ਕਹਾਣੀ ਅਫ਼ਸੋਸ
ਉਹ ਜਦੋਂ ਮੇਲੇ ’ਚ ਪਹੁੰਚਿਆ ਤਾਂ ਉਸਦੀਆਂ ਅੱਖਾਂ ਸਾਹਮਣੇ ਹਜ਼ਾਰਾਂ ਰੰਗ-ਬਿਰੰਗੀਆਂ ਦੁਕਾਨਾਂ ਸੱਜੀਆਂ ਹੋਈਆਂ ਸਨ ਦੁਨੀਆਂ ਭਰ ਦਾ ਜ਼ਰੂਰਤ ਦਾ ਸਾਮਾਨ ਉਸ ਮੇਲੇ ’ਚ ਵਿਕਣ ਨੂੰ ਤਿਆਰ ਸੀ ਸਾਰੇ ਦੁਕਾਨਦਾਰ ਆਪਣੀਆਂ ਚੀਜ਼ਾਂ ਨੂੰ ਨਾਂਅ ਲੈ-ਲੈ ਕੇ ਉਨ੍ਹਾਂ ਦੇ ਗੁਣਾਂ ਦਾ ਬਖਿਆਨ ਕਰ ਰਹੇ ਸਨ ਹਾਲੇ ਉਸਨੇ ਅੱਧਾ ਮੇਲਾ ਵੀ ਚੰਗੀ ਤਰ੍ਹਾਂ ਨਹੀਂ ਦੇਖਿਆ ਸੀ ਤੇ ਕੁਝ ਖਰੀਦਿਆ ਵੀ ਨਹੀਂ ਸੀ ਦਰਅਸਲ ਉਹ ਕੁਝ ਸਿੱਕੇ ਲੈ ਕੇ ਹੀ ਆਇਆ ਸੀ ਅਤੇ ਉਹ ਉਨ੍ਹਾਂ ਨੂੰ ਇੰਝ ਹੀ ਕਿਸੇ ਬੇਕਾਰ ਜਿਹੀ ਚੀਜ਼ ’ਤੇ ਖਰਚ ਕਰਕੇ ਖ਼ਤਮ ਵੀ ਨਹੀਂ ਕਰਨਾ ਚਾਹੁੰਦਾ ਸੀ
ਸੋ ਉਸਨੇ ਸੋਚਿਆ, ਉਸਦੇ ਕੋਲ ਸਿੱਕਿਆਂ ਦੀ ਕਮੀ ਹੈ ਤਾਂ ਕੀ ਹੋਇਆ, ਸਮੇਂ ਦੀ ਤਾਂ ਨਹੀਂ ਇਸ ਲਈ ਪਹਿਲਾਂ ਪੂਰਾ ਮੇਲਾ ਘੁੰਮਿਆ ਜਾਵੇ ਅਤੇ ਫਿਰ ਖੂਬ ਸੋਚ-ਵਿਚਾਰ ਕੇ ਇਨ੍ਹਾਂ ਥੋੜ੍ਹੇ ਜਿਹੇ ਪੈਸਿਆਂ ਨੂੰ ਸਮਝਦਾਰੀ ਨਾਲ ਖਰਚ ਕੀਤਾ ਜਾਵੇ
ਅਜਿਹੇ ਮੌਕਿਆਂ ’ਤੇ ਅਕਸਰ ਉਸਦੇ ਦਿਲ ਅਤੇ ਦਿਮਾਗ ਆਪਸ ’ਚ ਝਗੜ ਪੈਂਦੇ ਸਨ ਉਸਦਾ ਦਿਲ ਉਸਨੂੰ ਅਕਸਰ ਪੇ੍ਰਸ਼ਾਨੀ ’ਚ ਪਾਉਂਦਾ ਸੀ ਅਤੇ ਦਿਮਾਗ ਉਸਨੂੰ ਹਮੇਸ਼ਾ ਉਨ੍ਹਾਂ ਪ੍ਰੇਸ਼ਾਨੀਆਂ ’ਚੋਂ ਬਾਹਰ ਕੱਢ ਦਿੰਦਾ ਸੀ ਅੱਜ ਜਦੋਂ ਉਹ ਮੇਲੇ ’ਚ ਆਇਆ ਤਾਂ ਦਿਲ ਅਤੇ ਦਿਮਾਗ ਦੋਵਾਂ ਨੂੰ ਉਸਨੇ ਚੁੱਪ ਕਰਵਾ ਦਿੱਤਾ ਸੀ ਬੱਸ ਅੱਜ ਉਸਨੇ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੀਆਂ ਹੋਈਆਂ ਸੀ
