Himachal Pradesh ਝੀਲਾਂ ਦਾ ਸੂਬਾ ਹਿਮਾਚਲ ਪ੍ਰਦੇਸ਼ – ਬਰਫ ਨਾਲ ਢੱਕੇ ਖੇਤਰ ’ਚ ਵੱਸਿਆ ਹਿਮਾਚਲ ਕੁਦਰਤ ਦੀ ਸੁੰਦਰਤਾ ਦਾ ਅਨਮੋਲ ਖ਼ਜ਼ਾਨਾ ਹੈ ਹਿਮਾਚਲ ਪ੍ਰਦੇਸ਼ ਨੂੰ ਦੇਵਭੂਮੀ ਕਹਾਉਣ ਦਾ ਵੀ ਮਾਣ ਹਾਸਲ ਹੈ ਇੱਥੇ ਕਈ ਸਥਾਨ ਅਜਿਹੇ ਹਨ ਜੋ ਸ਼ਰਧਾਲੂਆਂ ਅਤੇ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹਨ ਇਨ੍ਹਾਂ ਸਥਾਨਾਂ ਨੂੰ ਅਸੀਂ ਸੁੰਦਰਤਾ ਅਤੇ ਸ਼ਰਧਾ ਦਾ ਮੇਲ ਵੀ ਕਹਿ ਸਕਦੇ ਹਾਂ
ਹਿਮਾਚਲ ਪ੍ਰਦੇਸ਼ ਦੀਆਂ ਝੀਲਾਂ ਵੀ ਅਜਿਹੇ ਹੀ ਸੰਗਮ ਸਥਾਨ ਹਨ ਕਈ ਸੈਲਾਨੀ ਤਾਂ ਹਿਮਾਚਲ ਨੂੰ ਝੀਲਾਂ ਦਾ ਸੂਬਾ ਵੀ ਕਹਿੰਦੇ ਹਨ ਉਂਜ ਤਾਂ ਹਿਮਾਚਲ ਪ੍ਰਦੇਸ਼ ’ਚ ਛੋਟੀਆਂ-ਵੱਡੀਆਂ ਕਈ ਝੀਲਾਂ ਹਨ ਪਰ ਇੱਥੇ ਕੁਝ ਪ੍ਰਮੁੱਖ ਝੀਲਾਂ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਨਾ ਸਿਰਫ ਭਾਰਤ ਤੋਂ ਸਗੋਂ ਵਿਦੇਸ਼ਾਂ ਤੋਂ ਵੀ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਹੈ
Table of Contents
ਖਜਿਆਰ ਝੀਲ:
ਚੰਬਾ ਦੀਆਂ ਪੰਜ ਸੁੰਦਰ ਝੀਲਾਂ ’ਚੋਂ ਖਜਿਆਰ ਦੀ ਖੂਬਸੂਰਤੀ ਬੇਮਿਸਾਲ ਹੈ ਸਮੁੰਦਰ ਤਲ ਤੋਂ ਕਰੀਬ ਸਵਾ ਛੇ ਹਜ਼ਾਰ ਫੁੱਟ ਦੀ ਉੱਚਾਈ ’ਤੇ ਸਥਿਤ ਖਜਿਆਰ ਦੇਵਦਾਰ ਦੇ ਉੱਚੇ-ਉੱਚੇ ਦਰੱਖਤਾਂ ਨਾਲ ਘਿਰਿਆ ਕਰੀਬ ਡੇਢ ਕਿਲੋਮੀਟਰ ਲੰਮਾ ਅਤੇ ਇੱਕ ਕਿਲੋਮੀਟਰ ਚੌੜਾ ਮੈਦਾਨ ਹੈ ਅਤੇ ਇਸ ਮੈਦਾਨ ਦੇ ਵਿਚਕਾਰ ਪੰਜ ਹਜ਼ਾਰ ਵਰਗ ਗਜ਼ ’ਚ ਫੈਲੀ ਖੂਬਸੂਰਤ ਝੀਲ ਹੈ ਵੀਹ ਤੋਂ ਪੱਚੀ ਫੁੱਟ ਤੱਕ ਡੂੰਘੀ ਇਹ ਝੀਲ ਚੰਬਾ ਸ਼ਹਿਰ ਦੇ ਪੱਛਮ ’ਚ ਵੀਹ ਕਿਲੋਮੀਟਰ ਦੀ ਦੂਰੀ ’ਤੇ ਹੈ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ ਅਧਿਕਾਰੀ ਇਸ ਮੈਦਾਨ ’ਚ ਗੋਲਫ ਦੇਖਣ ਆਇਆ ਕਰਦੇ ਸਨ ਲਾਰਡ ਕਰਜਨ ਨੂੰ ਵੀ ਇਹ ਸਥਾਨ ਬਹੁਤ ਪਸੰਦ ਆਇਆ ਸੀ ਚੰਬਾ ’ਚ ਹੀ ਡਲਹੌਜੀ ਅਤੇ ਸੁਲਤਾਨਪੁਰ ਦੀਆਂ ਝੀਲਾਂ ਵੀ ਦੇਖਣਯੋਗ ਹਨ
ਕਮਰੂਨਾਗ ਝੀਲ:
ਮੰਡੀ ਸ਼ਹਿਰ ਤੋਂ 51 ਕਿਲੋਮੀਟਰ ਦੂਰ ਕਰਸੋਗ ਘਾਟੀ ’ਚ ਸਥਿਤ ਇਹ ਝੀਲ ਸਮੁੰਦਰ ਤਲ ਤੋਂ 9 ਹਜ਼ਾਰ ਫੁੱਟ ਦੀ ਉੱਚਾਈ ’ਤੇ ਹੈ ਦੇਵਦਾਰ ਦੇ ਸੰਘਣੇ ਜੰਗਲਾਂ ਨਾਲ ਘਿਰੀ ਇਹ ਝੀਲ ਕੁਦਰਤ ਪ੍ਰੇਮੀਆਂ ਨੂੰ ਪ੍ਰਭਾਵਿਤ ਕਰਦੀ ਹੈ ਇਸ ਝੀਲ ਤੱਕ ਪਹੁੰਚਣ ਦਾ ਰਸਤਾ ਵੀ ਬਹੁਤ ਸੁੰਦਰ ਹੈ ਅਤੇ ਇੱਥੋਂ ਦੇ ਮਨਮੋਹਕ ਦ੍ਰਿਸ਼ਾਂ ਨੂੰ ਦੇਖ ਕੇ ਸੈਲਾਨੀ ਆਪਣੀ ਸਾਰੀ ਥਕਾਵਟ ਭੁੱਲ ਜਾਂਦੇ ਹਨ ਝੀਲ ਦੇ ਕਿਨਾਰੇ ਪਹਾੜੀ ਸ਼ੈਲੀ ’ਚ ਬਣੇ ਕਮਰੂਨਾਗ ਦੇਵਤਾ ਦਾ ਪ੍ਰਾਚੀਨ ਮੰਦਿਰ ਵੀ ਹੈ ਜਿੱਥੇ ਪੱਥਰ ਦੀ ਮੂਰਤੀ ਸਥਾਪਿਤ ਹੈ ਜੂਨ ਮਹੀਨੇ ’ਚ ਇੱਥੇ ਭਾਰੀ ਮੇਲਾ ਲੱਗਦਾ ਹੈ
ਡੱਲ ਅਤੇ ਕਰੇਰੀ ਝੀਲ:
ਜ਼ਿਲ੍ਹਾ ਕਾਂਗੜਾ ਦੇ ਇਤਿਹਾਸਕ ਸ਼ਹਿਰ ਧਰਮਸ਼ਾਲਾ ਤੋਂ ਕਰੀਬ 10 ਕਿਲੋਮੀਟਰ ਦੂਰ 3 ਹਜ਼ਾਰ ਫੁੱਟ ਦੀ ਉੱਚਾਈ ’ਤੇ ਕੁਦਰਤੀ ਸੁੰਦਰਤਾ ਨਾਲ ਪੂਰਨ ਡੱਲ ਝੀਲ ਹੈ ਦੇਵਦਾਰ ਦੇ ਸੰਘਣੇ ਰੁੱਖਾਂ ’ਚ ਸਥਿਤ ਇਹ ਝੀਲ ਅੰਡਾਕਾਰ ਹੈ ਇੱਕ ਦੰਦ ਕਥਿਆ ਅਨੁਸਾਰ ਇਸ ਝੀਲ ਦੇ ਕਿਨਾਰੇ ਕਦੇ ਭਗਵਾਨ ਸ਼ਿਵ ਨੇ ਸਿਰਫ ਘਾਹ ਖਾ ਕੇ ਘੋਰ ਤਪੱਸਿਆ ਕੀਤੀ ਸੀ
