Personality ਵਿਅਕਤੀਤਵ ਨੂੰ ਬਣਾਓ ਆਕਰਸ਼ਕ
ਵਿਅਕਤੀ ਦੇ ਵਿਅਕਤੀਤਵ ਦੀ ਪਹਿਚਾਣ ਉਸਦੇ ਗੱਲ ਕਰਨ ਦੇ ਢੰਗ ਤੋਂ ਹੁੰਦੀ ਹੈ ਤੁਸੀਂ ਕਿਸੇ ਨਾਲ ਚੰਗੇ ਢੰਗ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਉਸਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹੋ ਭਾਵੇਂ ਤੁਹਾਡਾ ਰੰਗ-ਰੂਪ ਕਿਹੋ-ਜਿਹਾ ਵੀ ਕਿਉਂ ਨਾ ਹੋਵੇ ਤੁਹਾਡੇ ਗੱਲ ਕਰਨ ਦਾ ਢੰਗ ਅਜਿਹਾ ਹੋਣਾ ਚਾਹੀਦੈ ਕਿ ਤੁਹਾਡੇ ਨਾਲ ਜੋ ਵਿਅਕਤੀ ਗੱਲ ਕਰ ਰਿਹਾ ਹੈ, ਉਹ ਤੁਹਾਡੀਆਂ ਗੱਲਾਂ ਸੁਣਨ ਲਈ ਮਜ਼ਬੂਰ ਹੋ ਜਾਵੇ
ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਜਿਸ ਵਿਸ਼ੇ ’ਤੇ ਬੋਲੋ, ਉਸ ਵਿਸ਼ੇ ’ਤੇ ਤੁਹਾਡੀ ਪੂਰੀ ਪਕੜ ਹੋਣੀ ਚਾਹੀਦੀ ਹੈ ਜਿਸ ਵਿਸ਼ੇ ਦਾ ਤੁਹਾਡਾ ਗਿਆਨ ਨਾ ਹੋਵੇ, ਉਸ ਵਿਸ਼ਿਆਂ ’ਤੇ ਮਿੱਥਿਆ ਬੋਲਣ ਦੀ ਬਜਾਏ ਚੁੱਪ ਰਹਿਣਾ ਹੀ ਠੀਕ ਹੁੰਦਾ ਹੈ।
ਤੁਸੀਂ ਵੀ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖ ਕੇ ਆਪਣੇ ਵਿਅਕਤੀਤਵ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹੋ। Personality
- ਗੱਲ ਕਰਦੇ ਸਮੇਂ ਹਮੇਸ਼ਾ ਸੋਚ-ਸਮਝ ਕੇ ਹੀ ਗੱਲ ਕਰੋ ਸਾਹਮਣੇ ਵਾਲੇ ਵਿਅਕਤੀ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਨ ਦਾ ਯਤਨ ਕਰੋ।
- ਕਦੇ ਵੀ ਝੂਠ ਬੋਲ ਕੇ ਦੂਜੇ ’ਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਨਾ ਕਰੋ ਜੇਕਰ ਕਿਸੇ ਚੀਜ਼ ਬਾਰੇ ਪਤਾ ਨਾ ਹੋਵੇ ਤਾਂ ਉਸ ’ਤੇ ਬੋਲਣ ਦੀ ਬਜ਼ਾਏ ਧਿਆਨ ਨਾਲ ਸੁਣਨਾ ਸਹੀ ਹੁੰਦਾ ਹੈ।
