Animal Health: ਪਸ਼ੂਆਂ ਦੀ ਸਿਹਤ ’ਤੇ ਮਾੜਾ ਅਸਰ ਪਾ ਸਕਦੀ ਹੈ ਨਵੀਂ ਤੂੜੀ
ਮਾਰਚ ਮਹੀਨੇ ’ਚ ਅਗੇਤੀ ਕਣਕ ਪੱਕ ਕੇ ਤਿਆਰ ਹੋ ਜਾਂਦੀ ਹੈ, ਉੱਥੇ ਅਪਰੈਲ ’ਚ ਵਾਢੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਹਾਲਾਂਕਿ ਕਣਕ ਦੀ ਵਾਢੀ ਕੰਬਾਈਨ ਨਾਲ ਕਰਵਾਉਣ ਦਾ ਰੁਝਾਨ ਹੁਣ ਵੱਧ ਗਿਆ ਹੈ, ਪਰ ਫਿਰ ਵੀ ਕਈ ਥਾਈਂ ਕਣਕ ਦੀ ਹੱਥ ਨਾਲ ਵਾਢੀ ਵੀ ਹੁੰਦੀ ਹੈ ਜਿਵੇਂ ਕਿ ਕਣਕ ਵਾਢੀ ਸ਼ੁਰੂ ਹੁੰਦੀ ਹੈ, ਤਾਂ ਨਾਲ ਹੀ ਨਾਲ ਕਣਕ ਦੇ ਨਾੜ ਨਾਲ ਤੂੜੀ ਬਣਾਉਣ ਦਾ ਕੰਮ ਵੀ ਜ਼ੋਰਾਂ ’ਤੇ ਸ਼ੁਰੂ ਹੋ ਜਾਂਦਾ ਹੈ ਪਸ਼ੂਪਾਲਕਾਂ ਨੂੰ ਇਸ ਸਮੇਂ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਨਵੇਂ ਸੀਜ਼ਨ ਦੀ ਤੂੜੀ ਤੁਹਾਡੇ ਪਸ਼ੂਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੇਕਰ ਇਸ ਦੌਰਾਨ ਸਹੀ ਸਾਵਧਾਨੀ ਨਾ ਵਰਤੀ ਜਾਵੇ ਤਾਂ ਨਾ ਸਿਰਫ ਤੁਹਾਡੇ ਪਸ਼ੂ ਦੀ ਸਿਹਤ ਖਰਾਬ ਹੋ ਸਕਦੀ ਹੈ,
ਸਗੋਂ ਉਸਦੀ ਜਾਨ ਤੱਕ ਵੀ ਜਾ ਸਕਦੀ ਹੈ ਇਸ ਵਿੱਚ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਅਤੇ ਤੂੜੀ ਦਾ ਭੰਡਾਰਨ ਕਿਸ ਤਰ੍ਹਾਂ ਸਹੀ ਢੰਗ ਨਾਲ ਕਰਨਾ ਚਾਹੀਦੈ, ਇਨ੍ਹਾਂ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਪਸ਼ੂਪਾਲਣ ਵਿਭਾਗ ਸਰਸਾ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਵਿੱਦਿਆਸਾਗਰ ਬੰਸਲ ਨਾਲ ਖਾਸ ਗੱਲਬਾਤ ਕੀਤੀ ਗਈ ਡਾ. ਬੰਸਲ ਨੇ ਪਸ਼ੂ ਦੇ ਵਾਰ-ਵਾਰ ਰਿਪੀਟ ਹੋਣ, ਜ਼ੇਰ ਨਾ ਸੁੱਟਣ, ਸਹੀ ਤਰੀਕੇ ਨਾਲ ਗਰਭਧਾਰਨ ਕਰਵਾਉਣ, ਪਸ਼ੂ ਦੀ ਨਿਯਮਿਤ ਖੁਰਾਕ, ਗਰਮੀ ਦੇ ਮੌਸਮ ’ਚ ਸਹੀ ਦੇਖ-ਭਾਲ, ਟੀਕਾਕਰਨ ਦੇ ਅਸਰ ਅਤੇ ਵਿਭਾਗ ਵੱਲੋਂ ਪਸ਼ੂਪਾਲਕਾਂ ਦੇ ਹਿੱਤ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਬਾਰੇ ਵੀ ਕਾਫੀ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ
Table of Contents
ਸਵਾਲ: ਨਵੀਂ ਤੂੜੀ ਨਾਲ ਪਸ਼ੂ ਨੂੰ ਬੰਨ੍ਹ ਪੈਣ ਅਤੇ ਅਫਾਰੇ ਦੀਆਂ ਸ਼ਿਕਾਇਤਾਂ ਆਉਂਦੀਆਂ ਹਨ ਇਸਦਾ ਕਾਰਨ ਅਤੇ ਇਲਾਜ ਕੀ ਹੈ?
