Experiences of Satsangis

ਕਰ ਦਿੱਤਾ ਜੀਵਨ ਨੂੰ ਸਾਰਥਕ -ਸਤਿਸੰਗੀਆਂ ਦੇ ਅਨੁਭਵ -ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ

ਕਾਫੀ ਪੁਰਾਣੇ ਅਤੇ ਬਜ਼ੁਰਗ ਪ੍ਰੇਮੀ ਨਿਰੰਜਨ ਸਿੰਘ ਜੀ ਉਰਫ ਹਾਥੀ ਰਾਮ ਸਪੁੱਤਰ ਸਚਖੰਡਵਾਸੀ ਪ੍ਰੇਮੀ ਮੱਖਣ ਸਿੰਘ ਜੀ ਸ਼ੇਰਗਿੱਲ ਵਾਸੀ ਪਿੰਡ ਕਰੀਵਾਲਾ ਜ਼ਿਲ੍ਹਾ ਸਰਸਾ (ਹਰਿਆਣਾ)

ਪ੍ਰੇਮੀ ਜੀ ਆਪਣੇ ਪੂਜਨੀਕ ਖੁਦ-ਖੁਦਾ ਇਸਰਾਰ, ਰਾਮ-ਨਾਮ ਦੇ ਸ਼ਾਹੂਕਾਰ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਬੇਪਰਵਾਹ ਮਸਤਾਨਾ ਜੀ ਬਿਲੋਚਿਸਤਾਨੀ ਦੀਆਂ ਆਪਣੇ ’ਤੇ ਹੋਈਆਂ ਬੇਅੰਤ ਅਪਾਰ ਰਹਿਮਤਾਂ ਦਾ ਵਰਣਨ ਕਰਦੇ ਹੋਏ ਲਿਖਤ ਰੂਪ ’ਚ ਦੱਸਦੇ ਹਨ ਕਿ ਬੇਪਰਵਾਹ ਸੱਚੇ ਪਾਤਸ਼ਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੀ ਵਿਸ਼ੇਸ਼ ਦਇਆ-ਮਿਹਰ ਬਖ਼ਸ਼ ਕੇ ਇਸ ਬੇਹੱਦ ਪਾਪੀ ਗੁਨਾਹਗਾਰ ਤੇ ਚੋਰ ਲੁਟੇਰੇ ਨੂੰ (ਭਾਵ ਮੈਨੂੰ) ਆਪਣੀ ਸ਼ਰਨ ’ਚ ਲੈ ਕੇ ਮੇਰੇ ਜੀਵਨ ਨੂੰ ਸਚਮੁੱਚ ਹੀ ਸਾਰਥਕ ਕਰ ਦਿੱਤਾ ਹੈ

ਪ੍ਰੇਮੀ ਜੀ ਦੱਸਦੇ ਹਨ ਕਿ ਭਾਰਤ-ਪਾਕ ਬਟਵਾਰਾ ਹੋਣ ਤੋਂ ਬਾਅਦ ਸਾਨੂੰ ਇੱਧਰ ਕਾਫੀ ਜ਼ਿਆਦਾ ਜ਼ਮੀਨ ਅਲਾਟ ਹੋਈ ਸੀ ਘਰ ’ਚ ਧਨ, ਮਾਲ ਆਦਿ ਹਰ ਸਮਾਨ ਸੀ, ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਉੱਧਰ ਮੇਰੇ ਸਹੁਰਾ ਪਰਿਵਾਰ ਵੀ ਕਾਫੀ ਅਮੀਰ ਘਰਾਣਾ ਸੀ ਆਪਣੀ ਕਮੀ ਕੋਈ ਆਦਮੀ ਕਦੇ ਦੱਸਦਾ ਨਹੀਂ ਹੈ, ਪਰ ਜਦੋਂ ਮੈਨੂੰ ਸੱਚੇ ਦਾਤਾਰ ਜੀ ਨੇ ਆਪਣੀ ਸ਼ਰਨ ’ਚ ਲੈ ਲਿਆ ਹੈ, ਤਾਂ ਮੈਂ ਆਪਣੀਆਂ ਬੁਰਾਈਆਂ ਨੂੰ ਕਿਉਂ ਛੁਪਾਵਾਂ! ਉਨ੍ਹੀਂ ਦਿਨੀਂ, ਬੁਰੀ ਸੋਹਬਤ ਕਹੋ ਜਾਂ ਮੇਰੇ ਸੰਚਿਤ ਬੁਰੇ ਕਰਮ ਕਹੋ, ਮੈਨੂੰ ਚੋਰੀ-ਚਕਾਰੀ ਦੀ ਬੁਰੀ ਲਤ ਲੱਗ ਗਈ ਸੀ ਚੋਰੀ ਲਈ ਮੈਂ ਕੁਝ ਵੀ ਕਰ ਸਕਦਾ ਸੀ ਹੌਲੀ-ਹੌਲੀ ਮੇਰਾ ਸੰਗ ਵੱਡੇ-ਵੱਡੇ ਚੋਰਾਂ ਨਾਲ ਹੋ ਗਿਆ ਮੈਂ ਪੁਰਾਣਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਕੁਝ ਉਰਦੂ, ਅੰਗਰੇਜ਼ੀ ਲਿਖ ਪੜ੍ਹ ਲੈਂਦਾ ਹਾਂ ਉਂਜ ਵੀ ਮੈਂ ਪੂਰੇ ਠਾਠ-ਬਾਠ ਨਾਲ ਰਹਿੰਦਾ ਸੀ ਤਾਂ ਇਸ ਕਰਕੇ ਵੀ ਪੁਲਿਸ ਦੇ ਵੱਡੇ-ਵੱਡੇ ਅਫਸਰ ਮੈਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਹੱਥ ਮਿਲਾ ਕੇ ਮਿਲਿਆ ਕਰਦੇ ਸਨ

