਜੀਵਨ ’ਚ ਉਸਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ ਦੂਜੀ ਤਰ੍ਹਾਂ ਦੇ ਲੋਕ ਉਸਦੇ ਅੰਦਰ ਤਬਦੀਲੀ ਲੈ ਕੇ ਆਉਂਦੇ ਹਨ ਮਨੁੱਖ ਜਦੋਂ ਤੱਕ ਖੁਦ ਨਾ ਚਾਹੇ ਉਸਨੂੰ ਕਿਸੇ ਤਰ੍ਹਾਂ ਦੀ ਪ੍ਰਸੰਸਾ ਜਾਂ ਨਿੰਦਿਆ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਉਸਦਾ ਆਪਣਾ ਮਨ ਕਮਜ਼ੋਰ ਪੈਂਦਾ ਹੈ ਤਾਂ ਉਸਨੂੰ ਸਭ ਤੋਂ ਹੀ ਤਕਲੀਫ਼ ਹੋਣ ਲੱਗਦੀ ਹੈ
ਇੱਕ ਕਥਾ ਸੁਣਾਉਂਦੇ ਹਾਂ ਜੰਗਲ ’ਚ ਇੱਕ ਗਰਭਵਤੀ ਹਿਰਨੀ ਬੱਚੇ ਨੂੰ ਜਨਮ ਦੇਣ ਵਾਲੀ ਸੀ ਉਹ ਏਕਾਂਤ ਦੀ ਭਾਲ ’ਚ ਇੱਧਰ-ਉੱਧਰ ਭਟਕ ਰਹੀ ਸੀ ਇਸੇ ਦਰਮਿਆਨ ਉਸਨੂੰ ਨਦੀ ਕਿਨਾਰੇ ਉੱਚਾ ਅਤੇ ਸੰਘਣਾ ਘਾਹ ਦਿਖਾਈ ਦਿੱਤਾ ਉਸਨੂੰ ਉਹ ਥਾਂ ਬੱਚੇ ਨੂੰ ਜਨਮ ਦੇਣ ਲਈ ਵਧੀਆ ਲੱਗੀ ਉੱਥੇ ਪਹੁੰਚਦੇ ਹੀ ਉਸਨੂੰ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਉਸੇ ਸਮੇਂ ਅਸਮਾਨ ’ਚ ਬੱਦਲਵਾਈ ਹੋ ਗਈ ਅਤੇ ਬਿਜਲੀ ਕੜਕਣ ਲੱਗੀ ਏਦਾਂ ਲੱਗਣ ਲੱਗਾ ਕਿ ਹੁਣੇ ਮੀਂਹ ਵਰ੍ਹਨ ਲੱਗੇਗਾ ਉਸਨੇ ਆਪਣੇ ਸੱਜੇ ਪਾਸੇ ਦੇਖਿਆ ਤਾਂ ਇੱਕ ਸ਼ਿਕਾਰੀ ਤੀਰ ਦਾ ਨਿਸ਼ਾਨਾ ਉਸ ਵੱਲ ਸਿੰਨ੍ਹ ਰਿਹਾ ਸੀ ਘਬਰਾ ਕੇ ਜਿਉਂ ਹੀ ਉਹ ਦੂਜੇ ਪਾਸੇ ਮੁੜੀ ਤਾਂ ਉੱਥੇ ਇੱਕ ਭੁੱਖਾ ਸ਼ੇਰ, ਝਪਟਣ ਲਈ ਤਿਆਰ ਬੈਠਾ ਸੀ ਸਾਹਮਣੇ ਸੁੱਕਾ ਘਾਹ ਸੀ ਜਿਸਨੇ ਅੱਗ ਫੜ ਲਈ ਸੀ ਨਦੀ ’ਚ ਪਾਣੀ ਬਹੁਤ ਸੀ
