ਬੇਟਾ, ਘਬਰਾਉਣਾ ਨਹੀਂ ਹੱਥ ਹਿਲਾਈ ਜਾਇਆ ਕਰ ਮਾਲਕ ਤੇਰੀਆਂ ਹਵੇਲੀਆਂ ਪਾ ਦੇਵੇਗਾ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ
ਪ੍ਰੇਮੀ ਜਗਰਾਜ ਸਿੰਘ ਇੰਸਾਂ ਟੇਲਰ ਮਾਸਟਰ ਪੁੱਤਰ ਸ੍ਰੀ ਮੈਂਗਲ ਸਿੰਘ ਗੁਰੂ ਨਾਨਕਪੁਰਾ ਬਠਿੰਡਾ ਤੋਂ ਆਪਣੇ ’ਤੇ ਹੋਈ ਸਤਿਗੁਰੂ ਜੀ ਦੀ ਰਹਿਮਤ ਦਾ ਵਰਣਨ ਕਰਦਾ ਹੈ:-
ਕਰੀਬ 1968 ਦੀ ਗੱਲ ਹੈ ਉਸ ਸਮੇਂ ਮੈਂ ਤੇ ਮੇਰਾ ਭਰਾ ਇੱਕ ਕੱਪੜੇ ਦੀ ਦੁਕਾਨ ’ਚ ਕੱਪੜਾ ਵੇਚਣ ਤੇ ਕੱਪੜੇ ਸਿਉਣ ਦਾ ਸਾਂਝਾ ਕੰਮ ਕਰਦੇ ਸੀ ਸਾਡਾ ਕੱਪੜੇ ਦੀ ਦੁਕਾਨ ਦਾ ਤੇ ਸਿਲਾਈ ਦਾ ਬਹੁਤ ਵਧੀਆ ਕੰਮ ਚੱਲਦਾ ਸੀ ਸਾਡਾ ਦੋਹਾਂ ਭਰਾਵਾਂ ਦਾ ਕਿਸੇ ਗੱਲ ਤੋਂ ਆਪਸ ਵਿੱਚ ਝਗੜਾ ਹੋ ਗਿਆ ਅਤੇ ਅਸੀਂ ਦੋਹਾਂ ਨੇ ਆਪਣੀਆਂ ਦੁਕਾਨਾਂ ਅੱਡੋ-ਅੱਡ ਕਰ ਲਈਆਂ
ਮੇਰਾ ਕੱਪੜੇ ਦਾ ਤੇ ਸਿਲਾਈ ਦਾ ਕੰਮ ਬਿਲਕੁਲ ਠੱਪ ਹੋ ਗਿਆ ਕਈ ਦਿਨਾਂ ਤੱਕ ਮੇਰੀ ਦੁਕਾਨ ਤੇ ਕੋਈ ਗਾਹਕ ਨਾ ਆਇਆ ਤਾਂ ਮੈਂ ਉਦਾਸ ਹੋ ਗਿਆ ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਦੁਕਾਨ ਤੋਂ ਘਰ ਆਇਆ ਤਾਂ ਮੈਨੂੰ ਉਦਾਸ ਵੇਖ ਕੇ ਮੇਰੀ ਪਤਨੀ ਨੇ ਮੈਨੂੰ ਪੁੱਛਿਆ ਕਿ ਦੁਕਾਨ ’ਤੇ ਕੋਈ ਕੰਮ ਨਹੀਂ ਆਇਆ ਤਾਂ ਮੈਂ ਰੋਣ ਲੱਗ ਪਿਆ ਉਸ ਸਮੇਂ ਮੇਰੀ ਸੱਸ ਮਿਲਣ ਲਈ ਸਾਡੇ ਘਰ ਆਈ ਹੋਈ ਸੀ ਤਾਂ ਉਸ ਨੇ ਮੇਰੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਰੋਂਦਾ ਕਿਉਂ ਹੈ? ਤੇਰਾ ਗੁਰੂ ਪੂਰਾ ਹੈ ਉਹਨਾਂ ਦੇ ਕੋਲ ਜਾ ਕੇ ਆਪਣੇ ਮਸਲੇ ਦੀ ਅਰਜ਼ ਕਰ ਉਹ ਤੈਨੂੰ ਇਸ ਦਾ ਹੱਲ ਦੱਸਣਗੇ ਉਹਨਾਂ ਦੀ ਗੱਲ ਮੰਨ ਕੇ ਮੈਂ ਡੇਰਾ ਸੱਚਾ ਸੌਦਾ ਸਰਸਾ ਪਹੁੰਚ ਗਿਆ
