ਦ੍ਰਿੜ੍ਹ ਵਿਸ਼ਵਾਸੀ ਜੀਵ ਬਚਨਾਂ ਦਾ ਫਲ ਜ਼ਰੂਰ ਪਾਉਂਦਾ ਹੈ…ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਸਿਰੀ ਰਾਮ ਇੰਸਾਂ ਉਰਫ ਸੂਬੇਦਾਰ ਪੁੱਤਰ ਸ. ਕਿਰਪਾਲ ਸਿੰਘ ਪਿੰਡ ਘੂਕਿਆਂਵਾਲੀ, (ਸਰਸਾ) ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੀਆਂ ਅਪਾਰ ਰਹਿਮਤਾਂ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:-
ਮੈਂ ਜਦੋਂ ਤੋਂ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਤੋਂ ਨਾਮ ਦੀ ਦੀਕਸ਼ਾ ਲਈ ਉਦੋਂ ਤੋਂ ਹੀ ਉਹਨਾਂ ਦੇ ਦੁਆਰਾ ਫਰਮਾਏ ਗਏ ਬਚਨਾਂ ਅਨੁਸਾਰ ਹੀ ਸਾਰੇ ਕੰਮ ਕਰਨ ਲੱਗਿਆ ਮੈਂ ਬਹੁਤ ਘੱਟ ਬੋਲਦਾ, ਬਹੁਤ ਥੋੜ੍ਹਾ ਖਾਂਦਾ, ਬਹੁਤ ਘੱਟ ਸੌਂਦਾ ਅਤੇ ਦਿਨ-ਰਾਤ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਰਹਿੰਦਾ ਮਾਲਕ-ਸਤਿਗੁਰੂ ਨੇ ਮੈਨੂੰ ਐਨੀਆਂ ਖੁਸ਼ੀਆਂ ਦਿੱਤੀਆਂ ਜਿਹਨਾਂ ਦਾ ਮੈਂ ਲਿਖ-ਬੋਲ ਕੇ ਵਰਣਨ ਨਹੀਂ ਕਰ ਸਕਦਾ
ਸੰਨ 1954 ਦੀ ਗੱਲ ਹੈ ਕਿ ਮੈਂ ਇੱਕ ਵਾਰ ਡੇਰਾ ਸੱਚਾ ਸੌਦਾ ਸਰਸਾ ਦੇ ਮਹੀਨੇਵਾਰੀ ਸਤਿਸੰਗ ’ਤੇ ਜਾਣ ਦੇ ਲਈ ਡੱਬਵਾਲੀ-ਸਰਸਾ ਰੋਡ ’ਤੇ ਪਿੰਡ ਪੰਨੀ ਵਾਲਾ ਮੋਟਾ ਦੇ ਬੱਸ ਸਟੈਂਡ ’ਤੇ ਖੜ੍ਹਾ ਸੀ ਉੱਥੇ ਹੋਰ ਵੀ ਕਈ ਲੋਕ ਪਹਿਲਾਂ ਤੋਂ ਹੀ ਬੱਸ ਦੀ ਇੰਤਜਾਰ ਵਿੱਚ ਖੜ੍ਹੇ ਸਨ ਉਸ ਸਮੇਂ ਕਰੀਬ ਘੰਟਾ-ਡੇਢ ਘੰਟਾ ਦੇ ਬਾਅਦ ਬੱਸ ਆਇਆ ਕਰਦੀ ਸੀ ਦੋ ਬੱਸਾਂ ਆਈਆਂ ਜੋ ਬਿਨਾਂ ਰੁਕੇ ਹੀ ਸਰਸਾ ਵੱਲ ਚਲੀਆਂ ਗਈਆਂ ਮੈਂ ਪੱਚੀ ਕਿੱਲੋਮੀਟਰ ਪੈਦਲ ਚੱਲਕੇ ਡੇਰਾ ਸੱਚਾ ਸੌਦਾ ਦਰਬਾਰ ਵਿੱਚ ਪਹੁੰਚ ਗਿਆ ਜਦੋਂ ਮੈਂ ਸ਼ਾਹ ਮਸਤਾਨਾ ਜੀ ਧਾਮ ਵਿੱਚ ਪਰਵੇਸ਼ ਕੀਤਾ ਤਾਂ ਮੈਨੂੰ ਸਾਹਮਣੇ ਹੀ ਪੂਜਨੀਕ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਹੋਏ
ਮੈਂ ਆਪਣਾ ਸ਼ੀਸ਼ ਝੁਕਾਉਂਦੇ ਹੋਏ ਨਾਅਰਾ ਬੋਲ ਕੇ ਪੂਜਨੀਕ ਸ਼ਹਿਨਸ਼ਾਹ ਜੀ ਨੂੰ ਸਜਦਾ ਕੀਤਾ ਪੂਜਨੀਕ ਸਾਈਂ ਜੀ ਨੇ ਆਪਣੀ ਪਾਵਨ ਦਇਆ ਦ੍ਰਿਸ਼ਟੀ ਦਾ ਅਸ਼ੀਰਵਾਦ ਦਿੰਦੇ ਹੋਏ ਬਚਨ ਫਰਮਾਇਆ, ‘‘ਪੁੱਟਰ! ਆ ਗਿਆ ਪੈਦਲ ਆਇਆ?’’ ਮੈਂ ਪੂਜਨੀਕ ਸ਼ਹਿਨਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਾਈਂ ਜੀ! ਬੱਸ ਨੇ ਨਹੀਂ ਚੜ੍ਹਾਇਆ ਇਸ ’ਤੇ ਸਰਵ ਸਮਰੱਥ ਸਤਿਗੁਰੂ ਜੀ ਨੇ ਬਚਨ ਫਰਮਾਇਆ, ‘‘ਪੁੱਟਰ ਆਗੇ ਸੇ ਬੱਸ ਪਰ ਆਨਾ ਤੇਰੇ-ਅੰਦਰ ਪਾਪ ਨਹੀਂ ਹੈ ਬੱਸ ਔਰ ਕਿਸੀ ਕੋ ਚੜ੍ਹਾਏ ਯਾ ਨਾ ਚੜ੍ਹਾਏ ਪਰ ਤੇਰੇ ਕੋ ਬੱਸ ਵਾਲਾ ਜ਼ਰੂਰ ਚੜ੍ਹਾਏਗਾ’’ ਮੈਂ ਫਿਰ ਅਗਲੇ ਮਹੀਨੇਵਾਰੀ ਸਤਿਸੰਗ ’ਤੇ ਪਹੁੰਚਣ ਲਈ ਪੰਨੀ ਵਾਲਾ ਮੋਟਾ ਪਿੰਡ ਦੇ ਬੱਸ ਸਟੈਂਡ ’ਤੇ ਪਹੁੰਚਿਆ ਉਸ ਸਮੇਂ ਉੱਥੇ ਕਰੀਬ 30-40 ਸਵਾਰੀਆਂ ਬੱਸ ਦੀ ਇੰਤਜ਼ਾਰ ਵਿੱਚ ਬੈਠੀਆਂ ਹੋਈਆਂ ਸਨ ਉਹਨਾਂ ਵਿੱਚ ਕੁਝ ਸਤਿਸੰਗੀ ਭਾਈ ਵੀ ਸਨ ਜਿਹਨਾਂ ਨੇ ਡੇਰਾ ਸੱਚਾ ਸੌਦਾ ਸਰਸਾ ਆਉਣਾ ਸੀ ਮੇਰੇ ਦੁਆਰਾ ਪੁੱਛਣ’ਤੇ ਉਹਨਾਂ ਲੋਕਾਂ ਨੇ ਦੱਸਿਆ