ਹੁਣ ਮਜ਼ਬੂਰ ਮਾਦਾ ਹਿਰਨੀ ਕਰਦੀ ਵੀ ਤਾਂ ਕੀ? ਉਹ ਜਣੇਪੇ ਦੇ ਦਰਦ ਤੋਂ ਵਿਆਕੁਲ ਸੀ ਹੁਣ ਉਸਦਾ ਅਤੇ ਉਸਦੇ ਬੱਚੇ ਦਾ ਕੀ ਹੋਵੇਗਾ? ਕੀ ਉਹ ਜਿੰਦਾ ਬਚੇਗੀ? ਕੀ ਉਹ ਆਪਣੇ ਬੱਚੇ ਨੂੰ ਜਨਮ ਦੇ ਸਕੇਗੀ? ਕੀ ਬੱਚਾ ਜਿੰਦਾ ਰਹੇਗਾ? ਕੀ ਜੰਗਲ ਦੀ ਅੱਗ ਸਭ ਕੁਝ ਸਾੜ ਦੇਵੇਗੀ? ਕੀ ਉਹ ਸ਼ਿਕਾਰੀ ਦੇ ਤੀਰ ਤੋਂ ਬਚ ਸਕੇਗੀ? ਕੀ ਉਹ ਭੁੱਖੇ ਸ਼ੇਰ ਦਾ ਭੋਜਨ ਬਣੇਗੀ? ਇੱਕ ਪਾਸੇ ਉਹ ਅੱਗ ਨਾਲ ਘਿਰੀ ਹੈ ਅਤੇ ਪਿੱਛੇ ਨਦੀ ਹੈ, ਕੀ ਕਰੇਗੀ ਉਹ? ਇਹ ਸਾਰੇ ਸਵਾਲ ਉਸਦੇ ਮਨ ’ਚ ਖੌਰੂ ਪਾ ਰਹੇ ਸਨ
ਹਿਰਨੀ ਨੇ ਆਪਣੇ-ਆਪ ਨੂੰ ਈਸ਼ਵਰ ਦੇ ਭਰੋਸੇ ਛੱਡ ਦਿੱਤਾ ਅਤੇ ਆਪਣਾ ਧਿਆਨ ਬੱਚੇ ਨੂੰ ਜਨਮ ਦੇਣ ’ਚ ਲਾ ਦਿੱਤਾ ਈਸ਼ਵਰ ਦਾ ਚਮਤਕਾਰ ਦੇਖੋ! ਬਿਜਲੀ ਚਮਕੀ ਅਤੇ ਤੀਰ ਛੱਡਦੇ ਹੋਏ ਸ਼ਿਕਾਰੀ ਦੀਆਂ ਅੱਖਾਂ ਬੰਦ ਹੋ ਗਈਆਂ ਉਸਦਾ ਤੀਰ ਹਿਰਨੀ ਦੇ ਕੋਲੋਂ ਲੰਘਦੇ ਹੋਏ ਸ਼ੇਰ ਦੀ ਅੱਖ ’ਚ ਜਾ ਵੱਜਾ ਸ਼ੇਰ ਦਹਾੜਦਾ ਹੋਇਆ ਇੱਧਰ-ਉੱਧਰ ਭੱਜਣ ਲੱਗਾ ਸ਼ਿਕਾਰੀ ਸ਼ੇਰ ਦੇ ਜ਼ਖਮੀ ਹੋਣ ’ਤੇ ਭੱਜ ਗਿਆ ਉੱਧਰ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ ਅਤੇ ਉਸ ਦੇ ਨਾਲ ਜੰਗਲ ਦੀ ਅੱਗ ਬੁਝ ਗਈ ਹਿਰਨੀ ਨੇ ਬੱਚੇ ਨੂੰ ਜਨਮ ਦਿੱਤਾ ਫਿਰ ਉਸ ਈਸ਼ਵਰ ਦਾ ਉਸਨੇ ਧੰਨਵਾਦ ਕੀਤਾ ਜਿਸ ਨੇ ਉਸਦੀ ਅਤੇ ਉਸਦੇ ਨਵਜੰਮੇ ਬੱਚੇ ਦੋਵਾਂ ਦੀ ਰੱਖਿਆ ਕੀਤੀ
