ਸਮਰਪਿਤ ਭਾਵ ਨਾਲ ਕਰੀਏ ਮਾਪਿਆਂ ਦੀ ਦੇਖਭਾਲ Let’s take care of parents with dedication
ਬੱਚਿਆਂ ਨੂੰ ਬੁਢਾਪੇ ਦਾ ਸਹਾਰਾ ਮੰਨਿਆ ਜਾਂਦਾ ਹੈ, ਖਾਸ ਕਰ ਕੇ ਮੁੰਡਿਆਂ ਤੋਂ ਤਾਂ ਮਾਪਿਆਂ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ ਪਰ ਜਦੋਂ ਇਹ ਮੁੰਡੇ ਮਾਪਿਆਂ ਦੇ ਬਜ਼ੁਰਗ ਹੋਣ ਤੇ ਉਨ੍ਹਾਂ ਨੂੰ ਤਰ੍ਹਾਂ- ਤਰ੍ਹਾਂ ਦੇ ਦੁਖ ਦੇਣ ਲੱਗਣ ਜਾਂ ਸਾਰੀ ਜ਼ਮੀਨ- ਜਾਇਦਾਦ, ਧਨ- ਦੌਲਤ ਆਪਣੇ ਨਾਂ ਲਿਖਵਾ ਲੈਣ ਤਾਂ ਮਾਪਿਆਂ ਦੀ ਕੀ ਹਾਲਤ ਹੋਵੇਗੀ? ਰਿਸ਼ਤਿਆਂ ਤੇ ਤਾਂ ਇਹ ਕਰਾਰੀ ਚੋਟ ਹੈ ਹੀ, ਨਾਲੋ- ਨਾਲ ਮਾਪਿਆਂ ਦੇ ਵਿਸ਼ਵਾਸ ਤੇ ਵੀ ਪ੍ਰਸ਼ਨਚਿੰਨ੍ਹ ਲੱਗ ਜਾਂਦਾ ਹੈ?
ਭਾਰਤ ਜਿਹੇ ਦੇਸ਼ ਵਿੱਚ ਪਰਿਵਾਰ ਹੀ ਅਜਿਹੀ ਸੰਸਥਾ ਹੈ, ਜੋ ਮਾਤਾ- ਪਿਤਾ ਦੀ ਦੇਖਭਾਲ, ਸੇਵਾ ਅਤੇ ਸਨਮਾਨ ਦਿੰਦੀ ਆਈ ਹੈ ਸਮੇਂ ਦੇ ਪਰਿਵਰਤਨ ਨਾਲ ਸੰਯੁਕਤ ਪਰਿਵਾਰਾਂ ਦੇ ਟੁੱਟਣ ਅਤੇ ਇੱਕ- ਪਰਿਵਾਰ ਦੀ ਪ੍ਰਥਾ ਨੇ ਮਾਤਾ- ਪਿਤਾ ਦੇ ਜੀਵਨ ਵਿੱਚ ਇੱਕ ਖਲਾਅ ਭਰ ਦਿੱਤਾ ਹੈ ਇਸਤੋਂ ਇਲਾਵਾ ਜੀਵਨਸ਼ੈਲੀ ਅਤੇ ਕਦਰਾਂ- ਕੀਮਤਾਂ ਵਿੱਚ ਆਏ ਬਦਲਾਅ ਨੇ ਵੀ ਮਾਪਿਆਂ ਪ੍ਰਤੀ ਉਦਾਸੀਨਤਾ ਦਾ ਮਾਹੌਲ ਪੈਦਾ ਕੀਤਾ ਹੈ ਸਵਾਰਥੀ ਸੰਤਾਨ ਆਪਣੇ ਸੰਸਕਾਰਾਂ ਨੂੰ ਛਿੱਕੇ ਤੇ ਟੰਗ ਕੇ ਆਪਣੇ ਮਾਪਿਆਂ ਨਾਲ ਜੋ ਵਿਵਹਾਰ ਕਰ ਰਹੀ ਹੈ, ਉਹ ਸ਼ਰਮਨਾਕ ਤਾਂ ਹੈ ਹੀ, ਭਾਰਤੀ ਸੰਸਕ੍ਰਿਤੀ ਤੇ ਸਵਾਲੀਆ ਨਿਸ਼ਾਨ ਵੀ ਖੜ੍ਹਾ ਕਰਦਾ ਹੈ ਅੱਜਕੱਲ੍ਹ ਇਹ ਵੀ ਵੇਖਣ ਵਿੱਚ ਆਉਂਦਾ ਹੈ