ਝੀਲ ਦੇ ਨੇੜੇ ਹੀ ਦਰੂਵੇਸ਼ਵਰ ਮਹਾਂਦੇਵ ਦਾ ਮੰਦਰ ਵੀ ਹੈ ਜ਼ਿਕਰਯੋਗ ਹੈ ਕਿ ਘਾਹ ਨੂੰ ਹਿੰਦੀ ’ਚ ਦਰੂਵ ਵੀ ਕਿਹਾ ਜਾਂਦਾ ਹੈ ਜਨਮ ਅਸ਼ਟਮੀ ਤੋਂ ਪੰਦਰਾਂ ਦਿਨ ਬਾਅਦ ਰਾਧਾ ਅਸ਼ਟਮੀ ਨੂੰ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਡੱਲ ਝੀਲ ਦੇ ਅੱਗੇ ਕਰੇਰੀ ਨਾਮਕ ਇੱਕ ਹੋਰ ਝੀਲ ਸਥਿਤ ਹੈ ਜੋ ਇੱਥੋਂ ਦੇ ਗੱਦੀ ਸਮੁਦਾਇ ਦੀ ਆਸਥਾ ਦਾ ਪ੍ਰਤੀਕ ਹੈ ਧਰਮਸ਼ਾਲਾ ਅਤੇ ਮੈਕਲੋਡਗੰਜ ਆਉਣ ਵਾਲੇ ਸੈਲਾਨੀ ਇਨ੍ਹਾਂ ਝੀਲਾਂ ਨੂੰ ਦੇਖਣਾ ਨਹੀਂ ਭੁੱਲਦੇ
ਪਰਾਸ਼ਰ ਝੀਲ:
ਮੰਡੀ ਸ਼ਹਿਰ ਤੋਂ 40 ਕਿਲੋਮੀਟਰ ਦੂਰ ਉੱਤਰ-ਪੂਰਬ ’ਚ 9 ਹਜ਼ਾਰ ਫੁੱਟ ਦੀ ਉੱਚਾਈ ’ਤੇ ਇਹ ਝੀਲ ਸਥਿਤ ਹੈ ਇਸ ਝੀਲ ਦੇ ਚਾਰੇ ਪਾਸੇ ਉੱਚੀਆਂ-ਉੱਚੀਆਂ ਪਹਾੜੀਆਂ ਦੇਖਣ ’ਚ ਅਜਿਹੀਆਂ ਪ੍ਰਤੀਤ ਹੁੰਦੀਆਂ ਹਨ ਮੰਨੋ ਕੁਦਰਤ ਨੇ ਇਸ ਝੀਲ ਦੀ ਸੁਰੱਖਿਆ ਲਈ ਇਨ੍ਹਾਂ ਪਹਾੜੀਆਂ ਦੀ ਗੋਲਾਕਾਰ ਕੰਧ ਖੜ੍ਹੀ ਕਰ ਦਿੱਤੀ ਹੋਵੇ ਜਨ-ਬਸਤੀਆਂ ਤੋਂ ਕਾਫੀ ਦੂਰ ਏਕਾਂਤ ’ਚ ਸਥਿਤ ਇਸ ਝੀਲ ਦੇ ਕਿਨਾਰੇ ‘ਪੈਗੋਡਾ ਸ਼ੈਲੀ’ ’ਚ ਬਣਿਆ ਮਹਾਂਰਿਸ਼ੀ ਪਰਾਸ਼ਰ ਦਾ ਤਿੰਨ ਮੰਜ਼ਿਲਾ ਮੰਦਰ ਹੈ