ਇਸ ਕਥਾ ਤੋਂ ਸਾਨੂੰ ਇਹੀ ਸਮਝ ਆਉਂਦਾ ਹੈ ਕਿ ਹਾਲਾਤ ਕਿੰਨੇ ਵੀ ਮਾੜੇ ਕਿਉਂ ਨਾ ਹੋ ਜਾਣ, ਮਨੁੱਖ ਭਾਵੇਂ ਚਾਰੇ ਪਾਸਿਆਂ ਤੋਂ ਦੁਸ਼ਮਣਾਂ ਜਾਂ ਪ੍ਰੇਸ਼ਾਨੀਆਂ ਨਾਲ ਕਿਉਂ ਨਾ ਘਿਰ ਜਾਵੇ, ਉਸਨੂੰ ਆਪਣੇ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ ਆਪਣੇ ਵਿਵੇਕ ਦਾ ਸਾਥ ਉਸਨੂੰ ਨਹੀਂ ਛੱਡਣਾ ਚਾਹੀਦਾ ਜੇਕਰ ਹਾਲਾਤ ਆਪਣੇ ਕਾਬੂ ਤੋਂ ਬਾਹਰ ਹੋ ਜਾਣ ਤਾਂ ਉਸ ਸਮੇਂ ਸਿਰ ਫੜ ਕੇ ਨਹੀਂ ਬੈਠ ਜਾਣਾ ਚਾਹੀਦਾ ਅਤੇ ਨਾ ਹੀ ਉਸਨੂੰ ਹਾਏ ਤੌਬਾ ਕਰਦੇ ਹੋਏ ਅਸਮਾਨ ਸਿਰ ’ਤੇ ਚੁੱਕ ਲੈਣਾ ਚਾਹੀਦੈ ਉਸ ਮਾਲਕ ’ਤੇ ਪੂਰਾ ਵਿਸ਼ਵਾਸ ਕਰਦੇ ਹੋਏ ਖੁਦ ਨੂੰ ਅਤੇ ਹੋਰ ਸਭ ਦੁੱਖਾਂ-ਤਕਲੀਫਾਂ ਨੂੰ ਉਸ ’ਤੇ ਛੱਡ ਦੇਣਾ ਚਾਹੀਦੈ ਉਹ ਪਲਕ ਝਪਕਦੇ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਕੇ ਮਨੁੱਖ ਨੂੰ ਸੰਕਟ ਦੀ ਉਸ ਘੜੀ ’ਚੋਂ ਉੱਭਾਰ ਦਿੰਦਾ ਹੈ
ਮਨੁੱਖ ਨੂੰ ਹਰ ਹਾਲਤ ’ਚ ਉਸ ਮਾਲਕ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਇੱਕ ਉਹੀ ਹੈ ਜੋ ਕੋਈ ਅਹਿਸਾਨ ਜਤਾਏ ਬਿਨਾਂ ਉਸਦੇ ਹਰ ਕਦਮ ’ਤੇ ਉਸਦੇ ਨਾਲ ਰਹਿੰਦਾ ਹੈ ਮਨੁੱਖ ਨੂੰ ਆਪਣੇ ਸਾਰੇ ਕਰਮ ਉਸਨੂੰ ਅਰਪਿਤ ਕਰਕੇ, ਉਸਦੇ ਫਲ ਦੀ ਕਾਮਨਾ ਤੋਂ ਮੁਕਤ ਹੋ ਜਾਣਾ ਚਾਹੀਦਾ ਹੈ ਇਸੇ ’ਚ ਮਨੁੱਖੀ ਜੀਵਨ ਦੀ ਸਾਰਥਿਕਤਾ ਹੈ
-ਚੰਦਰ ਪ੍ਰਭਾ ਸੂਦ