experiences-of-satsangis

experiences-of-satsangisਹੁਣ ਬਾਲਣ ਦਾ ਕੋਈ ਤੋੜਾ ਨਹੀਂ ਰਹੇਗਾ -ਸਤਿਸੰਗੀਆਂ ਦੇ ਅਨੁਭਵ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਫਰਿਆਦ ਸਿੰਘ ਇੰਸਾਂ ਪ੍ਰੀਤ ਨਗਰ ਸਰਸਾ ਤੋਂ ਦੱਸਦਾ ਹੈ ਕਿ ਸੰਨ 1967 ਦੀ ਗੱਲ ਹੈ ਉਸ ਸਮੇਂ ਡੇਰੇ (ਡੇਰਾ ਸੱਚਾ ਸੌਦਾ) ਵਿੱਚ ਬਾਲਣ ਦੀ ਬਹੁਤ ਤੰਗੀ ਰਹਿੰਦੀ ਸੀ, ਜੋ ਸੇਵਾਦਾਰ ਡੇਰੇ ਵਿੱਚ ਰਹਿੰਦੇ ਸਨ ਉਹ ਸਾਰਾ ਮਹੀਨਾ ਆਪਣੇ ਸਿਰਾਂ ‘ਤੇ ਬਾਹਰੋਂ ਛਾਪੇ-ਮਲ੍ਹੇ ਬੂਟੀਆਂ ਵੱਢ ਕੇ ਲਿਆਉਂਦੇ ਅਤੇ ਬਾਲਣ ਇਕੱਠਾ ਕਰਦੇ ਸਤਿਸੰਗ ਵਾਲੇ ਦਿਨ ਸਾਰਾ ਬਾਲਣ ਖ਼ਤਮ ਹੋ ਜਾਂਦਾ

ਤੇ ਫਿਰ ਉਹੀ ਚੱਕਰ ਚੱਲਦਾ ਤੇ ਅਗਲੇ ਮਹੀਨੇ ਦੇ ਸਤਿਸੰਗ ਵਾਸਤੇ ਬਾਲਣ ਲਿਆਉਣਾ ਸ਼ੁਰੂ ਹੋ ਜਾਂਦਾ ਇੱਕ ਦਿਨ ਪੂਜਨੀਕ ਪਰਮ ਪਿਤਾ ਜੀ ਨੇ ਗੁਫ਼ਾ ਦੀ ਬਾਰੀ ਵਿੱਚੋਂ ਇੱਕ ਜ਼ਿੰਮੇਵਾਰ ਸੇਵਾਦਾਰ ਨੂੰ ਬੁਲਾਇਆ ਜਿਸ ਦੇ ਨਾਲ ਮੈਂ (ਫਰਿਆਦ ਸਿੰਘ) ਵੀ ਸੀ ਜਦੋਂ ਅਸੀਂ ਪੂਜਨੀਕ ਪਰਮ ਪਿਤਾ ਜੀ (ਡੇਰਾ ਸੱਚਾ ਸੌਦਾ ਵਿੱਚ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਦੇ ਪਾਸ ਆਏ ਤਾਂ ਪੂਜਨੀਕ ਪਰਮ ਪਿਤਾ ਜੀ ਨੇ ਬਚਨ ਫਰਮਾਇਆ, ‘ਭਾਈ, ਸੋਹਣ ਸਿੰਘ ਤੋਂ ਲੰਗਰ ਵਾਸਤੇ ਛਟੀਆਂ ਲੈ ਆਓ’ ਅਸੀਂ ਦੋਵਾਂ ਨੇ ਡੇਰੇ ਦੇ ਪੜੋਸੀ ਸੋਹਣ ਸਿੰਘ ਤੋਂ ਪੁੱਛ ਕੇ ਲੰਗਰ ਵਾਸਤੇ ਛਟੀਆਂ ਵੱਢ ਲਈਆਂ ਅਸੀਂ ਛਟੀਆਂ ਦੀਆਂ ਪੰਡਾਂ ਬੰਨ੍ਹ ਕੇ ਤੇ ਆਪਣੇ ਸਿਰਾਂ ‘ਤੇ ਲਿਆ ਕੇ, ਜਿੱਥੇ ਸ਼ਾਹ ਮਸਤਾਨਾ ਜੀ ਧਾਮ ਵਿੱਚ ਨਵਾਂ ਲੰਗਰ ਘਰ ਹੈ, ਇੱਥੇ ਜਗ੍ਹਾ ਖਾਲੀ ਸੀ, ਇੱਥੇ ਲਿਆ ਕੇ ਛੋਟਾ ਜਿਹਾ ਸ਼ੌਰ ਲਾ ਕੇ ਰੱਖ ਦਿੱਤੀਆਂ