ਜਦੋਂ ਮੈਂ ਸਰਸਾ ਦਰਬਾਰ ਵਿੱਚ ਦਾਖਲ ਹੋਇਆ ਤਾਂ ਅੱਗੋਂ ਮੇਰੇ ਪਰਮ ਪੂਜਨੀਕ ਸਤਿਗੁਰੂ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇਰਾਵਾਸ ਵਿੱਚੋਂ ਬਾਹਰ ਸੰਗਤ ਨੂੰ ਦਰਸ਼ਨ ਦੇਣ ਲਈ ਆ ਰਹੇ ਸਨ ਮੈਂ ਆਪਣੇ ਪਿਆਰੇ ਸਤਿਗੁਰੂ ਨੂੰ ਸੱਜਦਾ ਕੀਤਾ ਤੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਪੂਜਨੀਕ ਪਰਮ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਪੁੱਛਿਆ, ਜਗਰਾਜ ਸਿੰਘ ਕਿਵੇਂ ਆਏ ਸੀ? ਅੱਗੋਂ ਮੈਥੋਂ ਬੋਲਿਆ ਨਹੀਂ ਗਿਆ ਤੇ ਮੇਰਾ ਰੋਣ ਨਿਕਲ ਗਿਆ ਕੁਝ ਦੇਰ ਬਾਅਦ ਮੈਂ ਖੜ੍ਹਾ ਹੋ ਕੇ ਬੇਨਤੀ ਕੀਤੀ, ‘ਪਿਤਾ ਜੀ! ਮੇਰਾ ਸਿਲਾਈ ਦਾ ਕੰਮ ਠੱਪ ਹੋ ਗਿਆ ਹੈ ਦੱਸੋ ਮੈਂ ਹੁਣ ਕੀ ਕਰਾਂ? ਤਾਂ ਪੂਜਨੀਕ ਪਰਮ ਪਿਤਾ ਜੀ ਹੱਸ ਪਏ ਤੇ ਆਪਣੇ ਕਰ-ਕਮਲਾਂ ਨੂੰ ਘੁੰਮਾ ਕੇ ਫਰਮਾਇਆ, ‘‘ਬੇਟਾ ਘਬਰਾਉਣਾ ਨਹੀਂ9 ਹੱਥ ਹਿਲਾਈ ਜਾਇਆ ਕਰ ਮਾਲਕ ਤੇਰੀਆਂ ਹਵੇਲੀਆਂ ਪਾ ਦੇਵੇਗਾ’’
ਮੈਂ ਅਗਲੇ ਦਿਨ ਬਠਿੰਡੇ ਪਹੁੰਚ ਕੇ ਦੁਕਾਨ ਖੋਲ੍ਹ ਲਈ ਮੇਰੇ ਮਨ ਨੇ ਔਗੁਣ ਚੁੱਕਿਆ ਕਿ ਪੂਰਨ ਸੰਤ-ਸਤਿਗੁਰੂ ਆਪ ਤਾਂ ਬੇਪਰਵਾਹ ਹੁੰਦੇ ਹੀ ਹਨ ਤੇ ਸਾਨੂੰ ਵੀ ਬੇਪਰਵਾਹ ਹੀ ਸਮਝਦੇ ਹਨ ਪਿਤਾ ਜੀ, ਭਲਾ ਹੱਥ ਕਾਹਦੇ ਨਾਲ ਹਿਲਾਵਾਂ, ਜਦ ਸਿਲਾਈ ਦਾ ਕੰਮ ਹੀ ਨਹੀਂ ਮਿਲ ਰਿਹਾ ਬੈਠੇ-ਬੈਠੇ ਮੈਨੂੰ ਸਤਿਗੁਰੂ ਨੇ ਖਿਆਲ ਦਿੱਤਾ ਕਿ ਮੇਰੇ ਕੋਲ ਸੱਤ ਮੀਟਰ ਖੱਦਰ ਦਾ ਥਾਨ ਪਿਆ ਸੀ ਉਸ ਦੇ ਮੈਂ ਸੱਤ ਕੱਛੇ ਬਣਾ ਦਿੱਤੇ ਮੈਂ ਕਿਹਾ, ਦੇਖ ਸਤਿਗੁਰ! ਮੈਂ ਤਾਂ ਆਪਣਾ ਹੱਥ ਹਿਲਾ ਦਿੱਤਾ ਹੈ
