ਖੁਸ਼ਜੀਤ ਬੇਟਾ! ਖੁਸ਼ਜੀਤ ਬੇਟਾ! ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਦਇਆ-ਮਿਹਰ
ਸੇਵਾਦਾਰ ਭੈਣ ਖੁਸ਼ਜੀਤ ਇੰਸਾਂ ਪੁੱਤਰੀ ਸੱਚਖੰਡ ਵਾਸੀ ਸ. ਚਾਨਣ ਸਿੰਘ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਜ਼ਿਲ੍ਹਾ ਸਰਸਾ ਤੋਂ ਲਿਖਦੀ ਹੈ ਕਿ ਕੁੱਲ ਮਾਲਕ ਬੇਪਰਵਾਹ ਸ਼ਹਿਨਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਮਹਿਮਾ ਦਾ ਵਰਣਨ ਅਸੀਂ ਤੁੱਛ ਬੁੱਧੀ ਵਾਲੇ ਜੀਵ ਨਹੀਂ ਕਰ ਸਕਦੇ ਅਤੇ ਨਾ ਹੀ ਉਹਨਾਂ ਦੇ ਕੀਤੇ ਉਪਕਾਰਾਂ ਦਾ ਬਦਲਾ ਚੁਕਾ ਸਕਦੇ ਹਾਂ ਮੈਂ ਇੱਕ ਅਭੁੱਲ ਚਮਤਕਾਰ ਦਾ ਵਰਣਨ ਕਰ ਰਹੀ ਹਾਂ:-
ਸੰਨ 1976 ਦੀ ਗੱਲ ਹੈ ਕਿ ਅਸੀਂ ਤਿੰਨੇ ਭੈਣਾਂ (ਮਨਜੀਤ, ਕਮਲਜੀਤ, ਖੁਸ਼ਜੀਤ) ਡੇਰਾ ਸੱਚਾ ਸੌਦਾ ਸ਼ਾਹ ਮਸਤਾਨਾ ਜੀ ਧਾਮ ਦੇ ਇੱਕ ਕਮਰੇ ਵਿਚ ਰਹਿਕੇ ਸੇਵਾ ਕਰ ਰਹੀਆਂ ਸਾਂ ਮਾਤਾ ਲੱਛਮੀ ਵੀ ਸਾਡੇ ਕੋਲ ਰਹਿੰਦੀ ਸੀ ਇੱਕ ਦਿਨ ਮੈਨੂੰ ਕਾਂਬਾ ਲੱਗ ਕੇ ਬਹੁਤ ਤੇਜ਼ ਬੁਖਾਰ ਮਲੇਰੀਆ ਹੋ ਗਿਆ ਸੀ ਜੋ 105 ਡਿਗਰੀ ਸੀ ਮੈਂ ਦੋ ਰਜਾਈਆਂ ਆਪਣੇ ਉੱਪਰ ਲੈ ਲਈਆਂ ਤੇ ਲੇਟ ਗਈ
ਮਾਤਾ ਲੱਛਮੀ ਨੇ ਮੈਨੂੰ ਨਿੱਘ ਦੇਣ ਲਈ ਬੱਠਲ ਵਿੱਚ ਅੱਗ ਪਾ ਕੇ ਮੇਰੇ ਮੰਜੇ ਦੇ ਥੱਲੇ ਰੱਖ ਦਿੱਤਾ ਦਰਬਾਰ ਵਿੱਚ ਦੀਵਾਰਾਂ ਨੂੰ ਧੋਣ ਦੀ ਸੇਵਾ ਚੱਲ ਰਹੀ ਸੀ, ਤਾਂ ਮਨਜੀਤ ਅਤੇ ਕਮਲਜੀਤ ਪਹਿਲਾਂ ਹੀ ਇਸ ਸੇਵਾ ਵਿੱਚ ਗਈਆਂ ਹੋਈਆਂ ਸਨ ਮਾਤਾ ਲੱਛਮੀ ਲੰਗਰ ਘਰ ਵਿੱਚ ਸੇਵਾ ਲਈ ਚਲੀ ਗਈ ਜ਼ਿਆਦਾ ਬੁਖਾਰ ਹੋਣ ਕਰਕੇ ਮੈਨੂੰ ਆਪਣੇ ਆਪ ਦੀ ਹੋਸ਼ ਨਹੀਂ ਰਹੀ ਸੀ ਅਚਾਨਕ ਹੀ ਰਜਾਈ ਦਾ ਇੱਕ ਲੜ ਅੱਗ ਦੇ ਬੱਠਲ ਵਿੱਚ ਡਿੱਗ ਪਿਆ ਤਾਂ ਰਜਾਈ ਨੂੰ ਅੱਗ ਲੱਗ ਗਈ, ਸਾਰਾ ਕਮਰਾ ਧੂੰਏਂ ਨਾਲ ਭਰ ਗਿਆ ਮਾਲਕ ਸਤਿਗੁਰੂ ਤਾਂ ਹਰ ਵੇਲੇ ਹਰ ਜੀਵ ਦੇ ਅੰਗ ਸੰਗ ਹੈ ਸ਼ਹਿਨਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮੈਨੂੰ ਪ੍ਰਤੱਖ ਦਰਸ਼ਨ ਦਿੱਤੇ ਅਤੇ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਫਰਮਾਇਆ, ‘‘ਖੁਸ਼ਜੀਤ ਬੇਟਾ! ਖੁਸ਼ਜੀਤ ਬੇਟਾ!’’ ਸ਼ਹਿਨਸ਼ਾਹ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਬਹੁਤ ਹੀ ਮਿੱਠੀ -ਮਿੱਠੀ ਅਵਾਜ਼ ਸੁਣ ਕੇ ਮੈਂ ਇੱਕਦਮ ਉੱਠੀ ਕਿ ਸ਼ਹਿਨਸ਼ਾਹ ਜੀ ਮੈਨੂੰ ਕਿਉਂ ਬੁਲਾ ਰਹੇ ਹਨ,
ਤਾਂ ਦੇਖਿਆ ਕਿ ਕਮਰੇ ਵਿੱਚ ਤਾਂ ਸੇਕ ਮਾਰ ਰਿਹਾ ਸੀ, ਧੂੰਆਂ ਹੀ ਧੂੰਆਂ ਸੀ ਧੂੰਏ ਅਤੇ ਹਨ੍ਹੇਰੇ ਦੇ ਕਾਰਨ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਮੈਂ ਆਪਣੇ ਸਤਿਗੁਰੂ ਦੀ ਮਿਹਰ ਨਾਲ ਉੱਥੇ ਹੀ ਪਏ ਦੋ ਘੜੇ ਪਾਣੀ ਦੇ ਅੱਗ ਉੱਪਰ ਡੋਲ੍ਹ ਦਿੱਤੇ ਤਾਂ ਅੱਗ ਬੁੱਝ ਗਈ ਉਸ ਮੱਚਦੀ ਅੱਗ ਵਿੱਚੋਂ ਸ਼ਹਿਨਸ਼ਾਹ ਸਤਿਗੁਰੂ ਜੀ ਨੇ ਆਪਣੀ ਕ੍ਰਿਪਾ ਨਾਲ ਹੀ ਮੈਨੂੰ ਬਚਾ ਲਿਆ ਮੈਂ ਕਮਰੇ ਵਿੱਚੋਂ ਬਾਹਰ ਨਿਕਲ ਕੇ ਇੱਧਰ-ਉੱਧਰ ਦੇਖਿਆ ਕਿ ਸ਼ਹਿਨਸ਼ਾਹ ਜੀ ਕਿੱਥੇ ਖੜ੍ਹੇ ਅਵਾਜ ਲਾ ਰਹੇ ਹਨ ਪਰ ਸ਼ਹਿਨਸ਼ਾਹ ਜੀ ਤਾਂ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਸਨ ਉਹਨਾਂ ਨੇ ਤਾਂ ਅੰਦਰੋਂ ਹੀ ਇਸ਼ਾਰਾ ਕਰਕੇ ਮੈਨੂੰ ਮੱਚਦੀ ਅੱਗ ਵਿੱਚੋਂ ਬਚਾ ਲਿਆ
ਜਿਵੇਂ ਕਿ ਲਿਖਿਆ ਹੈ:-
ਤੇਰਾ ਸਤਿਗੁਰ ਸੱਚਾ ਮਿੱਤਰ, ਇੱਥੇ ਉੱਥੇ ਨਾਲੇ ਹੈ
ਦੁਖ ਮੁਸੀਬਤ ਜਿੱਥੇ ਪੈਂਦੀ, ਸਤਿਗੁਰ ਆਪ ਸੰਭਾਲੇ ਹੈ
ਹੁਣ ਮੇਰੀ ਪਰਮ ਪੂਜਨੀਕ ਪਰਮ ਪਿਤਾ ਜੀ ਦੇ ਸਵਰੂਪ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਸੇਵਾ ਸਿਮਰਨ ਦਾ ਬਲ ਬਖ਼ਸ਼ਣਾ ਜੀ ਤੇ ਓੜ ਨਿਭਾ ਦੇਣਾ ਜੀ