ਕਿ ਦੋ ਬੱਸਾਂ ਸਰਸੇ ਵੱਲ ਚਲੀਆਂ ਗਈਆਂ ਹਨ ਪਰ ਉਹਨਾਂ ਨੇ ਇੱਥੇ ਨਹੀਂ ਰੋਕੀਆਂ ਮੈਨੂੰ ਆਪਣੇ ਸਤਿਗੁਰੂ ਦੁਆਰਾ ਫਰਮਾਏ ਬਚਨਾਂ ’ਤੇ ਪੂਰਨ ਦ੍ਰਿੜ੍ਹ ਵਿਸ਼ਵਾਸ ਸੀ ਮੈਂ ਮਨ ਹੀ ਮਨ ਵਿੱਚ ਕਿਹਾ ਕਿ ਬੱਸ ਮੈਨੂੰ ਜ਼ਰੂਰ ਚੜ੍ਹਾਵੇਗੀ ਐਨੇ ਵਿੱਚ ਬੱਸ ਆ ਗਈ ਮੈਂ ਬੱਸ ਦੇ ਅੱਗੇ ਹੋ ਗਿਆ ਬੱਸ ਰੁਕ ਗਈ ਬੱਸ ਦੇ ਕੰਡਕਟਰ ਨੇ ਮੈਨੂੰ ਬਾਂਹ ਤੋਂ ਫੜ ਕੇ ਬੱਸ ਵਿੱਚ ਚੜ੍ਹਾ ਲਿਆ ਅਤੇ ਚੱਲਣ ਦੀ ਵਿਸਲ ਮਾਰਦੇ ਹੋਏ ਤੁਰੰਤ ਖਿੜਕੀ ਬੰਦ ਕਰ ਲਈ ਖੁੱਲ੍ਹੇ ਸ਼ੀਸ਼ੇ ਵਿੱਚੋਂ ਬਾਹਰ ਨੂੰ ਝਾਕਦਾ ਹੋਇਆ ਬੱਸ ਕੰਡਕਟਰ ਬੋਲਿਆ, ਇਸ ਕੱਲੇ ਨੂੰ ਹੀ ਚੜ੍ਹਾਉਣਾ ਸੀ, ਤੁਸੀਂ ਦੂਜੀ ਬੱਸ ’ਤੇ ਆ ਜਾਣਾ ਮੇਰੇ ਪਿੰਡ ਦੇ ਕਈ ਸਤਿਸੰਗੀ ਜੋ ਡੇਰੇ ਜਾਣ ਵਾਲੇ ਸਨ, ਕਾਫ਼ੀ ਸਮੇਂ ਦੇ ਬਾਅਦ ਡੇਰੇ ਵਿੱਚ ਪਹੁੰਚੇ ਉਹਨਾਂ ਨੇ ਮੈਥੋਂ ਪੁੱਛਿਆ ਕਿ ਤੈਨੂੰ ਬੱਸ ਵਾਲਾ ਕਿਸ ਤਰ੍ਹਾਂ ਲੈ ਆਇਆ? ਕੀ ਉਹ ਤੈਨੂੰ ਜਾਣਦਾ ਸੀ?
ਮੈਂ ਆਪਣੇ ਸਤਿਸੰਗੀ ਭਾਈਆਂ ਨੂੰ ਦੱਸਿਆ ਕਿ ਮੈਨੂੰ ਪੂਜਨੀਕ ਮਸਤਾਨਾ ਜੀ ਦਾ ਬਚਨ ਹੈ ਕਿ- ‘ਤੇਰੇ ਕੋ ਬੱਸ ਜ਼ਰੂਰ ਚੜ੍ਹਾਏਗੀ ਔਰ ਕਿਸੀ ਕੋ ਚੜ੍ਹਾਏ ਯਾ ਨਾ ਚੜ੍ਹਾਏ’ ਉਸਦੇ ਬਾਅਦ ਬੱਸ ਨੇ ਮੈਨੂੰ ਕਦੇ ਨਹੀਂ ਛੱਡਿਆ
ਜੋ ਇਨਸਾਨ ਆਪਣੇ ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਕਰਦਾ ਹੈ, ਸਤਿਗੁਰੂ ਉਸ ਦੀ ਕਦਮ-ਕਦਮ ’ਤੇ ਸੰਭਾਲ ਕਰਦਾ ਹੈ ਉਸ ਨੂੰ ਕੋਈ ਤਕਲੀਫ਼ ਨਹੀਂ ਆਉੁਣ ਦਿੰਦਾ