ਕਿ ਅਕਸਰ ਮਾਂ- ਪਿਓ ਤੋਂ ਧਨ- ਸੰਪਤੀ ਹਥਿਆਉਣ ਪਿੱਛੋਂ ਬੱਚੇ ਉਨ੍ਹਾਂ ਨੂੰ ਗੈਰ- ਜ਼ਰੂਰੀ ਚੀਜ਼ ਸਮਝਣ ਲੱਗ ਪੈਂਦੇ ਹਨ ਕਈ ਅਜਿਹੇ ਮਾਮਲੇ ਵੀ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਵਿੱਚ ਸੰਪਤੀ ਹਥਿਆਉਣ ਲਈ ਮਾਂ- ਪਿਓ ਦੇ ਵਿਰੁੱਧ ਸਾਜ਼ਿਸ਼ ਰਚਣ ਅਤੇ ਉਨ੍ਹਾਂ ਦੇ ਸੁਰੱਖਿਆ ਘੇਰੇ ਨੂੰ ਤੋੜਨ ਤੋਂ ਵੀ ਉਹ ਗੁਰੇਜ਼ ਨਹੀਂ ਕਰਦੇ ਇਹ ਠੀਕ ਹੈ ਕਿ ਪੈਸਾ ਵੀ ਜ਼ਰੂਰੀ ਹੈ, ਤਾਂ ਕਿ ਬੀਮਾਰੀ ਆਦਿ ਵਿੱਚ ਸਹੀ ਢੰਗ ਨਾਲ ਉਚਿਤ ਇਲਾਜ ਹੋ ਸਕੇ ਪਰ ਇਸ ਦੇ ਨਾਲ- ਨਾਲ ਸਮਰਪਣ ਦੀ ਵੀ ਲੋੜ ਹੁੰਦੀ ਹੈ ਇੱਕ ਪ੍ਰਤੀਬੱਧਤਾ, ਇੱਕ ਕਮਿਟਮੈਂਟ ਦੀ ਭਾਵਨਾ, ਜੋ ਮਾਪਿਆਂ ਨੂੰ ਅਹਿਸਾਸ ਦਿਵਾਉੰਦੀ ਰਹੇ ਕਿ ਉਨ੍ਹਾਂ ਦੇ ਬੱਚਿਆਂ ਨੂੰ, ਜਿਨ੍ਹਾਂ ਨੂੰ ਉਨ੍ਹਾਂ ਨੇ ਬੜੇ ਲਾਡ- ਪਿਆਰ ਨਾਲ ਪਾਲਿਆ ਹੈ, ਜਿਨ੍ਹਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਲਈ ਉਨ੍ਹਾਂ ਨੇ ਨਾ ਦਿਨ ਦੇਖਿਆ, ਨਾ ਰਾਤ- ਉਨ੍ਹਾਂ ਦੀ ਪ੍ਰਵਾਹ ਹੈ; ਉਹ ਉਨ੍ਹਾਂ ਦੀ ਇੱਜ਼ਤ ਕਰਦੇ ਹਨ ਅਤੇ ਇਸ ਲਈ ਉਹ ਉਨ੍ਹਾਂ ਲਈ ਫਿਕਰਮੰਦ ਵੀ ਹਨ
ਮਨੋਵਿਗਿਆਨੀਆਂ ਅਨੁਸਾਰ ਸਾਡੇ ਸਮਾਜ ਵਿੱਚ, ਸਾਡੀ ਸੋਚ ਵਿੱਚ ਅਜਿਹੀ ਤਬਦੀਲੀ ਆਈ ਹੈ, ਜਿਸਨੇ ਪੂਰੀ ਤਰ੍ਹਾਂ ਸਾਡੀਆਂ ਪ੍ਰਾਥਮਿਕਤਾਵਾਂ ਨੂੰ ਹੀ ਬਦਲ ਦਿੱਤਾ ਹੈ ਭਾਵਨਾਵਾਂ ਦੀ ਥਾਂ ਪੈਸੇ ਅਤੇ ਭੌਤਿਕਤਾ ਨੇ ਲੈ ਲਈ ਹੈ ਜ਼ਿਆਦਾ ਕਮਾਉਣ ਦੀ ਇੱਛਾ ਨੇ ਹਰ ਵਿਅਕਤੀ ਵਿੱਚ ਕੁਝ ਕਰਨ ਦੀ ਪ੍ਰਵਿਰਤੀ ਵਿੱਚ ਵਾਧਾ ਕੀਤਾ ਹੈ ਸਪਸ਼ਟ ਹੈ ਕਿ ਜਦੋਂ ਜੱਦੋਜਹਿਦ ਵਧਦੀ ਹੈ, ਤਾਂ ਉਹਦਾ ਪ੍ਰਭਾਵ ਸੋਚ ਦੀ ਪ੍ਰਕਿਰਿਆ ਤੇ ਪੈਂਦਾ ਹੀ ਹੈ ਇਨਸਾਨ ਸਵਾਰਥੀ ਹੋ ਜਾਂਦਾ ਹੈ ਅਤੇ ਰਿਸ਼ਤੇ ਫਿੱਕੇ ਇਹੋ ਵਜ੍ਹਾ ਹੈ ਪਰਿਵਾਰ ਦੇ ਖੰਡਿਤ ਹੋਣ ਦੀ ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ, ਫਿਰ ਇਕਹਿਰੇ ਪਰਿਵਾਰ ਦਾ ਰਿਵਾਜ ਵਧਿਆ ਅਤੇ ਹੁਣ ਤਾਂ ‘ਲਿਵ ਇਨ ਰਿਲੇਸ਼ਨ‘ ਦੀ ਪਰੰਪਰਾ ਹਾਵੀ ਹੁੰਦੀ ਜਾ ਰਹੀ ਹੈ ਸ਼ਾਇਦ ਅਜਿਹੇ ਮਾਹੌਲ ਤੋਂ ਹੀ ਪ੍ਰਭਾਵਿਤ ਹੋ ਕੇ ਉਰਦੂ ਦੇ ਸਸ਼ਕਤ ਸ਼ਾਇਰ ਡਾ. ਬਸ਼ੀਰ ਬਦ੍ਰ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ: ਕੋਈ ਹਾਥ ਭੀ ਨ ਮਿਲਾਏਗਾ, ਜੋ ਗਲੇ ਮਿਲੋਗੇ ਤਪਾਕ ਸੇ ਯੇ ਨਏ ਮਿਜਾਜ਼ ਕਾ ਸ਼ਹਿਰ ਹੈ,
ਜ਼ਰਾ ਫਾਸਲੇ ਸੇ ਮਿਲਾ ਕਰੋ ਅੱਜ ਸਥਿਤੀ ਇਹ ਹੈ ਕਿ ਮੱਧਵਰਗੀ ਬੱਚੇ ਵੀ ਬਾਹਰਲੇ ਦੇਸ਼ਾਂ ਵਿੱਚ ਸੈਟਲ ਹੋਣ ਨੂੰ ਤਰਜੀਹ ਦੇ ਰਹੇ ਹਨ ਉਹ ਉੱਥੋਂ ਪੈਸੇ ਭੇਜ ਕੇ ਸੋਚ ਲੈਂਦੇ ਹਨ ਕਿ ਉਹ ਆਪਣੇ ਬਜ਼ੁਰਗ ਮਾਪਿਆਂ ਪ੍ਰਤੀ ਆਪਣਾ ਫਰਜ਼ ਬਾਖੂਬੀ ਨਿਭਾ ਰਹੇ ਹਨ ਪਰੰਤੂ ਉਹ ਇਹ ਭੁੱਲਦੇ ਹਨ ਕਿ ਮਾਤਾ- ਪਿਤਾ ਪੈਸੇ ਨਾਲੋਂ ਵਧੇਰੇ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਕੋਲ ਰਹਿ ਕੇ ਉਨ੍ਹਾਂ ਦੀ ਦੇਖਭਾਲ ਕਰਨ ਹਰ ਵਿਅਕਤੀ ਪਿਆਰ ਅਤੇ ਦੇਖਭਾਲ ਚਾਹੁੰਦਾ ਹੈ ਪਰ ਬੱਚਿਆਂ ਦੇ ਵੱਡੇ ਹੋਣ ਅਤੇ ਸੈਟਲ ਹੋਣ ਪਿੱਛੋਂ ਮਾਤਾ- ਪਿਤਾ ਜਦੋਂ ਬੁਢਾਪੇ ਵਿੱਚ ਪ੍ਰਵੇਸ਼ ਕਰਦੇ ਹਨ, ਤਾਂ ਇਸਦੀ ਲੋੜ ਪੈਂਦੀ ਹੈ ਕਈ ਵਾਰੀ ਬਜ਼ੁਰਗ ਮਾਂ- ਪਿਓ ਬੱਚਿਆਂ ਪਾਸੋਂ ਆਦਰ ਦੇ ਨਾਲ- ਨਾਲ ਹਮਦਰਦੀ, ਮੇਲਜੋਲ ਦੀ ਉਮੀਦ ਵੀ ਕਰਦੇ ਹਨ
ਪਰ ਰੁੱਝੇ ਹੋਏ ਬੱਚਿਆਂ ਕੋਲ ਉਨ੍ਹਾਂ ਨੂੰ ਲੋੜੀਂਦਾ ਸਮਾਂ ਦੇ ਸਕਣਾ ਤਾਂ ਮੁਸ਼ਕਿਲ ਹੁੰਦਾ ਹੀ ਹੈ, ਨਾਲ ਹੀ ਉਹ ਉਨ੍ਹਾਂ ਦੀ ਇਕੱਲਤਾ/ ਤਨਹਾਈ ਨੂੰ ਭਰ ਸਕਣ ਵਿੱਚ ਅਸਮਰੱਥ ਹੁੰਦੇ ਹਨ ਉਹ ਇਹ ਨਹੀਂ ਸਮਝ ਸਕਦੇ ਕਿ ਬੁਢਾਪੇ ਵਿੱਚ ਇਕੱਲਤਾ ਅਤੇ ਅਸੁਰੱਖਿਆ ਸਭ ਤੋਂ ਵੱਧ ਘੇਰਦੀ ਹੈ ਇਹ ਅਸੁਰੱਖਿਆ ਆਰਥਿਕ ਰੂਪ ਨਾਲ ਵੀ ਹੁੰਦੀ ਹੈ ਅਤੇ ਭਾਵਨਾਤਮਕ ਰੂਪ ਵਿੱਚ ਵੀ ਉਸ ਵੇਲੇ (ਬੁਢਾਪੇ ਵਿੱਚ) ਉਨ੍ਹਾਂ ਅੰਦਰ ਊਰਜਾ ਦੀ ਘਾਟ ਹੁੰਦੀ ਹੈ, ਉਹ ਵਧੇਰੇ ਸਕ੍ਰਿਅ ਵੀ ਨਹੀਂ ਰਹਿੰਦੇ, ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਬੱਚੇ ਉਨ੍ਹਾਂ ਦੀ ਦੇਖਭਾਲ ਕਰਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣ ਪਰ ਅੱਜ ਦੇ ਦੌਰ ਵਿੱਚ ਕਮਿਟਮੈਂਟ ਦੀ ਭਾਵਨਾ ਨਵੀਂ ਪੀੜ੍ਹੀ ਦੇ ਅੰਦਰ ਨਾਂਹ ਦੇ ਬਰਾਬਰ ਹੈ ਇਸਲਈ ਉਹ ਪੈਸਿਆਂ ਨਾਲ ਰਿਸ਼ਤਿਆਂ ਨੂੰ ਤੋਲਦੇ ਹੋਏ ਇਹ ਭੁੱਲ ਜਾਂਦੇ ਹਨ