ਇਸ ਤੋਂ ਤਿੰਨ ਦਿਨ ਬਾਅਦ ਦੀ ਗੱਲ ਹੈ ਕਿ ਪਿੰਡ ਪ੍ਰੇਮ ਕੋਟਲੀ ਜ਼ਿਲ੍ਹਾ ਬਠਿੰਡਾ ਤੋਂ ਇੱਕ ਪ੍ਰੇਮੀ ਲਾਭ ਸਿੰਘ ਛਟੀਆਂ ਦੀ ਪੰਡ ਕਰੀਬ 80 ਕਿਲੋਮੀਟਰ ਪੈਦਲ ਸਿਰ ‘ਤੇ ਚੁੱਕ ਲਿਆਇਆ ਉਸ ਨੂੰ ਰਸਤੇ ਵਿੱਚ ਰੋਕਿਆ ਗਿਆ, ਉਸ ਤੋਂ ਪੰਡ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ, ਉਸ ਨੇ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਪੰਡ ਲਿਆ ਕੇ ਆਪਣੇ ਮੁਰਸ਼ਿਦ ਦੇ ਦਰ ‘ਤੇ ਰੱਖ ਦਿੱਤੀ ਅਤੇ ਆਪਣੇ ਆਪ ਨੂੰ ਮਾਨਵਤਾ ਦੀ ਸੇਵਾ ਹਿੱਤ ਸਮਰਪਿਤ ਕਰ ਦਿੱਤਾ ਇਸ ਪ੍ਰੇਮੀ ਦੇ ਮਗਰ ਇਸੇ ਪਿੰਡ ਦੇ ਕੁਝ ਪ੍ਰੇਮੀ ਛਟੀਆਂ ਦੀਆਂ ਦੋ ਪੰਡਾਂ ਸਿਰ ‘ਤੇ ਚੁੱਕ ਕੇ ਲਿਆਏ ਇਹ ਛਟੀਆਂ ਪਹਿਲਾਂ ਰੱਖੀਆਂ ਛਟੀਆਂ ਕੋਲ ਹੀ ਰੱਖੀਆਂ ਗਈਆਂ ਸਨ

ਪੂਜਨੀਕ ਪਰਮ ਪਿਤਾ ਜੀ (ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਜਦੋਂ ਸ਼ਾਮ ਦੇ ਵਕਤ ਗੁਫਾ ‘ਚੋਂ ਬਾਹਰ ਆਏ ਤਾਂ ਡੇਰੇ ਦੇ ਪ੍ਰਬੰਧਕ ਸੇਵਾਦਾਰ ਭਾਈ ਨੇ ਪੂਜਨੀਕ ਪਰਮ ਪਿਤਾ ਜੀ ਦੇ ਕੋਲ ਛਟੀਆਂ ਲਿਆਉਣ ਵਾਲੇ ਸੇਵਾਦਾਰਾਂ ਦਾ ਜ਼ਿਕਰ ਕੀਤਾ ਕਿ ਪਿਤਾ ਜੀ, ਐਨੀ ਦੂਰੋਂ ਸਿਰਾਂ ‘ਤੇ ਪੰਡਾਂ ਚੁੱਕ ਕੇ ਲਿਆਉਣ ਦਾ ਕੀ ਫਾਇਦਾ ਜੇ ਇਹਨਾਂ ਨੇ ਲੰਗਰ ਵਿੱਚ ਹੀ ਬਾਲਣ ਪਾਉਣਾ ਸੀ ਤਾਂ ਇੱਥੋਂ ਮੁੱਲ ਲੈ ਕੇ ਪਾ ਦਿੰਦੇ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਕੁਝ ਨਹੀਂ ਬੋਲੇ ਪੂਜਨੀਕ ਪਰਮ ਪਿਤਾ ਜੀ ਸਪੈਸ਼ਲ ਚੱਲ ਕੇ ਉਹਨਾਂ ਛਟੀਆਂ ਦੇ ਕੋਲ ਆਏ ਉਸ ਸਮੇਂ ਡੇਰੇ ਵਿੱਚ ਰਹਿ ਰਹੇ ਕੁਝ ਸੇਵਾਦਾਰ ਅਤੇ ਮੈਂ ਵੀ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਸੀ ਜਦੋਂ ਪੂਜਨੀਕ ਪਰਮ ਪਿਤਾ ਜੀ ਉਹਨਾਂ ਛਟੀਆਂ ਕੋਲ ਖੜ੍ਹੇ ਸਨ ਤਾਂ ਇੱਕ ਜ਼ਿੰਮੇਵਾਰ ਸੇਵਾਦਾਰ ਭਾਈ ਪੂਜਨੀਕ ਪਰਮ ਪਿਤਾ ਜੀ ਨੂੰ ਕਹਿਣ ਲੱਗਿਆ ਕਿ ਸੰਤ ਮਹਾਤਮਾ ਵੈਸੇ ਤਾਂ ਸਭ ਕਾਸੇ ਵਾਸਤੇ ਸਮਰੱਥ ਹੁੰਦੇ ਹਨ, ਪਰ ਪਿਤਾ ਜੀ, ਸੰਤ-ਮਹਾਤਮਾ ਨੂੰ ਸ਼ੁਰੂ ਤੋਂ ਹੀ ਬਾਲਣ ਦੀ ਤੰਗੀ ਰਹੀ ਹੈ