ਸੰਨ 1956 ’ਚ ਰਾਜਸਥਾਨ ਦੇ ਸੰਗਰੀਆ ਥਾਣੇ ’ਚ ਮੇਰੇ ਖਿਲਾਫ ਚੋਰੀ ਦਾ ਕੇਸ ਦਰਜ ਹੋ ਗਿਆ ਸੀ ਇਹ ਮੰਨ ਲਓ ਕਿ ਸਤਿਗੁੁਰੂ ਦਾਤਾ ਜੀ ਨੇ ਮੈਨੂੰ ਆਪਣੀ ਸ਼ਰਨ ’ਚ ਲੈਣਾ ਸੀ, ਸ਼ਾਇਦ ਇਸੇ ਲਈ ਮੈਂ ਪੁਲਿਸ ਦੇ ਹੱਥ ਨਹੀਂ ਲੱਗ ਪਾ ਰਿਹਾ ਸੀ ਪੁਲਿਸ ਰਾਤ-ਦਿਨ ਮੇਰੇ ਪਿੱਛੇ ਹੀ ਲੱਗੀ ਹੋਈ ਸੀ ਉਂਜ ਮੇਰਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਨਾਲ ਹੀ ਜੁੜਿਆ ਹੋਇਆ ਸੀ ਅਤੇ ਮੈਨੂੰ ਵੀ ਆਪਣੇ ਧਰਮ-ਈਸ਼ਟ ਪ੍ਰਤੀ ਬੇਹੱਦ ਆਸਥਾ ਸੀ ਇੱਕ ਵਾਰ ਰਾਤ ਨੂੰ ਸੌਂਦੇ ਸਮੇਂ ਮੈਂ ਆਪਣੇ ਅੰਤਰ-ਹਿਰਦੈ ਨਾਲ ਪਰਮਪਿਤਾ ਪਰਮਾਤਮਾ ਦੇ ਅੱਗੇ ਦੁਆ, ਇਹ ਪ੍ਰਾਰਥਨਾ ਕੀਤੀ ਕਿ ‘ਹੇ ਮਾਲਿਕ, ਜੇਕਰ ਤੂੰ ਇਸ ਦੁਨੀਆਂ ’ਚ ਹੈਂ, ਤਾਂ ਮੇਰੀ ਚੋਰੀ ਦੀ ਇਹ ਬੁਰੀ ਆਦਤ ਛੁੜਵਾ ਦੇ ਅਤੇ ਮੈਨੂੰ ਅਜਿਹਾ ਪੂਰਾ ਕੋਈ ਸੰਤ-ਸਤਿਗੁਰੂ ਮਿਲਾ ਦੇ ਜੋ ਮੇਰੇ ਪਾਪ-ਗੁਨਾਹਾਂ ਨੂੰ ਬਖ਼ਸ਼ ਕੇ ਮੈਨੂੰ ਪਾਕ-ਸਾਫ ਜੀਵਨ ਬਖਸ਼ੇੇ, ਮੇਰੇ ਜੀਵਨ ਤੇ ਜਨਮ ਨੂੰ ਸਾਰਥਕ ਕਰ ਦੇਵੇ ਤਾਂ ਮੈਂ ਉਸੇ ਨੂੰ ਹੀ ਆਪਣਾ ਖੁਦ-ਖੁਦਾ, ਸਤਿਗੁਰੂ ਮੰਨਾਂਗਾ

ਕੁਝ ਦਿਨਾਂ ਬਾਅਦ, ਉਸ ਰਾਤ ਜਦੋਂ ਮੈਂ ਕੁਝ ਅਰਧ ਜਾਗਰਤ ਅਵਸਥਾ ਵਿੱਚ ਸੀ, ਮੈਨੂੰ ਇੱਕ ਬਹੁਤ ਤੇਜ਼ ਰੋਸ਼ਨੀ ਦਿਖਾਈ ਦਿੱਤੀ ਉਸੇ ਰੋਸ਼ਨੀ ਦੇ ਅੰਦਰ ਤੋਂ ਹੀ ਮੈਨੂੰ ਪਰਮ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼-ਦੀਦਾਰ ਹੋਏ ਪੂਜਨੀਕ ਸਾਈਂ ਜੀ ਦੇ ਸਿਰ ਦੇ ਕੇਸ (ਵਾਲ) ਖੁੱਲ੍ਹੇ ਹੋਏ ਸਨ ਨੂਰੀ ਅੱਖਾਂ ’ਚ ਇਲਾਹੀ ਨੂਰ ਚਮਕ-ਦਮਕ ਰਿਹਾ ਸੀ ਪੂਜਨੀਕ ਸਤਿਗੁਰੂ ਜੀ ਸਾਧਾਰਨ ਸਫੈਦ ਕੁਰਤਾ-ਪਜਾਮਾ ਪਹਿਨੇ ਹੋਏ ਸਨ ਅੰਤਰਯਾਮੀ ਸਤਿਗੁਰੂ ਦਾਤਾਰ ਜੀ ਨੇ ਮੇਰੇ ’ਤੇ ਆਪਣੀ ਪਾਵਨ ਦਇਆ-ਦ੍ਰਿਸ਼ਟੀ ਪਾਉਂਦੇ ਹੋਏ ਬਚਨ ਫਰਮਾਇਆ ਕਿ ‘ਜਿੰਨੀ ਦੇਰ ਤੱਕ ਤੇਰਾ ਉਹ ਸੰਗਰੀਆ ਵਾਲਾ ਚੋਰੀ ਦਾ ਕੇਸ ਨਹੀਂ ਨਿਪਟਦਾ, ਓਨੀ ਦੇਰ ਤੱਕ ਤੈਨੂੰ ਪੂਰਾ ਸਤਿਗੁਰੂ ਨਹੀਂ ਮਿਲਦਾ’ ਐਨੇ ਬਚਨ ਕਹਿ ਕੇ ਸ਼ਹਿਨਸ਼ਾਹ ਸਾਈਂ ਜੀ ਅਗਲੇ ਪਲ ਹੀ ਅੱਖਾਂ ਤੋਂ ਓਝਲ (ਅਲੋਪ) ਹੋ ਗਏ ਪੂਜਨੀਕ ਸਾਈਂ ਜੀ ਦੇ ਇਸ ਤਰ੍ਹਾਂ ਰੂ-ਬ-ਰੂ ਮੈਂ ਕਦੇ ਪਹਿਲਾਂ ਦਰਸ਼ਨ ਨਹੀਂ ਕੀਤੇ ਸਨ ਹਾਂ, ਫੋਟੋ-ਸਵਰੂਪ ਪੂਜਨੀਕ ਬੇਪਰਵਾਹ ਜੀ ਦਾ ਮੈਂ ਇੱਕ-ਦੋ ਵਾਰ ਜ਼ਰੂਰ ਦੇਖਿਆ ਸੀ ਸੱਚੇ ਦਾਤਾਰ ਜੀ ਦੇ ਇਸ ਪ੍ਰਕਾਰ ਦਰਸ਼ਨ ਕਰਕੇ ਮੇਰੀ ਅੰਤਰ-ਆਤਮਾ ਇੱਕਦਮ ਪ੍ਰਸੰਨ ਹੋ ਉੱਠੀ ਅਤੇ ਮੈਨੂੰ ਬੜਾ ਆਨੰਦ ਆਇਆ, ਬੜੀ ਖੁਸ਼ੀ ਮਿਲੀ, ਜਿਸਦਾ ਮੈਂ ਵਰਣਨ ਕਰ ਨਹੀਂ ਸਕਦਾ