ਕਿ ਪਿਆਰ ਦਾ ਕੋਈ ਵਿਕਲਪ/ ਬਦਲ ਨਹੀਂ ਹੁੰਦਾ ਇਹ ਵੀ ਸਾਡੇ ਸਮਾਜ ਅਤੇ ਸੋਚ ਦੀ ਤ੍ਰਾਸਦੀ ਹੈ ਕਿ ਜੇ ਕੋਈ ਆਪਣੇ ਮਾਪਿਆਂ ਦੀ ਜੀਅ- ਜਾਨ ਨਾਲ ਸੇਵਾ ਕਰਦਾ ਹੈ, ਤਾਂ ਉਸ ਵਿੱਚ ਵੀ ਦੂਜੇ ਰਿਸ਼ਤੇਦਾਰ ਉਸਦਾ ਸਵਾਰਥ ਢੂੰਡਣ ਦੀ ਕੋਸ਼ਿਸ਼ ਕਰਦੇ ਹਨ ਜੋ ਮਾਪੇ ਬੱਚਿਆਂ ਨੂੰ ਵੱਡਾ ਕਰਨ ਅਤੇ ਕਿਸੇ ਯੋਗ ਬਣਾਉਣ ਵਿੱਚ ਆਪਣੀ ਜ਼ਿੰਦਗੀ ਲਾ ਦਿੰਦੇ ਹਨ, ਲੋੜ ਸਮੇਂ ਮਾਪਿਆਂ ਦਾ ਧਿਆਨ ਰੱਖਣ ਵਿੱਚ ਬੱਚਿਆਂ ਨੂੰ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਇਹ ਠੀਕ ਹੈ ਕਿ ਬੱਚਿਆਂ ਜਾਂ ਕਿਸੇ ਹੋਰ ਰਿਸ਼ਤੇਦਾਰ ਦੀ ਆਪਣੀ ਵੀ ਜ਼ਿੰਦਗੀ ਅਤੇ ਪਰਿਵਾਰ ਹੁੰਦਾ ਹੈ, ਜਿਸ ਦੀ ਵਜ੍ਹਾ ਕਰਕੇ ਉਹ ਬਹੁਤਾ ਸਮਾਂ ਦੇ ਸਕਣ ਵਿੱਚ ਅਸਮਰਥਤਾ ਮਹਿਸੂਸ ਕਰਨ,
ਪਰ ਤਾਂ ਵੀ ਮਿਲਜੁਲ ਕੇ ਬਜ਼ੁਰਗਾਂ ਦਾ ਖਿਆਲ ਰੱਖਿਆ ਜਾ ਸਕਦਾ ਹੈ ‘ਓਲਡ ਏਜ ਹੋਮ‘ ਦਾ ਸੰਕਲਪ ਵਿਦੇਸ਼ਾਂ ਤੋਂ ਅਸੀਂ ਆਪਣੇ ਦੇਸ਼ ਵਿੱਚ ਤਾਂ ਲੈ ਆਏ ਹਾਂ, ਪਰ ਉਸਨੂੰ ਸਹੀ ਤਰ੍ਹਾਂ ਨਹੀਂ ਸਮਝ ਸਕੇ ਸਾਡੇ ਦੇਸ਼ ਵਿੱਚ ਮਾਪਿਆਂ ਨੂੰ ਇੱਕ ਤਰ੍ਹਾਂ ਨਾਲ ‘ਬਜ਼ੁਰਗ ਘਰਾਂ‘ ਵਿੱਚ ਭੇਜ ਦਿੱਤਾ ਜਾਂਦਾ ਹੈ, ਜਿਵੇਂ ਕਿਸੇ ਬਹੁਤ ਵੱਡੀ ਮੁਸੀਬਤ ਤੋਂ ਛੁਟਕਾਰਾ ਮਿਲ ਗਿਆ ਹੋਵੇ ਅਤੇ ਹੁਣ ਉਨ੍ਹਾਂ ਪ੍ਰਤੀ ਸਾਰੀ ਜ਼ਿੰਮੇਵਾਰੀ ਖ਼ਤਮ ਜੇਕਰ ਪਰਿਵਾਰ ਅਤੇ ਰਿਸ਼ਤੇਦਾਰ ਮਾਪਿਆਂ ਦੇ ਬੀਮਾਰ ਹੋਣ ਤੇ ਆਪਣੇ ਸਮੇਂ ਅਤੇ ਸੁਵਿਧਾ ਅਨੁਸਾਰ ਦਿਨ, ਸਮਾਂ ਤੈਅ ਕਰ ਲੈਣ ਕਿ ਕਦੋਂ, ਕੌਣ ਉਨ੍ਹਾਂ ਕੋਲ ਰਹੇਗਾ ਤਾਂ ਇਹ ਕੋਈ ਗਲਤ ਨਹੀਂ ਹੈ,