ਪੂਜਨੀਕ ਪਰਮ ਪਿਤਾ ਜੀ ਬੋਲੇ, ਉਹ ਕਿਸ ਤਰ੍ਹਾਂ? ਤਾਂ ਉਸ ਭਾਈ ਨੇ ਕਿਹਾ ਕਿ ਭਾਈ ਮੰਝ ਵੀ ਬਾਲਣ ਵਾਸਤੇ ਹੀ ਖੂਹ ਵਿੱਚ ਡਿੱਗਿਆ ਸੀ ਸਤਿਗੁਰ ਨੇ ਉੱਥੇ ਜਾ ਕੇ ਪੌੜੀ ਲਾ ਕੇ ਖੂਹ ਵਿੱਚੋਂ ਕੱਢਿਆ ਸੀ ਇਸ ਤਰ੍ਹਾਂ ਸੰਤ-ਮਹਾਤਮਾ ਨੂੰ ਸ਼ੁਰੂ ਤੋਂ ਹੀ ਬਾਲਣ ਦੀ ਤੰਗੀ-ਤੁਸ਼ਟੀ ਰਹੀ ਹੈ ਇਹ ਗੱਲ ਸੁਣ ਕੇ ਸਰਵ ਸਮਰੱਥ ਸਤਿਗੁਰੂ ਪਰਮ ਪਿਤਾ ਜੀ ਮੁਸਕਰਾਏ ਤੇ ਬਚਨ ਫਰਮਾਇਆ, ‘ਛਟੀਆਂ ਦੀਆਂ ਇਹ ਤਿੰਨੇ ਪੰਡਾਂ ਪਹਿਲਾਂ ਪਈਆਂ ਛਟੀਆਂ ਦੇ ਉੱਪਰ ਰੱਖ ਦਿਓ ਪੂਜਨੀਕ ਪਰਮ ਪਿਤਾ ਜੀ ਦੇ ਆਦੇਸ਼ ਅਨੁਸਾਰ ਅਸੀਂ ਉਹ ਤਿੰਨੇ ਪੰਡਾਂ ਚੁੱਕ ਕੇ ਛਟੀਆਂ ਦੇ ਉੱਪਰ ਰੱਖ ਦਿੱਤੀਆਂ ਤਾਂ ਤ੍ਰਿਕਾਲਦਰਸ਼ੀ ਸਤਿਗੁਰੂ ਪਰਮ ਪਿਤਾ ਜੀ ਨੇ ਹੱਸਦੇ ਹੋਏ ਬਚਨ ਫਰਮਾਇਆ, ‘ਭਾਈ! ਆਪਣੇ ਕੋਲ ਹੁਣ ਬਾਲਣ ਦਾ ਕੋਈ ਤੋੜਾ ਨਹੀਂ ਰਹੇਗਾ’ ਸਤਿਗੁਰੂ ਦੇ ਬਚਨਾਂ ਅਨੁਸਾਰ ਉਸ ਤੋਂ ਬਾਅਦ ਡੇਰੇ ਵਿੱਚ ਬਾਲਣ ਦੀ ਕਦੇ ਵੀ ਕਮੀ ਨਹੀਂ ਰਹੀ