ਪੂਜਨੀਕ ਬੇਪਰਵਾਹ ਜੀ ਦੇ ਉਪਰੋਕਤ ਇਲਾਹੀ ਬਚਨਾਂ ਨੂੰ ਮੈਂ ਗੰਢ ਬੰਨ੍ਹ ਲਿਆ ਅਗਲੀ ਸਵੇਰ ਨੂੰ ਹੀ ਮੈਂ ਖੁਦ ਸੰਗਰੀਆ ਥਾਣੇ ’ਚ ਜਾ ਕੇ ਆਪਣਾ ਆਤਮ-ਸਮਰਪਣ ਕਰ ਦਿੱਤਾ ਮੇਰੇ ਇਸ ਵਿਵਹਾਰ ਤੋਂ ਪੁਲਿਸ ਦੇ ਅਧਿਕਾਰੀ ਬਹੁਤ ਪ੍ਰਭਾਵਿਤ ਹੋਏ ਉਨ੍ਹਾਂ ਨੇ ਮੇਰੇ ਨਾਲ ਬਹੁਤ ਵਧੀਆ ਸਲੂਕ ਕੀਤਾ ਮੈਂ ਹਵਾਲਾਤ ਵਿੱਚ ਬੰਦ ਸੀ ਉੱਥੇ ਮੇਰੀ ਮੁਲਾਕਾਤ ਪਿੰਡ ਭੁਕਰ ਦੇ ਇੱਕ ਭਲੇ ਇਨਸਾਨ ਹਰਪਤਰਾਮ ਨਾਲ ਹੋਈ ਉਸ ਇਨਸਾਨ ਨੇ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਦੀ ਉਪਮਾ, ਉਨ੍ਹਾਂ ਦੀ ਮਹਿਮਾ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ ਇਹਨੀਂ ਦਿਨੀਂ (ਆਪਣੇ ਦਰਬਾਰ) ਡੇਰਾ ਸੱਚਾ ਸੌਦਾ ‘ਸੱਚਾ ਸੌਦਾ ਬਾਗੜ’ ਪਿੰਡ ਕਿੱਕਰਾਂਵਾਲੀ (ਰਾਜਸਥਾਨ) ’ਚ ਹਨ ਉਸਨੇ ਇਹ ਵੀ ਦੱਸਿਆ ਕਿ ਸਾਈਂ ਜੀ ਪੂਰਨ ਸਤਿਗੁਰੂ, ਖੁਦ ਪਰਮਾਤਮਾ ਦਾ ਸਵਰੂਪ ਹਨ ਉਹ ਲੋਕਾਂ ਨੂੰ ਸੋਨਾ, ਚਾਂਦੀ, ਕੱਪੜੇ, ਕੰਬਲ, ਨੋਟ ਆਦਿ ਵੰਡਦੇ ਹਨ ਉਹ ਪੂਰੀ ਕਰਨੀ ਵਾਲੇ, ਪੂਰਨ ਰੂਹਾਨੀ ਫਕੀਰ ਹਨ ਉਹ ਹਰ ਕਿਸੇ ਦੀ ਜਾਇਜ਼ ਇੱਛਾ  ਪੂਰੀ ਕਰ ਦਿੰਦੇ ਹਨ

Also Read:  ਪੂਜੀਨਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 101ਵੇਂ ਪਵਿੱਤਰ ਅਵਤਾਰ ਦਿਵਸ 'ਤੇ ਵਿਸ਼ੇਸ਼

 ਉਸ ਭਾਈ ਦੀਆਂ ਗੱਲਾਂ ’ਚ ਮੈਨੂੰ ਕਾਫੀ ਹੱਦ ਤੱਕ ਸੱਚਾਈ ਮਹਿਸੂਸ ਹੋਈ ਮੈਂ ਉਸ ਦਿਨ ਪੂਜਨੀਕ ਸਤਿਗੁਰੂ ਸਾਈਂ ਮਸਤਾਨਾ ਜੀ ਮਹਾਰਾਜ ਦਾ ਆਪਣੇ ਅੰਤਰ ਵਿਖੇ ਧਿਆਨ ਕਰਕੇ ਉਨ੍ਹਾਂ ਦੇ ਪਵਿੱਤਰ ਚਰਨ-ਕਮਲਾਂ ’ਚ ਅਰਦਾਸ ਕੀਤੀ ਕਿ ‘ਸੱਚੇ ਸਤਿਗੁਰੂ ਜੀ, ਜੇਕਰ ਤੁਸੀਂ ਪੂਰੇ ਸਤਿਗੁਰੂ ਹੋ ਤਾਂ ਮੈਨੂੰ ਇਸ ਹਵਾਲਾਤ ਤੋਂ ਆਜ਼ਾਦ ਕਰਵਾ ਦਿਓ ਅਤੇ ਇਸੇ ਹਫਤੇ ਐਤਵਾਰ ਨੂੰ ਨਾਮ-ਸ਼ਬਦ ਦੇ ਕੇ ਮੈਨੂੰ ਆਪਣੀ ਸ਼ਰਨ ’ਚ ਲੈ ਲਓ ਜੀ’ ਸਤਿਗੁਰੂ ਬੜਾ ਡਾਹਢਾ ਹੈ ਮਾਲਕ ਦੀ ਅਜਿਹੀ ਮੌਜ ਹੋਈ ਕਿ ਸਰਵ-ਸਮਰੱਥ ਸਤਿਗੁਰੂ ਸਾਈਂ ਮਸਤਾਨਾ ਜੀ ਮਹਾਰਾਜ ਨੇ ਖੁਦ ਉੱਪਰ ਤੱਕ ਦੀ ਪਹੁੰਚ ਵਾਲੇ ਇੱਕ ਚੌਧਰੀ ਦਾ ਰੂਪ ਧਾਰਨ ਕੀਤਾ ਅਤੇ ਮੇਰਾ ਹਵਾਲਾਤ ਤੋਂ ਛੁਟਕਾਰਾ ਕਰਾ ਦਿੱਤਾ ਉਹ ਖੁਦ-ਖੁਦਾ ਮਸਤਾਨਾ ਜੀ ਮਹਾਰਾਜ ਆਪ ਹੀ ਸਨ ਉਨ੍ਹਾਂ ਨੇ ਮੇਰੇ ਦਿਲ ਦੀ ਸੱਚੀ ਅਰਦਾਸ ਨੂੰ ਪ੍ਰਵਾਨ ਕਰ ਲਿਆ ਸੀ ਮੈਂ ਸੱਚੇ ਮੁਰਸ਼ਿਦੇ-ਕਾਮਿਲ ਦੇ ਇਸ ਪਰਉਪਕਾਰ ਲਈ ਪੂਜਨੀਕ ਸਾਈਂ ਜੀ ਦਾ ਕੋਟਿ-ਕੋਟਿ ਸ਼ੁਕਰਾਨਾ, ਬਹੁਤ-ਬਹੁਤ ਦਿਲੋਂ ਧੰਨਵਾਦ ਕੀਤਾ

ਹਵਾਲਾਤ ਤੋਂ ਛੁਟਕਾਰਾ ਪਾ ਕੇ ਮੈਂ ਆਪਣਾ ਸਾਈਕਲ ਚੁੱਕਿਆ (ਮੇਰੇ ਕੋਲ ਉਨ੍ਹੀਂ ਦਿਨੀਂ ਇੱਕ ਪੁਰਾਣਾ ਜਿਹਾ ਸਾਈਕਲ ਸੀ) ਅਤੇ ਰੇਤਲੇ ਟਿੱਬਿਆਂ ਦੇ ਰਸਤਿਆਂ ਤੋਂ ਹੌਲੀ-ਹੌਲੀ ਚਲਦੇ ਹੋਏ ਪਿੰਡ ਕਿੱਕਰਾਂਵਾਲੀ ਦਰਬਾਰ ’ਚ ਪਹੁੰਚ ਗਿਆ ਦਰਬਾਰ ਦੇ ਚਾਰੇ ਪਾਸੇ ਉਸ ਸਮੇਂ ਕੰਡੇਦਾਰ ਝਾੜੀਆਂ ਦੀ ਉੱਚੀ ਬਾੜ ਬਣੀ ਹੋਈ ਸੀ ਮੇਨ ਗੇਟ ਤੋਂ ਅੰਦਰ ਜਾਣ ’ਤੇ ਮੈਨੂੰ ਉੱਥੇ ਮੌਜੂਦ ਸੇਵਾਦਾਰਾਂ ਨੇ ਦੱਸਿਆ ਕਿ ਸਾਈਂ ਜੀ ਕੁਝ ਦੇਰ ਪਹਿਲਾਂ ਹੀ ਅੰਦਰ ਕਮਰੇ (ਤੇਰਾਵਾਸ) ’ਚ ਚਲੇ ਗਏ ਹਨ ਅਤੇ ਹੋ ਸਕਦਾ ਹੈ ਥੋੜ੍ਹੀ ਦੇਰ ’ਚ ਬਾਹਰ ਆਉਣ ਸੇਵਾਦਾਰ ਨੇ ਮੈਨੂੰ ਉੱਥੇ ਇੱਕ ਤੰਬੂ ’ਚ ਬਿਠਾ ਕੇ ਚਾਹ ਪਿਆਈ ਅਤੇ ਆਰਾਮ ਕਰਨ ਲਈ ਕਿਹਾ ਕੁਝ ਦੇਰ ਬਾਅਦ ਜਦੋਂ ਪੂਜਨੀਕ ਬੇਪਰਵਾਹ ਜੀ ਬਾਹਰ ਆਏ ਤਾਂ ਮੈਂ ਵੀ ਆਸ਼ਰਮ ’ਚ ਮੌਜ਼ੂਦ ਹੋਰ ਸਾਧ-ਸੰਗਤ ਦੇ ਨਾਲ ਪੂਜਨੀਕ ਸਾਈਂ ਜੀ ਦੇ ਦਰਸ਼ਨ ਕੀਤੇ ਅਤੇ ਸ਼ਰਧਾ ਪੂਰਵਕ ਸਜਦਾ ਕੀਤਾ ਘਟ-ਘਟ ਦੀ ਜਾਣਨਹਾਰ ਪਿਆਰੇ ਸਤਿਗੁਰੂ ਜੀ ਨੇ ਪਵਿੱਤਰ ਮੁਖ ਤੋਂ ਫਰਮਾਇਆ, ‘ਬੱਲੇ-ਬੱਲੇ! ਵਾਹ-ਬਈ-ਵਾਹ!!’ ਸੱਚੇ ਦਾਤਾਰ ਦੇ ਨੂਰੀ ਦਰਸ਼ਨ ਕਰਕੇ ਅਤੇ ਅੰਮ੍ਰਿਤਵਾਣੀ ਸੁਣ ਕੇ ਮੈਨੂੰ ਆਪਣੇ ਆਪ ਦੀ ਵੀ ਸੁਧ ਨਹੀਂ ਰਹੀ ਸੀ, ਅਜਿਹਾ ਰੂਹਾਨੀ ਨਸ਼ਾ ਸਤਿਗੁਰੂ ਜੀ ਦੇ ਅੰਮ੍ਰਿਤ-ਬਚਨਾਂ ’ਚ ਭਰਿਆ ਹੋਇਆ ਸੀ

ਉਹ ਸਰਦੀ ਦੇ ਦਿਨ ਸਨ ਉਸ ਦਿਨ ਕਾਫੀ ਠੰਢ ਪੈ ਰਹੀ ਸੀ ਸੱਚੇ ਪਾਤਸ਼ਾਹ ਸਾਈਂ ਮਸਤਾਨਾ ਜੀ ਮਹਾਰਾਜ ਦਾਤਾ ਨੇ ਮੌਕੇ ’ਤੇ ਮੌਜੂਦ ਇੱਕ ਜੀਐੱਸਐੱਮ ਸੇਵਾਦਾਰ ਭਾਈ ਨੂੰ ਫਰਮਾਇਆ, ‘ਭਾਈ, ਮੱਚ ਕਰ’ (ਅੱਗ ਬਾਲ) ਸਰਦੀ ਬਹੁਤ ਹੈ’ ਉਸ ਸੇਵਾਦਾਰ ਭਾਈ ਨੇ ਦੋ ਧੂਣੇ ਲਗਾ ਦਿੱਤੇ ਇੱਕ ਧੂਣੇ ’ਤੇ ਪਿੰਡ ਦੀ ਸੰਗਤ ਬੈਠ ਗਈ ਧੂਣੀ ਸੇਕਣ ਅਤੇ ਦੂਜੇ ’ਤੇ ਖੁਦ ਪੂਜਨੀਕ ਸਾਈਂ ਜੀ ਅਤੇ ਇੱਕ-ਦੋ ਸੇਵਾਦਾਰ ਸਨ ਸਾਈਂ ਜੀ ਨੇ ਮੈਨੂੰ ਵੀ ਉੱਥੇ ਧੂਣੀ ਸੇਂਕਣ ਨੂੰ ਕਿਹਾ ਇਸ ਤੋਂ ਬਾਅਦ ਉਸ ਸੇਵਾਦਾਰ ਭਾਈ ਨੇ ਪੂਜਨੀਕ ਬੇਪਰਵਾਹ ਜੀ ਦੇ ਹੁਕਮ ਅਨੁਸਾਰ ਦੋਵੇਂ ਧੂਣੀਆਂ ਦੇ ਅੰਗਾਰਿਆਂ ’ਤੇ ਦੋ ਵੱਡੇ-ਵੱਡੇ ਰੋਟ ਪੱਕਣ ਲਈ ਪਾ ਦਿੱਤੇ ਪੂਜਨੀਕ ਸਤਿਗੁਰੂ ਜੀ ਸੇਵਾਦਾਰਾਂ ਨੂੰ ਆਪਣੇ ਪਵਿੱਤਰ ਮੁੱਖ ਤੋਂ ਬਚਨ-ਬਲਾਸ ਕਰ ਰਹੇ ਸਨ

ਇਸ ਦਰਮਿਆਨ ਪੂਜਨੀਕ ਸ਼ਹਿਨਸ਼ਾਹ ਜੀ ਨੇ ਇੱਕ ਕਵੀਰਾਜ ਪ੍ਰੇਮੀ ਨੂੰ ਭਜਨ (ਸ਼ਬਦ) ਵੀ ਸੁਣਾਉਣ ਦਾ ਬਚਨ ਫਰਮਾਇਆ ਉਸ ਭਾਈ ਨੇ ਸਾਰੰਗੀ ’ਤੇ ਭਜਨ ਬੋਲਿਆ, ‘ਹੇ ਰੀ ਮੈਂ ਤੋ ਪੇ੍ਰਮ ਦੀਵਾਨੀ ਮੇਰਾ ਦਰਦ ਨਾ ਜਾਣੇ ਕੋਏ…. ਇਸ ਤੋਂ ਬਾਅਦ ਸਾਈਂ ਜੀ ਨੇ ਆਪਣੇ ਬਚਨਾਂ ’ਚ ਫਰਮਾਇਆ, ‘ਭਾਈ, ਮੀਰਾਂ ਕੋ ਕਿਆ ਕਮੀ ਥੀ! ਵਹ ਮਹਾਰਾਣੀ ਥੀ ਮਾਲਿਕ ਕੇ ਪ੍ਰੇਮ ਮੇਂ ਹੀ ਰੋਤੀ ਥੀ ਦੁਨੀਆਂ ਵਾਲੇ ਇਸ ਮੀਠੇ ਦਰਦ ਸੇ ਬੇਖਬਰ ਹੈਂ’’ ਉਪਰੰਤ ਪੂਜਨੀਕ ਸਾਈਂ ਜੀ ਨੇ ਸਾਰੀ ਸੰਗਤ ਨੂੰ ਰੋਟ ਦਾ ਪ੍ਰਸ਼ਾਦ ਖੁਆਇਆ