ਸਾਰੀਆਂ ਸਜੀਆਂ-ਧਜੀਆਂ ਦੁਕਾਨਾਂ ’ਚ ਰੱਖੀਆਂ ਹੋਈਆਂ ਚੀਜ਼ਾਂ ਉਸ ਨੂੰ ਆਕਰਸ਼ਿਤ ਕਰ ਰਹੀਆਂ ਸਨ ਉਹ ਮੰਤਰ ਮੁਗਧ ਜਿਹਾ ਉਨ੍ਹਾਂ ਨੂੰ ਦੇਖੀ ਜਾਂਦਾ ਅਤੇ ਮੁਸਕਰਾਉਂਦੇ ਹੋਏ ਅੱਗੇ ਵੱਧ ਜਾਂਦਾ ਹਾਲੇ ਦੋ ਕਦਮ ਹੀ ਤੁਰਿਆ ਸੀ ਕਿ ਉਸ ਨੂੰ ਰੰਗ-ਬਿਰੰਗੀਆਂ ਸਜੀਆਂ ਦੁਕਾਨਾਂ ਵਿਚ ਸੜਕ ’ਤੇ ਇੱਕ ਖਿਡੌਣੇ ਵੇਚਣ ਵਾਲੀ ਔਰਤ ਦਿਖਾਈ ਦਿੱਤੀ ਜੋ ਆਪਣੀ ਬਾਂਸ ਦੀ ਟੋਕਰੀ ’ਚ ਕੁਝ ਮਿੱਟੀ ਦੇ ਖਿਡੌਣੇ ਵੇਚ ਰਹੀ ਸੀ
ਉਨ੍ਹਾਂ ਖਿਡੌਣਿਆਂ ਵਿਚ ਉਸਨੂੰ ਇੱਕ ਬਹੁਤ ਹੀ ਸੁੰਦਰ ਗੁੱਡੀ ਦਿਖਾਈ ਦਿੱਤੀ ਉਸਦੀ ਬਨਾਵਟ ਅਤੇ ਰੰਗ ਐਨੇ ਸੋਹਣੇ ਸਨ ਕਿ ਉਹ ਉੱਥੇ ਹੀ ਰੁਕ ਗਿਆ ਬਹੁਤ ਦੇਰ ਤੱਕ ਉਸ ਮਿੱਟੀ ਦੀ ਗੁੱਡੀ ਨੂੰ ਨਿਹਾਰਦਾ ਰਿਹਾ ਉਸ ਮਿੱਟੀ ਦੀ ਗੁੱਡੀ ਦੇ ਬੁੱਲ੍ਹਾਂ ’ਤੇ ਅਜੀਬ ਜਿਹੀ ਰਹੱਸਮਈ ਮੁਸਕਾਨ ਸੀ ਅਤੇ ਅੱਖਾਂ ’ਚ ਇੱਕ ਖਾਸ ਖਿੱਚ, ਉਸਦੀਆਂ ਅੱਖਾਂ ਬੋਲਦੀਆਂ ਸਨ ਜਾਂ ਬੁੱਲ੍ਹ, ਇਹ ਸਮਝ ਨਹੀਂ ਆ ਰਿਹਾ ਸੀ, ਪਰ ਉਸਨੂੰ ਪਤਾ ਨਹੀਂ ਕਿਉਂ ਏਦਾਂ ਲੱਗਾ, ਉਸਨੂੰ ਹੁਣੇ ਉਸ ਗੁੱਡੀ ਨੇ ਆਵਾਜ਼ ਮਾਰੀ ਹੋਵੇ ਅਤੇ ਉਹ ਰੁਕ ਗਿਆ ਸੀ ਖਾਮੋਸ਼ੀ ਨਾਲ