ਜਵਾਬ: ਨਵੀਂ ਤੂੜੀ ਨੂੰ ਪਸ਼ੂ ਜਦੋਂ ਜ਼ਿਆਦਾ ਖਾ ਜਾਂਦਾ ਹੈ ਤਾਂ ਉਸ ਨੂੰ ਬੰਨ੍ਹ ਜਾਂ ਅਫਾਰੇ ਦੀ ਸ਼ਿਕਾਇਤ ਆ ਜਾਂਦੀ ਹੈ ਤੂੜੀ ਨਾਲ ਤਿੱਖੇ ਕਣ ਹੁੰਦੇ ਹਨ ਉਹ ਪਸ਼ੂ ਦੇ ਢਿੱਡ ’ਚ ਚਲੇ ਜਾਂਦੇ ਹਨ ਜੋ ਕਿ ਅੰਦਰ ਜ਼ਖਮ ਵੀ ਕਰ ਦਿੰਦੇ ਹਨ ਇਸਦੇ ਲਈ ਬਿਹਤਰ ਇਹ ਹੈ ਕਿ ਪਸ਼ੂ ਨੂੰ ਖੁਆਉਣ ਤੋਂ ਪਹਿਲਾਂ ਤੂੜੀ ਨੂੰ ਹਲਕਾ ਜਿਹਾ ਪਾਣੀ ਨਾਲ ਭਿਉਂ ਦਿਓ ਇਸ ਤੋਂ ਪਹਿਲਾਂ ਉਸਨੂੰ ਛਾਣ ਲੈਣਾ ਬਿਹਤਰ ਹੈ ਨਾਲ ਹੀ ਹਰੇ ਚਾਰੇ ਦੀ ਮਾਤਰਾ ਜ਼ਿਆਦਾ ਰੱਖੋ ਅਜਿਹਾ ਕਰਨ ਨਾਲ ਤੂੜੀ ਨਾ ਸਿਰਫ ਨਰਮ ਪੈ ਜਾਵੇਗੀ, ਸਗੋਂ ਪਸ਼ੂ ਨੂੰ ਪਚਾਉਣ ’ਚ ਵੀ ਜ਼ਿਆਦਾ ਊਰਜਾ ਨਹੀਂ ਖਰਚਣੀ ਪਵੇਗੀ ਬੰਨ੍ਹ ਦੇ ਲੱਛਣ ਦਿਸਣ ’ਤੇ ਪਸ਼ੂਪਾਲਕ ਆਪਣੇ ਪੱਧਰ ’ਤੇ ਇਲਾਜ ਕਰਨ ਦੀ ਬਜਾਏ ਪਸ਼ੂ ਡਾਕਟਰ ਨਾਲ ਸੰਪਰਕ ਕਰਨ ਬੰਨ੍ਹ ਜ਼ਿਆਦਾ ਸਮੇਂ ਤੱਕ ਰਹਿਣ ਨਾਲ ਪਸ਼ੂ ਦੀ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ
ਸਵਾਲ: ਤੂੜੀ ਦਾ ਭੰਡਾਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ?
ਜਵਾਬ: ਤੂੜੀ ਦਾ ਭੰਡਾਰਨ ਇੱਕ ਤਾਂ ਖੁਸ਼ਕ ਜਗ੍ਹਾ ਕਰਨਾ ਚਾਹੀਦਾ ਹੈ ਜਿੱਥੇ ਹੇਠਾਂ ਨਮੀ ਹੋਵੇ ਜਾਂ ਆਸ-ਪਾਸ ਪਾਣੀ ਦਾ ਸਰੋਤ ਹੋਵੇ ਉੱਥੇ ਭੰਡਾਰਨ ਕਰਨ ਤੋਂ ਬਚੋ ਹੋ ਸਕੇ ਤਾਂ ਤੂੜੀ ਪਾਉਣ ਤੋਂ ਪਹਿਲਾਂ ਹੇਠਾਂ ਪਾਲੀਥੀਨ ਵਿਛਾ ਦਿਓ ਅਕਸਰ ਦੇਖਿਆ ਜਾਂਦਾ ਹੈ ਕਿ ਕਿਸਾਨ ਜੋ ਖੇਤੀ ਲਈ ਪੈਸਟੀਸਾਈਡ ਲੈ ਕੇ ਆਉਂਦੇ ਹਨ ਉਸ ਦਾ ਛਿੜਕਾਅ ਕਰਨ ਤੋਂ ਬਾਅਦ ਉਸਨੂੰ ਤੂੜੀ ’ਚ ਦਬਾ ਦਿੰਦੇ ਹਨ ਅਜਿਹੇ ’ਚ ਕਈ ਵਾਰ ਦਵਾਈ ਦੀ ਸ਼ੀਸ਼ੀ ਲੀਕੇਜ਼ ਵੀ ਹੋ ਜਾਂਦੀ ਹੈ ਫਿਰ ਉਹੀ ਤੂੜੀ ਪਸ਼ੂ ਨੂੰ ਖੁਆ ਦਿੱਤੀ ਜਾਂਦੀ ਹੈ ਜਿਸਦੇ ਚੱਲਦਿਆਂ ਕਈ ਵਾਰ ਪਸ਼ੂ ਦੀ ਮੌਤ ਤੱਕ ਹੋ ਜਾਂਦੀ ਹੈ ਪਸ਼ੂਪਾਲਕਾਂ ਨੂੰ ਕੀਟਨਾਸ਼ਕਾਂ ਨੂੰ ਕਦੇ ਵੀ ਤੂੜੀ ’ਚ ਦਬਾ ਕੇ ਨਹੀਂ ਰੱਖਣਾ ਚਾਹੀਦਾ ਤੂੜੀ ਨੂੰ ਨਮੀ ਅਤੇ ਮੀਂਹ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਜਦੋਂ ਤੂੜੀ ਖ਼ਤਮ ਹੋਣ ਵਾਲੀ ਹੁੰਦੀ ਹੈ ਤਾਂ ਕਦੇ-ਕਦੇ ਹੇਠਾਂ ਨਮੀ ਵਾਲੀ ਤੂੜੀ ਬਚ ਜਾਂਦੀ ਹੈ ਜਿਸ ’ਚ ਫੰਗਸ ਆ ਜਾਂਦੀ ਹੈ ਇਹ ਤੂੜੀ ਪਸ਼ੂ ’ਚ ਰੋਗ ਦਾ ਕਾਰਨ ਬਣ ਜਾਂਦੀ ਹੈ
ਸਵਾਲ: ਗਰਮ ਲੂ ’ਚ ਦੁਧਾਰੂ ਪਸ਼ੂਆਂ ਦੀ ਕਿਸ ਤਰ੍ਹਾਂ ਦੇਖ-ਭਾਲ ਕਰੀਏ?