ਆਸ਼ਰਮ ’ਚ ਉਸ ਦਿਨ ਆਸ਼ਰਮ-ਨਿਰਮਾਣ (ਆਸ਼ਰਮ ਵਿਸਤਾਰ) ਦੇ ਅਧੀਨ ਤੇਰਾਵਾਸ ਅਤੇ ਇੱਕ ਰਸੋਈ (ਲੰਗਰ ਘਰ) ਦਾ ਨਿਰਮਾਣ-ਕਾਰਜ ਚੱਲ ਰਿਹਾ ਸੀ ਪਿੰਡ ਦੇ ਇੱਕ ਛੱਪੜ ਤੋਂ ਕੱਚੀਆਂ ਇੱਟਾਂ ਕੱਢਣ ਅਤੇ ਡੇਰੇ ’ਚ ਢੋਣ ਦੀ ਸੇਵਾ ਵੀ ਚੱਲ ਰਹੀ ਸੀ ਹੋਰ ਸਾਧ-ਸੰਗਤ ਦੇ ਨਾਲ ਮੈਂ ਵੀ ਇੱਟਾਂ ਢੋਣ ਦੀ ਸੇਵਾ ਵਿੱਚ ਲੱਗ ਗਿਆ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਇਆ ਕਿ ‘ਯੇਹ ਬਾਡੀ ਆਗ ਕੀ ਅਮਾਨਤ ਹੈ, ਸਾਧ-ਸੰਗਤ ਕੀ ਜਿਤਨੀ ਸੇਵਾ ਕਰ ਲੋ, ਵਹ ਹੀ ਬੰਦਗੀ ਹੈ’ ਉਪਰੰਤ ਸਾਰੀ ਸਾਧ-ਸੰਗਤ ਵਿੱਚ ਉਸ ਦਿਨ ਬਰਫੀ ਦਾ ਪ੍ਰਸ਼ਾਦ ਵੰਡਿਆਂ ਗਿਆ

Also Read:  ਬਣ ਆਏ ਬਣ ਆਏ ਦੇ ਲੀਡਰ

ਉਹ ਐਤਵਾਰ ਦਾ ਹੀ ਦਿਨ ਸੀ ਰਾਤ ਨੂੰ ਬਾਰ੍ਹਾਂ ਵਜੇ ਤੋਂ ਬਾਅਦ ਪੂਜਨੀਕ ਸ਼ਹਿਨਸ਼ਾਹ ਜੀ ਦੇ ਆਦੇਸ਼ ਅਨੁਸਾਰ ਨਾਮ-ਸ਼ਬਦ ਲੈਣ ਵਾਲੇ ਜੀਵਾਂ ਨੂੰ ਇਕੱਠਾ ਕੀਤਾ ਗਿਆ ਮੈਂ ਵੀ ਉਨ੍ਹਾਂ ਜੀਵਾਂ ’ਚ ਸ਼ਾਮਲ ਸੀ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ‘ਬਈ ਬੋਹੜ (ਬਰਗਦ) ਕਾ ਬੀਜ ਛੋਟਾ ਸਾ ਹੋਤਾ ਹੈ, ਪਰ ਦੇਖੋ, ਪੇੜ ਕਿਤਨਾ ਬੜਾ ਬਨਤਾ ਹੈ ਉਸੀ ਤਰਹ ਹੀ ਨਾਮ ਕੇ ਯੇ ਕੁਛ ਸ਼ਬਦ (ਭਾਵ ਪੰਜ-ਤਿੰਨ-ਇੱਕ) ਤੋਂ ਛੋਟੇ ਸੇ ਹੀ ਲਗਤੇ ਹੈਂ, ਪਰੰਤੂ ਦੁਨੀਆਂ ਕੀ ਕੁਲ ਤਾਕਤੇਂ ਇਸ ਕੇ ਵਸ਼ ਮੇਂ ਹੈਂ ਖੁਦ ਕਾਲ, ਮਹਾਂਕਾਲ ਵੀ ਇਸੀ ਨਾਮ ਕੇ ਸੇਵਾਦਾਰ ਹੈਂ ਮਨ ਔਰ ਮਾਇਆ ਭੀ ਇਸੀ ਨਾਮ ਕੇ ਕੰਟਰੌਲ ਮੇਂ ਹੈਂ ਜਿਉਂ-ਜਿਉਂ ਨਾਮ ਜਪੋਗੇ, ਜਿਉਂ ਜਿਉਂ ਅੰਦਰ ਆਪ ਯਾਨੀ ਆਪ ਕੀ ਆਤਮਾ ਕਾ ਪ੍ਰਵੇਸ਼ ਹੋਗਾ ਤੋ ਇਸਕਾ ਰੰਗ ਦੇਖਣਾ, ਬਈ ਕਿਆ ਰੰਗ ਲਾਤਾ ਹੈ!