ਸਗੋਂ ਅਜਿਹਾ ਕਰਨਾ ਵਿਵਹਾਰਕਤਾ ਦੀ ਨਿਸ਼ਾਨੀ ਹੋਵੇਗਾ ਕੋਈ ਰਾਤੀਂ ਆ ਸਕਦਾ ਹੈ ਤਾਂ ਉਹ ਰਾਤ ਨੂੰ ਉਨ੍ਹਾਂ ਕੋਲ ਰਹੇ, ਕੋਈ ਦਿਨੇ ਆ ਸਕਦਾ ਹੈ ਤਾਂ ਉਹ ਦਿਨੇ ਆ ਕੇ ਸੇਵਾ- ਸੰਭਾਲ ਕਰੇ ਪਰ ਧਿਆਨਯੋਗ ਗੱਲ ਇਹ ਹੈ ਕਿ ਸਿਰਫ਼ ਆਉਣਾ ਹੀ ਕਾਫ਼ੀ ਨਹੀਂ, ਸਗੋਂ ਦੇਖਭਾਲ, ਸੇਵਾ- ਸੰਭਾਲ ਦਾ ਕੰਮ ਮਨ ਨਾਲ ਵੀ ਕਰਨਾ ਜ਼ਰੂਰੀ ਹੈ ਆਪਣੇ ਮਾਪਿਆਂ ਦੀ ਦੇਖਭਾਲ ਜਾਂ ਸੇਵਾ ਬੋਝ ਜਾਂ ਕੋਈ ਜ਼ਿੰਮੇਵਾਰੀ ਸਮਝ ਕੇ ਕਰਨ ਦੀ ਥਾਂ ਦਿਲੋਂ ਅਤੇ ਸਮਰਪਿਤ ਭਾਵਨਾ ਨਾਲ ਕਰਨੀ ਚਾਹੀਦੀ ਹੈ ਕਈਆਂ ਦੀ ਆਦਤ ਹੁੰਦੀ ਹੈ
ਕਿ ਉਹ ਜੇ ਕੋਈ ਕੰਮ ਕਰਦੇ ਹਨ ਤਾਂ ਉਹਦਾ ਢੰਡੋਰਾ ਪਿੱਟਦੇ ਰਹਿੰਦੇ ਹਨ ਅਤੇ ਚਾਹੁੰਦੇ ਹਨ ਕਿ ਬਦਲੇ ਵਿੱਚ ਲੋਕੀਂ ਉਨ੍ਹਾਂ ਦੀ ਪ੍ਰਸੰਸਾ ਕਰਨ ਉਹ ਇਹ ਨਹੀਂ ਸਮਝਦੇ ਕਿ ਮਾਪਿਆਂ ਲ?ੀ ਕੁਝ ਕਰਕੇ ਤੁਸੀਂ ਉਨ੍ਹਾਂ ਤੇ ਨਹੀਂ, ਸਗੋਂ ਆਪਣੇ ਆਪ ਉੱਤੇ ਅਹਿਸਾਨ ਕਰਦੇ ਹੋ! ਕੀਹਨੇ ਕਿੰਨਾ ਖਿਆਲ ਰੱਖਿਆ ਅਤੇ ਕਿੰਨਾ ਪੈਸਾ ਤੇ ਸਮਾਂ ਖਰਚ ਕੀਤਾ- ਇਸ ਸਭ ਕਾਸੇ ਉੱਤੇ ਫਜ਼ੂਲ ਦਿਮਾਗ ਖਰਾਬ ਕਰਨ ਦੀ ਥਾਂ ਇਹ ਸੋਚੀਏ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਵੇਂ ਕਰਨਾ ਚਾਹੀਦਾ ਹੈ
ਬਕੌਲ ਸ਼ਾਇਰ: ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ ਮੇਰੀ ਕੋਸ਼ਿਸ਼ ਹੈ
ਕਿ ਯੇ ਸੂਰਤ ਬਦਲਨੀ ਚਾਹੀਏ ਪ੍ਰੋ. ਨਵ ਸੰਗੀਤ ਸਿੰਘ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.