ਇੱਥੇ ਇਹ ਵਰਣਨਯੋਗ ਹੈ ਕਿ ਉਸ ਸਮੇਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਸੋਹਣ ਸਿੰਘ ਦੇ ਅਰਜ਼ ਕਰਨ ‘ਤੇ ਉਹਨਾਂ ਦੇ ਘਰ ਚਲੇ ਜਾਇਆ ਕਰਦੇ ਸਨ, ਕਿਉਂਕਿ ਉਹਨਾਂ ਦਾ ਘਰ ਡੇਰੇ ਦੇ ਨੇੜੇ ਸੀ ਤੇ ਡੇਰੇ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਸਨ ਉਹ ਪੂਜਨੀਕ ਪਰਮ ਪਿਤਾ ਜੀ ਦਾ ਬਹੁਤ ਆਦਰ ਸਨਮਾਨ ਕਰਦੇ ਸਨ ਸੰਨ 1966 ਦੀ ਗਰਮੀਆਂ ਦੀ ਗੱਲ ਹੈ ਕਿ ਇੱਕ ਦਿਨ ਸ਼ਾਮ ਦੇ ਚਾਰ ਵਜੇ ਦਾ ਟਾਈਮ ਸੀ ਪਰਮ ਪਿਤਾ ਜੀ (ਗੁਫਾ) ਤੇਰਾਵਾਸ ਵਿੱਚੋਂ ਬਾਹਰ ਆਏ ਅਤੇ ਟੂਟੀਆਂ ਵਾਲੇ ਗੇਟ ਤੋਂ ਹੁੰਦੇ ਹੋਏ ਸੋਹਣ ਸਿੰਘ ਦੀ ਢਾਣੀ ਉਹਨਾਂ ਦੇ ਘਰ ਚਲੇ ਗਏ ਮੈਂ, ਫਰਿਆਦ ਸਿੰਘ ਤੇ ਕੁਝ ਹੋਰ ਸੇਵਾਦਾਰ ਵੀ ਨਾਲ ਸਨ ਪੂਜਨੀਕ ਪਰਮ ਪਿਤਾ ਜੀ ਨੇ ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰ ਦੀ ਰਾਜੀ-ਖੁਸ਼ੀ ਪੁੱਛੀ, ਉਹਨਾਂ ਦੇ ਕੰਮ-ਧੰਦੇ ਬਾਰੇ ਵੀ ਪੁੱਛਿਆ

ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਥੇੜ੍ਹ ਵੱਲ ਚੱਲ ਪਏ ਜੋ ਕਿ ਮਿਲਕ ਪਲਾਂਟ ਵੱਲ ਸੀ ਪੂਜਨੀਕ ਪਰਮ ਪਿਤਾ ਜੀ ਜਦੋਂ ਸੋਹਣ ਸਿੰਘ ਦੇ ਘਰੋਂ ਨਿਕਲੇ ਤਾਂ ਬਚਨ ਫਰਮਾਇਆ, ”ਗੁਆਂਢੀ ਜੋ ਹੋਏ, ਲਿਜਾਣੇ ਜੋ ਹੋਏ”, ਪਰਮ ਪਿਤਾ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਬਚਨ ਤਿੰਨ-ਚਾਰ ਵਾਰ ਦੁਹਰਾਇਆ ਪੂਜਨੀਕ ਪਰਮ ਪਿਤਾ ਜੀ ਥੇਹੜ ‘ਤੇ ਜਾ ਕੇ ਬਿਰਾਜ਼ਮਾਨ ਹੋ ਗਏ ਉੱਥੇ ਬੱਚਿਆਂ ਦੀ ਕੁਸ਼ਤੀ ਕਰਵਾਈ ਪੂਜਨੀਕ ਪਰਮ ਪਿਤਾ ਜੀ ਨੇ ਉੱਥੇ ਵੀ ਬਚਨ ਫਰਮਾਏ ਕਿ ਸਤਿਗੁਰ ਦੇ ਹੁਕਮ ਅੰਦਰ ਘਾਹ ਖੋਦਣਾ ਹੀ ਪਰਮਪਦ ਹੈ ਸਤਿਗੁਰ ਦੇ ਹੁਕਮ ਤੋਂ ਬਾਹਰ ਜੇਕਰ ਕੋਈ ਸੋਨੇ ਦੀਆਂ ਇੱਟਾਂ ਲਿਆ ਕੇ ਰੱਖ ਦੇਵੇ ਤਾਂ ਉਹ ਵੀ ਕਿਸੇ ਕੰਮ ਨਹੀਂ ਉਸ ਤੋਂ ਬਾਅਦ ਪੂਜਨੀਕ ਪਰਮ ਪਿਤਾ ਜੀ ਦਰਬਾਰ ਵਿੱਚ ਆ ਗਏ ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਸੋਹਣ ਸਿੰਘ ਨੇ ਨਾਮ ਨਹੀਂ ਲਿਆ ਸੀ ਪਰ ਪਰਮ ਪੂਜਨੀਕ ਪਰਮ ਪਿਤਾ ਜੀ ਨੇ ਫਿਰ ਵੀ ਉਸ ਰੂਹ ਦਾ ਉੱਧਾਰ ਕਰ ਦਿੱਤਾ

ਸੱਚੀ ਸ਼ਿਕਸ਼ਾ  ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ FacebookTwitter, LinkedIn और InstagramYouTube  ਤੇ ਫਾਲੋ ਕਰੋ.

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!