ਉਸਨੂੰ ਉੱਥੇ ਰੁਕਿਆ ਦੇਖ ਕੇ ਖਿਡੌਣਿਆਂ ਵਾਲੀ ਮੁਸਕਰਾਈ ਅਤੇ ਬੋਲੀ, ‘‘ਕੁਝ ਖਰੀਦਣਾ ਹੈ ਬਾਬੂ?’’ ‘‘ਮੈਂ ਆਪਣੀ ਜ਼ਿੰਦਗੀ ’ਚ ਅਜਿਹੀ ਸੁੰਦਰ ਗੁੱਡੀ ਕਦੇ ਨਹੀਂ ਦੇਖੀ ਇਹ ਮੈਨੂੰ ਚਾਹੀਦੀ ਹੀ ਚਾਹੀਦੀ ਹੈ’’ ਉਸਦੇ ਦਿਲ ਨੇ ਪਹਿਲੀ ਵਾਰ ਉਸਨੂੰ ਸਲਾਹ ਦਿੱਤੀ, ਹਾਂ ਤੁਸੀਂ ਇਸਨੂੰ ਲੈ ਲਓ ਹੁਣੇ ਦੀ ਹੁਣੇੇ
ਫਿਰ ਦਿਮਾਗ ਨੇ ਉਸਨੂੰ ਚਿਤਾਇਆ, ‘‘ਸੁਣੋ ਪਾਗਲ ਨਾ ਬਣੋ, ਹਾਲੇ ਤਾਂ ਮੇਲਾ ਸ਼ੁਰੂ ਹੋਇਆ ਹੈ, ਹੁਣੇ ਤੋਂ ਪੈਸੇ ਖਰਚ ਕਰ ਦਿਓਗੇ? ਅੱਗੇ ਇਸ ਤੋਂ ਬਿਹਤਰ ਦੁਕਾਨਾਂ ਹੋਣਗੀਆਂ ਅਤੇ ਇਸ ਤੋਂ ਲੱਖ ਦਰਜੇ ਬਿਹਤਰ ਖਿਡੌਣੇ ਵੀ, ਹੁਣੇ ਇਸਨੂੰ ਖਰੀਦ ਕੇ ਕਿੱਥੇ ਭਾਰ ਚੁੱਕੀ ਫਿਰਦੇ ਰਹੋਗੇ? ਮੇਲੇ ਦਾ ਮਜ਼ਾ ਵੀ ਨਹੀਂ ਲੈ ਸਕੋਗੇ, ਨਾ ਝੂਲਿਆਂ ਦਾ ਨਾ ਖਾਣ-ਪੀਣ ਦਾ’’ ਦਿਮਾਗ ਨੇ ਆਪਣੇ ਤਰਕ ਦਿੱਤੇ ਦਿਲ ਨੇ ਆਖਰੀ ਵਾਰ ਕਿਹਾ, ‘‘ਅਤੇ ਜੇਕਰ ਪੂਰਾ ਮੇਲਾ ਘੁੰਮਣ ਤੋਂ ਬਾਅਦ ਵੀ ਅਜਿਹੀ ਗੁੱਡੀ ਨਾ ਮਿਲੀ ਤਾਂ? ਤੇ ਏਦਾਂ ਵੀ ਹੋ ਸਕਦੈ ਇਸਨੂੰ ਕੋਈ ਹੋਰ ਖਰੀਦ ਕੇ ਲੈ ਜਾਵੇ’’
ਉਸਨੇ ਦਿਲ-ਦਿਮਾਗ ਦੋਵਾਂ ਨੂੰ ਚੁੱਪ ਕਰਵਾਇਆ ਅਤੇ ਉਸ ਖਿਡੌਣੇ ਵਾਲੀ ਨੂੰ ਬੋਲਿਆ, ‘‘ਹਾਂ, ਮੈਨੂੰ ਇਹ ਗੁੱਡੀ ਚਾਹੀਦੀ ਹੈ ਉਸਨੇ ਉਂਗਲੀ ਨਾਲ ਛੂਹ ਕੇ ਉਸ ਗੁੱਡੀ ’ਤੇ ਆਪਣਾ ਹੱਕ ਜਤਾਇਆ, ਪਰ ਮੈਂ ਹੁਣੇ ਇਸਨੂੰ ਨਹੀਂ ਲਿਜਾ ਸਕਦਾ, ਵਾਪਸ ਆ ਕੇ ਇਸਨੂੰ ਲੈ ਜਾਵਾਂਗਾ ਮੈਂ ਪਹਿਲਾਂ ਮੇਲਾ ਘੰੁਮਣਾ ਚਾਹੁੰਦਾ ਹਾਂ’’ ਲੜਕੇ ਨੇ ਆਪਣੀ ਗੱਲ ਸਪੱਸ਼ਟ ਕੀਤੀ ਅਤੇ ਉਹ ਅੱਗੇ ਵਧ ਗਿਆ, ਪਰ ਚਾਰ ਕਦਮ ਤੁਰ ਕੇ ਉਹ ਫਿਰ ਵਾਪਸ ਆਇਆ ਅਤੇ ਬੋਲਿਆ, ‘‘ ਤੁਸੀਂ ਇਸਨੂੰ ਕਿਸੇ ਨੂੰ ਨਾ ਵੇਚਣਾ, ਮੈਂ ਵਾਪਸ ਆ ਕੇ ਇਸਨੂੰ ਲੈ ਜਾਵਾਂਗਾ’’ ਅਤੇ ਫਿਰ ਉਸ ਗੁੱਡੀ ਨੂੰ ਨਿਹਾਰਨ ਲੱਗਾ ਹੁਣ ਉਸ ਔਰਤ ਨੇ ਮੁਸਕਰਾ ਕੇ ਕਿਹਾ, ‘‘ਬਾਬੂ ਐਨੀ ਪਸੰਦ ਹੈ ਤਾਂ ਹੁਣੇ ਲੈ ਜਾਓ, ਕੀ ਪਤਾ ਵਾਪਸ ਆਓ ਉਦੋਂ ਤੱਕ ਮੈਂ ਨਾ ਮਿਲਾਂ ਤੁਹਾਨੂੰ ਜਾਂ ਇਹ ਹੀ ਨਾ ਮਿਲੇ ਅਕਸਰ ਬਹੁਤ ਸਾਰੇ ਗ੍ਰਾਹਕ ਏਦਾਂ ਕਹਿ ਕੇ ਜਾਂਦੇ ਹਨ, ਫਿਰ ਆਉਂਦੇ ਵੀ ਨਹੀਂ’’ ਖਿਡੌਣੇ ਵਾਲੀ ਨੇ ਆਪਣਾ ਤਜ਼ਰਬਾ ਦੱਸਿਆ
‘‘ਮੈਂ ਆਵਾਂਗਾ’’ ਉਸਨੇ ਕੁਝ ਅਜਿਹੀ ਸੱਚਾਈ ਨਾਲ ਕਿਹਾ ਕਿ ਉਹ ਖਿਡੌਣੇ ਵਾਲੀ ਉਸਨੂੰ ਬੜੀ ਦੇਰ ਤੱਕ ਦੇਖਦੀ ਰਹੀ ਲੜਕਾ ਚਲਾ ਗਿਆ ਸ਼ਾਮ ਹੋ ਗਈ, ਮੇਲਾ ਖ਼ਤਮ ਹੋਣ ਦਾ ਸਮਾਂ ਆ ਗਿਆ ਤੇ ਬਹੁਤ ਸਾਰੇ ਛੋਟੇ ਦੁਕਾਨਦਾਰ ਆਪਣੀਆਂ ਦੁਕਾਨਾਂ ਸਮੇਟ ਕੇ ਘਰ ਨੂੰ ਤੁਰ ਪਏ ਸਨ ਅਤੇ ਕਈ ਵੱਡੇ ਦੁਕਾਨਦਾਰ ਆਪਣੀਆਂ ਦੁਕਾਨਾਂ ਸਮੇਟਣ ਦੀ ਤਿਆਰੀ ਕਰਨ ਲੱਗੇ ਸਨ