ਗੁਫਾ (ਤੇਰਾਵਾਸ) ਅਤੇ ਰਸੋਈ ਦੀ ਚਿਨਾਈ ਦਾ ਕੰਮ ਪੂਰਾ ਹੋ ਗਿਆ ਸੀ ਉਸ ’ਤੇ ਛੱਤ ਪਾਉਣਾ ਬਾਕੀ ਸੀ ਅਗਲੇ ਦਿਨ ਛੱਤ ਦਾ ਸਮਾਨ ਲਿਆਉਣ ਲਈ ਪੂਜਨੀਕ ਸ਼ਹਿਨਸ਼ਾਹ ਜੀ ਨੇ ਆਪਣੇ ਸੇਵਾਦਾਰਾਂ ਦੇ ਨਾਲ ਮੈਨੂੰ ਵੀ ਭੇਜ ਦਿੱਤਾ ਸਮਾਨ ਨੌਹਰ ਤੋਂ ਲੈਣਾ ਸੀ ਨੌਹਰ ਪਹੁੰਚ ਕੇ ਮੈਨੂੰ ਆਪਣੇ ਘਰ ਦਾ ਖਿਆਲ ਆਇਆ ਮੈਂ ਇੱਕ ਚਿੱਠੀ ਲਿਖ ਕੇ ਘਰ ਭਿਜਵਾ ਦਿੱਤੀ ਕਿ ਮੈਨੂੰ ਪੂਰਾ ਸਤਿਗੁਰੂ ਮਿਲ ਗਿਆ ਹੈ ਮੇਰਾ ਘਰ ਵਾਲਿਆਂ ਨਾਲ ਰਿਸ਼ਤਾ ਖ਼ਤਮ ਹੈ

ਉਸ ਤੋਂ ਅਗਲੇ ਇੱਕ ਐਤਵਾਰ ਨੂੰ ਕਿੱਕਰਾਂਵਾਲੀ ਦਰਬਾਰ ’ਚ ਹੀ ਸਤਿਸੰਗ ਦੇ ਦੌਰਾਨ ਪੂਜਨੀਕ ਬੇਪਰਵਾਹ ਜੀ ਸੇਵਾਦਾਰਾਂ ਨੂੰ ਪ੍ਰੇਮ ਨਿਸ਼ਾਨੀਆਂ (ਦਾਤਾਂ) ਵੰਡ ਰਹੇ ਸਨ ਮੇਰੇ ਮਨ ਨੇ ਖਿਆਲ ਕੀਤਾ ਕਿ ਜੇਕਰ ਸਾਈਂ ਜੀ ਆਪਣੇ ਹੱਥਾਂ ਨਾਲ ਮੈਨੂੰ ਪਗੜੀ ਬੰਨ੍ਹਵਾਉਣ ਤਾਂ ਮੈਂ ਮੰਨਾਂ’ ਉੱਧਰ ਦੇਖਿਆ ਤਾਂ ਮੇਰਾ ਭਰਾ ਅਤੇ ਹੋਰ ਕਈ ਰਿਸ਼ਤੇਦਾਰ ਮੈਨੂੰ ਘਰ ਲਿਜਾਣ ਲਈ ਦਰਬਾਰ ’ਚ ਪਹੁੰਚ ਗਏ ਸਨ ਮੈਂ ਜਾਣਾ ਨਹੀਂ ਚਾਹੁੰਦਾ ਸੀ ਅਤੇ ਇਸ ਲਈ ਉਨ੍ਹਾਂ ਤੋਂ ਅੱਖ ਬਚਾ ਕੇ ਮੈਂ ਇੱਧਰ ਉੱਧਰ ਕਿਤੇ ਛੁੱਪ ਗਿਆ ਸੱਚੇ ਪਾਤਸ਼ਾਹ ਜੀ ਨੇ ਉਨ੍ਹਾਂ ਨੂੰ (ਮੇਰੇ ਉਨ੍ਹਾਂ ਸਬੰਧੀਆਂ ਨੂੰ) ਦੇਖ ਕੇ ਸੇਵਾਦਾਰਾਂ ਤੋਂ ਪੁੱਛਿਆ ਕਿ ਇਹ ਅਜਨਬੀ ਜਿਹੇ ਲੋਕ ਕੌਣ ਹਨ ਅਤੇ ਕਿਸ ਲਈ ਆਏ ਹਨ? ਸੇਵਾਦਾਰਾਂ ਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਸੀ, ਉਨ੍ਹਾਂ ਨੇ ਅਰਜ ਕੀਤੀ, ਸਾਈਂ ਜੀ, ਇਹ ਲੋਕ ਨਿਰੰਜਨ ਸਿੰਘ ਪ੍ਰੇਮੀ (ਹਾਥੀ ਰਾਮ) ਦੇ ਰਿਸ਼ਤੇਦਾਰ ਉਸਨੂੰ ਲੈਣ ਆਏ ਹਨ ਪੂਜਨੀਕ ਸ਼ਹਿਨਸ਼ਾਹ ਜੀ ਨੇ ਇੱਕ ਸੇਵਾਦਾਰ ਨੂੰ ਭੇਜ ਕੇ ਮੈਨੂੰ ਉੱਥੇ ਹੀ ਬੁਲਾ ਲਿਆ ਅਤੇ ਕੜਕਦੀ ਆਵਾਜ਼ ’ਚ ਆਦੇਸ਼ ਫਰਮਾਇਆ ਕਿ ਹੁਕਮ ਮਾਨ ਸੁਖ ਪਾਏਗਾ