- ਦੂਜਿਆਂ ਦੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਸੁਣਨ ਤੋਂ ਬਾਅਦ ਹੀ ਉਸਦਾ ਜਵਾਬ ਦੇਣਾ ਚਾਹੀਦੈ ਅਤੇ ਆਪਣੀ ਆਵਾਜ਼ ਨੂੰ ਕੌੜੀ ਨਾ ਬਣਾ ਕੇ ਨਰਮ ਬਣਾ ਕੇ ਹੀ ਰੱਖੋ।
- ਜਿਸ ਵਿਸ਼ੇ ’ਤੇ ਤੁਸੀਂ ਬੋਲੋ, ਉਸ ’ਤੇ ਤੁਹਾਡਾ ਪੂਰਾ ਅਧਿਕਾਰ ਹੋਣਾ ਚਾਹੀਦੈ ਆਪਣੀ ਗਲਤੀ ਨੂੰ ਸਹੀ ਕਰਨ ਦੀ ਕੋਸ਼ਿਸ਼ ਨਾ ਕਰੋ।
- ਬੋਲਦੇ ਸਮੇਂ ਆਪਣੇ ਪੱਧਰ ਦਾ ਧਿਆਨ ਜ਼ਰੂਰ ਰੱਖੋ ਵੱਡਿਆਂ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਲਈ ਸਨਮਾਨਜਨਕ ਸ਼ਬਦਾਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਸੁਣਨ ਵਾਲੇ ਦੀ ਰੁਚੀ ਦੇ ਅਨੁਸਾਰ ਹੀ ਬੋਲੋ।
- ਆਪਣੇ ਤੋਂ ਛੋਟਿਆਂ ਨਾਲ ਗੱਲ ਕਰਦੇ ਸਮੇਂ ਉਨ੍ਹਾਂ ਨਾਲ ਸੀਮਤ ਗੱਲਾਂ ਹੀ ਕਰੋ ਜੇਕਰ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਗੱਲ ਕਰੋਗੇ ਤਾਂ ਹੋ ਸਕਦਾ ਹੈ ਕਿ ਉਹ ਤੁਹਾਡੀਆਂ ਗੱਲਾਂ ’ਤੇ ਧਿਆਨ ਨਾ ਦੇਣ ਅਤੇ ਤੁਹਾਡਾ ਮਜ਼ਾਕ ਉਡਾਉਣਾ ਸ਼ੁਰੂ ਕਰ ਦੇਣ।
- ਬੋਲਦੇ ਸਮੇਂ ਜ਼ਿਆਦਾ ਹਿੱਲੋ-ਜੁੱਲੋ ਨਾ ਅਤੇ ਨਾ ਹੀ ਹੱਥਾਂ ਨੂੰ ਹਿਲਾਓ ਬੋਲਦੇ ਸਮੇਂ ਮੂੰਹ ’ਚੋਂ ਥੁੱਕ ਨਾ ਕੱਢੋ, ਇਸਦਾ ਧਿਆਨ ਜ਼ਰੂਰ ਹੀ ਰੱਖਣਾ ਚਾਹੀਦੈ।
- ਕਿਸੇ ਵੀ ਮਹਿਫਿਲ ’ਚ ਕਿਸੇ ’ਤੇ ਕੋਈ ਇਸ ਤਰ੍ਹਾਂ ਦਾ ਕੁਮੈਂਟ ਨਾ ਕਰੋ ਜਿਸ ਨਾਲ ਉਸ ਵਿਅਕਤੀ ਦਾ ਅਪਮਾਨ ਹੋਵੇ ਦੂਜੇ ਵਿਅਕਤੀ ਦੇ ਕੱਪੜਿਆਂ, ਰੰਗ-ਰੂਪ ਜਾਂ ਹਾਵ-ਭਾਵ ’ਤੇ ਟਿੱਪਣੀ ਨਾ ਕਰੋ।
- ਕਿਸੇ ਦੀ ਬੁਰਾਈ ਕਰਨ ਤੋਂ ਪਰਹੇਜ਼ ਕਰੋ ਜੇਕਰ ਕੋਈ ਕਿਸੇ ਦੀ ਬੁਰਾਈ ਕਰ ਰਿਹਾ ਹੋਵੇ ਤਾਂ ਮੁਆਫੀ ਮੰਗਦੇ ਹੋਏ ਜਾਂ ਤਾਂ ਉੱਥੋਂ ਹਟ ਜਾਓ ਜਾਂ ਫਿਰ ਚੁੱਪਚਾਪ ਸੁਣਦੇ ਰਹੋ।