ਖਿਡੌਣਿਆਂ ਵਾਲੀ ਦੇ ਹੁਣ ਤੱਕ ਸਾਰੇ ਖਿਡੌਣੇ ਵਿੱਕ ਚੁੱਕੇ ਸਨ ਬੱਸ ਉਸਨੇ ਉਸ ਗੁੱਡੀ ਨੂੰ ਬਚਾ ਕੇ ਰੱਖਿਆ ਸੀ ਉਸ ਲੜਕੇ ਲਈ ਉਸ ਲੜਕੇ ਦੀਆਂ ਅੱਖਾਂ ਦੀ ਸੱਚਾਈ ਉਸਨੂੰ ਮੇਲਾ ਛੱਡ ਕੇ ਜਾਣ ਨਹੀਂ ਦੇ ਰਹੀ ਸੀ ਅਤੇ ਉਸਨੇ ਕੁਝ ਦੇਰ ਰੁਕ ਕੇ ਉਸਦੀ ਉਡੀਕ ਕਰਨ ਦੀ ਸੋਚੀ
ਉਸਨੂੰ ਲੱਗ ਰਿਹਾ ਸੀ ਕਿ ਉਹ ਲੜਕਾ ਜੇਕਰ ਬਾਅਦ ’ਚ ਆਇਆ ਤਾਂ ਕਿੰਨਾ ਦੁਖੀ ਹੋਵੇਗਾ ਅਤੇ ਮੈਂ ਉਸਦੀ ਗੁੱਡੀ ਕਿਸੇ ਹੋਰ ਗ੍ਰਾਹਕ ਨੂੰ ਵੇਚੀ ਵੀ ਤਾਂ ਨਹੀਂ ਹੈ, ਪਰ ਕਦੋਂ ਤੱਕ ਉਡੀਕ ਕਰਾਂ ਉਸ ਦੀ? ਉਸਨੂੰ ਹੁਣ ਤੱਕ ਆ ਜਾਣਾ ਚਾਹੀਦਾ ਸੀ ਮੈਂ ਵੀ ਕਿਉਂ ਉਸ ਬੇ-ਪਰਵਾਹ ਲੜਕੇ ਦੀਆਂ ਗੱਲਾਂ ’ਚ ਆ ਗਈ ਉਸਦੀ ਗੱਲ ਦਾ ਕੀ ਭਰੋਸਾ? ਭੁੱਲ ਵੀ ਗਿਆ ਹੋਵੇਗਾ ਉਹ ਉਸ ਗੁੱਡੀ ਨੂੰ ਉਸਨੇ ਜ਼ਰੂਰ ਝੂਲੇ ਲੈਣ ’ਚ ਜਾਂ ਖਾਣ-ਪੀਣ ’ਚ ਜਾਂ ਨੌਟੰਕੀ ਦੇਖਣ ’ਚ ਪੈਸੇ ਉਡਾ ਦਿੱਤੇ ਹੋਣਗੇ ਖਿਡੌਣਿਆਂ ਵਾਲੀ ਖੁਦ ਨਾਲ ਗੱਲਾਂ ਕਰੀ ਜਾ ਰਹੀ ਸੀ
ਬਹੁਤ ਦੇਰ ਹੋਣ ’ਤੇ ਖਿਡੌਣਿਆਂ ਵਾਲੀ ਦੇ ਸਬਰ ਦਾ ਬੰਨ੍ਹ ਟੁੱਟਣ ਲੱਗਾ ਸੀ ਉਸਨੇ ਭਾਰੀ ਮਨ ਨਾਲ ਟੋਕਰੀ ਚੁੱਕੀ ਉਸਦੀ ਖਾਲੀ ਟੋਕਰੀ ’ਚ ਹਾਲੇ ਵੀ ਉਹ ਸੁੰਦਰ ਗੁੱਡੀ ਮੁਸਕਰਾ ਰਹੀ ਸੀ ਉਸਨੇ ਉਸ ਮਿੱਟੀ ਦੀ ਗੁੱਡੀ ਨੂੰ ਮਨ ਹੀ ਮਨ ’ਚ ਕਿਹਾ, ‘‘ਕਿਹੋ-ਜਿਹੀ ਬਦਕਿਸਮਤ ਹੈਂ ਤੂੰ, ਤੈਨੂੰ ਕਿਸੇ ਨੇ ਨਹੀਂ ਖਰੀਦਿਆ, ਫਿਰ ਵੀ ਮੁਸਕਰਾਉਂਦੀ ਹੈਂ? ਇਸ ਤੋਂ ਬਿਹਤਰ ਹੁੰਦਾ ਮੈਂ ਤੈਨੂੰ ਕਿਸੇ ਹੋਰ ਨੂੰ ਦੇ ਦਿੰਦੀ, ਚਾਰ ਪੈਸੇ ਵੀ ਮਿਲ ਜਾਂਦੇ’’ ਉਸਨੇ ਅਫਸੋਸ ਜਤਾਇਆ