ਜਵਾਬ: ਇਸ ਵਾਰ ਗਰਮ ਲੂ ਦੀ ਸੰਭਾਵਨਾ ਕਾਫੀ ਹੈ ਅਜਿਹੇ ’ਚ ਪਸ਼ੂ ਖਾਸ ਕਰਕੇ ਦੁਧਾਰੂ ਪਸ਼ੂ ’ਤੇ ਧਿਆਨ ਦੇਣ ਦੀ ਲੋੜ ਹੈ ਪਸ਼ੂ ਨੂੰ ਛਾਂਦਾਰ ਅਤੇ ਖੁੱਲ੍ਹੀ ਹਵਾਦਾਰ ਜਗ੍ਹਾ ’ਤੇ ਰੱਖੋ ਪਸ਼ੂ ਨੂੰ ਦਿਨ ’ਚ ਕਈ ਵਾਰ ਪਾਣੀ ਪਿਆਓ ਅਤੇ ਨੁਹਾਓ ਵੀ ਹੋ ਸਕੇ ਤਾਂ ਪਾਣੀ ’ਚ ਥੋੜ੍ਹਾ ਨਮਕ ਮਿਲਾ ਕੇ ਪਿਆਓ ਗਰਮੀ ਦੀ ਚਪੇਟ ’ਚ ਆਉਣ ਨਾਲ ਪਸ਼ੂ ਦੁੱਧ ਦੀ ਮਾਤਰਾ ਘੱਟ ਕਰ ਦਿੰਦਾ ਹੈ ਅਜਿਹੇ ’ਚ ਉਸਨੂੰ ਖਣਿੱਜ ਤੱਤ ਦਿਓ
ਸਵਾਲ: ਪਸ਼ੂ ’ਚ ਵਾਰ-ਵਾਰ ਰਿਪੀਟ ਹੋਣ ਦੇ ਕੀ ਕਾਰਨ ਹਨ ਅਤੇ ਇਸਦੇ ਇਲਾਜ ਕੀ ਹਨ?
ਜਵਾਬ: ਪਸ਼ੂ ’ਚ ਵਾਰ-ਵਾਰ ਰਿਪੀਟ ਹੋਣ ਦੀ ਸਮੱਸਿਆ ਲਗਭਗ ਸਾਰੇ ਇਲਾਕਿਆਂ ’ਚ ਹੈ ਇਸ ਦੀ ਕੁਝ ਵਜ੍ਹਾ ਤਾਂ ਸਾਡੀ ਅਗਿਆਨਤਾ ਹੈ ਕਾਰਨ ਹੈ ਕਿ ਪਸ਼ੂ ਦੀ ਅਸੀਂ ਸਹੀ ਢੰਗ ਨਾਲ ਦੇਖ-ਭਾਲ ਨਹੀਂ ਕਰਦੇ ਪਸ਼ੂ ਦੇ ਪੈਦਾ ਹੋਣ ਦੇ ਬਾਅਦ ਤੋਂ ਉਸਦੀ ਸਹੀ ਸੰਭਾਲ ਰੱਖੀ ਜਾਵੇ, ਸਮੇਂ-ਸਮੇਂ ’ਤੇ ਉਸਨੂੰ ਕੀੜੇ ਮਾਰਨ ਵਾਲੀ ਦਵਾਈ ਦਿੱਤੀ ਜਾਵੇ ਅਤੇ ਸ਼ੁਰੂ ਤੋਂ ਹੀ ਖਣਿੱਜ ਲਵਣ ਦਿੱਤਾ ਜਾਵੇ ਤਾਂ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਂਦੀ ਹੈ ਕਈ ਵਾਰ ਅਸੀਂ ਗੈਰ ਸਿਖਲਾਈ ਪ੍ਰਾਪਤ ਪ੍ਰੈਕਟੀਸ਼ਨਰ ਤੋਂ ਬਨਾਉਟੀ ਗਰਭਧਾਰਨ ਕਰਵਾਉਂਦੇ ਹਾਂ, ਜੋ ਏਆਈ ਗੰਨ ਅੰਦਰ ਦਾਖ਼ਲ ਕੀਤੀ ਜਾਂਦੀ ਹੈ ਉਸ ਨਾਲ ਬੱਚੇਦਾਨੀ ’ਚ ਜ਼ਖਮ ਹੋ ਜਾਂਦੇ ਹਨ ਜਿਸ ਕਾਰਨ ਵੀ ਰਿਪੀਟ ਹੋਣ ਦੀ ਦਿੱਕਤ ਆਉਂਦੀ ਹੈ ਅਜਿਹੀ ਹਾਲਤ ’ਚ ਮਾਹਿਰ ਪਸ਼ੂਆਂ ਦੇ ਡਾਕਟਰ ਤੋਂ ਇਲਾਜ ਕਰਵਾਓ ਅਤੇ ਗੈਰ ਸਿਖਲਾਈ ਪ੍ਰੈਕਟੀਸ਼ਨਰ ਤੋਂ ਬਚੋ
ਸਵਾਲ: ਕੁਦਰਤੀ ਅਤੇ ਬਨਾਉਟੀ ਗਰਭਧਾਰਨ ’ਚ ਕੀ ਫਰਕ ਹੈ?
ਜਵਾਬ: ਬਨਾਉਟੀ ਗਰਭਧਾਰਨ ਦੀ ਸ਼ੁਰੂਆਤ ਇਸ ਲਈ ਹੋਈ ਤਾਂ ਕਿ ਚੰਗੀ ਨਸਲ ਦੇ ਬੱਚੇ ਪੈਦਾ ਹੋ ਸਕਣ ਕਈ ਵਾਰ ਮੇਲ ਪਸ਼ੂ ਦੇ ਸੱਟ ਲੱਗ ਜਾਂਦੀ ਹੈ ਤਾਂ ਉਹ ਕਰਾਸ ਕਰਨ ਦੀ ਸਥਿਤੀ ’ਚ ਨਹੀਂ ਹੁੰੰਦਾ ਅਜਿਹੇ ਪਸ਼ੂ ਦਾ ਸੀਮਨ ਲੈ ਕੇ ਅਸੀਂ ਕਾਫੀ ਮਾਤਰਾ ’ਚ ਬੱਚੇ ਪੈਦਾ ਕਰ ਸਕਦੇ ਹਾਂ ਪਰ ਮੇਲ ਪਸ਼ੂ ਦਾ ਚੰਗਾ ਰਿਕਾਰਡ ਵੀ ਹੋਣਾ ਚਾਹੀਦਾ ਹੈ ਪਸ਼ੂਪਾਲਣ ਵਿਭਾਗ ਵੱਲੋਂ ਸਹੀ ਕੁਆਲਿਟੀ ਦੇ ਸੀਮਨ ਬਹੁਤ ਘੱਟ ਫੀਸ ’ਤੇ ਮੁਹੱਈਆ ਕਰਵਾਏ ਜਾ ਰਹੇ ਹਨ
ਸਵਾਲ: ਪਸ਼ੂ ਦੇ ਸੂਣ ਤੋਂ ਬਾਅਦ ਜੇਕਰ ਜ਼ੇਰ ਨਹੀਂ ਡਿੱਗਦੀ ਤਾਂ ਕੀ ਹੱਥ ਨਾਲ ਕੱਢਣੀ ਸਹੀ ਹੈ?