ਔਰ ‘ਹੁਕਮ ਨਹੀਂ ਮਾਨੇਗਾ ਤੋ ਨਰਕੋਂ ਮੇਂ ਜਾਏਗਾ’ ਇਸਦੇ ਨਾਲ ਹੀ ਸ਼ਹਿਨਸ਼ਾਹ ਜੀ ਨੇ ਮੇਰਾ ਸਾਈਕਲ ਲਿਆਉਣ ਲਈ ਇੱਕ ਮੁੱਖ ਸੇਵਾਦਾਰ ਨੂੰ ਆਦੇਸ਼ ਕੀਤਾ ਅਤੇ ਉਸੇ ਸੇਵਾਦਾਰ ਤੋਂ ਹੀ ਇੱਕ ਨਵੀਂ ਪਗੜੀ ਵੀ ਮੰਗਵਾ ਲਈ ਪੂਜਨੀਕ ਸ਼ਹਿਨਸ਼ਾਹ ਜੀ ਨੇ ਮੇਰੇ ਮਨ ਦੀ ਇੱਛਾ ਨੂੰ ਜਾਣਦੇ ਹੋਏ ਪਗੜੀ ਦਾ ਇੱਕ ਸਿਰਾ ਆਪਣੇ ਪਵਿੱਤਰ ਕਰ-ਕਮਲਾਂ ’ਚ ਲੈ ਕੇ ਮੈਨੂੰ ਹੁਕਮ ਫਰਮਾਇਆ ਕਿ ‘ਲੇ ਪਗੜੀ ਬਾਂਧ’ ਅਤੇ ਇਸ ਤਰ੍ਹਾਂ ਮੈਨੂੰ ਖੁਦ ਪਗੜੀ ਬਨ੍ਹਵਾਈ ਪੂਜਨੀਕ ਸ਼ਹਿਨਸ਼ਾਹ ਜੀ ਨੇ ਮੇਰੇ ਵੱਲ ਆਪਣੀ ਉਂਗਲੀ ਦਾ ਇਸ਼ਾਰਾ ਕਰਕੇ ਬਚਨ ਫਰਮਾਇਆ, ‘‘ਅਬ ਬਤਾ, ਠੀਕ ਹੈ?’’ ਇਸ ਤਰ੍ਹਾਂ ਸਰਵ-ਸਮਰੱਥ ਸਤਿਗੁਰੂ ਪਿਆਰੇ ਨੇ ਮੇਰੇ ਭਰਮਾਂ ਦੀ ਉਹ ਪੀਡੀ ਗੰਢ ਨੂੰ ਕੱਟ (ਖੋਲ੍ਹ) ਕੇ ਮੈਨੂੰ ਸਦਾ-ਸਦਾ ਲਈ ਆਪਣਾ ਬਣਾ ਲਿਆ ਉਪਰੰਤ ਪੂਜਨੀਕ ਦਾਤਾ ਜੀ ਨੇ ਮੇਰੇ ਸਬੰਧੀਆਂ ਨੂੰ ਕਿਹਾ, ‘‘ਭਾਈ, ਲੈ ਜਾਓ, ਇਸੇ ਸਤਿਸੰਗ ਪਰ ਨ ਰੋਕਣਾ ਅਗਰ ਰੋਕੋਗੇ ਤੋ ਨੁਕਸਾਨ ਹੋਗਾ’’ ਮੇਰੇ ਲਈ ਬਚਨ ਕੀਤੇ, ਕਿ ‘ਤੇਰੇ ਨਾਲ ਬਹੁਤ ਰੂਹਾਂ ਆਉਣਗੀਆਂ’

ਕਿਸੇ ਮਹਾਤਮਾ ਨੇ ਠੀਕ ਹੀ ਲਿਖਿਆ ਹੈ:-

‘ਸੰਤ ਔਰ ਪਾਰਸ ਮੇਂ, ਬੜੋ ਅੰਤਰੋ ਜਾਨ
ਵਹ ਲੋਹਾ ਕੰਚਨ ਕਰੇ, ਵੋ ਕਰ ਲੇ ਆਪ ਸਮਾਨ

ਮੈਂ ਆਪਣੇ ਸਤਿਗੁਰੂ ਸੱਚੇ ਮੁਰਸ਼ਿਦੇ-ਕਾਮਿਲ ਦੀਆਂ ਅਪਾਰ ਰਹਿਮਤਾਂ ਦਾ ਬਦਲਾ ਕਦੇ ਚੁਕਾ ਹੀ ਨਹੀਂ ਸਕਦਾ ਕਿਵੇਂ ਗੁਨਾਹਾਂ ਨਾਲ ਭਰਿਆ ਮੇਰਾ ਗੰਦਾ ਜੀਵਨ ਸੀ ਜੋ ਦਿਆਲੂ ਸਤਿਗੁਰੂ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ (ਮੇਰੇ ’ਤੇ ਆਪਣਾ) ਤਰਸ ਕਮਾਇਆ ਅਤੇ ਨਾਮ-ਸ਼ਬਦ ਦੇ ਕੇ ਇਸ ਰੂਹ ਨੂੰ ਪਾਕ-ਸਾਫ ਕਰਕੇ ਹਮੇਸ਼ਾ ਲਈ ਆਪਣੇ ਪਵਿੱਤਰ ਚਰਨ-ਕਮਲਾਂ ਨਾਲ ਜੋੜ ਲਿਆ ਅਤੇ ਹਮੇਸ਼ਾ-ਹਮੇਸ਼ਾ ਲਈ ਆਪਣਾ ਬਣਾ ਲਿਆ

ਪੂਜਨੀਕ ਸਾਈਂ ਮਸਤਾਨਾ ਜੀ ਮਹਾਰਾਜ, ਸੱਚੇ ਸਤਿਗੁਰੂ ਜੀ ਨੂੰ ਹੱਥ ਜੋੜ ਕੇ ਮੇਰੀ ਇਹੀ ਪ੍ਰਾਰਥਨਾ ਹੈ ਕਿ ਸੱਚੇ ਪਾਤਸ਼ਾਹ ਜੀ, ਆਖਰੀ ਸਾਹਾਂ ਤੱਕ ਡੇਰਾ ਸੱਚਾ ਸੌਦਾ ਨਾਲ ਜੁੜਿਆ ਰਹਾਂ ਅਤੇ ਸਮਾਂ ਆਉਣ ’ਤੇ ਮੇਰੀ ਇਸੇ ਤਰ੍ਹਾਂ ਓੜ ਨਿਭਾ ਦੇਣਾ ਜੀ