ਫਿਰ ਮੇਲੇ ’ਚ ਅਚਾਨਕ ਤੋਂ ਭਾਜੜ ਪੈ ਗਈ ਅਤੇ ਭੱਜਦੀ ਆਉਂਦੀ ਭੀੜ ’ਚ ਆਉਂਦੇ ਇੱਕ ਵਿਅਕਤੀ ਨੇ ਉਸ ਖਿਡੌਣਿਆਂ ਵਾਲੀ ਨੂੰ ਅਜਿਹਾ ਧੱਕਾ ਮਾਰਿਆ ਕਿ ਉਸਦੀ ਟੋਕਰੀ ਹੱਥੋਂ ਡਿੱਗ ਗਈ ਅਤੇ ਉਹ ਗੁੱਡੀ ਜ਼ਮੀਨ ’ਤੇ ਡਿੱਗ ਕੇ ਟੁਕੜੇ-ਟੁਕੜੇ ਹੋ ਗਈ ‘‘ਓਹ… ਇਹ ਕੀ ਹੋ ਗਿਆ’’ ਉਹ ਮਨ ਹੀ ਮਨ ’ਚ ਬੋਲੀ ਉਸਨੇ ਗੁੱਡੀ ਹੱਥ ’ਚ ਚੁੱਕੀ ਉਸਦਾ ਸਿਰ ਅਲੱਗ ਅਤੇ ਧੌਣ ਅਲੱਗ ਹੋ ਗਏ ਸਨ, ‘‘ਓਹ! ਕੰਬਖ਼ਤ ਟੁੱਟੀ ਵੀ ਤਾਂ ਕਿੰਨੀ ਖੂਬਸੂਰਤੀ ਨਾਲ ਕਿ ਹਾਲੇ ਵੀ ਮੁਸਕਰਾਉਂਦੀ ਹੈ’’
ਉਸਨੂੰ ਇਹ ਮਿੱਟੀ ਦੀ ਗੁੱਡੀ ਅੱਜ ਪਹਿਲੀ ਵਾਰ ਸੱਚੀਂ ਸੋਹਣੀ ਲੱਗੀ ਉਸਨੂੰ ਹੁਣ ਕੁਝ-ਕੁਝ ਸਮਝ ਆਉਣ ਲੱਗਾ ਕਿ ਕਿਉਂ ਐਨੇ ਸਾਰੇ ਖਿਡੌਣਿਆਂ ’ਚੋਂ ਉਸ ਲੜਕੇ ਦੀ ਨਜ਼ਰ ਇਸ ਗੁੱਡੀ ’ਤੇ ਠਹਿਰ ਗਈ ਸੀ ਅਸਲ ’ਚ ਇਹ ਗੁੱਡੀ ਬਹੁਤ ਸੁੰਦਰ ਸੀ ਪਰ ਉਸ ਲੜਕੇ ਦੀ ਕਿਸਮਤ ਸੁੰਦਰ ਨਹੀਂ ਸੀ ਅਤੇ ਇਸ ਗੁੱਡੀ ਦੀ ਵੀ ਦੇਖੋ ਉਹ ਹਾਲੇ ਤੱਕ ਨਹੀਂ ਆਇਆ, ਖਿਡੌਣੇ ਵਾਲੀ ਗੁੱਸੇ ਨਾਲ ਭਰ ਗਈ ‘‘ਆ ਗਿਆ ਮੈਂ’’ ਅਚਾਨਕ ਆਵਾਜ਼ ਆਈ ‘‘ਕਿੱਥੇ ਹੈ ਮੇਰੀ ਗੁੁੱਡੀ?’’