ਜਵਾਬ: ਉਂਜ ਤਾਂ ਪਸ਼ੂ ਸੂਣ ਦੇ ਕੁਝ ਘੰਟਿਆਂ ਬਾਅਦ ਹੀ ਜ਼ੇਰ ਸੁੱਟ ਦਿੰਦਾ ਹੈ ਕਈ ਵਾਰ ਪਸ਼ੂ ਨਿਰਧਾਰਤ ਸਮੇਂ ’ਚ ਅਜਿਹਾ ਨਹੀਂ ਕਰਦਾ ਤਾਂ 24 ਘੰਟਿਆਂ ਤੱਕ ਉਡੀਕ ਜ਼ਰੂਰ ਕਰੋ ਫਿਰ ਵੀ ਜੇਕਰ ਜੇਰ ਨਹੀਂ ਡਿੱਗਦੀ ਤਾਂ ਮਾਹਿਰ ਡਾਕਟਰ ਤੋਂ ਪਹਿਲਾਂ ਸਲਾਹ ਅਤੇ ਇਲਾਜ ਜ਼ਰੂਰ ਲਓ ਜ਼ਿਆਦਾਤਰ ਕੇਸਾਂ ’ਚ ਅਸੀਂ ਪਸ਼ੂ ’ਚ ਦਵਾਈ ਵਗੈਰਾ ਰੱਖ ਦਿੰਦੇ ਹਾਂ ਜਿਸ ਨਾਲ ਜੇਰ ਆਪਣੇ-ਆਪ ਹੀ ਨਿੱਕਲ ਜਾਂਦੀ ਹੈ ਯਾਦ ਰਹੇ ਹੱਥ ਨਾਲ ਜੇਰ ਕਢਵਾਉਣਾ ਅਖੀਰਲਾ ਵਿਕਲਪ ਹੋਣਾ ਚਾਹੀਦਾ ਹੈ ਇਸ ਪ੍ਰਕਿਰਿਆ ’ਚ ਸਾਵਧਾਨੀ ਵਰਤੋ ਅਤੇ ਪਸ਼ੂ ਦੇ ਗਰਭ ’ਚ ਹੱਥ ਪਾਉਂਦੇ ਸਮੇਂ ਸਫਾਈ ਦਾ ਖਾਸ ਧਿਆਨ ਰੱਖੋ ਜ਼ਰਾ ਜਿਹੀ ਵੀ ਲਾਪਰਵਾਹੀ ਪਸ਼ੂ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ ਜੇਰ ਜੇਕਰ ਪਸ਼ੂ ਦੇ ਅੰਦਰ ਪਈ ਹੈ ਤਾਂ ਕੋਈ ਦਿੱਕਤ ਨਹੀਂ, ਉਹ ਹੌਲੀ-ਹੌਲੀ ਆਪਣੇ-ਆਪ ਬਾਹਰ ਆ ਜਾਂਦੀ ਹੈ ਪਰ ਜਦੋਂ ਬਾਹਰ ਲਟਕਦੀ ਹੈ ਤਾਂ ਪਸ਼ੂ ਦੇ ਬੈਠਣ ’ਤੇ ਜ਼ੇਰ ’ਤੇ ਮਿੱਟੀ ਜਾਂ ਗੋਹਾ ਵਗੈਰਾ ਲੱਗ ਜਾਂਦਾ ਹੈ ਫਿਰ ਜਦੋਂ ਪਸ਼ੂ ਖੜ੍ਹਾ ਹੁੰਦਾ ਹੈ ਤਾਂ ਜੇਰ ਅੰਦਰ ਜਾਣ ’ਤੇ ਗਰਭ ’ਚ ਸੰਕਰਮਣ ਹੋ ਜਾਂਦਾ ਹੈ
ਸਵਾਲ: ਇੱਕ ਦੁਧਾਰੂ ਪਸ਼ੂ ਦੀ ਨਿਯਮਿਤ ਖੁਰਾਕ ਕਿਹੋ-ਜਿਹੀ ਅਤੇ ਕਿੰਨੀ ਹੋਣੀ ਚਾਹੀਦੀ ਹੈ?