ਅੱਗੇ ਤੂੰ ਜਾਣੇ ਤੇਰਾ ਕੰਮ ਜਾਣੇ ਮੈਂ ਏਨਾ ਕਹਿ ਕੇ ਦੁਕਾਨ ਵਿੱਚ ਲੰਮਾ ਪੈ ਗਿਆ ਅਗਲੇ ਹੀ ਪਲ ਗਊਆਂ ਚਾਰਨ ਵਾਲੇ ਰਾਜਸਥਾਨੀ ਗਵਾਲੇ ਮੇਰੇ ਕੋਲ ਦੁਕਾਨ ’ਤੇ ਆ ਗਏ ਮੈਨੂੰ ਕਹਿੰਦੇ ਸਰਦਾਰ, ਕੋਈ ਸੀਲੇ-ਸਲਾਏ ਕਛੜੋ ਸੈ ਪਹਿਲਾਂ ਤਾਂ ਮੈਨੂੰ ਉਹਨਾਂ ਦੀ ਬੋਲੀ ਦੀ ਸਮਝ ਨਹੀਂ ਆਈ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਨਿੱਕਰਾਂ ਮੰਗਦੇ ਹਨ ਮੈਂ ਉਹਨਾਂ ਨੂੰ ਉਹ ਸਿਊਂਤੀਆਂ ਨਿੱਕਰਾਂ ਕੱਢ ਕੇ ਫੜਾ ਦਿੱਤੀਆਂ ਤਾਂ ਉਹ ਸੱਤੇ ਕੱਛੇ ਲੈ ਗਏ ਅਤੇ ਮੂੰਹੋਂ ਮੰਗੇ ਜਾਇਜ਼ ਪੈਸੇ ਦੇ ਗਏ ਫਿਰ ਮੈਂ ਕੱਛੇ ਸਿਉਂ ਦਿਆ ਕਰਾਂ ਤੇ ਉਹ ਵਿਕ ਜਾਇਆ ਕਰਨ ਤੇ ਫਿਰ ਮੇਰਾ ਕੰਮ ਚੱਲ ਪਿਆ ਅਤੇ ਐਨਾ ਕੰਮ ਚੱਲਿਆ ਕਿ ਸਤਿਗੁਰੂ ਦੀ ਰਹਿਮਤ ਨਾਲ ਮੈਨੂੰ ਕੋਈ ਕਮੀ ਨਾ ਰਹੀ
1978 ਵਿੱਚ ਜਦੋਂ ਮੇਰਾ ਤੀਜਾ ਲੜਕਾ ਹੋਇਆ ਤਾਂ ਅਸੀਂ ਪਰਮ ਪਿਤਾ ਜੀ ਨੂੰ ਵਧਾਈ ਦੇਣ ਲਈ ਡੇਰਾ ਸੱਚਾ ਸੌਦਾ ਮਲੋਟ ਸਤਿਸੰਗ ’ਤੇ ਜਾ ਰਹੇ ਸੀ ਜਦੋਂ ਮਲੋਟ ਰੇਲਗੱਡੀ ਤੋਂ ਉਤਰ ਕੇ ਡੇਰੇ ਵੱਲ ਜਾਣ ਲੱਗੇ ਤਾਂ ਮੇਰੀ ਪਤਨੀ ਮੈਨੂੰ ਕਹਿਣ ਲੱਗੀ ਕਿ ਅੰਬ ਲੈ ਲਓ, ਰੋਟੀ ਨਾਲ ਖਾ ਲਵਾਂਗੇ ਤਾਂ ਮੈਂ ਹੱਸ ਕੇ ਕਿਹਾ ਕਿ ਅੰਬ ਤਾਂ ਸਤਿਗੁਰ ਜੀ ਦੇ ਦੇਣਗੇ ਕਿਤੇ ਪਿਤਾ ਜੀ ਅੰਦਰ ਤੇਰਾਵਾਸ ’ਚ ਨਾ ਚਲੇ ਜਾਣ, ਤੁਸੀਂ ਜਲਦੀ-ਜਲਦੀ ਆ ਜਾਓ ਜਦੋਂ ਅਸੀਂ ਡੇਰੇ ਵਿੱਚ ਪਹੁੰਚੇ ਤਾਂ ਪਰਮ ਪਿਤਾ ਜੀ ਮਜਲਿਸ ਦੀ ਸਮਾਪਤੀ ਕਰਕੇ ਤੇਰਾਵਾਸ ਦੀਆਂ ਪੌੜੀਆਂ ਚੜ੍ਹਨ ਹੀ ਲੱਗੇ ਸਨ, ਅਸੀਂ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਅਰਾ ਉੱਚੀ ਅਵਾਜ਼ ਵਿੱਚ ਲਾਇਆ ਤਾਂ ਪਰਮ ਪਿਤਾ ਜੀ ਰੁਕ ਗਏ
ਪਿਤਾ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਅਤੇ ਬਚਨ ਫਰਮਾਇਆ, ‘‘ਫੇਰ ਕਾਕਾ ਹੋ ਗਿਆ ਭਾਈ’’ ਮੈਂ ਉੱਤਰ ਦਿੱਤਾ, ਹਾਂ ਜੀ ਲਛਮਣ ਦਾਸ ਸੇਵਾਦਾਰ ਸਾਨੂੰ ਪ੍ਰਸ਼ਾਦ ਦੇਣ ਲਈ ਸ਼ਕਰਪਾਰੇ, ਪਕੌੜੀਆਂ ਤੇ ਲੱਡੂਆਂ ਦਾ ਬੁੱਕ ਭਰ ਲਿਆਇਆ ਤਾਂ ਅੰਤਰਯਾਮੀ ਸਤਿਗੁਰੂ ਪਰਮ ਪਿਤਾ ਜੀ ਨੇ ਲਛਮਣ ਦਾਸ ਸੇਵਾਦਾਰ ਵੱਲ ਇਸ਼ਾਰਾ ਕਰਦੇ ਹੋਏ ਫਰਮਾਇਆ, ‘‘ਇਹ ਰੱਖ ਆ ਤੇ ਅੰਬਾਂ ਦਾ ਬੁੱਕ ਭਰ ਕੇ ਲਿਆ, ਇਹਨਾਂ ਨੇ ਰੋਟੀ ਨਾਲ ਖਾਣੇ ਹਨ’’ ਸਤਿਗੁਰ ਜੀ ਦੇ ਬਚਨ ਸੁਣਦਿਆਂ ਹੀ ਮੈਨੂੰ ਵੈਰਾਗ ਆ ਗਿਆ
ਤੇ ਮੇਰਾ ਰੋਣ ਨਿਕਲ ਗਿਆ ਮੈਂ ਆਪਣੇ ਮਨ ਅੰਦਰ ਸੋਚਿਆ ਕਿ ਪਿਤਾ ਜੀ ਤੁਸੀਂ ਤਾਂ ਹਰ ਸਮੇਂ ਮੇਰੇ ਨਾਲ ਹੀ ਹੋ ਮੈਂ ਆਪ ਜੀ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ ਸਤਿਗੁਰੂ ਦੀ ਮਿਹਰ ਤੇ ਉਹਨਾਂ ਦੇ ਬਚਨਾਂ ਅਨੁਸਾਰ ਮੇਰੀਆਂ ਤਿੰਨ ਹਵੇਲੀਆਂ ਬਣ ਗਈਆਂ ਮੇਰੇ ਤਿੰਨ ਲੜਕੇ ਹਨ, ਉਹਨਾਂ ਨੂੰ ਇੱਕ-ਇੱਕ ਆ ਗਈ ਹੁਣ ਮੇਰੀ ਪਰਮ ਪਿਤਾ ਜੀ ਦੇ ਸਵਰੂਪ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਬੇਨਤੀ ਹੈ ਕਿ ਮੇਰੇ ਸਾਰੇ ਪਰਿਵਾਰ ਨੂੰ ਸੇਵਾ, ਸਿਮਰਨ ਤੇ ਪਰਮਾਰਥ ਦਾ ਬਲ ਬਖ਼ਸ਼ੋ ਜੀ ਸਾਰੇ ਪਰਿਵਾਰ ਦੀ ਆਪ ਜੀ ਨਾਲ ਓੜ ਨਿਭ ਜਾਵੇ ਜੀ