ਇੱਕ ਅਨੁਮਾਨ ਅਨੁਸਾਰ ਇਸ ਝੀਲ ਦਾ ਨਿਰਮਾਣ 13ਵੀਂ ਸਦੀ ’ਚ ਉਸ ਸਮੇਂ ਦੇ ਮੰਡੀ ਨਰੇਸ਼ ਵਾਣਸੇਨ ਵੱਲੋਂ ਕਰਵਾਇਆ ਗਿਆ ਸੀ ਕਿਹਾ ਜਾਂਦਾ ਹੈ ਕਿ ਇੱਥੇ ਬੈਠ ਕੇ ਮਹਾਂਰਿਸ਼ੀ ਪਰਾਸ਼ਰ ਨੇ ਤਪੱਸਿਆ ਕੀਤੀ ਸੀ ਇਸ ਮੰਦਰ ’ਚ ਕੀਤੀ ਗਈ ਕਾਸ਼ਠਕਲਾ ਐਨੀ ਵਧੀਆ ਹੈ ਕਿ ਕਲਾਪ੍ਰੇਮੀ ਸੈਲਾਨੀ ਵਾਹ-ਵਾਹ ਕੀਤੇ ਬਿਨਾਂ ਨਹੀਂ ਰਹਿੰਦਾ ਝੀਲ ਦੀ ਸੁੰਦਰਤਾ ਦੇਖਣ ਆਏ ਸੈਲਾਨੀ ਖੁਦ ਹੀ ਇਸ ਮੰਦਰ ’ਚ ਆ ਕੇ ਨਤਮਸਤਕ ਹੋ ਜਾਂਦੇ ਹਨ ਇਸ ਝੀਲ ਦੇ ਕਿਨਾਰੇ ਸਾਲ ਭਰ ਕਈ ਮੇਲੇ ਲੱਗਦੇ ਹਨ
ਪੋਂਗ ਡੈਮ ਝੀਲ:
ਹਿਮਾਚਲ ਅਤੇ ਪੰਜਾਬ ਦੀਆਂ ਹੱਦਾਂ ’ਤੇ ਬਣੀ ਪੋਂਗ ਡੈਮ ਝੀਲ ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਵੱਡੀ ਬਨਾਉਟੀ ਝੀਲ ਹੈ 300 ਮੀਟਰ ਉੱਚੇ ਅਤੇ 2.5 ਕਿਲੋਮੀਟਰ ਚੌੜੇ ਪੋਂਗ ਡੈਮ ਦੇ ਬਣਨ ਨਾਲ ਇਸ ਦੇ ਪਿੱਛੇ ਇਹ ਝੀਲ ਖੁਦ ਹੀ ਖੜ੍ਹੀ ਹੋ ਗਈ ਹੈ ਇਸ ਝੀਲ ਦੀ ਲੰਬਾਈ 26 ਤੇ ਚੌੜਾਈ 11 ਕਿਲੋਮੀਟਰ ਦੇ ਕਰੀਬ ਹੈ ਬਰਫ ਨਾਲ ਢੱਕੀਆਂ ਪਹਾੜੀਆਂ ਨਾਲ ਘਿਰੀ ਇਹ ਝੀਲ ਸੈਲਾਨੀਆਂ ਲਈ ਇੱਕ ਬਹੁਤ ਹੀ ਮਨਮੋਹਕ ਅਤੇ ਮਨੋਰਮ ਸਥਾਨ ਬਣ ਗਈ ਹੈ ਵਾਟਰ ਸਪੋਰਟਸ ਦੇ ਸ਼ੌਕੀਨਾਂ ਲਈ ਭਾਰਤ ’ਚ ਇਸ ਤੋਂ ਵਧੀਆ ਕੋਈ ਦੂਜਾ ਸਥਾਨ ਨਹੀਂ ਹੈ ਇਹੀ ਨਹੀਂ, ਇੱਥੇ ਕਿਸ਼ਤੀ ਚਲਾਉਣ, ਪਾਣੀ ’ਤੇ ਸਕੀਇੰਗ ਅਤੇ ਕੈਨੋਇੰਗ ਸਿਖਾਉਣ ਦਾ ਵੀ ਸੈਰ-ਸਪਾਟਾ ਵਿਭਾਗ ਨੇ ਪੂਰਾ ਪ੍ਰਬੰਧ ਕਰ ਰੱਖਿਆ ਹੈ
ਰੇਣੂਕਾ ਝੀਲ:
ਜ਼ਿਲ੍ਹਾ ਸਿਰਮੌਰ ਦੇ ਇਤਿਹਾਸਕ ਸ਼ਹਿਰ ਨਾਹਨ ਤੋਂ 38 ਕਿਲੋਮੀਟਰ ਦੂਰ ਇਹ ਝੀਲ ਕਰੀਬ 2.5 ਹਜ਼ਾਰ ਫੁੱਟ ਦੀ ਉੱਚਾਈ ’ਤੇ ਹੈ ਹਰੀਆਂ-ਭਰੀਆਂ ਪਹਾੜੀਆਂ ਦੀ ਗੋਦ ’ਚ ਸਥਿਤ ਇਹ ਝੀਲ 3 ਕਿਲੋਮੀਟਰ ਲੰਮੇ ਖੇਤਰ ’ਚ ਫੈਲੀ ਹੈ ਇਸ ਝੀਲ ਦੀ ਧਾਰਮਿਕ ਮਹੱਤਤਾ ਬਾਰੇ ਕਈ ਦੰਦ ਕਥਾਵਾਂ ਪ੍ਰਚੱਲਿਤ ਹਨ ਇੱਕ ਮਾਨਤਾ ਅਨੁਸਾਰ ਇਹ ਖੇਤਰ ਮਹਾਂਰਿਸ਼ੀ ਜਮਦਗਨੀ ਲਈ ਤਪੱਸਿਆ ਦਾ ਸਥਾਨ ਰਿਹਾ ਹੈ ਜਿਸ ਦੀ ਪਤਨੀ ਰੇਣੂਕਾ ਦੇ ਨਾਂਅ ’ਤੇ ਇਸ ਝੀਲ ਦਾ ਨਾਂਅ ਰੇਣੂਕਾ ਪਿਆ
ਝੀਲ ਦੇ ਨੇੜੇ ਹੀ ਸੈਰ-ਸਪਾਟਾ ਵਿਭਾਗ ਦਾ ਇੱਕ ਖੂਬਸੂਰਤ ਸੈਲਾਨੀ ਲਾੱਜ ਹੈ ਇਸ ਤੋਂ ਇਲਾਵਾ ਰੇਣੂਕਾ ਵਿਕਾਸ ਬੋਰਡ ਦੇ ਆਰਾਮ ਘਰ ’ਚ ਵੀ ਸੈਲਾਨੀਆਂ ਦੇ ਠਹਿਰਨ ਦੀ ਸੁਵਿਧਾ ਹੈ ਕਿਸ਼ਤੀ ਚਲਾਉਣ ਦੇ ਸ਼ੌਕੀਨਾਂ ਲਈ ਸੈਰ-ਸਪਾਟਾ ਵਿਭਾਗ ਦੀਆਂ ਮੋਟਰ ਵੋਟਸ ਦਾ ਵੀ ਪ੍ਰਬੰਧ ਹੈ ਇੱਥੋਂ ਦਾ ‘ਸਿੰਘ ਵਿਹਾਰ’ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ
ਰਿਵਾਲਸਰ ਝੀਲ:
ਮੰਡੀ ਤੋਂ 25 ਕਿਲੋਮੀਟਰ ਦੂਰ 1350 ਮੀਟਰ ਦੀ ਉੱਚਾਈ ’ਤੇ ਸਥਿਤ ਰਿਵਾਲਸਰ ਝੀਲ 3 ਧਰਮਾਂ ਦਾ ਸੰਗਮ ਹੈ ਇਸ ਝੀਲ ਦੇ ਕਿਨਾਰੇ ਲੋਮਸ਼ ਰਿਸ਼ੀ ਅਤੇ ਭਗਵਾਨ ਸ਼ਿਵ ਦੇ ਪ੍ਰਾਚੀਨ ਮੰਦਰਾਂ ਤੋਂ ਇਲਾਵਾ ਬੌਧ ਗੁਰੂ ਪਦਮਸੰਭਵ ਦਾ ਇੱਕ ਪ੍ਰਾਚੀਨ ਗੋਂਪਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਵੀ ਹੈ ਇਸ ਝੀਲ ਦਾ ਸਭ ਤੋਂ ਵੱਡਾ ਆਕਰਸ਼ਣ ਇਸ ’ਚ ਤੈਰਦੇ ਭੂਖੰਡ ਹਨ ਸੈਲਾਨੀਆਂ ਲਈ ਇਹ ਭੂਖੰਡ ਕੁਦਰਤ ਦੇ ਕਿਸੇ ਅਜੂਬੇ ਤੋਂ ਘੱਟ ਨਹੀਂ
-ਨਰਿੰਦਰ ਦੇਵਾਂਗਣ