- ਜੇਕਰ ਦੂਜੇ ਵਿਅਕਤੀ ਨਾਲ ਗੱਲਾਂ ਕਰਦੇ ਸਮੇਂ ਕੋਈ ਗਲਤ ਗੱਲ ਮੂੰਹ ’ਚੋਂ ਨਿੱਕਲ ਜਾਂਦੀ ਹੈ ਤਾਂ ਉਸ ਗੱਲ ਨੂੰ ਲੈ ਕੇ ਉਸਦਾ ਮਜ਼ਾਕ ਨਾ ਉਡਾਓ ਅਤੇ ਨਾ ਹੀ ਉਸਨੂੰ ਵਿਚਾਲੇ ਟੋਕੋ ਤੁਹਾਡੇ ਅਜਿਹਾ ਕਰਨ ਨਾਲ ਸਾਹਮਣੇ ਵਾਲਾ ਵਿਅਕਤੀ ਤੁਹਾਨੂੰ ਸਨਮਾਨ ਨਾਲ ਦੇਖੇਗਾ।
- ਬੱਚਿਆਂ ਸਾਹਮਣੇ ਵੱਡਿਆਂ ਲਈ ਅਪਸ਼ਬਦ ਨਾ ਬੋਲੋ ਬੱਚਿਆਂ ਨੂੰ ਸਭ ਨਾਲ ਸਨਮਾਨਪੂਰਵਕ ਬੋਲਣ ਅਤੇ ਪ੍ਰਣਾਮ ਕਰਨ ਦੀ ਆਦਤ ਪਾਓ।
- ਜੇਕਰ ਦੋ ਵਿਅਕਤੀ ਆਪਸ ’ਚ ਗੱਲ ਕਰ ਰਹੇ ਹੋਣ ਤਾਂ ਬਿਨਾਂ ਮੰਗੇ ਆਪਣੀ ਸਲਾਹ ਨਾ ਦਿਓ ਅਤੇ ਆਪਣੇ ਘਰ ਦੀਆਂ ਬੁਰਾਈਆਂ ਦਾ ਜ਼ਿਕਰ ਵੀ ਹਿਤੈਸ਼ੀ ਜਾਣ ਕੇ ਦੂਜਿਆਂ ਨਾਲ ਨਾ ਕਰੋ।
- ਪਹਿਲੀ ਵਾਰ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਸੰਯਮ ਨਾਲ ਗੱਲ ਕਰੋ ਅਤੇ ਸ਼ਾਲੀਨਤਾ ਦਾ ਧਿਆਨ ਜ਼ਰੂਰ ਰੱਖੋ ਹਰ ਗੱਲ ’ਤੇ ਠਹਾਕਾ ਲਾ ਕੇ ਨਾ ਹੱਸੋ ਅਤੇ ਜਨਤਕ ਥਾਂ ਦਾ ਵੀ ਧਿਆਨ ਰੱਖੋ।
- ਕਿਸੇ ਬਾਰੇ ਕੋਈ ਗਲਤ ਗੱਲ ਨਾ ਕਰੋ ਜੇਕਰ ਇਹ ਗੱਲ ਉਸਦੇ ਕੰਨਾਂ ਤੱਕ ਪਹੁੰਚ ਗਈ ਤਾਂ ਉਸਦੀਆਂ ਨਜ਼ਰਾਂ ’ਚ ਤੁਹਾਡੇ ਲਈ ਸਨਮਾਨ ਘੱਟ ਹੋ ਜਾਵੇਗਾ।
- ਜੇਕਰ ਤੁਹਾਡੇ ’ਚ ਅਜਿਹੀ ਕੋਈ ਆਦਤ ਹੈ, ਜਿਸ ਬਾਰੇ ਘਰ ਦੇ ਮੈਂਬਰ ਵੀ ਤੁਹਾਨੂੰ ਕਈ ਵਾਰ ਟੋਕ ਚੁੱਕੇ ਹੋਣ ਤਾਂ ਅਜਿਹੀ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰੋ।
- ਵਧਦੀ ਆਬਾਦੀ ਕਾਰਨ ਮਕਾਨ ਵੀ ਆਮ ਤੌਰ ’ਤੇ ਕੋਲ-ਕੋਲ ਅਤੇ ਉੱਪਰ-ਹੇਠਾਂ ਹੁੰਦੇ ਹਨ ਅਜਿਹੇ ’ਚ ਜਿੱਥੋਂ ਤੱਕ ਸੰਭਵ ਹੋਵੇ, ਹੌਲੀ-ਹੌਲੀ ਹੀ ਬੋਲੋ ਜਿਸ ਨਾਲ ਤੁਹਾਡੇ ਨਾਲ ਦੇ ਘਰਾਂ ਤੱਕ ਤੁਹਾਡੀ ਆਵਾਜ਼ ਨਾ ਪਹੁੰਚੇ ਅਤੇ ਉਨ੍ਹਾਂ ਨੂੰ ਤੁਹਾਡੇ ਤੋਂ ਕੋਈ ਅਸੁਵਿਧਾ ਨਾ ਹੋਵੇ ਆਪਣੇ ਘਰ ਦੇ ਟੀ.ਵੀ. ਜਾਂ ਹੋਰ ਸੰਗੀਤ ਯੰਤਰਾਂ ਦੀ ਆਵਾਜ਼ ਨੂੰ ਵੀ ਹੌਲੀ ਹੀ ਰੱਖਣਾ ਚਾਹੀਦੈ।
-ਪੂਨਮ ਦਿਨਕਰ