ਜਵਾਬ: ਪਸ਼ੂ ਦੀ ਖੁਰਾਕ ਦੀ ਮਾਤਰਾ ਉਸਦੇ ਸਰੀਰ ਦੇ ਵਜ਼ਨ ’ਤੇ ਨਿਰਭਰ ਕਰਦੀ ਹੈ ਬੱਚੇ, ਦੁਧਾਰੂ ਪਸ਼ੂ ਅਤੇ ਗੱਭਣ ਪਸ਼ੂ ਦੀ ਅਲੱਗ-ਅਲੱਗ ਖੁਰਾਕ ਹੁੰਦੀ ਹੈ ਅਜਿਹਾ ਨਹੀਂ ਹੈ ਕਿ ਜ਼ਿਆਦਾ ਖੁਰਾਕ ਦੇਣ ਨਾਲ ਪਸ਼ੂ ਜ਼ਿਆਦਾ ਦੁੱਧ ਦੇਵੇਗਾ ਸਾਨੂੰ ਸਹੀ ਖੁਰਾਕ ਦੇ ਨਾਲ-ਨਾਲ ਪਸ਼ੂਆਂ ਦੇ ਡਾਕਟਰ ਤੋਂ ਸਲਾਹ ਲੈ ਕੇ ਪਸ਼ੂ ਨੂੰ ਖਣਿੱਜ ਲਵਣ ਵੀ ਦਿੰਦੇ ਰਹਿਣਾ ਚਾਹੀਦਾ ਹੈ
ਸਵਾਲ: ਕੀ ਟੀਕਾਕਰਨ ਨਾਲ ਪਸ਼ੂ ਦੀ ਦੁੱਧ ਸਮਰੱਥਾ ਅਤੇ ਸਿਹਤ ’ਤੇ ਕੋਈ ਅਸਰ ਪੈਂਦਾ ਹੈ? ਕੀ ਇਸ ਨਾਲ ਗਰਭਪਾਤ ਵੀ ਹੋ ਸਕਦਾ ਹੈ?
ਜਵਾਬ: ਵਿਭਾਗ ਵੱਲੋਂ ਸਾਲ ’ਚ 2 ਵਾਰ ਪਸ਼ੂਆਂ ਨੂੰ ਮੂੰਹਖੁਰ ਅਤੇ ਗਲਘੋਟੂ ਦਾ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ ਹਾਂ, ਅਜਿਹਾ ਹੁੰਦਾ ਹੈ ਕਿ ਲੋਕ ਪਸ਼ੂਆਂ ਦਾ ਟੀਕਾਕਰਨ ਕਰਵਾਉਣ ਤੋਂ ਬਚਦੇ ਹਨ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਪਸ਼ੂ ਦੇ ਦੁੱਧ ਉਤਪਾਦਨ ’ਤੇ ਅਸਰ ਪਵੇਗਾ ਤੇ ਗੱਭਣ ਪਸ਼ੂ ਦਾ ਗਰਭਪਾਤ ਹੋ ਜਾਵੇਗਾ ਜਿੱਥੋਂ ਤੱਕ ਗਰਭਪਾਤ ਦਾ ਸਵਾਲ ਹੈ ਵਿਭਾਗ ਇਸ ’ਤੇ ਪਹਿਲਾਂ ਹੀ ਸੁਚੇਤ ਹੈ ਬਕਾਇਦਾ ਹਿਦਾਇਤ ਵੀ ਹੈ ਕਿ ਜੇਕਰ ਕੋਈ ਪਸ਼ੂ 7 ਮਹੀਨੇ ਤੋਂ ਉੱਪਰ ਦਾ ਗੱਭਣ ਹੈ ਤਾਂ ਉਸਦਾ ਟੀਕਾਕਰਨ ਨਹੀਂ ਕੀਤਾ ਜਾਂਦਾ ਕਈ ਵਾਰ ਪਸ਼ੂ ਨੂੰ ਟੀਕਾਕਰਨ ਨਾਲ ਬੁਖਾਰ ਹੋ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਉਹ ਖਾਣਾ-ਪੀਣਾ ਘੱਟ ਕਰ ਦਿੰਦਾ ਹੈ ਜਿਸ ਨਾਲ ਦੁੱਧ ਉਤਪਾਦਨ ’ਤੇ ਕੁਝ ਅਸਰ ਪੈ ਜਾਂਦਾ ਹੈ ਅਜਿਹੀ ਹਾਲਤ ’ਚ ਡਾਕਟਰੀ ਸਲਾਹ ਲੈ ਕੇ ਪਸ਼ੂ ਨੂੰ ਬੁਖਾਰ ਅਤੇ ਭੁੱਖ ਵਧਾਉਣ ਦੀ ਦਵਾਈ ਦਿਓ ਜਿਸ ਨਾਲ ਦੁੱਧ ਉਤਪਾਦਨ ਫਿਰ ਤੋਂ ਆਮ ਹੋ ਜਾਵੇਗਾ
ਸਵਾਲ: ਨਸਲ ਸੁਧਾਰ ਕੀ ਹੈ ਅਤੇ ਇਸ ਦੀ ਪੂਰੀ ਪ੍ਰਕਿਰਿਆ ਕੀ ਹੈ?