ਖਿਡੌਣਿਆਂ ਵਾਲੀ ਨੇ ਸਿਰ ਘੁੰਮਾ ਕੇ ਦੇਖਿਆ ਤਾਂ ਉਹ ਲੜਕਾ ਮੁਸਕਰਾਉਂਦਾ ਹੋਇਆ ਅਤੇ ਸਾਹੋ-ਸਾਹੀ ਹੋਇਆ ਖੜ੍ਹਾ ਸੀ ਖਿਡੌਣਿਆਂ ਵਾਲੀ ਨੇ ਗੁੱਸੇ ’ਚ ਉਸਨੂੰ ਡਾਂਟਿਆ, ‘‘ਟੁੱਟ ਗਈ ਤੇਰੀ ਗੁੱਡੀ ਮੈਂ ਬਹੁਤ ਦੇਰ ਤੱਕ ਤੇਰੀ ਉਡੀਕ ਕੀਤੀ ਕਿੰਨਾ ਬੇ-ਪਰਵਾਹ ਏਂ ਤੂੰ, ਤੂੰ ਆਪਣਾ ਹੀ ਨਹੀਂ, ਮੇਰਾ ਵੀ ਨੁਕਸਾਨ ਕੀਤਾ ਹੈ’’ ਖਿਡੌਣਿਆਂ ਵਾਲੀ ਹੁਣ ਗੁੱਸੇ ਅਤੇ ਦੁੱਖ ਨਾਲ ਭਰ ਕੇ ਅੱਗੇ ਵਧ ਗਈ ਸੀ
ਲੜਕਾ ਅੱਜ ਬੇਹੱਦ ਉਦਾਸ ਸੀ ਉਸਦਾ ਦਿਲ ਫਿਰ ਬੋਲ ਪਿਆ, ‘‘ਜਿਹੜੀਆਂ ਚੀਜ਼ਾਂ ’ਤੇ ਅਸੀਂ ਅਧਿਕਾਰ ਸਮਝਦੇ ਹਾਂ, ਉਨ੍ਹਾਂ ਨੂੰ ਕਦੇ ਛੱਡ ਕੇ ਨਹੀਂ ਜਾਂਦੇ ਆਪਣੀਆਂ ਪਿਆਰੀਆਂ ਚੀਜ਼ਾਂ ਨੂੰ ਕਦੇ ਦੂਜਿਆਂ ਦੇ ਭਰੋਸੇ ਨਹੀਂ ਛੱਡਿਆ ਜਾਂਦਾ ਅਤੇ ਜਦੋਂ ਦਿਮਾਗ ਅਤੇ ਦਿਲ ਇਕੱਠੇ ਬੋਲਦੇ ਹਨ ਤਾਂ ਸਿਰਫ ਦਿਲ ਦੀ ਸੁਣੀ ਜਾਂਦੀ ਹੈ’’
ਅੱਜ ਪਹਿਲੀ ਵਾਰ ਉਸਦੇ ਦਿਮਾਗ ਨੇ ਉਸਨੂੰ ਦੁੱਖ ’ਚ ਪਾਇਆ ਸੀ ਅਤੇ ਇਸ ਦੁੱਖ, ਇਸ ਪੀੜ ਅਤੇ ਇਸ ਅਫਸੋਸ ’ਚੋਂ ਉਸਦਾ ਦਿਲ ਉਸਨੂੰ ਕੱਢ ਸਕਣ ’ਚ ਨਾਕਾਮ ਸੀ ਉਹ ਭਾਰੀ ਕਦਮਾਂ ਨਾਲ ਤੁਰ ਪਿਆ ਉਸਦੇ ਹੱਥ ’ਚ ਹੁਣ ਵੀ ਕੁਝ ਸਿੱਕੇ ਸਨ, ਜਿਨ੍ਹਾਂ ਨੂੰ ਉਸਨੇ ਚਾਹੁੰਦੇ ਹੋਏ ਵੀ ਮੇਲੇ ’ਚ ਖਰਚ ਨਹੀਂ ਕੀਤਾ ਸੀ
-ਮਮਤਾ ਵਿਆਸ