ਜਵਾਬ: ਨਸਲ ਸੁਧਾਰ ਇੱਕ ਨਿਰੰਤਰ ਪ੍ਰਕਿਰਿਆ ਹੈ ਜਦੋਂ ਅਸੀਂ ਦੇਸੀ ਗਾਂ ਨੂੰ ਮੇਲ ਪਸ਼ੂ ਦਾ ਸੀਮਨ ਲਾਉਂਦੇ ਹਾਂ ਤਾਂ ਪਹਿਲੀ ਵਾਰ 50 ਫੀਸਦੀ, ਦੂਜੀ ਵਾਰ 75 ਫੀਸਦੀ ਅਤੇ ਤੀਜੀ ਵਾਰ 87 ਫੀਸਦੀ ਏਦਾਂ ਇੱਕ ਨਿਰੰਤਰ ਪ੍ਰਕਿਰਿਆ ਹੈ ਇਹ ਪ੍ਰਕਿਰਿਆ ਉਦੋਂ ਹੁੰਦੀ ਹੈ, ਅਜਿਹਾ ਨਹੀਂ ਕਿ ਉਸੇ ਪਸ਼ੂ ਨੂੰ ਵਾਰ-ਵਾਰ ਟੀਕਾ ਲਾਉਣ ਨਾਲ ਹੋਵੇਗੀ ਪਸ਼ੂ ਜਦੋਂ ਪਹਿਲੀ ਵਾਰ ਸੂੰਦਾ ਹੈ ਤਾਂ ਮੰਨ ਲਓ ਉਸ ਨੂੰ ਵੱਛੀ ਹੋਈ ਵੱਛੀ ਜਦੋਂ ਗੱਭਣ ਹੋਈ ਤਾਂ ਉਸਨੂੰ ਜਦੋਂ ਟੀਕਾ ਲਾਇਆ ਜਾਂਦਾ ਹੈ ਤਾਂ ਉਦੋਂ ਉਹ 75 ਪ੍ਰਤੀਸ਼ਤ ਵਧੇਗੀ ਅੱਗੇ ਉਸਦੀ ਵੱਛੀ ਨੂੰ ਟੀਕਾ ਲਾਇਆ ਜਾਂਦਾ ਹੈ ਤਾਂ ਫਿਰ ਉਹ 87 ਪ੍ਰਤੀਸ਼ਤ ਵਧੇਗੀ ਇਹ ਇੱਕ ਚੰਗੀ ਪ੍ਰਕਿਰਿਆ ਹੈ ਪਸ਼ੂਪਾਲਕ ਨੂੰ ਚਾਹੀਦੈ ਕਿ ਉਹ ਉਡੀਕ ਵੀ ਕਰੇ -ਰਾਜੂ, ਔਢਾਂ